Wednesday, May 10, 2023

ਮਹਿੰਗੇ ਸਕੂਲਾਂ ਨੂੰ ਟੱਕਰ ਦੇਂਦਾ ਸਰਕਾਰੀ ਹਾਈ ਸਮਾਰਟ ਸਕੂਲ ਜਵੱਦੀ

ਮੁਖ ਅਧਿਆਪਿਕਾ ਕਿਰਨ ਗੁਪਤਾ ਦੀ ਅਗਵਾਈ ਹੇਠ ਸਾਰਾ ਸੁਚੱਜਾ ਪ੍ਰਬੰਧ  


ਲੁਧਿਆਣਾ: 10 ਮਈ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਅੱਜਕਲ੍ਹ ਮਹਿੰਗੇ ਮਹਿੰਗੇ ਸਕੂਲਾਂ ਦਾ ਰਿਵਾਜ ਲਗਾਤਾਰ ਵੱਧ ਰਿਹਾ ਹੈ। ਲੋਕ ਵੱਧ ਤੋਂ ਵੱਧ ਡੋਨੇਸ਼ਨ ਦੇ ਕੇ ਵੀ ਇਹਨਾਂ ਮਹਿੰਗੇ ਸਕੂਲਾਂ ਵਿੱਚ ਦਾਖਲ ਹੋਣ ਦੀ ਦੌੜ ਵਿੱਚ ਰਹਿੰਦੇ ਹਨ। ਅਸਲ ਵਿੱਚ ਬਹੁਤ ਸਾਰੇ ਲੋਕਾਂ ਦਾ ਮਕਸਦ ਪੜ੍ਹਾਈ ਦੇ ਨਿਸ਼ਾਨੇ ਤੋਂ ਇਲਾਵਾ ਵੀ ਹੁੰਦਾ ਹੈ। ਉਹ ਆਪਣੇ ਸਰਕਲਾਂ ਨੂੰ ਸਿਰਫ ਇਹੀ ਦੱਸਣਾ ਚਾਹੁੰਦੇ ਹੁੰਦੇ ਹਨ ਕਿ ਸਾਡੇ ਬੱਚੇ ਵੀ ਬਹੁਤ ਹੀ ਮਹਿੰਗੇ ਸਕੂਲਾਂ ਵਿੱਚ ਪੜ੍ਹਦੇ ਹਨ। ਇਸ ਰੁਝਾਨ ਦੀ ਚੜ੍ਹਤ ਦੇ ਬਾਵਜੂਦ ਸਰਕਾਰੀ ਹਾਈ ਸਕੂਲ ਜਵੱਦੀ ਆਪਣੇ ਸੀਮਿਤ ਜਿਹੇ ਸਾਧਨਾਂ ਨਾਲ ਹੀ ਇਸ ਰੁਝਾਨ ਨੂੰ ਠੱਲ ਪਾ ਰਿਹਾ ਹੈ ਅਤੇ ਨਾਲ ਹੀ ਇਹ ਵੀ ਦੱਸ ਰਿਹਾ ਹੈ ਕਿ ਸਰਕਾਰੀ ਸਕੂਲ ਵੀ ਸਿੱਖਿਆ ਦੇ ਖੇਤਰ ਵਿਚ ਜਾਦੂ ਦਿਖਾ ਸਕਦੇ ਹਨ ਅਤੇ ਸੱਚਮੁੱਚ ਦਾ ਕਮਾਲ ਵੀ ਕਰ ਕੇ ਦਿਖਾ ਹਨ।

ਏਨਾ ਕੁਝ ਕਰ ਦਿਖਾਉਣ ਦੇ ਬਾਵਜੂਦ ਇਹਨਾਂ ਸਕੂਲਾਂ ਕੋਲ ਵੱਡੇ ਅੱਡੇ ਅਖਬਾਰਾਂ ਨੰ ਪੂਰੇ ਪੂਰੇ ਸਫ਼ਿਆਂ ਵਾਲਾ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਉਣ ਜਿੰਨੇ ਫ਼ੰਡ ਤਾਂ ਨਹੀਂ ਹੁੰਦੇ ਪਰ ਇਹਨਾਂ ਸਕੂਲਾਂ ਤੋਂ ਪੜ੍ਹ ਕੇ ਗਏ ਬੱਚੇ ਜਦੋਂ ਵੱਡੇ ਵੱਡੇ ਅਹੁਦਿਆਂ ਤੇ ਪੁੱਜਦੇ ਹਨ ਜਾਂ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਸੈਟਲ ਹੋ ਜਾਂਦੇ ਹਨ ਤਾਂ ਉਦੋਂ ਵੀ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਇਹਨਾਂ ਸਕੂਲਾਂ ਦਾ ਹੀ ਧੰਨਵਾਦ ਕਰਦੇ ਹਨ ,ਇਹਨਾਂ ਸਫਲ ਬੱਚਿਆਂ ਦੇ ਦਿਲਾਂ ਵਿੱਚੋਂ ਨਿਕਲਦੀ ਇਸ਼ਤਿਹਾਰਬਾਜ਼ੀ ਪੂੰਜੀਵਾਦੀ ਪ੍ਰਚਾਰ ਨਾਲੋਂ ਵੀ ਜ਼ਿਆਦਾ ਅਸਰਦਾਇਕ ਰਹਿੰਦੀ ਹੈ ਕਿਓਂਕਿ ਇਹ ਬਿਲਕੁਲ ਅਸਲੀ ਹੁੰਦੀ ਹੈ। ਦੇਖੋ ਇਸ ਵੀਡੀਓ ਦੇ ਕੁਝ ਅੰਸ਼


ਇਹਨਾਂ ਸਾਰੀਆਂ ਹਕੀਕਤਾਂ ਦੇ ਬਾਵਜੂਦ ਇਹ ਸੁਆਲ ਕਾਇਮ ਹੈ ਕਿ ਆਖਿਰ ਪੂੰਜੀਵਾਦ ਅਤੇ ਮੁਨਾਫਾਖੋਰੀ ਦੇ ਇਸ ਯੁਗ ਵਿੱਚ ਇਸ ਕਿਸਮ ਦਾ ਇਹ ਸਫਲ ਤਜਰਬਾ ਇਸ ਕਿਸਮ ਦਾ ਸਰਕਾਰੀ ਸਕੂਲ ਕਿਵੇਂ ਕਰਦਾ ਹੈ? ਇਹ ਸਕੂਲ ਇਹਨਾਂ ਮਹਿੰਗੇ ਸਕੂਲਾਂ ਦਾ ਮੁਕਾਬਲਾ ਕਿਵੇਂ ਸੰਭਵ ਕਰ ਲੈਂਦਾ ਹੈ?

ਇਸ ਸੁਆਲ ਦਾ ਜੁਆਬ ਲੱਭਣ ਲਈ ਅਸੀਂ ਸਕੂਲ ਦੀ ਮੁੱਖ ਅਧਿਆਪਿਕਾ ਕਿਰਨ ਗੁਪਤਾ ਹੁਰਾਂ ਨਾਲ ਸੰਖੇਪ ਜਿਹੀ ਗੱਲਬਾਤ ਕੀਤੀ। ਉਹਨਾਂ ਇਸ ਸਕੂਲ ਦੇ ਰੋਜ਼ ਵਾਲੇ ਰੁਟੀਨ ਬਾਰੇ ਵੀ ਦੱਸਿਆ ਅਤੇ ਇਥੇ ਹੁੰਦੇ ਸਮਾਗਮਾਂ ਸਮਾਗਮਾਂ ਬਾਰੇ ਵੀ। ਲਓ ਦੇਖੋ ਇਹ ਵੀਡੀਓ ਅਤੇ ਸੁਣੋ ਇਸ ਗੱਲਬਾਤ ਦੇ ਕੁਝ ਅੰਸ਼ ਜਿਹਨਾਂ ਵਿਚ ਤੁਸੀਂ ਲੱਭ ਸਕਦੇ ਹੋ ਕਿ ਆਖਿਰਕਾਰ ਕੀ ਹੈ ਇਸ ਸਕੂਲ ਦੇ ਇਸ ਜਾਦੂ ਦਾ ਰਾਜ਼?

ਇਥੇ ਸਿਰਫ ਸਿਲੇਬਸ ਵਾਲੀ ਪੜ੍ਹਾਈ ਹੀ ਨਹੀਂ ਕਰਾਈ ਜਾਂਦੀ ਬਲਕਿ ਇਹਨਾਂ ਵਿਦਿਆਰਥੀਆਂ ਨੰ ਚੰਗੇ ਭਾਰਤੀ ਨਾਗਰਿਕ ਬਣਨ ਲਈ ਵੀ ਪ੍ਰੇਰਿਆ ਜਾਂਦਾ ਹੈ। ਵਹਿਮਾਂ ਭਰਮਾਂ ਦੇ ਹਨੇਰਿਆਂ ਨੂੰ ਚੀਰਨ ਲਈ ਇਥੇ ਨਾਟਕ ਵੀ ਦਿਖਾਏ ਜਾਂਦੇ ਹਨ ਅਤੇ ਲੈਕਚਰ ਵੀ ਕਰਵਾਏ ਜਾਂਦੇ ਹਨ। ਇਸ ਸਕੂਲ ਦੇ ਬੱਚੇ ਭੂਤ ਪ੍ਰੇਤਾਂ ਦੀਆਂ ਗੱਲਾਂ ਤੋਂ ਕਦੇ ਨਹੀਂ ਡਰਦੇ।

ਇਸ ਸਕੂਲ ਵਿੱਚ ਜਾਤਪਾਤ ਅਤੇ ਮਜ਼ਹਬੀ ਵਖਰੇਵਿਆਂ ਨੂੰ ਉਭਾਰਨ ਵਾਲੇ ਰੁਝਾਨ ਨੰ ਵੀ ਠੱਲ ਪਾਈ ਜਾਂਦੀ ਹੈ ਤਾਂਕਿ ਇਥੇ ਪੜ੍ਹਨ ਵਾਲੇ ਵਿਦਿਆਰਥੀ ਬਿਨਾ ਕਿਸੇ ਊਂਚ ਨੀਚ ਦੇ ਸਿਰਫ ਇੱਕ ਚੰਗੇ ਇਨਸਾਨ ਬਣਨ ਅਤੇ ਪੂਰੀ ਦੁਨੀਆ ਦਾ ਭਲਾ ਸੋਚਣ ਵਾਲੇ ਬਣਨ। ਇਹਨਾਂ ਵਿਦਿਆਰਥੀਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਜਿਥੇ ਪੀ ਟੀ ਅਤੇ ਹੋਰ ਕਸਰਤਾਂ ਕਰਵਾਈਆਂ ਜਾਂਦੀਆਂ ਹਨ ਉੱਥੇ ਇਹਨਾਂ ਨੂੰ ਪੌਸ਼ਟਿਕ ਖੁਰਾਕ ਦੇਣ ਵੱਲ ਵੀ ਪੂਰਾ ਧਿਆਨ ਦਿੱਤਾ ਜਾਂਦਾ ਹੈ।

ਇਥੇ ਵਿਸ਼ੇਸ਼ ਕਿਸਮ ਦੀਆਂ ਭਾਵਨਾਵਾਂ ਭੜਕਾਉਣ ਵਾਲੀਆਂ ਪੁਸ਼ਾਕਾਂ ਅਤੇ ਇਹੋ ਜਿਹੇ ਹੀ ਹੋਰ ਚਿਨ੍ਹਾਂ ਨੂੰ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਸਕੂਲ ਵਿੱਚ ਸਿਰਫ ਮਨੁੱਖੀ ਭਲੇ ਵਾਲੀ ਵਿਗਿਆਨਕ ਸੋਚ ਹੀ ਵਿਕਸਿਤ ਕੀਤੀ ਜਾਂਦੀ ਹੈ। ਕੋਈ ਵੀ ਅਡੰਬਰੀ ਵਿਅਕਤੀ ਇਥੋਂ ਦੇ ਕਿਸੇ ਈ ਬੱਚੇ ਨੂੰ ਭੂਤ ਪ੍ਰੇਤ ਜਾਂ ਹੋਰ ਕਿਸੇ ਵੀ ਤਰ੍ਹਾਂ ਦੇ ਅੰਧਵਿਸ਼ਵਾਸ ਜਾਂ ਭਰਮ ਨਾਲ ਡਰਾ ਨਹੀਂ ਸਕਦਾ। ਇਹਨਾਂ ਬੱਚਿਆਂ ਦੇ ਮੱਥਿਆਂ ਵਿੱਚ ਸੁਆਲਾਂ ਵਾਲੀ ਮਾਚਿਸ ਹੈ ਜਿਹਨਾਂ ਦੀਆਂ ਚਿੰਗਿਆੜੀਆਂ ਝੂਠ ਫਰੇਬ ਅਤੇ ਵਹਿਮਾਂ ਭਰਮਾਂ ਦੇ ਜਾਲ ਨੂੰ ਆਪਣੇ ਸੁਆਲਾਂ ਨਾਲ ਹੀ ਸਾੜ ਕੇ ਸੁਆਹ ਕਰ ਦੇਂਦੀਆਂ ਹਨ।

ਇਸਦੇ ਨਾਲ ਹੀ ਸਾਹਿਤ ਅਤੇ ਸੁਹਜ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਇਥੋਂ ਦੇ ਬੱਚਿਆਂ ਵਿੱਚ ਲੁਕੀਆਂ ਹੋਈਆਂ ਕਲਾਤਮਕ ਰੂਚੀਆਂ ਨੂੰ ਵੀ ਬੜੇ ਹੀ ਗਹੁ ਨਾਲ ਵਾਚਿਆ ਅਤੇ ਉਭਾਰਿਆ ਜਾਂਦਾ ਹੈ। ਇਸ ਸਕੂਲ ਦੇ ਬੱਚੇ ਪੇਂਟਿੰਗ ਦੇ ਨਾਲ ਨਾਲ ਗਾਉਣ ਵਾਲੇ ਪਾਸੇ ਵੀ ਬਹੁਤ ਸਾਰੇ ਕਮਾਲ ਦਿਖਾਉਂਦੇ ਹਨ। ਇਸ ਕਮਰੇ ਦੀ ਹਰ ਦੀਵਾਰ ਅਤੇ ਹਰ ਕਮਰਾ ਕਿਸੇ ਚੰਗੀ ਸ਼ਖ਼ਸੀਅਤ ਨੂੰ ਯਾਦ ਕਰਵਾਉਂਦਾ ਹੈ ਅਤੇ ਇਹਨਾਂ ਦੀਵਾਰਾਂ ਤੇ ਲਿਖੇ ਨਾਅਰੇ ਚੰਗਾ ਇਨਸਾਨ ਬਣਨ ਦੀ ਪ੍ਰੇਰਨਾ ਦੇਂਦੇ ਹਨ। ਨਸ਼ਿਆਂ ਅਤੇ ਜੁਰਮਾਂ ਵੱਲ ਆਕਰਸ਼ਿਤ ਹੁੰਦੇ ਜਾ ਰਹੇ ਬੱਚਿਆਂ ਪ੍ਰਤੀ ਇਹ ਸਕੂਲ ਬਹੁਤ ਗੰਭੀਰ ਹੈ। ਇਸ ਰੁਝਾਣ ਤੋਂ ਬਚਾ ਕੇ ਰੱਖਣ ਇਸ ਸਕੂਲ ਲਈ ਵੀ ਬੇਹੱਦ ਔਖਾ ਸੀ ਪਾਰ ਇਸ ਸਕੂਲ ਨੇ ਸਭ ਕੁਝ ਕਰ ਦਿਖਾਇਆ। ਇਸਦਾ ਕਾਰਨ ਹੈ ਕਿ ਇਸ ਸਕੂਲ ਵਿੱਚਕ ਬਹੁਤ ਸਾਰੀਆਂ ਚੰਗੀਆਂ ਕਿਤਾਬਾਂ ਦੀ ਲਾਇਬ੍ਰੇਰੀ ਹੈ ਜਿਥੇ ਅਖਬਾਰਾਂ ਅਤੇ ਰਸਾਲੇ ਵੀ ਆਉਂਦੇ ਹਨ।

ਇਸ ਸਕੂਲ ਵਿਚ ਵਿਚਰਦਿਆਂ ਕਦੇ ਵੀ ਕੋਈ ਅਨੁਸ਼ਾਸਨਹੀਣਤਾ ਨਜ਼ਰ ਨਹੀਂ ਆਉਂਦੀ। ਬੱਚੇ ਬਹੁਤ ਹੀ ਸੰਤੁਲਿਤ ਅਤੇ ਅਨੁਸ਼ਾਸਿਤ ਢੰਗ ਨਾਲ ਵਿਚਰਦੇ ਹਨ। ਸਿਰਫ ਆਪਣੇ ਮਾਤਾ ਪਿਤਾ ਦਾ ਹੀ ਨਹੀਂ ਬਲਕਿ ਉਮਰ ਅਤੇ ਅਕਲ ਵਿਚ ਵੱਡੇ ਹਰ ਵਿਅਕਤੀ ਦਾ ਆਦਰ ਕਰਦੇ ਹਨ। ਇਹ ਸਭ ਜਾਦੂ ਇਸ ਸਕੂਲ ਦੀ ਮੁਖੀ ਮੈਡਮ ਕਿਰਨ ਗੁਪਤਾ ਹੁਰਾਂ ਦਾ ਹੀ ਜਗਾਇਆ ਹੋਇਆ ਹੈ। ਲਓ ਦੇਖੋ ਅਤੇ ਸੁਣੋ ਉਹਨਾਂ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼:

ਅਖੀਰ ਵਿੱਚ ਇੱਕ ਉਹ ਕਹਾਣੀ ਵੀ ਜ਼ਰੂਰ ਪੜ੍ਹੋ ਜਿਹੜੀ ਸਾਨੂੰ ਵਾਟਸੈਪ 'ਤੇ ਮਿਲੀ ਹੈ। ਇਸ ਮਕਸਦ ਲਈ ਇਥੇ ਕਲਿੱਕ ਕਰੋ। ਇਹ ਕਹਾਣੀ ਪੜ੍ਹ ਕੇ ਤੁਹਾਨੂੰ ਜਵੱਦੀ ਹੈ ਸਕੂਲ ਦੀ ਮੁੱਖ ਅਧਿਆਪਕਾ ਕਿਰਨ ਗੁਪਤਾ ਦਾ ਖਿਆਲ ਜ਼ਰੂਰ ਆਏਗਾ ਜੋ ਅਕਸਰ ਇਸੇ ਭਾਵਨਾ ਨਾਲ ਦੇਖਦੀ ਹੈ ਆਪਣੇ ਆਲੇ ਦੁਆਲੇ ਦੇ ਬੱਚਿਆਂ ਅਤੇ ਹੋਰ ਲੋੜਵੰਦ ਇਨਸਾਨਾਂ ਨੂੰ। ਲਓ ਪਹਿਲਾਂ ਪੜ੍ਹੋ ਇਹ ਕਹਾਣੀ ਇਥੇ ਕਲਿੱਕ ਕਰਕੇ ਐਜੂਕੇਸ਼ਨ ਸਕਰੀਨ ਪੰਜਾਬੀ ਵਿੱਚ ਇਸ ਸਬੰਧੀ ਤੁਹਾਡੇ ਵਿਚਾਰਾਂ ਦੀ ਉਡੀਕ ਇਸ ਵਾਰ ਵੀ ਬਣੀ ਰਹੇਗੀ। ਜੇਕਰ ਤੁਸੀਂ ਕਿਸੇ ਗੱਲ ਨਾਲ ਸਹਿਮਤ ਨਹੀਂ ਵੀ ਹੋ ਤਾਂ ਵੀ ਆਪਣੇ ਵਿਚਾਰ ਜ਼ਰੂਰੁ ਭੇਜਣਾ। ਅਸੀਂ ਤੁਹਾਡੇ ਸੁਝਾਵਾਂ ਮੁਤਾਬਿਕ ਚੱਲਣ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: