Saturday, May 13, 2023

ਅਸ਼ੋਕ ਮਹਿਰਾ ਨੇ ਦੱਸਿਆ ਕਿ ਕਿਵੇਂ ਹੋਇਆ ਸੀ ਇਸ ਬੱਚੇ ਨਾਲ ਅੱਖਾਂ ਦਾ ਹਾਦਸਾ

ਨਾਲ ਹੀ ਦੱਸਿਆ ਕਿ ਡਾ.ਰਮੇਸ਼ ਨੇ ਕਿਵੇਂ ਵਾਪਿਸ ਲਿਆਂਦੀ ਅੱਖਾਂ ਦੀ ਰੌਸ਼ਨੀ 

ਲੁਧਿਆਣਾ: 13 ਮਈ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਬਹੁਤ ਸਾਰੇ ਤਿਓਹਾਰਾਂ 'ਤੇ ਉੱਚੀ ਆਵਾਜ਼ ਵਾਲੇ ਪਟਾਕੇ ਚਲਾਉਣਾ ਬੜਾ ਫਖਰ ਸਮਝਿਆ ਜਾਂਦਾ ਹੈ। ਕਈ ਵਾਰ ਇਹ ਸਭ ਕੁਝ ਬਿਨਾ ਤਿਓਹਾਰਾਂ ਦੇ ਵੀ ਜਾਰੀ ਰਹਿੰਦਾ ਹੈ। ਇਸ ਭੈੜੇ ਰੁਝਾਨ ਵਿਚ ਕਈ ਵਾਰ ਪੜ੍ਹੇ ਲਿਖੇ ਅਤੇ ਵੱਡੀ ਉਮਰ ਦੇ ਲੋਕ ਵੀ ਸ਼ਾਮਲ ਹੁੰਦੇ ਹਨ। ਇਹਨਾਂ ਦਾ ਇਹ ਹਾਸਾ ਠੱਠਾ ਅਤੇ ਮਜ਼ਾਕ ਕਿੰਨਾ ਖਤਰਨਾਕ ਹੋ ਨਿਬੜਦਾ ਹੈ ਇਸਦਾ ਪਤਾ ਲੱਗਦਾ ਹੈ ਅਸ਼ੋਕ ਮਹਿਰਾ ਜੀ ਵੱਲੋਂ ਦੱਸੀ ਗਈ ਇੱਕ ਸੱਚੀ ਕਹਾਣੀ ਵਿੱਚ। ਅਸ਼ੋਕ ਮਹਿਰਾ ਉਹੀ ਹਨ ਜਿਹੜੇ ਅਕਸਰ ਹਰ ਆਯੋਜਨ ਵਿੱਚ ਅੱਖਾਂ ਰਾਹੀਂ ਲੋਕਾਂ ਨੂੰ ਨਵਾਂ ਜੀਵਨ ਵੰਡਣ ਵਾਲੇ ਡਾਕਟਰ ਰਮੇਸ਼ ਮਨਸੂਰਾਂ ਵਾਲਿਆਂ ਦੇ ਨਾਲ ਹਰ ਵਿਸ਼ੇਸ਼ ਪ੍ਰੋਗਰਾਮ ਦੌਰਾਨ ਦੇਖੇ ਜਾ ਸਕਦੇ ਹਨ। ਲਓ ਪੜ੍ਹੋ ਇਹ ਸੱਚੀ ਕਹਾਣੀ ਜਿਹੜੀ ਅਸ਼ੋਕ ਮਹਿਰਾ ਹੁਰਾਂ ਨੇ ਹਾਲ ਹੀ ਵਿੱਚ ਸਾਡੇ ਸਭਨਾਂ ਨਾਲ ਸ਼ੇਅਰ ਕੀਤੀ ਹੈ। 

ਇੱਕ ਦਿਨ ਸ਼ਾਮ ਨੂੰ  ਫ਼ੋਨ ਆਇਆ ਤੇ ਉਹਨਾਂ ਨੇ ਕਿਹਾ, " ਅਸ਼ੋਕ ਮਹਿਰਾ ਜੀ ਬੋਲ ਰਹੇ ਹੋ ? 


ਮੈਂ ਕਿਹਾ , "ਜੀ ਦੱਸੋ " 

ਉਹਨਾਂ ਨੇ ਕਿਹਾ , " ਸਾਡੇ ਬੇਟੇ ਦੇ ਅੱਖ ਵਿੱਚ ਪਟਾਖ਼ਾ ਲੱਗ  ਗਿਆ ਹੈ ਅਤੇ ਡਾਕਟਰ ਕਹਿ ਰਹੇ ਹਨ ਤੁਰੰਤ ਆਪਰੇਸ਼ਨ ਕਰਨਾ ਪਵੇਗਾ ਅਤੇ ਲੱਖ- ਡੇਢ ਲੱਖ ਦਾ ਖਰਚਾ ਆਵੇਗਾ ਪਰ ਸਾਡੇ ਕੋਲ ਇੰਨੇ ਪੈਸੇ ਨਹੀਂ . 

ਸਰ ਤੁਸੀਂ ਕੁੱਝ ਕਰੋ , ਸਾਡੀ ਮਦਦ ਕਰੋ । ਬੱਚੇ ਨੂੰ ਅੱਖ ਤੋਂ ਦਿਖਾਈ ਨਹੀਂ ਦੇ ਰਿਹਾ ਅਤੇ ਉਸਦੇ ਦਰਦ ਵੀ ਬਹੁਤ ਹੋ ਰਿਹਾ ਹੈ । ਉਸਦੀ ਅੱਖ ਬਚਾ ਲ਼ਓ ਸਰ ਜੀ .....

ਮੈਂ ਉਹਨਾਂ ਨੂੰ ਹੌਸਲਾਂ ਦਿੱਤਾ ਤੇ ਕਿਹਾ ਮੈਨੂੰ ਡਾਕਟਰ ਸਾਹਿਬ ਨਾਲ ਸਲਾਹ ਕਰ ਲੈਣ ਦਿਓ ..

ਡਾਕਟਰ ਰਮੇਸ਼ ਜੀ ਨੇ ਕਿਹਾ , "ਉਹਨਾਂ ਨੂੰ ਜਿੰਨੀ ਜਲਦੀ ਹੋ ਸਕੇ ਲੁਧਿਆਣਾ ਹਸਪਤਾਲ ਲੈ ਆਓ । 

ਮੈਂ
ਉਸ ਬੱਚੇ ਨੂੰ ਜੋ ਛੇਵੀਂ ਜਮਾਤ ਵਿੱਚ ਪੜਦਾ ਸੀ ....ਆਪ ਉਸਦੇ ਪਿਤਾ ਨਾਲ ਲੁਧਿਆਣਾ ਹਸਪਤਾਲ ਲੈ ਗਿਆ ।

ਉਸ ਬੱਚੇ ਦੇ ਆਪਰੇਸ਼ਨ ਤੋਂ ਬਾਅਦ ਡਾਕਟਰ ਸਾਹਿਬ ਨੇ ਦੱਸਿਆ ਕਿ ਇਸਦੀ ਅੱਖ ਤੇ ਪਟਾਖ਼ਾ ਹੀ ਨਹੀਂ ਲੱਗਾ.... ਸਗੋਂ ਅੱਖ ਵਿੱਚੋਂ ਇੱਕ ਮੇਖ ਵੀ ਨਿਕਲੀ ਹੈ । 

ਮੇਖ ਬਹੁਤ ਡੂੰਘੀ ਚਲੀ ਗਈ ਸੀ । ਪਟਾਖੇ ਅਤੇ ਮੇਖ ਨਾਲ  ਇਸਦੀ ਅੱਖ ਦੇ ਬਹੁਤ ਸਾਰੇ ਹਿੱਸੇ ਨੂੰ ਨੁਕਸਾਨ ਪਹੁੰਚਿਆ ਹੈ । ਮੇਖ ਤਾਂ ਕੱਢ ਲਈ ਹੈ ਪਰ ਇਸਦਾ ਇੱਕ ਹੋਰ ਆਪਰੇਸ਼ਨ ਕਰਕੇ ਇਸਦੀ ਅੱਖ ਵਿੱਚ ਤਰਲ ਪਦਾਰਥ ਭਰਿਆ ਜਾਵੇਗਾ । 

ਬੱਚੇ ਦੇ  ਪਿਤਾ ਦੇ ਦੱਸਣ ਅਨੁਸਾਰ ਇਹ ਸਾਇਕਲ ਤੇ ਜਾ ਰਿਹਾ ਸੀ ਜਦੋ .....ਕਿਸੇ ਬੱਚੇ ਨੇ....  ਗਲੀ ਵਿੱਚ ਕੰਧ ਤੇ ਰੱਖਕੇ ਪਟਾਖ਼ਾ ਚਲਾਇਆ ਸੀ.... ਤੇ ਉਹ ਇਸਦੀ ਅੱਖ ਵਿੱਚ ਲੱਗਾ । 

ਪਟਾਖਾ ਚਲਾਉਣ ਵਾਲੀ ਥਾਂ ਤੇ  ਕੰਧ ਤੇ ਹੀ ਸਾਇਦ  ਕੋਈ ਮੇਖ ਵੀ ਪਈ ਹੋਵੇ.... ਜਿਹੜੀ ਪਟਾਖੇ ਦੇ ਨਾਲ ਹੀ ਇਸਦੀ ਅੱਖ ਵਿੱਚ ਲੱਗ ਗਈ ਹੋਵੇਗੀ । 

ਡਾਕਟਰਾਂ ਨੇ ਬੱਚੇ ਦੇ ਤਿੰਨ ਅਪਰੇਸ਼ਨ ਕੀਤੇ ਤੇ ਮੈਨੂੰ  ਦੱਸਿਆ "  ਇਸਦੀ ਅੱਖ ਤਾਂ ਬਚਾ ਲਈ ਹੈ ਪਰ ਇਸ ਅੱਖ ਦੀ ਰੌਸ਼ਨੀ ਜਾਣ ਦਾ ਖਤਰਾ ਹੈ .... । 

ਕੁੱਝ ਦਿਨਾਂ ਬਾਅਦ ਉਸ ਬੱਚੇ ਨੂੰ ਹਸਪਤਾਲ ਲੈਕੇ ਗਏ ਤੇ ਡਾਕਟਰ ਸਾਹਿਬ ਨੇ ਉਸਦੀ ਪੱਟੀ ਖੋਲ ਕੇ ਅੱਖ ਚੈਕ ਕੀਤੀ ਤਾਂ ਪਤਾ ਚੱਲਿਆ ਕਿ ਬੱਚੇ ਦੀ ਰੌਸ਼ਨੀ ਵਾਪਿਸ ਆ ਗਈ ਹੈ । ਬੱਚੇ ਅਤੇ ਪਰਿਵਾਰ ਦੇ ਚਿਹਰੇ ਅੱਖ ਦੀ ਰੌਸ਼ਨੀ ਵਾਪਿਸ ਆਉਣ ਤੇ ਜਿਵੇਂ ਖਿੜ ਗਏ ਹੋਣ । 

ਡਾਕਟਰ ਸਾਹਿਬ ਨੇ ਉਸਦੇ ਐਨਕ ਲਗਾ ਕੇ ਉਸਦੀ ਅੱਖ ਦੀ ਰੌਸ਼ਨੀ 80% ਤੱਕ ਠੀਕ ਕਰ ਦਿੱਤੀ । 

ਇਹ ਬੱਚਾ ਪੜਨ ਨੂੰ ਵੀ ਕਾਫੀ ਹੁਸ਼ਿਆਰ ਸੀ ਅਤੇ ਮੈਥ ਪੜਨਾਂ ਇਸਨੂੰ ਪਸੰਦ ਸੀ। ਸਾਡੀ ਸੰਸਥਾਂ ਵੱਲੋਂ  ਇਸ ਬੱਚੇ ਦੇ ਆਪਰੇਸ਼ਨ ਦਾ ਬਿਲ  ਅਦਾ ਕਰ ਦਿੱਤਾ ਗਿਆ ।  

ਰੌਸ਼ਨੀ ਦਾ ਤੌਹਫਾਂ ਮਿਲਣ ਤੋਂ ਬਾਅਦ ਬੱਚੇ ਦੇ ਚਿਹਰੇ ਤੇ ਖੁਸ਼ੀਆਂ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਢੇਰ ਸਾਰੀਆਂ ਦੁਆਵਾਂ ਨੇ ਟੀਮ ਵੱਲੋਂ ਸ਼ੁਰੂ ਮਿਸ਼ਨ "ਹਨੇਰੇ ਤੋਂ ਚਾਨਣ ਵੱਲ" ਨੂੰ ਜਾਰੀ ਰੱਖਣ ਲਈ ਸਾਡੇ ਸਰੀਰਾਂ  ਵਿੱਚ ਹੋਰ  ਤਾਕਤ ਅਤੇ ਰੂਹਾਂ ਵਿੱਚ ਢੇਰ ਸਾਰਾ ਸਕੂਨ ਭਰ ਦਿੱਤਾ ਸੀ ।

ਅਸ਼ੋਕ ਧਨੀਪਿੰਡਵੀ (ਮਹਿਰਾ)


*ਸ਼੍ਰੀ ਅਸ਼ੋਕ ਮਹਿਰਾ ਪੁਨਰਜੋਤ ਮਿਸ਼ਨ ਦੇ ਇੰਟਰਨੈਸ਼ਨਲ ਅਤੇ ਸਟੇਟ ਕੋਆਰਡੀਨੇਟਰ ਹਨ ਅਤੇ ਅੱਜਕਲ ਲੰਡਨ ਵਿਚ ਰਹਿੰਦੇ ਹਨ। ਲਗਾਤਾਰ ਇਸ ਮਿਸ਼ਨ ਦੀ ਸਫਲਤਾ ਨਾਲ ਸਬੰਧਤ ਰਹੇ ਹਨ ਅਤੇ ਅਣਗਿਣਤ ਲੋਕਾਂ ਦੀ ਅੱਖਾਂ ਵਾਲੀ ਰੌਸ਼ਨੀ ਵਾਪਿਸ ਲਿਆ ਚੁੱਕੇ ਹਨ। ਉਹਨਾਂ ਵੱਲੋਂ ਆਪਣੇ ਅਨੁਭਵਾਂ ਦੀਆਂ ਸੱਚੀਆਂ ਕਹਾਣੀਆਂ 'ਤੇ ਅਧਾਰਿਤ ਇੱਕ ਪੁਸਤਕ ਵੀ ਲਿਖੀ ਗਈ ਹੈ "ਸਕੂਨ ਦਾ ਦਾ ਸਫਰ" ਲਿਖੀ ਹੈ ਜਿਹੜੇ ਬਹੁਤ ਹੀ ਹਰਮਨ ਪਿਆਰੀ ਵੀ ਹੋਈ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: