Tuesday 21st February 2023 at 8:44 PM
ਸੈਕਟਰ 17 ਵਿਚ ਲੇਖਕਾਂ, ਬੁੱਧੀਜੀਵੀਆਂ ਤੇ ਪਿੰਡ ਵਾਸੀਆਂ ਦਾ ਰੋਸ ਧਰਨਾ
ਚੰਡੀਗੜ੍ਹ: 21 ਫਰਵਰੀ 2023: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::
ਹਿੰਦੀ, ਸੰਸਕ੍ਰਿਤ, ਉਰਦੂ, ਫਾਰਸੀ ਅਤੇ ਪੰਜਾਬੀ ਸਮੇਤ ਸਾਰੇ ਪੰਜਾਬ ਦੇ ਸਮੂਹ ਵਰਗਾਂ ਨਾਲ ਸਬੰਧਤ ਲੋਕ ਇੱਕ ਦੂਜੇ ਨੂੰ ਵੀ ਪਿਆਰ ਕਰਦੇ ਸਨ ਅਤੇ ਇੱਕ ਦੂਜੇ ਦੀਆਂ ਜ਼ੁਬਾਨਾਂ ਨੂੰ ਵੀ ਪੂਰਾ ਮਨ ਸਤਿਕਾਰ ਦੇਂਦੇ ਸਨ। ਉਰਦੂ, ਫਾਰਸੀ ਅਤੇ ਸੰਸਕ੍ਰਿਤ ਵਾਂਗ ਹਿੰਦੀ ਸਿੱਖਣਾ ਵੀ ਸਭਨਾਂ ਪੰਜਾਬੀਆਂ ਲਈ ਇੱਕ ਨੇਕ ਭਾਵਨਾ ਵਾਲਾ ਮਕਸਦ ਹੋਇਆ ਕਰਦਾ ਸੀ।
ਫਿਰ ਜਦੋਂ 1947 ਦੀਆਂ ਜ਼ਹਿਰੀਲੀਆਂ ਹਵਾਵਾਂ ਵਗੀਆਂ ਤਾਂ ਹਰ ਪਾਸੇ ਫਿਰਕੂ ਅੱਗਾਂ ਦੇ ਭਾਂਬੜ ਬਲਣ ਲੱਗ ਪਏ। ਇਹਨਾਂ ਜ਼ਹਿਰੀਲੀਆਂ ਹਵਾਵਾਂ ਤੋਂ ਜਦੋਂ ਕੁਝ ਮੁਕਤੀ ਮਿਲੀ ਤਾਂ ਇਹਨਾਂ ਹਵਾਵਾਂ ਵਿਚਲਾ ਜ਼ਹਿਰ ਸਾਰੀਆਂ ਜ਼ੁਬਾਨਾਂ ਨੂੰ ਵੀ ਇਸੇ ਫਿਰਕੂ ਰੰਗ ਵਿਚ ਰੰਗਣ ਲੱਗ ਪਿਆ। ਪੰਜਾਬ ਵਿੱਚ ਜੰਮੇ ਪਲੇ ਲੋਕ, ਚੰਗੀ ਭਲੀ ਪੰਜਾਬੀ ਬੋਲਦੇ ਲੋਕ ਇੱਕ ਖਾਸ ਸਿਆਸਤ ਦੇ ਪ੍ਰਭਾਵ ਹੇਠ ਇਹੀ ਆਖਣ ਲੱਗੇ ਸਾਡੀ ਮਾਤ ਭਾਸ਼ਾ ਤਾਂ ਹਿੰਦੀ ਹੈ। ਇਥੋਂ ਹੀ ਇੱਕ ਦੀਵਾਰ ਖੜੀ ਹੋਣੀ ਸ਼ੁਰੂ ਹੋਈ ਜਿਸਨੇ ਪੰਜਾਬੀ ਅਤੇ ਹਿੰਦੀ ਵਿਚ ਦੂਰੀਆਂ ਵਧਾਉਣੀਆਂ ਸ਼ੁਰੂ ਕੀਤੀਆਂ। ਭਾਈਚਾਰਕ ਸਾਂਝ ਸ਼ੱਕ ਅਤੇ ਨਫਰਤ ਵਿਚ ਬਦਲਣ ਲੱਗੀ। ਬੋਲੀਆਂ ਅਤੇ ਭਾਸ਼ਾਵਾਂ ਦੀ ਮਿਠਾਸ ਵਿਚ ਕੁੜੱਤਣ ਜਿਹੀ ਆਉਣ ਲੱਗ ਪਈ। ਇਸਦੇ ਨਾਲ ਹੀ ਚੱਲਿਆ ਅੰਗਰੇਜ਼ੀ ਦਾ ਜਾਦੂ। ਪੰਜਾਬ ਦੇ ਲੋਕ ਵੀ ਦੇਖਾ ਦੇਖੀ ਪੰਜਾਬੀ ਤੋਂ ਦੂਰ ਹੁੰਦੇ ਚਲੇ ਗਏ। ਸਿਆਸੀ ਸਾਜ਼ਿਸ਼ਾਂ ਸਫਲ ਹੁੰਦੀਆਂ ਨਜ਼ਰ ਆਉਣ ਲੱਗੀਆਂ। ਦੁਕਾਨਾਂ ਦੇ ਨਾਮ ਹਿੰਦੀ ਅਤੇ ਅੰਗਰੇਜ਼ੀ ਵਿੱਚ ਬਣਾਏ ਜਾਂ ਲੱਗੇ। ਘਰਾਂ ਵਿਚ ਬੱਚਿਆਂ ਨਾਲ ਹਿੰਦੀ ਅੰਗਰੇਜ਼ੀ ਬੋਲਣਾ ਇੱਕ ਫੈਸ਼ਨ ਜਿਹਾ ਬਣ ਗਿਆ। ਹਿੰਦੀ ਪੰਜਾਬੀ ਦਾ ਨਹੁੰ ਮਾਸ ਵਾਲਾ ਰਿਸ਼ਤਾ ਟੁੱਟਣ ਲੱਗ ਪਿਆ। ਇਕ ਵੇਲਾ ਅਜਿਹਾ ਵੀ ਆਇਆ ਜਦੋਂ "ਪੰਜਾਬੀ ਦੀ ਰਾਖੀ" ਲਈ ਪੰਜਾਬ ਵਿਚ ਪੰਥਕ ਕਮੇਟੀ ਦੀ ਅਗਵਾਈ ਹੇਠ ਖਾੜਕੂ ਸੰਘਰਸ਼ ਲੜਨ ਵਾਲਿਆਂ ਧਿਰਾਂ ਨੇ ਏ ਕੇ 47 ਦੇ ਜ਼ੋਰ ਨਾਲ ਪੰਜਾਬੀ ਲਾਗੂ ਕਰਾਉਣ ਵਾਲੇ ਕਦਮ ਵੀ ਚੁੱਕੇ। ਇਸੇ ਦੌਰਾਨ ਪੰਜਾਬੀ ਨੂੰ ਖਤਰੇ ਵਾਲਿਆਂ ਸੁਰਾਂ ਉੱਚੀਆਂ ਹੋਣ ਲੱਗੀਆਂ। ਹੁਣ ਉਹ ਖਤਰਾ ਸੱਚ ਹੁੰਦਾ ਨਜ਼ਰ ਵੀ ਆ ਰਿਹਾ ਹੈ। ਪੰਜਾਬੀ ਬੋਲ ਚਾਲ ਅਤੇ ਹੋਰ ਵਰਤੋਂ ਵਰਤਾਓ ਵਿੱਚੋਂ ਪੰਜਾਬੀ ਅਲੋਪ ਹੁੰਦੀ ਜਾ ਰਹੀ ਹੈ। ਦਿਨ-ਬ-ਦਿਨ ਪੰਜਾਬੀ ਵਿੱਚ ਹਿੰਦੀ ਦੇ ਸ਼ਬਦਾਂ ਦੀ ਭਰਮਾਰ ਵੱਧ ਰਹੀ ਹੈ। ਮੌਜੂਦਾ ਸਥਿਤੀ ਸੱਚਮੁੱਚ ਚਿੰਤਾਜਨਕ ਹੈ। ਅਜਿਹੀ ਹਾਲਤ ਵਿੱਚ ਪੰਜਾਬੀ ਹਿਤੈਸ਼ੀਆਂ ਦੇ ਧਰਨੇ ਅਤੇ ਐਕਸ਼ਨ ਇੱਕ ਅਣ ਐਲਾਨੀ ਜੰਗ ਦੀ ਹਾਲਤ ਵਾਂਗ ਮਹਿਸੂਸ ਕਰਵਾ ਰਹੇ ਹਨ। ਪੰਜਾਬੀ ਹਿਤੈਸ਼ੀਆਂ ਦੇ ਧਰਨੇ ਅਤੇ ਹੋਰ ਆਯੋਜਨ ਅੰਤਰ ਰਾਸ਼ਟਰੀ ਮਾਤਭਾਸ਼ਾ ਦਿਵਸ ਮੌਕੇ ਪੰਜਾਬ ਦੇ ਤਕਰੀਬਨ ਹਰ ਜ਼ਿਲੇ ਵਿਚ ਹੋਏ। ਚੰਡੀਗੜ੍ਹ ਵਿੱਚ ਵੀ ਉਚੇਚਾ ਉੱਦਮ ਉਪਰਾਲਾ ਹੋਇਆ।
ਅੱਜ ਇਥੇ ਕੌਮਾਂਤਰੀ ਮਾਤਭਾਸ਼ਾ ਦਿਵਸ ਦੇ ਮੌਕੇ 'ਤੇ ਚੰਡੀਗੜ੍ਹ ਪੰਜਾਬੀ ਮੰਚ, ਪੇਂਡੂ ਸੰਘਰਸ਼ ਕਮੇਟੀ ਅਤੇ ਪੰਜਾਬੀ ਲੇਖਕ ਸਭਾ ਦੇ ਸਾਂਝੇ ਸੱਦੇ ਉਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਦੇ ਕੇਂਦਰ ਸੈਕਟਰ 17 ਦੇ ਪਲਾਜ਼ਾ ਵਿਖੇ ਪੁਲ ਹੇਠਾਂ ਜ਼ਬਰਦਸਤ ਰੋਸ ਧਰਨਾ ਦਿਤਾ ਅਤੇ ਰੈਲੀ ਕੀਤੀ। ਉਹਨਾਂ ਨੇ ਕੌਮਾਂਤਰੀ ਮਾਤ^ਭਾਸ਼ਾ ਦਿਵਸ ਮੌਕੇ ਮੰਗ ਕੀਤੀ ਕਿ ਪੰਜਾਬੀ ਭਾਸ਼ਾ ਨੂੰ ਚੰਡੀਗੜ੍ਹ ਵਿਚ ਪ੍ਰਥਮ ਭਾਸ਼ਾ ਦਾ ਦਰਜਾ ਦੇ ਕੇ ਪ੍ਰਸ਼ਾਸਕੀ ਭਾਸ਼ਾ ਐਲਾਨਿਆ ਜਾਵੇ ਕਿਉਂਕਿ ਚੰਡੀਗੜ੍ਹ ਪੰਜਾਬ ਦੇ ਪੰਜਾਬੀ ਪਿੰਡਾਂ ਨੂੰ ਉਜਾੜਕੇ ਵਸਾਇਆ ਗਿਆ ਸੀ। ਸਿਤਮਜ਼ਰੀਫੀ ਹੈ ਕਿ ਜਿਸ ਅੰਗਰੇਜ਼ੀ ਭਾਸ਼ਾ ਨੂੰ ਸੰਵਿਧਾਨ ਵਿਚ ਕੋਈ ਦਰਜਾ ਹਾਸਲ ਨਹੀਂ ਹੈ ਉਹ ਰਾਜ ਭਾਸ਼ਾ ਦਾ ਦਰਜਾ ਰੱਖਦੀ ਪੰਜਾਬੀ ਦਾ ਹੱਕ ਮਾਰ ਕੇ ਪੱਟਰਾਣੀ ਬਣੀ ਬੈਠੀ ਹੈ ਕਿਉਂਕਿ ਅਫਸਰਸ਼ਾਹੀ ਅਤੇ ਹੁਕਮਰਾਨਾਂ ਨੇ ਘੱਟ^ਗਿਣਤੀਆਂ ਦੀਆਂ ਭਾਸ਼ਾਵਾਂ ਨੂੰ ਸਭਿਆਚਾਰ ਨੂੰ ਕੁਚਲਣ ਦਾ ਤਹੱਈਆ ਕੀਤਾ ਹੋਇਆ ਹੈ। ਬੁਲਾਰਿਆਂ ਨੇ ਐਲਾਨ ਕੀਤਾ ਕਿ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਮਾਰਨ ਦੀਆਂ ਸਾਜ਼ਸ਼ਾਂ ਅਤੇ ਕੋਸ਼ਿਸ਼ਾਂ ਸਫਲ ਨਹੀਂ ਹੋਣ ਦਿੱਤੀਆਂ ਜਾਣਗੀਆਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰਤ ਕਰਕੇ ਲਾਮਬੰਦ ਕੀਤਾ ਜਾਵੇਗਾ।
ਬੁਲਾਰਿਆਂ ਵਿਚ ਸ਼ਾਮਲ ਸਨ : ਸੁਖਜੀਤ ਸਿੰਘ ਸੁੱਖਾ ਪ੍ਰਧਾਨ ਚੰਡੀਗੜ੍ਹ ਪੰਜਾਬੀ ਮੰਚ, ਦੇਵੀ ਦਿਆਲ ਸ਼ਰਮਾ ਜਨਰਲ ਸਕੱਤਰ, ਸਿਰੀਰਾਮ ਅਰਸ਼ ਅਤੇ ਸਾਧੂ ਸਿੰਘ ਸਰਪ੍ਰਸਤ, ਗੁਰਦਿਆਲ ਸਿੰਘ ਪੇਂਡੂ ਸੰਘਰਸ਼ ਕਮੇਟੀ, ਦਲਜੀਤ ਸਿੰਘ ਪਲਸੌਰਾ, ਹਰਦੀਪ ਸਿੰਘ ਕੌਂਸਲਰ, ਪ੍ਰਸਿਧ ਪੱਤਰਕਾਰ ਤਰਲੋਚਨ ਸਿੰਘ ਅਤੇ ਸੀਪੀਆਈ ਪੰਜਾਬ ਦੇ ਸਕੱਤਰ ਬੰਤ ਬਰਾੜ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਕਰਮ ਸਿੰਘ ਵਕੀਲ ਅਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਗੁਰਨਾਮ ਕੰਵਰ, ਮਨਜੀਤ ਇੰਦਰਾ, ਸੁਰਜੀਤ ਧੀਰ, ਕੁਲਬੀਰ ਸੈਣੀ, ਸੇਵੀ ਰਾਇਤ।
ਇਸੇ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸ਼ਾਮਲ ਸਨ: ਦੀਪਕ ਸ਼ਰਮਾ ਚਨਾਰਥਲ, ਮਹਿੰਦਰਪਾਲ, ਗੁਰਮਿੰਦਰ ਸਿਧੂ, ਜਗਦੀਪ ਨੂਰਾਨੀ, ਮਨਜੀਤ ਕੌਰ ਮੀਤ, ਹਰਮਿੰਦਰ ਕਾਲੜਾ, ਮਲਕੀਤ ਬਸਰਾ, ਸਿਮਰਨਜੀਤ ਗਰੇਵਾਲ, ਪ੍ਰੋ. ਮਨਦੀਪ ਸਿੰਘ, ਮਨਮੋਹਨ ਕਲਸੀ, ਸ਼ਾਇਰ ਭੱਟੀ, ਰਾਜ ਕੁਮਾਰ, ਪੰਡਤ ਰਾਓ ਧਰਨੇਸ਼ਵਰ, ਸੁਖਵਿੰਦਰ ਸਿਧੂ, ਪ੍ਰਹਲਾਦ ਸਿੰਘ, ਅਦਬ ਮਾਨ, ਬਦਵੇਵ ਸਿੰਘ ਖੈਰਾ, ਊਸ਼ਾ ਕੰਵਰ, ਸੁਰਜੀਤ ਕਾਲੜਾ, ਪ੍ਰੀਤਮ ਹੁੰਦਲ, ਪਰਵੀਨ ਸੰਧੂ, ਖੁਸ਼ਹਾਲ ਨਾਗਾ, ਏ ਐਸ ਔਜਲਾ, ਲਾਲਜੀ ਲਾਲੀ, ਵਿਜੈ, ਸੁਭਾਸ਼ ਆਦਿ। Tuesday 21st February 2023 at 16:50 PM
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment