Tuesday, January 17, 2023

ਕੌਮੀ ਇਨਸਾਫ ਮੋਰਚੇ ਵੱਲੋਂ ਮੁੱਖ ਮੰਤਰੀ ਨੂੰ ਸਿਆਸੀ ਚੁਣੌਤੀ

Tuesday: 17th January 2023 at 5:57 PM

ਭਾਈ ਗੁਰਬਖਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਨਾਲ ਜੁੜਿਆ ਪੋਸਟਰ ਰਿਲੀਜ਼


ਮੋਹਾਲੀ
: 17 ਜਨਵਰੀ 2023: (ਗੁਰਜੀਤ ਬਿੱਲਾ//ਪੰਜਾਬ ਸਕਰੀਨ ਡੈਸਕ)::
ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੁੱਦਾ ਦਿਨੋਂ ਦਿਨ ਗਰਮਾਉਂਦਾ ਜਾ ਰਿਹਾ ਹੈ। ਮੋਹਾਲੀ ਵਾਲੇ ਬਾਰਡਰ 'ਤੇ ਚੱਲ ਰਹੇ ਅੰਦੋਲਨ ਨੂੰ ਹੋਰ ਤਿੱਖਿਆਂ ਕਰਦਿਆਂ ਅੱਜ ਕੌਮੀ ਇਨਸਾਫ ਮੋਰਚੇ ਦੀ ਲੀਡਰਸ਼ਿਪ ਨੇ ਮੁੱਖਮੰਤਰੀ ਭਗਵੰਤ ਮਾਨ ਦੀ ਇੱਕ ਪੁਰਾਣੀ ਤਸਵੀਰ ਦੇ ਅਧਾਰ 'ਤੇ ਬਣਾਇਆ ਗਿਆ ਪੋਸਟਰ ਵੀ ਰਿਲੀਜ਼ ਕੀਤਾ ਜਿਸ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਵਾਲੀ ਮੰਗ ਉਠਾਉਣ ਵਾਲੇ ਸ਼ਹੀਦ ਭਾਈ ਗੁਰਬਖਸ਼ ਸਿੰਘ ਅਤੇ ਬਾਪੂ ਸੂਰਤ ਸਿੰਘ ਖਾਲਸਾ ਨਾਲ ਮੁੱਖ ਮੰਤਰੀ ਭਗਵੰਤ ਮਾਨ ਬੜੀ ਨੇੜਤਾ ਵਾਲੇ ਅੰਦਾਜ਼ ਵਿੱਚ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਅੱਜ ਦੇ ਇਕੱਠ ਵਿੱਚ ਜ਼ੀਰਾ ਫੈਕਟਰੀ ਤੁਰੰਤ ਬੰਦ ਕਰਨ ਦੇ ਹੁਕਮਾਂ ਨੂੰ ਲੋਕਾਂ ਦੀ ਜਿੱਤ ਕਰਾਰ ਦੱਸਦਿਆਂ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ। ਇਸੇ ਦੌਰਾਨ ਇਸ ਮੋਰਚੇ ਨਾਲ ਜੁੜ ਰਹੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਦਿੱਲੀ ਦੇ ਬਾਰਡਰਾਂ ਵਾਲੇ ਕਿਸਾਨ ਅੰਦੋਲਨ ਵਾਂਗ ਇਹ ਮੋਰਚਾ ਵੀ ਹੁਣ ਤੇਜ਼ੀ ਫੜ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਲੋਕਾਂ ਨੂੰ  ਜਜ਼ਬਾਤੀ ਤੌਰ 'ਤੇ ਵੀ ਟੁੰਬ ਰਿਹਾ ਹੈ। 

ਅੱਜ ਮੋਰਚੇ ਦੇ ਦਸਵੇਂ ਦਿਨ ਸੰਗਤਾਂ ਦੀ ਆਮਦ ਹੋਰ ਵਧਣ ਨਾਲ ਮੋਰਚੇ ਦਾ ਪੰਡਾਲ ਵੱਡਾ ਕਰ ਦਿੱਤਾ ਗਿਆ ਹੈ। ਪਹਿਲੋਂ 100 ਫੁੱਟ ਪੰਡਾਲ ਨਾਲ ਅੱਜ 65 ਫੁੱਟ ਪੰਡਾਲ ਹੋਰ ਜੋੜ ਦਿੱਤਾ ਗਿਆ ਹੈ। ਵੱਖ ਵੱਖ ਆਗੂਆਂ ਅਤੇ ਸ਼ਖਸ਼ੀਅਤਾਂ ਦਾ ਆਉਣਾ ਵੀ ਲਗਾਤਾਰ ਜਾਰੀ ਹੈ।   

ਅੱਜ ਪ੍ਰੈਸ ਕਾਨਫਰੰਸ ਮੌਕੇ ਪ੍ਰੈਸ ਨੋਟ ਜਾਰੀ ਕਰਦਿਆਂ ਦਸਿਆ ਗਿਆ ਕਿ ਮੋਰਚੇ ਦੇ ਪ੍ਰਬੰਧਕਾਂ ਵਲੋਂ ਅੱਜ ਸ਼ਹੀਦ ਭਾਈ ਗੁਰਬਖਸ਼ ਸਿੰਘ ਵਲੋਂ " ਬੰਦੀ ਸਿੰਘਾਂ ਦੀ ਰਿਹਾਈ " ਲਈ ਰੱਖੇ ਮਰਨ ਵਰਤ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਭਗਵੰਤ ਮਾਨ ਨੇ ਮੈਂਬਰ ਪਾਰਲੀਮੈਂਟ ਹੁੰਦਿਆਂ ਕਈ ਵਾਰ ਉਨ੍ਹਾਂ ਦੇ ਸੰਘਰਸ਼ ਦੀ ਹਮਾਇਤ ਕੀਤੀ ਸੀ ਅਤੇ ਤਸਵੀਰਾਂ ਖਿਚਵਾ ਕੇ ਬਿਆਨ ਜਾਰੀ ਕੀਤੇ ਸਨ। 

ਇਸੇ ਤਰਾਂ ਬਾਪੂ ਸੂਰਤ ਸਿੰਘ ਖਾਲਸਾ ਨੇ ਜਦੋਂ ਮਰਨ ਵਰਤ ਰੱਖਿਆ ਤਾਂ ਇਸੇ ਤਰਾਂ ਭਗਵੰਤ ਮਾਨ ਹੁਰਾਂ ਉਦੋਂ ਵੀ ਤਸਵੀਰਾਂ ਖਿੱਚਵਾ ਕੇ ਬਿਆਨਬਾਜ਼ੀ ਕੀਤੀ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਸਮੇਤ ਸਾਰੇ ਮਸਲੇ ਹਲ ਕਰਨ ਦਾ ਭਰੋਸਾ ਦਿੱਤਾ।  ਇਹ ਸਭ ਕੁਝ ਮੀਡੀਆ ਵਿੱਚ ਵੀ ਆਉਂਦਾ ਰਿਹਾ ਪਰ ਸਰਕਾਰ ਬਣਨ ਮਗਰੋਂ ਇਹਨਾਂ ਮੁੱਦਿਆਸਨ ਨੂੰ ਲੈ ਕੇ ਸੰਘਰਸ਼ ਕਰ ਰਹੀਆਂ ਧਿਰਾਂ ਦੀ ਕਦੇ ਕੋਈ ਬਾਤ ਨਹੀਂ ਪੁੱਛੀ ਗਈ ਸਗੋਂ ਇਨ੍ਹਾਂ ਮਸਲਿਆਂ ਨੂੰ ਹੋਰ ਉਲਝਾ ਕੇ ਦੋਸ਼ੀਆਂ ਨੂੰ ਬਚਾਉਣ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ। 

ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੇ  ਜ਼ੀਰਾ ਫੈਕਟਰੀ ਨੂੰ ਬੰਦ ਕਰਨਾ ਲੋਕ-ਏਕਤਾ ਦੀ ਜਿੱਤ ਦਸਿਆ ਅਤੇ ਸਰਕਾਰ ਦੇ ਦੇਰੀ ਨਾਲ ਸਹੀ ਪਰ ਠੀਕ ਫੈਸਲਾ ਲੈਣ ਦਾ ਸਵਾਗਤ ਵੀ ਖੁੱਲ੍ਹ ਕੇ ਕੀਤਾ। ਅੱਜ ਦੀ ਪ੍ਰੈਸ ਕਾਨਫਰੰਸ ਅਤੇ ਮੋਰਚੇ  ਵਿਚ ਵੱਡੀ ਗਿਣਤੀ ਵਿੱਚ ਸੰਗਤਾਂ ਤੋਂ ਇਲਾਵਾ, ਬਾਪੂ ਗੁਰਚਰਨ ਸਿੰਘ, ਰੁਪਿੰਦਰ ਸਿੰਘ ਸਿੱਧੂ , ਜਸਵਿੰਦਰ ਸਿੰਘ ਰਾਜਪੁਰਾ, ਦਿਲਸ਼ੇਰ ਸਿੰਘ, ਇੰਜਨੀਅਰ ਜਗਮੋਹਨ ਸਿੰਘ ਕਾਹਲੋਂ, ਪਲਵਿੰਦਰ ਸਿੰਘ ਤਲਵਾੜਾ, ਗੁਰਸੇਵਕ ਸਿੰਘ ਫੌਜੀ, ਸਤਵੰਤ ਸਿੰਘ ਸੱਤੀ, ਜੱਗੀ ਬਾਬਾ, ਕਰਮ ਸਿੰਘ ਮੋਹਾਲੀ, ਨਿਹੰਗ ਸਿੰਘ ਬਾਬਾ ਗੁਰਦੇਵ ਸਿੰਘ ਹੁਸ਼ਿਆਰਪੁਰ ਜਥੇਬੰਦੀ ਬਾਬਾ ਫਤਹਿ ਸਿੰਘ , ਤਲਵਿੰਦਰ ਅਹੀਰ, ਅਵਤਾਰ ਸਿੰਘ ਫਿਰੋਜ਼ਪੁਰ ਰਾਜੇਵਾਲ ਕਿਸਾਨ ਯੂਨੀਅਨ,  ਕਿਸਾਨ ਯੂਨੀਅਨ ਸਿੱਧੂਪੁਰ, ਕਿਸਾਨ ਯੂਨੀਅਨ ਪੰਜਾਬ,ਕਿਰਤੀ ਕਿਸਾਨ ਯੂਨੀਅਨ ਲੋਕਲ ਜਥੇ ਲੈਕੇ ਪੁੱਜੇ ਭਾਈ ਗੁਰਿੰਦਰ ਸਿੰਘ ਬਦੋਸ਼ੀ ਕਲਾਂ ਤੋਂ ਜੱਥਾ ਲੈਕੇ ਮੋਰਚੇ ਵਿਚ ਪਹੁੰਚੇ।

ਹੁਣ ਦੇਖਣਾ ਹੈ ਕਿ ਕੌਮੀ ਇਨਸਾਫ ਮੋਰਚਾ ਵੱਲੋਂ ਚਲਾਇਆ ਜਾ ਰਿਹਾ ਇਹ ਅੰਦੋਲਨ ਪੰਥ ਅਤੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਿੱਚ ਕਿੰਨਾ ਕੁ ਸਫਲ ਰਹਿੰਦਾ ਹੈ। ਇਸਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਇਸ ਨਾਲ ਨੇੜੇ ਆਉਂਦੀ ਹੈ ਜਾਂ ਇੱਕ ਵਾਰ ਫਿਰ ਮਾਮਲਾ ਵਿਚ ਵਿਚਾਲੇ ਲਟਕਣ ਦਾ ਹੀ ਖਦਸ਼ਾ ਹੈ?


No comments: