Thursday: 19th January 2023 at 6:05 PM
YPS ਚੌਂਕ ਵਾਲੇ ਕੌਮੀ ਇਨਸਾਫ ਮੋਰਚੇ ਵਿਚ ਬਣਿਆ ਖਿੱਚ ਦਾ ਕੇਂਦਰ
ਆਧੁਨਿਕਤਾ ਵਿੱਚ ਜਿੰਨੀ ਮਰਜ਼ੀ ਚਮਕ ਦਮਕ ਹੋਵੇ ਪਰ ਰਵਾਇਤਾਂ ਨਾਲ ਮੋਹ ਨਹੀਂ ਟੁੱਟਦਾ। ਰਵਾਇਤੀ ਅੰਦਾਜ਼ ਮਨ 'ਤੇ ਛਾਏ ਹੀ ਰਹਿੰਦੇ ਹਨ। ਇਹੀ ਸਥਿਤੀ ਰਵਾਇਤੀ ਹਥਿਆਰਾਂ ਸੰਬੰਧੀ ਵੀ ਹੈ। ਮੋਹਾਲੀ ਦੇ ਵਾਈ ਪੀ ਐਸ ਚੌਂਕ ਨੇੜੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਪੰਜਾਬ ਅਤੇ ਪੰਥ ਨਾਲ ਜੁੜੇ ਜਨ-ਜੀਵਨ ਦੇ ਬਹੁਤ ਸਾਰੇ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ। ਇਹਨਾਂ ਵਿੱਚ ਇੱਕ ਅੰਦਾਜ਼ ਤੀਰ ਕਮਾਨ ਵਾਲਾ ਵੀ ਦੇਖਿਆ ਗਿਆ। ਇਸਨੂੰ ਦੇਖਣ ਲਈ ਅਕਸਰ ਉਥੇ ਭੀੜ ਇਕੱਠੀ ਹੋ ਜਾਂਦੀ ਹੈ। ਬੰਦੂਕ ਵਰਗਾ ਭੁਲਕੇਖ ਪਾਉਂਦਾ ਇਹ ਤੀਰ ਕਮਾਨ ਬਹੁਤ ਮਜ਼ਬੂਤ ਵੀ ਹੈ।
ਪੰਜਾਬ ਸਕਰੀਨ ਦੀ ਟੀਮ ਨੇ ਇਸ ਬਾਰੇ ਪੁੱਛਿਆ ਤਾਂ ਪਤਾ ਲੱਗਿਆ ਕਿ ਇਹ ਕਮਾਨ 33 ਹਜ਼ਾਰ ਰੁਪਏ ਦੀ ਕੀਮਤ ਦਾ ਹੈ ਅਤੇ ਇਸਦੇ ਤੀਰ ਦਾ ਮੁੱਲ 600/-ਰੁਪਏ ਪ੍ਰਤੀ ਤੀਰ ਦੱਸਿਆ ਗਿਆ ਹੈ। ਇਸ ਨੂੰ ਪੁਰਾਣੇ ਸਮਿਆਂ ਵਾਂਗ ਖਿੱਚਣ ਦੀ ਲੋੜ ਤਾਂ ਨਹੀਂ ਪੈਂਦੀ ਕਿਓਂਕਿ ਇਸ ਵਿਚ ਬੰਦੂਕ ਵਰਗਾ ਟ੍ਰਿਗਰ ਲੱਗਿਆ ਆਇਆ ਹੈ। ਤੀਰ ਕਰੀਬ ਦੋ ਕੁ ਕਿਲੋਮੀਟਰ ਦੂਰ ਜਾ ਸਕਦਾ ਹੈ ਪਰ ਇਸਦੀ ਮਾਰਕ ਰੇਂਜ ਅੱਧਾ ਕਿਲੋਮੀਟਰ ਹੈ। ਉਂਝ ਅੱਜਕਲ੍ਹ ਇਹ ਹਥਿਆਰਾਂ ਵਾਂਗ ਨਹੀਂ ਬਲਕਿ ਖੇਡ ਮੁਕਾਬਲਿਆਂ ਵਿਚ ਵੀ ਬਹੁਤ ਹਰਮਨ ਪਿਆਰੇ ਹਨ। ਇਸਨੂੰ ਨਿਹੰਗ ਸਿੰਘਾਂ ਦੇ ਨਾਲ ਨਾਲ ਅਜੋਕੇ ਜ਼ਮਾਨੇ ਦੇ ਕੁੜੀਆਂ ਮੁੰਡੇ ਵੀ ਬਹੁਤ ਪਸੰਦ ਕਰਦੇ ਹਨ।
ਇਹ ਉਹਨਾਂ ਸਮਿਆਂ ਦੀ ਯਾਦ ਵੀ ਤਾਜ਼ਾ ਕਰਵਾਉਂਦੇ ਹਨ ਜਦੋਂ ਤੀਰ ਕੰਮਾਂ ਮੁਖ ਹਥਿਆਰਾਂ ਵਿਚ ਗਿਣੇ ਜਾਂਦੇ ਸਨ ਅਤੇ ਤੀਰ ਅੰਦਾਜ਼ੀ ਦੀ ਕਲਾ ਉਚੇਚ ਨਾਲ ਸਿਖਾਈ ਜਾਂਦੀ ਸੀ। ਜੰਗਾਂ ਜਿੱਤਾਂ ਲਈ ਇਹਨਾਂ ਦੀ ਭੂਮਿਕਾ ਬਹੁਤ ਫੈਸਲਾਕੁੰਨ ਹੁੰਦੀ ਸੀ। ਇਹਨਾਂ ਨੂੰ ਦੇਖ ਕੇ ਅੱਜ ਵੀ ਮਨ ਵਿਚ ਇੱਕ ਨਵਾਂ ਜੋਸ਼ ਆਉਂਦਾ ਹੈ। ਰਾਮਾਇਣ ਅਤੇ ਮਹਾਂਭਾਰਤ ਦੇ ਨਾਲ ਨਾਲ ਸਿੱਖ ਜੰਗਾਂ ਵਾਲੇ ਮੈਦਾਨ ਵੀ ਚੇਤੇ ਆਉਂਦੇ ਹਨ।
No comments:
Post a Comment