Sunday 25th December 2022 at 12:01 PM
ਪ੍ਰੋਫੈਸਰ ਗੁਰਭਜਨ ਗਿੱਲ ਨੇ ਦਿੱਤੀ ਸਭ ਤੋਂ ਪਹਿਲਾਂ ਇਹ ਦੁਖਦਾਈ ਖਬਰ
ਲੁਧਿਆਣਾ: 25 ਦਸੰਬਰ 2022: (ਪੰਜਾਬ ਸਕਰੀਨ ਡੈਸਕ)::
ਸੰਘਰਸ਼ਾਂ ਦਾ ਇਤਿਹਾਸ ਰਚਣ ਵਾਲੇ ਰੂਪ ਸਿੰਘ ਰੂਪਾ ਹੁਣ ਨਹੀਂ ਰਹੇ। ਇਸ ਦੁਖਦਾਈ ਵਿਛੋੜੇ ਦੀ ਸੂਚਨਾ ਸਭ ਤੋਂ ਪਹਿਲਾਂ ਅੱਜ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੇ ਵਟਸਪ ਸੁਨੇਹੇ ਰਾਹੀਂ ਮਿਲੀ। ਰੂਪਾ ਜੀ ਦੇ ਵਿਛੋੜੇ ਸੰਬੰਧੀ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੇ ਸੁਨੇਹੇ ਵਾਲੀ ਲਿਖਤ ਇਥੇ ਦਿੱਤੀ ਜਾ ਰਹੀ ਹੈ।
ਫੋਟੋ ਵਿਕੀਮੀਡੀਆ ਤੋਂ ਧੰਨਵਾਦ ਸਹਿਤ |
ਮੈਨੂੰ ਮਾਣ ਹੈ ਕਿ ਮੇਰੇ ਮਿਹਰਬਾਨ ਵੱਡੇ ਵੀਰ ਵਰਗੇ ਸਨ। ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦਾ ਪ੍ਰਧਾਨ ਹੁੰਦਿਆਂ ਮੈਂ ਉਨ੍ਹਾਂ ਨੂੰ ਸਃ ਜਗਜੀਤ ਸਿੰਘ ਆਨੰਦ ਜੀ ਦੇ ਨਾਮ ਤੇ ਉਨ੍ਹਾਂ ਦੇ ਜੀਂਦੇ ਜੀਅ ਪੁਰਸਕਾਰ ਸ਼ੁਰੂ ਕਰਨ ਦੀ ਗੱਲ ਕਹੀ ਤਾਂ ਉਨ੍ਹਾਂ ਤੁਰੰਤ ਪ੍ਰਵਾਨ ਕਰਕੇ ਪੈਸੇ ਭੇਜ ਦਿੱਤੇ। ਨਾਲ ਹੀ ਅਭਿਨੰਦਨ ਗਰੰਥ ਵੀ ਪ੍ਰਕਾਸ਼ਨਤ ਕਰਨ ਲਈ ਧਨ ਰਾਸ਼ੀ ਦਿੱਤੀ। ਇਹ ਅਭਿਨੰਦਨ ਗਰੰਥ ਅਸਾਂ ਜਲੰਧਰ ਜਾ ਕੇ ਸਃ ਜਗਜੀਤ ਸਿੰਘ ਆਨੰਦ ਜੀ ਨੂੰ ਭੇਂਟ ਕੀਤਾ।
ਸਃ ਰੂਪਾ ਨੇ ਆਪਣੇ ਪਿੰਡ ਵਿੱਚ ਵੀ ਨਾਟਕ ਮੰਚ ਸਕੂਲ ਚ ਤਿਆਰ ਕਰਵਾਇਆ ਤੇ ਨਾਟਕ ਮੇਲੇ ਵੀ ਕਰਵਾਏ।
ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਯਾਦਵਿੰਦਰਾ ਇੰਜਨੀਰਿੰਗ ਕਾਲਿਜ ਤਲਵੰਡੀ ਸਾਬੋ ਵਿੱਚ ਪੜ੍ਹਦੇ ਪੇਂਡੁ ਬੱਚਿਆਂ ਲਈ ਵਜ਼ੀਫ਼ਾ ਯੋਜਨਾ ਪ੍ਰਿਯੋਜਿਤ ਕਰਵਾਉਣ ਦੀ ਸ਼ੁਰੂਆਤ ਕੀਤੀ ਤਾਂ ਰੂਪ ਸਿੰਘ ਰੂਪਾ ਜੀ ਨੇ ਪਹਿਲੇ ਵਜ਼ੀਫ਼ੇ ਭੇਂਟ ਕੀਤੇ। ਅਮਰੀਕਾ ਚ ਆਪਣੇ ਸਪੁੱਤਰਾਂ ਦੇ ਵੱਡੇ ਕਾਰੋਬਾਰ ਵਿੱਚੋਂ ਉਹ ਦਸਵੰਧ ਸ਼ੁਭ ਕਾਰਜਾਂ ਲਈ ਕੱਢਦੇ ਰਹਿੰਦੇ ਸਨ। ਆਪਣੇ ਜਵਾਨ ਪੁੱਤਰ ਦੀ ਮੌਤ ਮਗਰੋਂ ਉਹ ਡੋਲ ਗਏ ਸਨ ਸਿਹਤ ਪੱਖੋਂ।
ਸਃ ਰੂਪ ਸਿੰਘ ਰੂਪਾ ਬਾਰੇ ਛਪੇ ਅਭਿਨੰਦਨ ਗਰੰਥ ਚ ਉਨ੍ਹਾਂ ਬਾਰੇ ਲਿਖਦਿਆਂ ਮੈਂ ਉਨ੍ਹਾਂ ਨੂੰ ਧਰਤੀ ਦਾ ਸੁਲੱਗ ਪੁੱਤਰ ਲਿਖਿਆ ਤਾਂ ਉਹ ਅੱਖਾਂ ਭਰ ਆਏ ਤੇ ਬੋਲੇ, ਮੈਨੂੰ ਨਹੀਂ ਸੀ ਪਤਾ ਕਿ ਤੂੰ ਮੈਨੂੰ ਏਨਾ ਪਿਆਰ ਕਰਦੈਂ।
ਆਪਣੇ ਪਿਆਰੇ ਵੱਡੇ ਸੱਜਣ ਦੇ ਜਾਣ ਤੇ ਮਨ ਉਦਾਸ ਹੈ।
ਪ੍ਰੋਃ ਮੋਹਨ ਸਿੰਘ ਦੇ ਬੋਲ ਯਾਦ ਆ ਰਹੇ ਨੇ।
ਫੁੱਲ ਹਿੱਕ ਵਿੱਚ ਜੰਮੀ ਪਲ਼ੀ ਖ਼ੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।
ਅਲਵਿਦਾ ਪਿਆਰਿਆ!
No comments:
Post a Comment