Monday, December 12, 2022

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਰਵਈਆ ਤਾਲਿਬਾਨੀ-ਢੇਸੀ

Monday:12th December 2022 at 12:50 PM

ਉਲਾਰ ਫੈਸਲਿਆਂ ਵਲ ਪਰਤ ਰਹੀ ਸਿੱਖ ਕੌਮ ਲਈ ਖਤਰੇ ਦੀ ਘੰਟੀ


ਕਰੀਏ ਕੀ ਕਿ ਚਾਅ ਆਉਂਦਾ ਹੈ, ਚਾਅ ਹੀ ਬੁੱਤਾ ਲਾ ਆਉਂਦਾ ਹੈ;

ਦਾਅ ਲਾ ਕੇ ਦਾਅ ਖਾਵੇ ਨਾ ਜੋ, ਵਿਰਲੇ ਨੂੰ ਹੀ ਦਾਅ ਆਉਂਦਾ ਹੈ। 

ਜਿਹੜੀ ਕੌਮ ਨਸਲਕੁਸ਼ੀ ਦਾ ਸ਼ਿਕਾਰ ਹੋ ਚੁੱਕੀ ਹੋਵੇ ਉਸ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨੌਜਵਾਨੀ ਨੂੰ ਖੁਦਕੁਸ਼ੀ ਦੇ ਰਾਹ ‘ਤੇ ਤੋਰਨ ਤੋਂ ਪਹਿਲਾਂ ਸੌ ਵੇਰ ਸੋਚਣ। ਸਾਨੂੰ ਸਾਡਾ ਉਹ ਵਿਰਸਾ ਵੰਗਾਰਾਂ  ਪਉਂਦਾ ਹੈ ਜਦੋਂ ਆਤਮਕ ਸ਼ਕਤੀਆਂ ਦੇ ਬਲਬੂਤੇ ਸਾਡੇ ਵਡੇਰੇ ਵਿਕਰਾਲ ਰਾਜਸੀ ਸ਼ਕਤੀਆਂ ਨਾਲ ਟਕਰਾ ਗਏ ਸਨ। ਪਰ ਅਜੋਕੇ ਰਾਜਾਂ ਦਾ ਪੁਲਸ ਪ੍ਰਸ਼ਾਸਨ ਅਤੇ ਫੌਜੀ ਪ੍ਰਬੰਧ ਮਾਰੂ ਹਥਿਆਰਬੰਦ ਸ਼ਕਤੀਆਂ ਦਾ ਮਾਲਕ ਹੋਣ ਕਾਰਨ ਉਹਦੇ ਨਾਲ ਸਿੱਧੇ ਤੌਰ ‘ਤੇ ਦੋ ਹੱਥ ਨਹੀਂ ਕੀਤੇ ਜਾ ਸਕਦੇ ਸਗੋਂ ਲੜਾਈ ਦੇ ਤੌਰ ਤਰੀਕੇ ਸਮੇਂ ਅਨੁਸਾਰ ਵਰਤਣੇ ਪੈਣਗੇ। ਕੁਲਵੰਤ ਸਿੰਘ ਢੇਸੀ ਹੁਰਾਂ ਦੇ ਇੱਸੇ ਲੇਖ ਵਿੱਚੋਂ।  ਬਾਕੀ ਵੇਰਵਾ ਪੜ੍ਹਨ ਲਈ ਇਸ ਲੇਖ ਨੂੰ ਪੂਰਾ ਪੜ੍ਹਨ ਦੀ ਖੇਚਲ ਕਰੋ ਜੀ। 

ਲੇਖਕ ਕੁਲਵੰਤ ਸਿੰਘ ਢੇਸੀ 
ਜਦੋਂ ਵੀ ਕਿਸੇ ਕੌਮ ਨੂੰ ਪੁੱਠੇ ਪੈਰੀਂ ਤੋਰਨਾ ਹੋਵੇ ਤਾਂ ਉਸ ਲਈ ਵਿਰੋਧੀ ਸ਼ਕਤੀਆਂ ਵਲੋਂ ਦੋ ਹਥਿਆਰ ਕਾਮਯਾਬੀ ਨਾਲ ਵਰਤੇ ਜਾਂਦੇ ਹਨ ਜਿਹਨਾਂ ਵਿਚੋਂ ਇਕ ਹੈ ਕੱਟੜਪੰਥੀ ਸਰੋਕਾਰਾਂ ਨੂੰ ਹਵਾ ਦੇਣੀ ਤਾਂ ਕਿ ਕੌਮ ਵਿਚ ਵਿਰੋਧ ਖੜ੍ਹੇ ਹੋ ਜਾਣ ਅਤੇ ਭਰਾ ਮਾਰੂ ਜੰਗ ਸ਼ੁਰੂ ਹੋ ਜਾਵੇ ਅਤੇ ਦੂਸਰਾ ਹਥਿਆਰ ਹੁੰਦਾ ਹੈ ਕਿ ਸਬੰਧਤ ਧਿਰ ਨੂੰ ਕਿਸੇ ਨਾ ਕਿਸੇ ਬਹਾਨੇ ਕਾਨੂੰਨ ਨੂੰ ਹੱਥਾਂ ਵਿਚ ਲੈਣ ਲਈ ਉਕਸਾਉਣਾ ਤਾਂ ਕਿ ਉਸ ਨੂੰ ਪੁਲਸ ਪ੍ਰਸ਼ਾਸਨ ਜਾਂ ਫੌਜ ਨਾਲ ਭਿੜਾ ਕੇ ਖਤਮ ਕੀਤਾ ਜਾ ਸਕੇ। 

ਵਿਰੋਧੀਆਂ ਵਲੋਂ ਇਸ ਤਰਾਂ ਦੇ ਹਥਿਆਰ ਵਰਤਣੇ ਉਸ ਸਮੇਂ ਹੋਰ ਵੀ ਸੌਖੇ ਹੋ ਜਾਂਦੇ ਹਨ ਜਦੋਂ ਕਿਸੇ ਕੌਮ ‘ਤੇ ਹੋਸ਼ ਨਾਲੋਂ ਜੋਸ਼ ਭਾਰੂ ਹੋਵੇ ਅਤੇ ਉਸ ਦੇ ਆਗੂ ਬਹੁਤੇ ਦੂਰ ਅੰਦੇਸ਼ ਨਾ ਹੋਣ। ਸੱਚੀ ਗੱਲ ਤਾਂ ਇਹ ਹੈ ਕਿ ਅਤੀਤ ਵਿਚ ਸਿੱਖ ਕੌਮ ਖਿਲਾਫ ਇਹ ਹਥਿਆਰ ਵਰਤਣ ਵਿਚ ਵਿਰੋਧੀ ਸ਼ਕਤੀਆਂ ਸਫਲ ਹੋਈਆਂ ਹਨ । 

ਜਿਹੜੀ ਕੌਮ ਨਸਲਕੁਸ਼ੀ ਦਾ ਸ਼ਿਕਾਰ ਹੋ ਚੁੱਕੀ ਹੋਵੇ ਉਸ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨੌਜਵਾਨੀ ਨੂੰ ਖੁਦਕੁਸ਼ੀ ਦੇ ਰਾਹ ‘ਤੇ ਤੋਰਨ ਤੋਂ ਪਹਿਲਾਂ ਸੌ ਵੇਰ ਸੋਚਣ। ਸਾਨੂੰ ਸਾਡਾ ਉਹ ਵਿਰਸਾ ਵੰਗਾਰਾਂ  ਪਉਂਦਾ ਹੈ ਜਦੋਂ ਆਤਮਕ ਸ਼ਕਤੀਆਂ ਦੇ ਬਲਬੂਤੇ ਸਾਡੇ ਵਡੇਰੇ ਵਿਕਰਾਲ ਰਾਜਸੀ ਸ਼ਕਤੀਆਂ ਨਾਲ ਟਕਰਾ ਗਏ ਸਨ। ਪਰ ਅਜੋਕੇ ਰਾਜਾਂ ਦਾ ਪੁਲਸ ਪ੍ਰਸ਼ਾਸਨ ਅਤੇ ਫੌਜੀ ਪ੍ਰਬੰਧ ਮਾਰੂ ਹਥਿਆਰਬੰਦ ਸ਼ਕਤੀਆਂ ਦਾ ਮਾਲਕ ਹੋਣ ਕਾਰਨ ਉਹਦੇ ਨਾਲ ਸਿੱਧੇ ਤੌਰ ‘ਤੇ ਦੋ ਹੱਥ ਨਹੀਂ ਕੀਤੇ ਜਾ ਸਕਦੇ ਸਗੋਂ ਲੜਾਈ ਦੇ ਤੌਰ ਤਰੀਕੇ ਸਮੇਂ ਅਨੁਸਾਰ ਵਰਤਣੇ ਪੈਣਗੇ। 

ਦੂਜੀ ਸੱਚਾਈ ਇਹ ਵੀ ਹੈ ਕਿ ਹੌਲੀਵੁਡ, ਬੌਲੀਵੁਡ, ਕਮਿਊਨਿਜ਼ਮ, ਨਾਸਤਕਵਾਦ ਅਤੇ ਅਜੋਕੇ ਪਦਾਰਥਵਾਦ ਦੇ ਰੰਗ ਵਿਚ ਰੰਗੇ ਸਿੱਖ ਕੋਲ ਪੁਰਾਤਨ ਸਿੱਖਾਂ ਵਾਲਾ ਉੱਚ ਇਖਲਾਕ ਨਹੀਂ ਹੈ। 

ਤੀਸਰੀ ਸੱਚਾਈ ਇਹ ਵੀ ਹੈ ਕਿ ਪੰਜਾਬ ਇੱਕ ਮੈਦਾਨੀ ਇਲਾਕਾ ਹੈ ਜਿਥੇ ਖਾੜਕੂਆਂ ਨੂੰ ਲੋੜ ਮੁਤਾਬਕ ਛੁਪਣਗਾਹਾਂ ਨਹੀਂ ਮਿਲਦੀਆਂ ਤੇ ਉਹ ਸਹਿਜੇ ਹੀ ਪੁਲਸ ਜਾਂ ਫੌਜ ਦੇ ਹੱਥ ਚੜ੍ਹ ਜਾਂਦੇ ਹਨ। ਸੰਨ ਅਠੱਤਰ ਅਤੇ ਚੌਰਾਸੀ ਦੇ ਸਾਕਿਆਂ ਬਾਅਦ ਅੱਜ ਫਿਰ ਕੌਮ ਦੇ ਰੋਸ ਅਤੇ ਰੋਹ ਨੂੰ ਤੇਜ਼ ਕਰਨ ਦੇ ਜੋ ਹੀਲੇ ਹਰਬੇ ਵਰਤੇ ਜਾ ਰਹੇ ਹਨ ਉਹਨਾਂ ਦੇ ਸਿੱਟੇ ਕਿਸ ਤਰਾਂ ਦੇ ਨਿਕਲ ਸਕਦੇ ਹਨ ਇਸ ਦਾ ਅਨੁਮਾਨ ਹਰ ਸਿੱਖ ਆਗੂ ਅਤੇ ਚਿੰਤਕ ਨੂੰ ਲਉਣਾ ਚਾਹੀਦਾ ਹੈ। 

ਤੱਤੇ ਨਾਅਰਿਆਂ ਮਗਰ ਲਾਮਬੰਦ ਨੌਜਵਾਨਾਂ ਦੇ ਰੋਹ ਨੂੰ ਦੇਖਦਿਆਂ ਅੱਜ ਕੋਈ ਵੀ ਵਿਦਵਾਨ ਕੌਮ ਨੂੰ ਵਿਆਪਕ ਖਤਰਿਆਂ ਪ੍ਰਤੀ ਸੁਚੇਤ ਕਰਨ ਦੀ ਹਿੰਮਤ ਨਹੀਂ ਕਰ ਰਿਹਾ। ਸਾਡੇ ਵਿਦਵਾਨ ਇਸ ਗੱਲੋਂ ਸਕਤੇ ਵਿਚ ਹਨ ਕਿ ਜੋਸ਼ ਵਿਚ ਆ ਰਹੀ ਨੌਜਵਾਨੀ ਕਿਤੇ ਉਹਨਾ ਖਿਲਾਫ ਗਦਾਰੀ ਦਾ ਫਤਵਾ ਹੀ ਨਾ ਜਾਰੀ ਕਰ ਦੇਵੇ। 

ਮੁੱਦਾ ਤੱਪੜਾਂ ਅਤੇ ਮੇਜ ਕੁਰਸੀਆਂ ਦਾ

ਪੰਜਾਬ ਤੋਂ ਅਉਣ ਵਾਲੇ ਕਈ ਪ੍ਰਚਾਰਕ ਇਸ ਮੁੱਦੇ ‘ਤੇ ਬਹੁਤ ਰੋਹ ਵਿਚ ਬੋਲਦੇ ਰਹੇ ਹਨ। ਕਈ ਤਾਂ ਇਸੇ ਬਹਾਨੇ ਆਪਣੇ ਲੰਬੇ ਚੌਂਕੜਿਆਂ ਦਾ ਦਾਅਵਾ ਕਰਕੇ ਆਪਣੇ ਹੰਕਾਰ ਨੂੰ ਰੱਜ ਕੇ ਪੱਠੇ ਪਉਂਦੇ ਹਨ। ਚੇਤੇ ਰਹੇ ਕਿ ਇਹ ਉਹ ਹੀ ਪ੍ਰਚਾਰਕ ਹਨ ਜਿਹੜੇ ਕਿ ਹਵਾਈ ਜਹਾਜ ਵਿਚ ਚੜ੍ਹਨ ਸਮੇਂ ਆਪਣੀ ਸਿਰੀ ਸਾਹਿਬ ਆਪਣੇ ਅਟੈਚੀ ਵਿਚ ਰੱਖ ਕੇ ਆਪਣੀ ਲੋੜ ਮੁਤਾਬਕ ਸਿਧਾਂਤਕ ਸਮਝੌਤਾ ਵੀ ਕਰ ਲੈਂਦੇ ਹਨ। 

ਉਹਨਾ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਕਿ ਅਗਾਂਹ ਵਧੂ ਦੇਸ਼ਾਂ ਵਿਚ ਵਿਕਲਾਂਗ ਅਤੇ ਬਿਮਾਰ ਲੋਕਾਂ ਦੇ ਹਿੱਤਾਂ ਲਈ ਕਾਨੂੰਨੀ ਰਾਹਤ ਹੈ। ਇੰਗਲੈਂਡ ਵਿਚ ਡਿਸਏਬਲ ਲੋਕਾਂ ਨੂੰ ਕੁਰਸੀਆਂ ਦਾ ਪ੍ਰਬੰਧ ਨਾ ਕਰਕੇ ਦੇਣ ਵਿਚ ਮੁਕੱਦਮੇ ਚੱਲ ਚੁੱਕੇ ਹਨ ਅਤੇ ਕਈ ਪ੍ਰਬੰਧਕ ਕਮੇਟੀਆਂ ਨੂੰ ਜੁਰਮਾਨੇ ਭਰ ਕੇ ਮਜ਼ਬੂਰਨ ਇਸ ਦਾ ਇੰਤਜ਼ਾਮ ਕਰਨਾ ਪਿਆ ਹੈ। 

ਜਿਹੜੇ ਡਿਸਏਬਲ ਤੁਰ ਫਿਰ ਨਹੀਂ ਸਕਦੇ ਉਹਨਾਂ ਨੂੰ ਮਜ਼ਬੂਰਨ ਵੀਲ ਚੇਅਰਾਂ ਵਰਤਣੀਆਂ ਪੈਂਦੀਆਂ ਹਨ ਅਤੇ ਇਹਨਾਂ ਦੇਸ਼ਾਂ ਵਿਚ ਹਰ ਅਦਾਰੇ ਨੂੰ ਵੀਲ ਚੇਅਰਾਂ ਦੀ ਆਮਦ ਲਈ ਉਚੇਚੇ ਇੰਤਜ਼ਾਮ ਕਰਨੇ ਪੈਂਦੇ ਹਨ। ਵੈਸੇ ਵੀ ਸਮੇਂ ਦੇ ਅੰਦਾਜ਼ ਕੁਝ ਐਸੇ ਹਨ ਕਿ ਅਨੇਕਾਂ ਲੋਕਾਂ ਤੋਂ ਜ਼ਮੀਨ ਤੇ ਬੈਠਿਆ ਨਹੀਂ ਜਾ ਰਿਹਾ। ਯੂ ਕੇ ਵਿਚ ਅਜਕਲ ਆਮ ਗੁਰਦੁਆਰਿਆਂ ਦੇ ਦੀਵਾਨ ਅਤੇ ਲੰਗਰ ਹਾਲਾਂ ਵਿਚ ਥੋੜੇ ਬਹੁਤ ਬੈਂਚਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਪੀੜਤ ਸੰਗਤ ਉਹਨਾ ਦੀ ਵਰਤੋਂ ਕਰ ਸਕੇ। 

ਬਾਹਰਲੇ ਦੇਸ਼ਾਂ ਵਿਚ ਸਰਕਾਰੀ ਤੌਰ ‘ਤੇ ਸਿੱਖਾਂ ਦੀਆਂ ਸਿਰੀ ਸਾਹਿਬਾਂ ਦੀ ਲੰਬਾਈ ਵੀ ਸੀਮਤ ਕੀਤੀ ਗਈ ਹੈ ਅਤੇ ਜਿਥੇ ਕਿਧਰੇ ਅਦਾਰਿਆਂ ਨਾਲ ਇਸ ਮਮਲੇ ‘ਤੇ ਰਾਜੀ ਕਰਨ ਦੀ ਲੋੜ ਪਵੇ ਉਥੇ ਸਿੱਖ ਅਦਾਰਿਆਂ ਨੂੰ ਬਹੁਤ ਮਿਹਨਤ ਵੀ ਕਰਨੀ ਪਈ ਹੈ। ਇੱਕ ਗੱਲ ਸਮਝਣ ਵਾਲੀ ਹੈ ਕਿ ਬਹੁਤ ਸਾਰੇ ਅਰਬ ਦੇਸ਼ਾਂ ਵਿਚ ਸਿੱਖਾਂ ਜਾਂ ਗੈਰ ਇਸਲਾਮੀ ਧਰਮਾਂ ਨੂੰ ਆਪਣੇ  ਧਾਰਮਕ ਅਸਥਾਨ ਬਨਾਉਣ ਦੀ ਵੀ ਇਜਾਜ਼ਤ ਨਹੀਂ ਹੈ ਅਤੇ ਰਾਜ ਨਾਲ ਟਕਰਾਓ ਦੀ ਸਥਿਤੀ ਵਿਚ ਧਾਰਮਕ ਲੋਕਾਂ ਦੀ ਬਹੁੜੀ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ। 

ਅੱਜ ਸਿੱਖ ਦੁਨੀਆਂ ਭਰ ਵਿਚ ਫੈਲਿਆ ਹੋਇਆ ਹੈ ਅਤੇ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਗੁਰਦੁਆਰਿਆਂ ਵਿਚ ਜਦੋਂ ਸਿੱਖਾਂ ਦੀਆਂ ਦਸਤਾਰਾਂ ਲਹਿੰਦੀਆਂ ਹਨ ਤਾਂ ਇਸ ਮਗਰ ਪੰਜਾਬ ਦੀ ਰਾਜਨੀਤੀ ਨਾਲ ਸਬੰਧਤ ਸਿਆਸੀ ਮੋਹਰਿਆਂ ਅਤੇ ਕੱਟੜਪੰਥੀ ਸੰਪ੍ਰਦਾਵਾਂ ਜਾ ਪ੍ਰਚਾਰਕਾਂ ਦਾ ਵੀ ਲੁਕਿਆ ਹੱਥ ਹੁੰਦਾ ਹੈ। ਜਿਥੋਂ ਤਕ ਸਿੱਖੀ ਦੇ ਪ੍ਰਚਾਰ ਪਸਾਰ ਦਾ ਮੁੱਦਾ ਹੈ ਉਸ ਮਾਮਲੇ ਵਿਚ ਕੱਟੜਪੰਥੀ ਪ੍ਰਚਾਰਕ ਪੂਰੇ ਨਹੀਂ ਉਤਰਦੇ। 

ਇਹ ਗੱਲ ਬੇਹੱਦ ਅਫਸੋਸ ਵਾਲੀ ਹੈ ਕਿ ਕਰੋੜਾਂ ਅਤੇ ਅਰਬਾਂ ਦਾ ਸੋਨਾ ਅਤੇ ਸੰਗਮਰਮਰ ਲਉਣ ਵਾਲੀ ਸਿੱਖ ਕੌਮ ਸਮੇਂ ਦੇ ਮੇਚ ਦੇ ਪ੍ਰਚਾਰਕ ਨਹੀਂ ਪੈਦਾ ਕਰ ਰਹੀ। ਸਾਡੇ ਬਹੁਤ ਸਾਰੇ ਪ੍ਰਚਾਰਕ ਧਰਮ ਦੇ ਨਾਮ ‘ਤੇ ਸਿੱਖ ਸਮਾਜ ਨੂੰ ਜੋੜਦੇ ਘੱਟ ਅਤੇ ਤੋੜਦੇ ਜ਼ਿਆਦਾ ਹਨ। ਬਹੁਤ ਸਾਰੇ ਪ੍ਰਚਾਰਕ ਤਾਂ ਗੁਰੂ ਦੇ ਸ਼ਬਦ ਦੀ ਦੈਵੀ ਆਭਾ ਨੂੰ ਤੋਤਾ ਰਟਨ ਕਹਿ ਕੇ ਛੁਟਿਆਉਂਦੇ ਹਨ ਅਤੇ ਇਹਨਾ ਪ੍ਰਚਾਰਕਾਂ ਕੋਲ ਗੁਰਬਾਣੀ ਦੇ ਰੂਹਾਨੀ ਅਤੇ ਮਨੋਵਿਗਿਆਨਕ ਪੱਖ ਨੂੰ ਬਿਆਨ ਕਰਨ ਲਈ ਲੋੜ ਮੁਤਾਬਕ ਭਾਸ਼ਾ ਤੇ ਸਮਝ ਵੀ ਨਹੀਂ ਹੁੰਦੀ। ਬਹੁਤ ਸਾਰੇ ਸੰਪ੍ਰਦਾਈ ਪ੍ਰਚਾਰਕ ਸਿੱਖੀ ਦੀ ਵਿਆਖਿਆ ਆਪੋ ਆਪਣੇ ਸੰਤਾਂ, ਬ੍ਰਹਮਗਿਆਨੀਆਂ ਜਾਂ ਮਹਾਂਪੁਰਸ਼ਾਂ ਦੀ ਐਨਕ ਰਾਹੀਂ ਕਰਦੇ ਹਨ ਜਿਸ ਕਾਰਨ ਪੰਥ ਵਿਚ ਪਾਟੋਧਾੜ ਵਧਦੀ ਹੈ।

ਗੁਰੂ ਸਾਹਿਬਾਂ ਨਾਲ ਸਬੰਧਤ ਐਨੀਮੇਸ਼ਨ ਫਿਲਮਾਂ ਦਾ ਮੁੱਦਾ

ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਅਜੋਕੀ ਦੁਨੀਆਂ ਵਿਚ ਪ੍ਰਚਾਰ ਸਾਧਨਾ ਵਿਚ ਪ੍ਰਤੀਦਿਨ ਤੇਜ਼ੀ ਆ ਰਹੀ ਹੈ। ਇਹ ਮੁੱਦਾ ਅੱਜ ਹਰ ਧਰਮ ਲਈ ਵੱਡੀ ਚਣੌਤੀ ਹੈ ਕਿ ਧਰਮ ਤੋਂ ਬਾਗੀ ਹੋ ਰਹੇ ਅਜੋਕੇ ਮਨੁੱਖ ਨੂੰ ਧਰਮ ਪ੍ਰਤੀ ਜਾਗਰੂਕ ਕਿਵੇਂ ਕੀਤਾ ਜਾਵੇ। ਇਹਨੀ ਦਿਨੀ ਯੂ ਕੇ ਦੇ ਅਖਬਾਰਾਂ ਵਿਚ ਇਹ ਖਬਰ ਸੁਰਖੀਆਂ ਬਣੀ ਰਹੀ ਕਿ ਬਰਤਾਨੀਆਂ ਹੁਣ ਇੱਕ ਇਸਾਈ ਦੇਸ਼ ਨਹੀਂ ਰਿਹਾ ਕਿਓਂਕਿ ਅਖੌਤੀ ਤੌਰ ‘ਤੇ ਇਸਾਈਅਤ ਨੂੰ ਮੰਨਣ ਵਾਲਿਆਂ ਦੀ ਅਬਾਦੀ ਵੀ ਦੇਸ਼ ਦੀ ਅੱਧੀ ਅਬਾਦੀ ਤੋਂ ਘੱਟ ਰਹਿ ਗਈ ਹੈ। ਹਾਲਾਂ ਕਿ ਇਥੋਂ ਦੇ ਰਾਜੇ ਅਤੇ ਰਾਣੀਆਂ ਸਟੇਟ ਦੇ ਮੁਖੀ ਹੋਣ ਦੇ ਨਾਲ ਨਾਲ ਚਰਚ ਦੇ ਮੁਖੀ ਵੀ ਹੁੰਦੇ ਰਹੇ ਹਨ ਪਰ ਅਜੋਕੀ ਨਾਸਤਿਕਤਾ ਦੀ ਵੰਗਾਰ ਪ੍ਰਤੀ ਇਹ ਰਾਜੇ ਰਾਣੀਆਂ ਵੀ ਮਜ਼ਬੂਰ ਜਾਪਦੇ ਹਨ। 

ਸਿੱਖਾਂ ਕੋਲ ਧਰਮ ਪ੍ਰਚਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸ਼੍ਰੋਮਣੀ ਕਮੇਟੀ ਦੁਆਰਾ ਜਾਰੀ ਰਹਿਤ ਮਰਿਯਾਦਾ ਦਾ ਅਸਰ ਪੰਥ ਦੇ ਬਹੁਤ ਸਾਰੇ ਗੁਰਦੁਆਰਿਆਂ ‘ਤੇ ਹੈ ਪਰ ਸ਼੍ਰੋਮਣੀ ਕਮੇਟੀ ਕਿਓਂਕਿ ਲੰਬੇ ਸਮੇਂ ਤੋਂ ਬਾਦਲਾਂ ਦੀ ਕਠਪੁਤਲੀ ਬਣੀ ਹੋਈ ਹੈ ਇਸ ਕਰਕੇ ਬਾਦਲਾਂ ਨੇ ਸਿੱਖ ਰਹਿਤ ਮਰਿਯਾਦਾ ਨੂੰ ਛੱਡ ਕੇ ਅਸਿੱਧੇ ਤੌਰ ਤੇ ਸੰਪ੍ਰਦਾਈ ਮਰਿਯਾਦਾ ਜਾਂ ਅਹਿਮ ਵਿਅਕਤੀਆਂ ਦੀ ਮਰਿਯਾਦਾ ਦੇ ਪ੍ਰਭਾਵ ਨੂੰ ਕਬੂਲਿਆ ਹੈ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਆਪਣੇ ਫੈਸਲੇ ਦੇਣ ਤੋਂ ਪਹਿਲਾਂ ਸੰਜੀਦਾ ਖੋਜ ਕਰ ਲੈਣੀ ਚਾਹੀਦੀ ਹੈ। ਐਨੀਮੇਸ਼ਨ ਫਿਲਮਾਂ ਸਬੰਧੀ ਹੁਣੇ ਹੁਣੇ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜੋ ਫਿਲਮਾਂ ਦੇ ਵਰੋਧ ਵਿਚ ਫੈਸਲਾ ਆਇਆ ਹੈ ਇਹ ਵੀ ਬਾਦਲਾਂ ਦੀ ਲੋੜ ਮੁਤਾਬਿਕ ਹੀ ਆਇਆ ਪ੍ਰਤੀਤ ਹੁੰਦਾ ਹੈ। ਜਿਸ ਵੇਲੇ ਬਾਦਲਕੇ ਸੱਤਾਧਾਰੀ ਹੁੰਦੇ ਹਨ ਤਾਂ ਇਹਨਾ ਦੇ ਫੈਸਲੇ ਹੋਰ ਹੁੰਦੇ ਹਨ ਤਾਂ ਇਹ ਅਜੇਹੇ ਕਿਸੇ ਮੁੱਦੇ ‘ਤੇ ਫੈਸਲਾ ਨਹੀਂ ਲੈਂਦੇ ਪਰ ਜਿਓਂ ਹੀ ਇਹ ਸੱਤਾਹੀਣ ਹੁੰਦੇ ਹਨ ਤਾਂ ਇਹ ਪੰਜਾਬ ਅਤੇ ਪੰਥ ਦੀਆਂ ਮੰਗਾਂ ਨੂੰ ਉਭਾਰ ਕੇ ਮੁੜ ਰਾਜਸੀ ਸੱਤਾ ਵਿਚ ਆਉਣ ਦੇ ਖਾਬ ਦੇਖਣ ਲੱਗਦੇ ਹਨ। ਆਪਣੇ ਲੰਬੇ ਰਾਜ ਕਾਲ ਵਿਚ ਬੰਦੀ ਸਿੱਖਾਂ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਪ੍ਰਤੀ ਕੁਝ ਵੀ ਨਾ ਕਰ ਸਕਣ ਵਾਲੇ ਬਾਦਲਕੇ ਹੁਣ ਇਹਨਾਂ ਮੁੱਦਿਆਂ ‘ਤੇ ਵੀ ਬੋਲਣ ਲੱਗ ਪਏ ਹਨ ਜਦ ਕਿ ਸਿੱਖ ਸੰਗਤ ਜਾਣਦੀ ਹੈ ਕਿ ਬਾਦਲਾਂ ਨੇ ਆਪਣੇ ਰਾਜ ਕਾਲ ਵਿਚ ਜਿਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਪਿੱਠ ਠੋਕੀ ਸੀ ਉਥੇ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਪੁਲਿਸ ਅਫਸਰਾਂ ਨੂੰ ਪੰਜਾਬ ਦੇ ਪੇਸ਼ ਪਾ ਕੇ ਬੰਦੀ ਸਿੱਖਾਂ ਬਾਰੇ ਆਪਣੇ ਪੰਥ ਵਿਰੋਧੀ ਇਰਾਦੇ ਜ਼ਾਹਿਰ ਕੀਤੇ ਸਨ।

ਇੱਕ ਗੱਲ ਤਾਂ ਅਸੀਂ ਸਪੱਸ਼ਟ ਹੀ ਦੇਖ ਸਕਦੇ ਹਾਂ ਕਿ ਗੁਰੂ ਸਾਹਿਬਾਨ ਦੀਆਂ ਕਲਪਿਤ ਤਸਵੀਰਾਂ, ਮੂਰਤੀਆ ਅਤੇ ਬੁੱਤਾਂ ਦੀ ਸ਼ਰੇਆਮ ਵਿਕਰੀ ਹੁੰਦੀ ਰਹੀ ਹੈ ਜਿਹਨਾਂ ਪ੍ਰਤੀ ਬਾਦਲਕਿਆਂ ਦੀ ਦੁਬੇਲ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਮੂਕ ਦਰਸ਼ਕ ਬਣੇ ਰਹੇ ਹਨ। ਹੁਣ ਜੇਕਰ ਬਾਦਲਕਿਆਂ ਨੂੰ ਇਹ ਪ੍ਰਤੀਤ ਹੋਣ ਲੱਗ ਪਿਆ ਕਿ ਉਹ ਕੱਟੜਪੰਥੀ ਰੁਝਾਨਾਂ ਨੂੰ ਹਵਾ ਦੇ ਕੇ ਹੀ ਮੁੜ ਰਾਜਨੀਤਕ ਸੱਤਾ ਵਿਚ ਆ ਸਕਦੇ ਹਨ ਤਾਂ ਹੋ ਸਕਦਾ ਹੈ ਕਿ ਭਲਕ ਨੂੰ ਉਹਨ ਦੀ ਦੁਬੇਲ ਸ਼੍ਰੌਮਣੀ ਕਮੇਟੀ ਦੇ ਆਗੂ ਜਾਂ ਸ੍ਰੀ ਅਕਾਲ ਤਖਤ ਦਾ ਜਥੇਦਾਰ ਇਹ ਫਤਵਾ ਜਾਰੀ ਕਰ ਦੇਣ ਕਿ ਸਮਾਰਟ ਫੋਨਾਂ ‘ਤੇ ਗੁਰਬਾਣੀ ਦੀ ਵਰਤੋਂ ਤੇ ਪਾਬੰਦੀ ਲਾ ਦਿੱਤੀ ਜਾਵੇ ਕਿਓਂਕਿ ਮੋਬਾਇਲ ਫੋਨ ਲੈ ਕੇ ਤਾਂ ਲੋਕੀ ਬਾਥਰੂਮ ਵੀ ਚਲੇ ਜਾਂਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਸਿੱਖ ਸੰਗਤਾਂ ਵਿਚ ਦਿਨੋ ਦਿਨ ਹਰਮਨ ਪਿਆਰੇ ਹੋ ਰਹੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਐਨੀਮੇਸ਼ਨ ਫਿਲਮਾਂ ਅਤੇ ਮੇਜ ਕੁਰਸੀਆਂ ਦੇ ਮੁੱਦੇ ‘ਤੇ ਸਿੱਖ ਨੌਜਵਾਨਾਂ ਨੂੰ ਤਾਲਿਬਾਨੀ ਰਵੱਈਆ ਅਖਤਿਆਰ ਕਰਨ ਦਾ ਸੱਦਾ ਦਿੱਤਾ ਹੈ। ਅੱਜ ਜਿੰਨੀ ਤੇਜ਼ੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਹਰਮਨ ਪਿਆਰਤਾ ਵਧ ਰਹੀ ਹੈ ਉਹ ਚਾਹੁਣ ਹੁਣ ਤਾਂ ਪੰਥ ਦੀ ਯੋਗ ਅਗਵਾਈ ਕਰ ਸਕਦੇ ਹਨ ਤੇ ਜੇ ਚਾਹੁਣ ਤਾਂ ਸਬੰਧਤ ਮੁੱਦਿਆਂ ‘ਤੇ ਕੌਮ ਨੂੰ ਉਲਝਾ ਦੇਣ।ਉਹਨਾਂ ਨੂੰ ਹੁਣ ਜਿਥੇ ਕਾਹਲੀ ਨਾਲ ਉਲਾਰ ਫੈਸਲੇ ਲੈਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਉਥੇ ਇੱਕ ਤੱਥ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਅਗਰ ਸਿੱਖ ਨੌਜਵਾਨੀ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਹਿੰਸਕ ਰਾਹ ‘ਤੇ ਤੁਰਦੀ ਹੈ ਤਾਂ ਬਾਗੀ ਪੰਜਾਬ ਨੂੰ ਮੁੜ ਆਪਣਾ ਗੁਲਾਮ ਬਨਾਉਣ ਲਈ ਭਾਜਪਾ ਨੂੰ ਸੁਨਹਿਰੀ ਮੌਕਾ ਮਿਲ ਜਾਣਾ ਹੈ। ਪੰਜਾਬ ਵਿਚ ਗਵਰਨਰੀ ਰਾਜ ਲਾ ਕੇ ਉਹ ਸਿੱਖਾਂ ‘ਤੇ ਦਮਨ ਕਰਕੇ ਅਤੇ ਭਾਰਤ ਦੇ ਬਹੁਗਿਣਤੀ ਹਿੰਦੂ ਸਮਾਜ ਨੂੰ ਖੁਸ਼ ਕਰਕੇ ਜਿਥੇ ਵੋਟਾਂ ਦੀ ਸ਼ਤਰੰਜ ਵਿਚ ਵੱਡੀ ਪੱਧਰ ‘ਤੇ ਸਫਲ ਹੋ ਸਕਦੇ ਹਨ ਉਥੇ ਮੁੜ ਫਿਰ ਕਿਸੇ ਬਾਦਲ ਨਾਲ ਹੱਥ ਮਿਲਾ ਕੇ ਪੰਜਾਬ ਵਿਚ ਕਬਰਾਂ ਵਾਲੀ ਸ਼ਾਂਤੀ ਸਥਾਪਤ ਕਰਕੇ ਮੁੜ ਕਿਸੇ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਰਾਹੀਂ ਪੰਜਾਬ ਦੀ ਜੁਝਾਰੂ ਮਾਨਸਿਕਤਾ ਨੂੰ ਦਰੜਨ ਦੇ ਰਾਹ ਪੈ ਜਾਣਗੇ।

ਸਿੱਖ ਇਤਹਾਸ ‘ਤੇ ਬਣਨ ਵਾਲੀਆਂ ਫਿਲਮਾਂ ਪ੍ਰਤੀ ਸ਼੍ਰੋਮਣੀ ਕਮੇਟੀ ਕੋਲ ਵਿਦਵਾਨਾਂ ਦਾ ਇੱਕ ਸਮੂਹ ਹੋਣਾ ਚਾਹੀਦਾ ਹੈ ਜੋ ਕਿ ਮੌਕੇ ਮੁਤਾਬਕ ਵਿਚਾਰ ਕਰਕੇ ਆਪਣਾ ਫੈਸਲਾ ਦੇਣ। ਅਜੇਹੇ ਮੁੱਦਿਆਂ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਥੇਦਾਰ ਸ੍ਰੀ ਅਕਾਲ ਤਖਤ ਅਤੇ ਹੋਰ ਸਤਿਕਾਰਯੋਗ ਵਿਅਕਤੀਆਂ ਨੂੰ ਕਾਹਲੀ ਵਿਚ ਫੈਸਲੇ ਲੈਣ ਤੋਂ ਸੰਕੋਚ ਕਰਨਾ ਚਾਹੀਦਾ ਹੈ। 

ਬਹੁ ਚਰਚਿਤ ‘ਚਾਰ ਸਾਹਿਬਜ਼ਾਦੇ’ ਫਿਲਮ ਵਿਚ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਲਈ ਜੋ ਐਨੀਮੇਸ਼ਨ ਆਕਾਰ ਦਿਖਾਏ ਗਏ ਸਨ ਉਹਨਾ ਪ੍ਰਤੀ ਇੱਕ ਜਾਇਜ਼ ਇਤਰਾਜ਼ ਸੀ ਕਿ ਉਹ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਪ੍ਰਤਿਭਾ ਨਾਲ ਇਨਸਾਫ ਨਹੀਂ ਸੀ ਕਰ ਸਕੇ ਪਰ ਤਾਂ ਵੀ ਕੀ ਇਸ ਮਾਮਲੇ ‘ਤੇ ਐਨੀਮੇਸ਼ਨ ਫਿਲਮਾਂ ‘ਤੇ ਉੱਕਾ ਪਾਬੰਦੀ ਲਾ ਦੇਣੀ ਚਾਹਿਦੀ ਹੈ ਜਾਂ ਉਸ ਲਈ ਕੋਈ ਦਿਸ਼ਾਂ ਨਿਰਦੇਸ਼ ਲਾਗੂ ਕਰ ਦੇਣੇ ਚਾਹੀਦੇ ਹਨ ਇਹ ਫੈਸਲਾ ਸ਼੍ਰੋਮਣੀ ਕਮੇਟੀ ਨੂੰ ਪ੍ਰਸਪਰ ਵਿਚਾਰ ਤੋਂ ਮਗਰੋਂ ਹੀ ਕਰਨਾ ਚਾਹੀਦਾ ਹੈ। 

ਇਸੇ ਤਰਾਂ ਗੁਰਦੁਆਰੇ ਦੇ ਦੀਵਾਨ ਹਾਲਾਂ ਜਾਂ ਲੰਗਰ ਹਾਲਾਂ ਵਿਚ ਡਿਸਏਬਲ ਲੋਕਾਂ ਲਈ ਕੁਰਸੀਆ ਦੀ ਆਗਿਆ ਦੇਣ ਜਾਂ ਵੀਲ ਚੇਅਰ ਦੀ ਆਗਿਆ ਦੇਣ ਪ੍ਰਤੀ ਵੀ ਜ਼ਿੰਮੇਵਾਰ ਧਿਰਾਂ ਸ਼ਾਮਲ ਕਰਕੇ ਅਤੇ ਕੌਮਾਂਤਰੀ ਸਰੋਕਾਰਾਂ ਨੂੰ ਧਿਆਨ ਵਿਚ ਰੱਖ ਕੇ ਹੀ ਫੈਸਲੇ ਦੇਣੇ ਚਾਹੀਦੇ ਹਨ। ਪੰਥ ਦੇ ਸਰਬ ਸਾਂਝੇ ਅਤੇ ਜ਼ਿੰਮੇਵਾਰ ਅਦਾਰਿਆਂ ਤੋਂ ਬਿਨਾ ਕਿਸੇ ਹੋਰ ਵਿਅਕਤੀ ਨੂੰ ਆਪਣੇ ਫੈਸਲੇ ਪੰਥ ‘ਤੇ ਲੱਦਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: