Friday, December 09, 2022

ਸਿੱਖ ਭਾਈਚਾਰਾ “ਬੀਰ ਬਾਲ ਦਿਵਸ” ਨੂੰ ਰੱਦ ਕਰੇ

Friday 9th December 2022 at 04:56 PM

 ਸਾਹਿਬਜ਼ਾਦੇ ਸ਼ਹਾਦਤ ਦਿਹਾੜਾ ਮਨਾਵੇਂ: ਕੇਂਦਰੀ ਸਿੰਘ ਸਭਾ 


ਚੰਡੀਗੜ੍ਹ
: 9 ਦਸੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਚੰਡੀਗੜ੍ਹ ਤੋਂ ਅਕਸਰ ਸਰਗਰਮ ਰਹਿਣ ਵਾਲੀ ਕੇਂਦਰੀ ਸਿੰਘ ਸਭਾ ਉਹਨਾਂ ਸਿੱਖ ਸੰਸਥਾਵਾਂ ਵਿੱਚੋਂ ਮੋਹਰਲੀ ਕਤਾਰ ਵਿਚ ਹੈ ਜਿਹੜੀਆਂ ਸਿੱਖੀ ਉੱਤੇ ਹੁੰਦੇ ਸੂਖਮ ਪਰ ਖਤਰਨਾਕ ਹਮਲਿਆਂ ਦਾ ਗੰਭੀਰ ਨੋਟਿਸ ਲੈਂਦੀਆਂ ਹਨ। ਇਹ ਸੰਸਥਾ ਵੀ  ਸਿਰਫ ਨੋਟਿਸ ਹੀ ਨਹੀਂ ਲੈਂਦੀ ਬਲਕਿ ਤੁਰੰਤ ਅਜਿਹੇ ਹਮਲਿਆਂ ਦਾ ਬਾਦਲੀਲ ਜੁਆਬ ਵੀ ਦੇਂਦੀ ਹੈ। 

ਸਿਆਸੀ ਮੰਤਵਾਂ ਅਤੇ ਗੁਝੇ ਫਿਰਕੂ ਮੰਤਵਾਂ ਨਾਲ ਅਜਿਹਾ ਪ੍ਰਚਾਰ ਕਾਫੀ ਲੰਮੇ ਸਮੇਂ ਤੋਂ ਜਾਰੀ ਹੈ ਕਿ ਚਾਚਾ ਨਹਿਰੂ ਅਰਥਾਤ ਸਵਰਗੀ ਪ੍ਰਧਾਨਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ 14 ਨਵੰਬਰ ਨੂੰ ਮਨਾਏ ਜਾਂਦੇ ਬਾਲ ਦਿਵਸ ਦੀ ਥਾਂ 'ਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ਵੀਰ ਬਾਲ ਦਿਵਸ ਵੱਜੋਂ ਮਨਾਉਣ ਦੀ ਨਵੀਂ ਪਿਰਤ ਪਾਈ ਜਾਵੇ। ਇਸ ਨਾਲ ਇੱਕ ਤਾਂ ਕਾਂਗਰਸੀ ਲੀਡਰ ਦੀ ਦਿੱਖ ਵਾਲੇ ਚਿਲਡਰਨ ਡੇ ਮਨਾਉਣ ਦੇ ਰੁਝਾਨ ਨੂੰ ਖਤਮ ਕੀਤਾ ਜਾ ਸਕੇਗਾ ਅਤੇ ਨਾਲ ਹੀ ਸਿੱਖ ਸ਼ਹਾਦਤ ਦੇ ਇਤਿਹਾਸ ਵਿਚ ਸਿਰਮੌਰ ਸਥਾਨ ਰੱਖਣ ਵਾਲੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀ ਹਿੰਦੂਤਵੀ ਰੰਗ ਚੜ੍ਹਿਆ ਜਾ ਸਕੇਗਾ। 

ਇਸ ਤਰ੍ਹਾਂ ਹੋਲੀ ਹੋਲੀ ਵੀਰ ਹਕੀਕਤ ਰਾਏ ਦੇ ਨਾਲ ਸਾਹਿਬਜ਼ਾਦਿਆਂ ਦਾ ਨਾਮ ਵੀ ਜੋੜਿਆ ਜਾ ਸਕੇਗਾ। ਜ਼ਿਕਰਯੋਗ ਹੈ ਕਿ ਵੀਰ ਹਕੀਕਤ ਰਾਏ ਦੀ ਸ਼ਹਾਦਤ ਦਾ ਬਦਲਾ ਦਲ ਖਾਲਸਾ ਨੇ ਬਾਕਾਇਦਾ ਜ਼ੋਰਦਾਰ ਐਕਸ਼ਨ ਕਰ ਕੇ ਲਿਆ ਸੀ। ਵੀਰ ਹਕੀਕਤ ਰਾਏ ਦੀ ਸਮਾਧ ਹੁਣ ਲਾਹੌਰ (ਪਾਕਿਸਤਾਨ) ਤੋਂ ਕਿਲੋਮੀਟਰ ਦੂਰ ਹੈ ਜਿਥੇ ਦੇਸ਼ ਦੀ ਵੰਡ ਤੋਂ ਪਹਿਲਾਂ ਬਸੰਤ ਵਾਲੇ ਦਿਨ ਬਾਕਾਇਦਾ ਮੇਲਾ ਵੀ ਲੱਗਦਾ ਸੀ।  ਹੁਣ ਆਜ਼ਾਦੀ ਆਉਣ ਤੋਂ ਬਾਅਦ ਵੀ ਹਕੀਕਤ ਰਾਏ ਨੂੰ ਬਸੰਤ ਵਾਲੇ ਦਿਨ ਯਾਦ ਕੀਤਾ ਜਾਂਦਾ ਹੈ। ਵੀਰ ਹਕੀਕਤ ਰਾਏ ਦੀ ਤਰਜ਼ 'ਤੇ ਹੀ ਹੁਣ ਸਾਹਿਬਜ਼ਾਦਿਆਂ ਲਈ ਵੀ ਵੀਰ ਬਾਲ ਦਿਵਸ ਮਨਾਉਣ ਦਾ ਪ੍ਰਚਾਰ ਬੜੇ ਚਿਰ ਤੋਂ ਸੋਸ਼ਲ ਮੀਡੀਆ 'ਤੇ ਵੀ ਹੋ ਰਿਹਾ ਹੈ। ਕੇਂਦਰੀ ਸਿੰਘ ਸਭਾ ਨੇ ਹੁਣ ਸ਼ਾਇਦ ਸਭ ਤੋਂ ਪਹਿਲੀ ਵਾਰ ਖੁੱਲ੍ਹ ਕੇ ਇਸ ਸੁਝਾਅ ਨੂੰ ਰੱਦ ਕਰਨ ਲਈ  ਕਿਹਾ ਹੈ। ਇਸ ਆਸ਼ੇ ਦਾ ਬਿਆਨ ਅੱਜ ਮੀਡੀਆ ਲਈ ਵੀ ਜਾਰੀ ਕੀਤਾ ਗਿਆ। 

ਤੇਰ੍ਹਾਂ ਪੋਹ ਸੰਮਤ 1761 (ਈ: 1705) ਨੂੰ ਸੂਬੇ ਸਰਹਿੰਦ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਦੇ ਦਿਨ ਤੋਂ ਹੀ ਸਿੱਖ ਭਾਈਚਾਰਾ ‘ਸਾਹਿਬਜ਼ਾਦੇ ਸ਼ਹਾਦਤ ਦਿਹਾੜਾ’ ਮਨਾ ਰਿਹਾ ਹੈ। ਇਸ ਪਵਿੱਤਰ ਦਿਹਾੜੇ ਨੂੰ ‘ਬੀਰ ਬਾਲ ਦਿਵਸ’ ਮਨਾਉਂਣ ਦਾ ਸੱਦਾ ਸਿੱਖ ਇਤਿਹਾਸ ਤਰੋੜ-ਮਰੋੜ ਕੇ ਹਿੰਦੂਤਵ ਦੀ ਸਾਂਚੇ ਵਿੱਚ ਢਾਲਣ ਦੀ ਕੋਸ਼ਿਸ਼ ਹੈ। ਹਿੰਦੂਤਵ ਤੇ ਪੈਰੋਕਾਰ ਨੇ ਅਣਲਿਖਤ ਭਾਰਤੀ ਇਤਿਹਾਸ ਨੂੰ ਹਿੰਦੂਤਵ ਦੀਆਂ ਸਿਆਸੀ ਲੋੜ੍ਹਾਂ ਮੁਤਾਬਿਕ ਘੜ੍ਹ ਤਰਾਸ਼ ਕੇ ਹਿੰਦੂ ਨੈਸ਼ਨਲਿਜ਼ਮ ਨੂੰ ਮਜ਼ਬੂਤ ਕੀਤਾ। 1870 ਤੋਂ ਆਰੀਆਂ ਸਮਾਜ ਅਤੇ ਹਿੰਦੂਤਵੀ ਲੀਡਰ ਸਿੱਖਾਂ ਨੂੰ ਵੱਡੇ ਹਿੰਦੂ ਸਮਾਜ ਹਿੱਸਾ ਹੀ ਪੇਸ਼ ਕਰ ਰਹੇ ਹਨ। ‘ਬੀਰ ਬਾਲ ਦਿਵਸ’ ਵੀ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਹਿੰਦੂਤਵ ਦੇ ਸਿਆਸੀ ਕੋਸ਼ ਵਿੱਚ ਦਰਜ ਕਰਨਾ ਹੈ।

ਯਾਦ ਰਹੇ, ਭਾਰਤੀ ਸਮਾਜ ਅਤੇ ਧਾਰਮਿਕ ਸੰਸਕ੍ਰਿਤੀ ਵਿੱਚ ਸ਼ਹਾਦਤ ਦਾ ਸਕੰਲਪ ਹੀ ਨਹੀਂ ਹੈ। ਯਹੂਦੀਆਂ ਅਤੇ ਇਸਲਾਮ ਵਿੱਚ ਪ੍ਰਚਲਤ ਸ਼ਹਾਦਤ ਨੂੰ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਦੀਆਂ ਸ਼ਹੀਦੀਆਂ ਨੇ ਮਨੁੱਖਤਾ ਦੀਆਂ ਰੂਹਾਨੀ ਬੁਲੰਦੀਆਂ ਉੱਤੇ ਪਹੁੰਚਾ ਦਿੱਤਾ। ਜਾਤੀ ਹਿੱਤ/ਸਵਾਰਥ ਤੋਂ ਉਪਰ ਉੱਠ ਕੇ ਪਰਉਪਕਾਰ ਹਿੱਤ ਵੱਡੇ ਮਨੁੱਖੀ ਆਦਰਸ਼ਾਂ ਲਈ ਸਵੈ-ਇੱਛਕ ਕੁਰਬਾਨੀ ਦੇਣਾ ਹੀ ਸਿੱਖ ਸ਼ਹਾਦਤ ਦੀ ਸਹੀ ਪ੍ਰੀਭਾਸ਼ਾ ਹੈ।

ਸਾਕਾ ਸਰਹਿੰਦ ਸਮੇਂ ਬਾਬਾ ਜੋਰਾਵਰ ਸਿੰਘ ਦੀ ਉਮਰ ਸਾਢੇ ਅੱਠ ਸਾਲ ਅਤੇ ਬਾਬਾ ਫਤਿਹ ਸਿੰਘ ਦੀ ਉਮਰ ਸਾਢੇ ਛੇ ਸਾਲ ਬਣਦੀ ਹੈ। ਦੋਨੋਂ ਸਾਹਿਬਜ਼ਾਦਿਆਂ ਨੇ ਧਾਰਮਿਕ ਆਜ਼ਾਦੀ ਲਈ ਅਤੇ ਜ਼ੁਲਮ ਦੇ ਟਾਕਰੇ ਲਈ ਦੀਵਾਰ ਵਿੱਚ ਜਿਉਂਦਿਆਂ ਚਿਣੇ ਜਾਣ ਨੂੰ ਸਵੀਕਾਰ ਕੀਤਾ ਅਤੇ ਸੂਬੇ ਸਰਹਿੰਦ ਦੀਆਂ ਧਮਕੀਆਂ ਤੋਂ ਬੇਪਰਵਾਹ ਹਰ ਕਿਸਮ ਦੇ ਲਾਲਚਾ ਨੂੰ ਠੁਕਰਾ ਦਿੱਤਾ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਜ਼ੁਲਮ/ਹੰਕਾਰ ਦੀ ਸਿਖ਼ਰ ਅਤੇ ਇਖਲਾਕੀ ਗਿਰਾਵਟ ਦੀ ਇੰਤਹਾ ਹੀ ਨੁਮਾਇੰਦਗੀ ਕਰਦੀ ਹੈ।

ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਅੱਗੇ ਸਿਰ ਝੁਕਾਉਂਦਿਆਂ, ਸਰਹਿੰਦ ਦੇ ਆਲੇ ਦੁਆਲੇ ਪਿੰਡਾਂ ਦੇ ਲੋਕ ਇਸਲਾਮ ਵਿੱਚ ਕਰਬਲਾ ਦੀ ਤਰਜ਼ ਉੱਤੇ ਅਜਿਹੀ ਮਾਨਸਿਕ ਪੀੜ੍ਹਾ ਨੂੰ ਸਮਰਪਿਤ ਪੋਹ ਦਾ ਮਹੀਨਾ ਜ਼ਮੀਨ ਉੱਤੇ ਸੌਂਦੇ ਰਹੇ ਹਨ ਅਤੇ ਸ਼ਾਦੀ/ਵਿਆਹ ਖੁਸ਼ੀ ਦੇ ਜਸ਼ਨ ਨਹੀਂ ਮਨਾਉਂਦੇ ਹਨ।

ਇਸ ਸਿੱਖ ਪਰੰਪਰਾਂ ਨੂੰ ਅੱਗੇ ਵਧਾਉਂਦਿਆਂ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਵੱਧ ਸੰਜੀਦਗੀ ਨਾਲ ਮਨਾਉਣਾ ਚਾਹੀਦਾ ਤਾਂਕਿ ਵਿਲੱਖਣ ਸਿੱਖ ਇਤਿਹਾਸ/ਸਭਿਆਚਾਰ ਨੂੰ ਹੋਰ ਮਜ਼ਬੂਤ ਕੀਤਾ ਜਾਵੇ। 

ਇਹ ਸਾਂਝਾ ਬਿਆਨ  ਪ੍ਰੋਫ਼ੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਸੁਰਿੰਦਰ ਸਿੰਘ ਕਿਸ਼ਨਪੁਰਾ, ਪ੍ਰੋ. ਹਰਪਾਲ ਸਿੰਘ, ਗੁਰਪ੍ਰੀਤ ਸਿੰਘ (ਪ੍ਰਤੀਨਿਧ ਗਲੋਬਲ ਸਿੱਖ ਕੌਂਸਲ) ਅਤੇ ਰਾਜਵਿੰਦਰ ਸਿੰਘ ਰਾਹੀ ਵੱਲੋਂ ਜਾਰੀ ਕੀਤਾ ਗਿਆ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments: