Showing posts with label Amritpal Singh Khalsa. Show all posts
Showing posts with label Amritpal Singh Khalsa. Show all posts

Tuesday, March 21, 2023

ਕਿਓਂ ਜ਼ਰੂਰੀ ਸੀ ਸੋਹਾਣਾ ਵਾਲੇ ਗੁਰਦੁਆਰਾ ਸਾਹਮਣਿਓਂ ਧਰਨਾ ਉਠਵਾਉਣਾ?

ਡੀਸੀ ਅਤੇ ਐਸ ਐਸ ਪੀ ਨੇ ਮੀਡੀਆ ਨੂੰ ਕੀਤੀ ਸਾਰੀ ਗੱਲ ਸਪਸ਼ਟ 


ਐਸ.ਏ.ਐਸ ਨਗਰ:21 ਮਾਰਚ 2023: (ਪੰਜਾਬ ਸਕਰੀਨ ਡੈਸਕ):: 

ਖਾਲਿਸਤਾਨ ਦੇ ਹੱਕ ਵਿੱਚ ਖੁਲਕੇ ਪ੍ਰਚਾਰ ਕਰਨ ਵਾਲੇ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਹਨਾਂ ਦੇ ਵਿਸ਼ਾਲ ਕਾਫ਼ਿਲੇ ਵੱਲੋਂ ਅਜਨਾਲਾ ਥਾਣੇ 'ਤੇ ਕਬਜ਼ੇ ਵਰਗੀ ਹਾਲਤ ਨੇ ਪੂਰੀ ਸਰਕਾਰ ਦੀ ਹਾਲਤ ਹੀ ਬੇਹੱਦ ਨਮੋਸ਼ੀ ਵਾਲੀ ਕਰ ਦਿੱਤੀ ਸੀ। ਇਸ ਘਟਨਾ ਤੋਂ ਬਾਅਦ ਜਦੋਂ ਚੰਡੀਗੜ੍ਹ ਵਿੱਚ ਖੱਬੇਪੱਖੀ ਕੌਮਾਂਤਰੀ ਸੰਗਠਨ "ਐਪਸੋ" ਦੀ ਦੋ ਦਿੱਨਾਂ ਕਾਨਫਰੰਸ ਹੋਈ ਤਾਂ ਉਦੋਂ ਵੀ ਇਹ ਸੁਆਲ ਖੁਲ ਕੇ ਕੀਤਾ ਗਿਆ ਕਿ ਐਨ ਆਈ ਏ ਦੀ ਟੀਮ ਅਜਨਾਲੇ ਕਿਓਂ ਨਹੀਂ ਗਈ? 

ਉਸਦੀ ਸ਼ਖ਼ਸੀਅਤ ਦੇ ਲਗਾਤਾਰ ਵੱਧ ਰਹੇ ਕੱਦ ਤੋਂ ਇਹ ਗੱਲ ਬਾਰ ਬਾਰ ਪੱਕੀ ਹੁੰਦੀ ਜਾ ਰਹੀ ਸੀ ਕਿ ਅੰਮ੍ਰਿਤਪਾਲ ਏਜੰਸੀਆਂ ਦਾ ਹੀ ਬੰਦਾ ਹੈ। ਅਜਨਾਲੇ ਵਾਲੀ ਘਟਨਾ ਵਿੱਚ ਨਮੋਸ਼ੀ ਦਾ ਸਾਹਮਣਾ ਕਰਨ ਮਗਰੋਂ ਆਖਿਰ ਸਰਕਾਰ ਹਰਕਤ ਵਿਚ ਆਈ ਪੂਰੇ ਅਤੇ ਪੂਰੇ ਪੰਜਾਬ ਵਿਚ ਵੱਡਾ ਐਕਸ਼ਨ ਲਿਆ ਗਿਆ। 

ਸਿੱਖ ਸੰਘਰਸ਼ ਦੇ ਇੱਕ ਖਾਸ ਪੜਾਅ ਦੀ ਇੱਕ ਖਾਸ ਤਸਵੀਰ 
ਇਸ ਵੱਡੇ ਐਕਸ਼ਨ ਦੀ ਮੀਡੀਆ ਕਵਰੇਜ ਵੀ ਬਹੁਤ ਵੱਡੀ ਹੋਈ। ਸਾਰੇ ਪ੍ਰਮੁੱਖ ਚੈਨਲਾਂ ਨੇ ਦਿਨ ਰਾਤ ਇੱਕ ਕਰਕੇ ਇਸ ਸਾਰੇ ਘਟਨਾਕ੍ਰਮ ਦੀ ਰਿਪੋਰਟਿੰਗ ਕੀਤੀ। ਇਸ ਕਵਰੇਜ ਦੌਰਾਨ ਜਿਹੜੇ ਨੁਕਤੇ ਉਭਾਰ ਕੇ ਸਾਹਮਣੇ ਆਏ ਉਹਨਾਂ ਵਿੱਚ ਇੱਕ ਨੁਕਤਾ ਇਹ ਵੀ ਸੀ ਕਿ ਅੰਮ੍ਰਿਤਪਾਲ ਅਸਲ ਵਿੱਚ ਕਿਸੇ ਹੋਰ ਏਜੰਸੀ ਦਾ ਨਹੀਂ ਬਲਕਿ ਪਾਕਿਸਤਾਨ ਦੇ ਖੁਫੀਆਂ ਸੰਗਠਨ ਆਈ ਐਸ ਆਈ ਦਾ ਬੰਦਾ ਸੀ। 

ਉਸਦੀ ਗ੍ਰਿਫਤਾਰੀ ਜਾਂ ਫਰਾਰੀ ਨੂੰ ਲੈ ਕੇ ਵੀ ਨਿਰੰਤਰ ਵਿਵਾਦ ਬਣਿਆ ਰਿਹਾ। ਇਸੇ  ਦੌਰਾਨ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਕਈ ਥਾਂਈਂ ਧਰਨੇ ਪ੍ਰਦਰਸ਼ਨ ਵੀ ਕੀਤੇ ਗਏ। ਇਹਨਾਂ ਵਿੱਚੋਂ ਹੀ ਇੱਕ ਵੱਡਾ ਧਰਨਾ ਸੋਹਾਣਾ ਵਾਲੇ ਗੁਰਦੁਆਰਾ ਸ਼ਹੀਦਾਂ ਦੇ ਵਾਲੇ ਚੌਂਕ ਵਿੱਚ ਦਿੱਤਾ ਗਿਆ ਧਰਨਾ ਵੀ ਸੀ। ਉਸ ਨੂੰ ਭਗੌੜਾ ਆਖੇ ਜਾਣ 'ਤੇ ਵੀ ਕਈ ਵਿਚਾਰ ਸਾਹਮਣੇ ਆਏ। ਕਈਆਂ ਨੇ ਉਸਨੂੰ ਯੋਧਾ ਦੱਸਿਆ ਅਤੇ ਕਈਆਂ ਨੇ ਐਨਕਾਊਂਟਰ ਦਾ ਖਤਰਾ ਅਤੇ ਖਦਸ਼ਾ ਵੀ ਪ੍ਰਗਟਾਇਆ।  

ਪੁਲਿਸ ਦੇ ਇਸ ਐਕਸ਼ਨ ਨੂੰ ਲੈ ਕੇ ਮੋਹਾਲੀ ਵਾਲੇ ਇਸ  ਏਅਰਪੋਰਟ ਰੋਡ 'ਤੇ ਸ਼ੁਰੂ ਹੋਏ ਧਰਨੇ ਵਿਚ ਸ਼ਾਮਿਲ ਹੋਏ ਲੋਕ ਵੀ ਬੜੇ ਜੋਸ਼ ਵਿਚ ਸਨ। ਇਥੋਂ ਵੀ ਲਗਾਤਾਰ ਅਲਟੀਮੇਟਮ ਦਿੱਤੇ ਜਾ ਰਹੇ ਸਨ ਕਿ ਜੇਕਰ ਭਾਈ ਅੰਮ੍ਰਿਤਪਾਲ ਅਤੇ ਸਾਥੀਆਂ ਦੀ  ਰਿਹੈ ਨਾ ਹੋਈ ਤਾਂ ਪੂਰੇ ਪੰਜਾਬ ਵਿਚ ਵੱਡਾ ਐਕਸ਼ਨ ਕੀਤਾ ਜਾਏਗਾ। ਮਾਮਲਾ ਭਖਦਾ ਜਾ ਰਿਹਾ ਸੀ ਅਤੇ ਸਥਿਤੀ ਗੰਭੀਰ ਹੁੰਦੀ ਜਾ ਰਹੀ ਸੀ। ਬੰਦੀ ਸਿੰਘਾਂ ਦੀ ਰਿਹਾਈ ਵਾਲੇ ਵਾਈ ਪੀ ਐਸ ਚੌਂਕ ਦੇ ਮੋਰਚੇ ਤੋਂ ਲੈ ਕੇ ਏਅਰਪੋਰਟ ਰੋਡ ਵਾਲੇ ਇਸ ਮੋਰਚੇ ਤੱਕ ਦੇ ਸਾਰੇ ਰਸਤੇ ਇਸ ਮੋਰਚੇ ਦੇ ਨਾਮ ਹੋ ਹੋ ਗਏ ਸਨ। 

ਇਥੇ ਵੀ ਵਾਈ ਪੀ ਐਸ ਚੌਂਕ ਵਾਂਗ ਲੰਗਰ ਸ਼ੁਰੂ ਹੋ ਗਏ ਅਤੇ ਭਾਸ਼ਣ ਵੀ ਦਿੱਤੇ ਜਾਣ ਲੱਗੇ। ਮੀਡੀਆ ਇਥੇ ਵੀ ਕਵਰੇਜ ਲਈ ਲਗਾਤਾਰ ਪਹੁੰਚਣ ਲੱਗਿਆ। ਵੱਖ ਵੱਖ ਚੈਨਲ ਵੱਖ ਆਗੂਆਂ ਦੀ ਰਿਕਾਰਡਿੰਗ ਕਰਦੇ ਅਕਸਰ ਨਜ਼ਰ ਆਉਣ ਲੱਗੇ।  ਧਰਨਾ ਦੇਣ ਵਾਲੀਆਂ ਸੰਗਤਾਂ ਦੇ ਲੀਡਰ ਆਏ ਦਿਨ ਵੱਡੇ ਐਕਸ਼ਨ ਦੀਆਂ ਚੇਤਾਵਨੀਆਂ ਵੀ ਦੇ ਰਹੇ ਸਨ। ਤੇਜ਼ ਮੀਂਹ, ਹਨੇਰੀ ਅਤੇ ਤੂਫ਼ਾਨ  ਵੀ ਇਹਨਾਂ ਧਰਨਾ ਕਾਰੀਆਂ ਨੂੰ ਪਿਛੇ ਨਹੀਂ ਮੋੜ ਸਕੇ। ਮੌਸਮ ਦੇ ਕਹਿਰ ਦਾ ਮੁਕਾਬਲਾ ਵੀ ਇਹਨਾਂ ਨੇ ਬੜੇ ਜੋਸ਼ ਨਾਲ ਕੀਤਾ। ਅੱਖਾਂ ਵਿਚ ਗੁੱਸਾ, ਚਿਹਰੇ 'ਤੇ ਜੋਸ਼ ਅਤੇ ਬੋਲਾਂ ਵਿੱਚ ਸਖਤੀ ਆਮ ਹੋ ਗਈ ਸੀ। 

ਪਰ ਉਸ  ਵੇਲੇ ਸਥਿਤੀ ਹੋਰ ਨਾਜ਼ੁਕ ਹੁੰਦੀ ਨਜ਼ਰ ਆਈ ਜਦੋਂ ਧਰਨਾ ਦੇਣਵਾਲੀਆਂ ਸੰਗਤਾਂ ਨੇ ਇਥੇ ਵੀ ਪੱਕੇ ਮੋਰਚੇ ਦਾ ਐਲਾਨ ਕਰਦਿਆਂ ਸੜਕਾਂ ਪੁੱਟ ਕੇ ਟੈਂਟ ਲਾਉਣੇ ਵੀ ਸ਼ੁਰੂ ਕਰ ਦਿੱਤੇ। ਇਹ ਦੇਖ ਕੇ ਪ੍ਰਸ਼ਾਸਨ ਹਰਕਤ ਵਿੱਚ ਆਇਆ। ਏਅਰਪੋਰਟ ਰੋਡ ਦਾ ਟਰੈਫਿਕ ਜਾਮ ਹੋਣਾ ਕੋਈ ਛੋਟੀ ਗੱਲ ਨਹੀਂ ਸੀ। ਜ਼ਿਕਰਯੋਗ ਹੈ ਕਿ ਇਸੇ ਰੋਡ 'ਤੇ ਸਥਿਤ ਸੋਹਾਣਾ ਵਾਲੇ ਗੁਰਦੁਆਰਾ ਸ਼ਹੀਦਾਂ ਦੀ ਬਹੁਤ ਮਾਣਤਾ  ਹੈ। ਇਥੇ ਦੇਰ ਰਾਤ ਤੱਕ ਸੰਗਤਾਂ ਆਉਂਦੀਆਂ ਰਹਿੰਦੀਆਂ ਹਨ। ਇਥੇ ਲੱਗੇ ਧਰਨੇ ਦਾ ਸੁਨੇਹਾ ਪਲੋ-ਪਲੀ ਆਲੇ ਦੁਆਲੇ ਪੈਂਦੇ ਪਿੰਡਾਂ ਤੱਕ ਵੀ ਪਹੁੰਚਣਾ ਸੀ ਜਿਸ ਨਾਲ ਇੰਟਰਨੈਟ 'ਤੇ ਲੱਗੀ ਪਾਬੰਦੀ ਵੀ ਨਿਰਥਰਕ ਹੋ ਕੇ ਰਹਿ ਜਾਣੀ ਸੀ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਇਸ ਧਰਨੇ ਨੂੰ ਹਟਵਾਉਣ ਚਾਹੁੰਦਾ ਸੀ। 

ਪੱਕਾ ਮੋਰਚਾ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪਹਿਲਾਂ ਤਾਂ ਪਿਆਰ ਨਾਲ ਸਮਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਪਰ ਜਦੋਂ ਗੱਲ ਨਾ ਬਣੀ ਤਾਂ ਫਿਰ ਪੁਲਿਸ ਨੇ ਸਖਤੀ ਵਾਲਾ ਰੁੱਖ ਵੀ ਦਿਖਾਇਆ ਅਤੇ ਧਰਨਾਕਾਰੀਆਂ ਨੂੰ ਹਲਕੇ ਲਾਠੀਚਾਰਜ ਨਾਲ ਖਦੇੜ ਕੇ ਹਿਰਾਸਤ ਵਿਚ ਲੈ ਲਿਆ ਗਿਆ। 

ਇਸ ਤਰ੍ਹਾਂ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਪੁਲਿਸ ਐਕਸ਼ਨ ਦਾ ਵਿਰੋਧ ਕਰ ਰਹੀਆਂ ਸੰਗਤਾਂ ਦੇ ਖਿਲਾਫ ਮੋਹਾਲੀ ਵਿੱਚ ਵੀ ਸਖਤੀ ਦਾ ਰੁੱਖ ਅਪਣਾਇਆ ਗਿਆ ਅਤੇ ਏਅਰਪੋਰਟ ਰੋਡ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ। ਪੁਲਿਸ ਦੇ ਇਸ ਐਕਸ਼ਨ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਅਤੇ ਐਸ ਐਸ ਪੀ ਨੇ ਡਾਕਟਰ ਸੰਦੀਪ ਗਰਗ ਨੇ ਮੀਡੀਆ ਸਾਹਮਣੇ ਵੀ ਇਸ ਐਕਸ਼ਨ ਦੀ ਸਥਿਤੀ ਸਪਸ਼ਟ ਕੀਤੀ। ਡਿਪਟੀ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਜ਼ਿਲ੍ਹੇ ਦੀ ਸ਼ਾਤੀ ਭੰਗ ਨਹੀ ਹੋਣ ਦਿੱਤੀ ਜਾਵੇਗੀ। ਇਸਦੇ ਨਾਲ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਧਰਨੇ ਦੌਰਾਨ ਕੁਝ ਲੋਕਾਂ ਵੱਲੋਂ ਸ਼ਾਤੀ ਭੰਗ ਕਰਨ ਦੀਆਂ ਕੋਸ਼ਿਸਾਂ ਕੀਤੀਆ ਜਾ ਰਹੀਆ ਸਨ । ਧਰਨਾਕਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਅਤੇ ਪੰਚਾਇਤਾਂ ਦੇ ਮੈਂਬਰਾ ਨਾਲ ਧੱਕਾ ਮੁੱਕੀ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਇਸੇ ਕਰਕੇ ਸ਼ਾਤੀ ਬਹਾਲੀ ਦੇ ਮੱਦੇਨਜ਼ਰ ਧਰਨੇ ਨੂੰ ਚੁਕਾਇਆ ਗਿਆ ਹੈ। ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਨੇ ਮੀਡੀਆ ਸਾਹਮਣੇ ਵੀ ਸਪਸ਼ਟ ਕਿਹਾ ਕਿ ਕਿਸੇ ਵੀ ਸੂਰਤ ਵਿੱਚ ਜ਼ਿਲ੍ਹੇ ਦੀ ਸ਼ਾਤੀ ਭੰਗ ਨਹੀ ਹੋਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਬੜੇ ਹੀ ਸੰਤੁਲਿਤ ਸ਼ਬਦਾਂ ਵਿਚ ਇਸ ਬਾਰੇ ਸਰਕਾਰ ਦਾ ਸਟੈਂਡ ਸਪਸ਼ਟ ਕੀਤਾ। ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਨੇ ਕਿਹਾ ਕਿ ਲੋਕਾਂ ਅਤੇ ਸੰਗਤਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਗੁਰਦੁਆਰਾ ਸਿੰਘ ਸ਼ਹੀਦਾ ਦੇ ਬਾਹਰੋਂ ਧਰਨਾ ਹਟਾਇਆ ਗਿਆ ਹੈ। ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

ਐਸ.ਐਸ.ਪੀ. ਡਾਕਟਰ ਸੰਦੀਪ ਗਰਗ ਨੇ ਮੀਡੀਆ ਰਾਹੀਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ। 

ਪੂਰਾ ਵੇਰਵਾ ਪੜ੍ਹ ਸਕਦੇ ਹੋ ਇਥੇ ਕਲਿੱਕ ਕਰ ਕੇ 

ਐਸ.ਏ.ਐਸ ਨਗਰ ਜ਼ਿਲ੍ਹੇ ਵਿੱਚ ਕਿਸੇ ਵੀ ਸੂਰਤ ਚ ਸ਼ਾਤੀ ਭੰਗ ਨਾ ਹੋਣ ਦੇਣ ਦਾ ਐਲਾਨ ਕਰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਲੋਕਾਂ ਖਾਸਕਰ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਉਣ ਵਾਲੀ ਸੰਗਤ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਗੁਰਦੁਆਰਾ ਸਿੰਘ ਸ਼ਹੀਦਾ ਸੋਹਾਣਾ ਦੇ ਬਾਹਰੋ ਧਰਨਾ ਚੁਕਾਇਆ ਗਿਆ ਹੈ । 

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

ਗੁਰਦੁਆਰਾ ਸਾਹਿਬ ਦੇ ਬਾਹਰੋਂ ਧਰਨਾ ਹਟਾਏ ਜਾਣ ਦੇ ਬਾਅਦ ਮੌਕੇ ਉੱਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਧਰਨੇ ਕਾਰਨ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਲਈ ਆਉਣ ਵਾਲੀ ਸੰਗਤ ਤੋਂ ਇਲਾਵਾ ਇਸ ਸੜਕ ਦੇ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਧਰਨੇ ਦੇ ਕਾਰਨ ਧਰਨਾਕਾਰੀਆਂ ਦਾ ਸੰਗਤ ਅਤੇ ਲੋਕਾਂ ਨਾਲ ਟਕਰਾਅ ਪੈਦਾ ਹੋਣ ਲੱਗ ਪਿਆ ਸੀ । ਇਸ ਕਰਕੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਸ਼ਹਿਰ ਦੇ ਅਨੇਕਾਂ ਲੋਕਾਂ ਨੇ ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ । ਉਨ੍ਹਾਂ ਕਿਹਾ ਕਿ ਧਰਨਾਕਾਰੀਆਂ ਅਤੇ ਸੰਗਤ / ਆਮ ਲੋਕਾਂ ਵਿਚਕਾਰ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਟਕਰਾਅ ਨੂੰ ਰੋਕਣ ਲਈ ਇਹ ਧਰਨਾਂ ਚੁਕਾਇਆ ਗਿਆ ਹੈ । ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸ਼ਾਤੀ ਭੰਗ ਕਰਨ ਦੀ ਕਿਸੇ ਨੂੰ ਵੀ ਆਗਿਆ ਨਹੀਂ ਦਿੱਤੀ ਜਾਵੇਗੀ ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

ਇੱਕ ਸੁਆਲ ਦੇ ਜੁਆਬ ਵਿੱਚ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਵਿੱਚ ਸਾਰੀਆਂ ਸ਼ੜਕਾਂ ‘ਤੇ ਆਵਾਜਾਈ ਖੁੱਲ ਗਈ ਹੈ ਅਤੇ ਇਸ ਸਮੇਂ ਮੋਹਲੀ ਸ਼ਹਿਰ ਦੀ ਕੋਈ ਵੀ ਸੜਕ ਬੰਦ ਨਹੀਂ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹਿਰ ਵਿੱਚ ਹਾਲਤ ਪੂਰੀ ਤਰ੍ਹਾਂ ਸ਼ਾਤੀਪੂਰਨ ਅਤੇ ਆਮ ਵਰਗੇ ਹਨ । ਇਸ ਦੇ ਬਾਵਜੂਦ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ । ਸ੍ਰੀਮਤੀ ਆਸ਼ਿਕਾ ਜੈਨ ਨੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੋਕਾਂ ਦੇ ਸਹਿਯੋਗ ਦੀ ਵੀ ਮੰਗ ਕੀਤੀ । 

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

ਇਸੇ ਦੌਰਾਨ ਜ਼ਿਲ੍ਹੇ ਦੇ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਕਿਹਾ ਕਿ ਧਰਨੇ ਦੌਰਾਨ ਕੁਝ ਲੋਕਾਂ ਵੱਲੋਂ ਸ਼ਾਤੀ ਭੰਗ ਕਰਨ ਦੀਆਂ ਕੋਸ਼ਿਸਾਂ ਕੀਤੀਆ ਜਾ ਰਹੀਆ ਸਨ । ਧਰਨਾਕਾਰੀਆਂ ਵੱਲੋਂ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਅਤੇ ਪੰਚਾਇਤਾਂ ਦੇ ਮੈਂਬਰਾ ਨਾਲ ਧੱਕਾ ਮੁੱਕੀ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਸਨ । ਇਸੇ ਕਰਕੇ ਸ਼ਾਤੀ ਬਹਾਲੀ ਦੇ ਮੱਦੇਨਜ਼ਰ ਧਰਨੇ ਨੂੰ ਚੁਕਾਇਆ ਗਿਆ ਹੈ । ਲੋਕਾਂ ਨੂੰ ਅਫ਼ਵਾਹਾ ਤੋਂ ਬਚਣ ਦੀ ਅਪੀਲ ਕਰਦੇ ਹੋਏ ਡਾ. ਗਰਗ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਸਾਰੇ ਤਰ੍ਹਾਂ ਦੀ ਪੁਖਤਾ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ । ਇਕ ਸੁਆਲ ਦੇ ਜੁਆਬ ਵਿੱਚ ਉਨ੍ਹਾਂ ਦੱਸਿਆ ਕਿ ਧਰਨੇ ਨੂੰ ਚੁਕਾਉਣ ਸਮੇਂ ਪੁਲਿਸ ਮੁਲਾਜ਼ਮਾਂ ਸਮੇਤ ਕੁੱਝ ਵਿਅਕਤੀ ਜ਼ਖਮੀ ਹੋਏ ਹਨ ਜ਼ਿਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ । ਇਸ ਸਬੰਧ ਵਿੱਚ 25 ਕੁ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

 ਇਸ ਮੌਕੇ ਮੋਹਾਲੀ ਦੇ ਐਸ.ਡੀ.ਐਮ ਸ੍ਰੀਮਤੀ ਸਰਬਜੀਤ ਕੌਰ ਵੀ ਹਾਜ਼ਰ ਸਨ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Monday, December 12, 2022

ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦਾ ਰਵਈਆ ਤਾਲਿਬਾਨੀ-ਢੇਸੀ

Monday:12th December 2022 at 12:50 PM

ਉਲਾਰ ਫੈਸਲਿਆਂ ਵਲ ਪਰਤ ਰਹੀ ਸਿੱਖ ਕੌਮ ਲਈ ਖਤਰੇ ਦੀ ਘੰਟੀ


ਕਰੀਏ ਕੀ ਕਿ ਚਾਅ ਆਉਂਦਾ ਹੈ, ਚਾਅ ਹੀ ਬੁੱਤਾ ਲਾ ਆਉਂਦਾ ਹੈ;

ਦਾਅ ਲਾ ਕੇ ਦਾਅ ਖਾਵੇ ਨਾ ਜੋ, ਵਿਰਲੇ ਨੂੰ ਹੀ ਦਾਅ ਆਉਂਦਾ ਹੈ। 

ਜਿਹੜੀ ਕੌਮ ਨਸਲਕੁਸ਼ੀ ਦਾ ਸ਼ਿਕਾਰ ਹੋ ਚੁੱਕੀ ਹੋਵੇ ਉਸ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨੌਜਵਾਨੀ ਨੂੰ ਖੁਦਕੁਸ਼ੀ ਦੇ ਰਾਹ ‘ਤੇ ਤੋਰਨ ਤੋਂ ਪਹਿਲਾਂ ਸੌ ਵੇਰ ਸੋਚਣ। ਸਾਨੂੰ ਸਾਡਾ ਉਹ ਵਿਰਸਾ ਵੰਗਾਰਾਂ  ਪਉਂਦਾ ਹੈ ਜਦੋਂ ਆਤਮਕ ਸ਼ਕਤੀਆਂ ਦੇ ਬਲਬੂਤੇ ਸਾਡੇ ਵਡੇਰੇ ਵਿਕਰਾਲ ਰਾਜਸੀ ਸ਼ਕਤੀਆਂ ਨਾਲ ਟਕਰਾ ਗਏ ਸਨ। ਪਰ ਅਜੋਕੇ ਰਾਜਾਂ ਦਾ ਪੁਲਸ ਪ੍ਰਸ਼ਾਸਨ ਅਤੇ ਫੌਜੀ ਪ੍ਰਬੰਧ ਮਾਰੂ ਹਥਿਆਰਬੰਦ ਸ਼ਕਤੀਆਂ ਦਾ ਮਾਲਕ ਹੋਣ ਕਾਰਨ ਉਹਦੇ ਨਾਲ ਸਿੱਧੇ ਤੌਰ ‘ਤੇ ਦੋ ਹੱਥ ਨਹੀਂ ਕੀਤੇ ਜਾ ਸਕਦੇ ਸਗੋਂ ਲੜਾਈ ਦੇ ਤੌਰ ਤਰੀਕੇ ਸਮੇਂ ਅਨੁਸਾਰ ਵਰਤਣੇ ਪੈਣਗੇ। ਕੁਲਵੰਤ ਸਿੰਘ ਢੇਸੀ ਹੁਰਾਂ ਦੇ ਇੱਸੇ ਲੇਖ ਵਿੱਚੋਂ।  ਬਾਕੀ ਵੇਰਵਾ ਪੜ੍ਹਨ ਲਈ ਇਸ ਲੇਖ ਨੂੰ ਪੂਰਾ ਪੜ੍ਹਨ ਦੀ ਖੇਚਲ ਕਰੋ ਜੀ। 

ਲੇਖਕ ਕੁਲਵੰਤ ਸਿੰਘ ਢੇਸੀ 
ਜਦੋਂ ਵੀ ਕਿਸੇ ਕੌਮ ਨੂੰ ਪੁੱਠੇ ਪੈਰੀਂ ਤੋਰਨਾ ਹੋਵੇ ਤਾਂ ਉਸ ਲਈ ਵਿਰੋਧੀ ਸ਼ਕਤੀਆਂ ਵਲੋਂ ਦੋ ਹਥਿਆਰ ਕਾਮਯਾਬੀ ਨਾਲ ਵਰਤੇ ਜਾਂਦੇ ਹਨ ਜਿਹਨਾਂ ਵਿਚੋਂ ਇਕ ਹੈ ਕੱਟੜਪੰਥੀ ਸਰੋਕਾਰਾਂ ਨੂੰ ਹਵਾ ਦੇਣੀ ਤਾਂ ਕਿ ਕੌਮ ਵਿਚ ਵਿਰੋਧ ਖੜ੍ਹੇ ਹੋ ਜਾਣ ਅਤੇ ਭਰਾ ਮਾਰੂ ਜੰਗ ਸ਼ੁਰੂ ਹੋ ਜਾਵੇ ਅਤੇ ਦੂਸਰਾ ਹਥਿਆਰ ਹੁੰਦਾ ਹੈ ਕਿ ਸਬੰਧਤ ਧਿਰ ਨੂੰ ਕਿਸੇ ਨਾ ਕਿਸੇ ਬਹਾਨੇ ਕਾਨੂੰਨ ਨੂੰ ਹੱਥਾਂ ਵਿਚ ਲੈਣ ਲਈ ਉਕਸਾਉਣਾ ਤਾਂ ਕਿ ਉਸ ਨੂੰ ਪੁਲਸ ਪ੍ਰਸ਼ਾਸਨ ਜਾਂ ਫੌਜ ਨਾਲ ਭਿੜਾ ਕੇ ਖਤਮ ਕੀਤਾ ਜਾ ਸਕੇ। 

ਵਿਰੋਧੀਆਂ ਵਲੋਂ ਇਸ ਤਰਾਂ ਦੇ ਹਥਿਆਰ ਵਰਤਣੇ ਉਸ ਸਮੇਂ ਹੋਰ ਵੀ ਸੌਖੇ ਹੋ ਜਾਂਦੇ ਹਨ ਜਦੋਂ ਕਿਸੇ ਕੌਮ ‘ਤੇ ਹੋਸ਼ ਨਾਲੋਂ ਜੋਸ਼ ਭਾਰੂ ਹੋਵੇ ਅਤੇ ਉਸ ਦੇ ਆਗੂ ਬਹੁਤੇ ਦੂਰ ਅੰਦੇਸ਼ ਨਾ ਹੋਣ। ਸੱਚੀ ਗੱਲ ਤਾਂ ਇਹ ਹੈ ਕਿ ਅਤੀਤ ਵਿਚ ਸਿੱਖ ਕੌਮ ਖਿਲਾਫ ਇਹ ਹਥਿਆਰ ਵਰਤਣ ਵਿਚ ਵਿਰੋਧੀ ਸ਼ਕਤੀਆਂ ਸਫਲ ਹੋਈਆਂ ਹਨ । 

ਜਿਹੜੀ ਕੌਮ ਨਸਲਕੁਸ਼ੀ ਦਾ ਸ਼ਿਕਾਰ ਹੋ ਚੁੱਕੀ ਹੋਵੇ ਉਸ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਨੌਜਵਾਨੀ ਨੂੰ ਖੁਦਕੁਸ਼ੀ ਦੇ ਰਾਹ ‘ਤੇ ਤੋਰਨ ਤੋਂ ਪਹਿਲਾਂ ਸੌ ਵੇਰ ਸੋਚਣ। ਸਾਨੂੰ ਸਾਡਾ ਉਹ ਵਿਰਸਾ ਵੰਗਾਰਾਂ  ਪਉਂਦਾ ਹੈ ਜਦੋਂ ਆਤਮਕ ਸ਼ਕਤੀਆਂ ਦੇ ਬਲਬੂਤੇ ਸਾਡੇ ਵਡੇਰੇ ਵਿਕਰਾਲ ਰਾਜਸੀ ਸ਼ਕਤੀਆਂ ਨਾਲ ਟਕਰਾ ਗਏ ਸਨ। ਪਰ ਅਜੋਕੇ ਰਾਜਾਂ ਦਾ ਪੁਲਸ ਪ੍ਰਸ਼ਾਸਨ ਅਤੇ ਫੌਜੀ ਪ੍ਰਬੰਧ ਮਾਰੂ ਹਥਿਆਰਬੰਦ ਸ਼ਕਤੀਆਂ ਦਾ ਮਾਲਕ ਹੋਣ ਕਾਰਨ ਉਹਦੇ ਨਾਲ ਸਿੱਧੇ ਤੌਰ ‘ਤੇ ਦੋ ਹੱਥ ਨਹੀਂ ਕੀਤੇ ਜਾ ਸਕਦੇ ਸਗੋਂ ਲੜਾਈ ਦੇ ਤੌਰ ਤਰੀਕੇ ਸਮੇਂ ਅਨੁਸਾਰ ਵਰਤਣੇ ਪੈਣਗੇ। 

ਦੂਜੀ ਸੱਚਾਈ ਇਹ ਵੀ ਹੈ ਕਿ ਹੌਲੀਵੁਡ, ਬੌਲੀਵੁਡ, ਕਮਿਊਨਿਜ਼ਮ, ਨਾਸਤਕਵਾਦ ਅਤੇ ਅਜੋਕੇ ਪਦਾਰਥਵਾਦ ਦੇ ਰੰਗ ਵਿਚ ਰੰਗੇ ਸਿੱਖ ਕੋਲ ਪੁਰਾਤਨ ਸਿੱਖਾਂ ਵਾਲਾ ਉੱਚ ਇਖਲਾਕ ਨਹੀਂ ਹੈ। 

ਤੀਸਰੀ ਸੱਚਾਈ ਇਹ ਵੀ ਹੈ ਕਿ ਪੰਜਾਬ ਇੱਕ ਮੈਦਾਨੀ ਇਲਾਕਾ ਹੈ ਜਿਥੇ ਖਾੜਕੂਆਂ ਨੂੰ ਲੋੜ ਮੁਤਾਬਕ ਛੁਪਣਗਾਹਾਂ ਨਹੀਂ ਮਿਲਦੀਆਂ ਤੇ ਉਹ ਸਹਿਜੇ ਹੀ ਪੁਲਸ ਜਾਂ ਫੌਜ ਦੇ ਹੱਥ ਚੜ੍ਹ ਜਾਂਦੇ ਹਨ। ਸੰਨ ਅਠੱਤਰ ਅਤੇ ਚੌਰਾਸੀ ਦੇ ਸਾਕਿਆਂ ਬਾਅਦ ਅੱਜ ਫਿਰ ਕੌਮ ਦੇ ਰੋਸ ਅਤੇ ਰੋਹ ਨੂੰ ਤੇਜ਼ ਕਰਨ ਦੇ ਜੋ ਹੀਲੇ ਹਰਬੇ ਵਰਤੇ ਜਾ ਰਹੇ ਹਨ ਉਹਨਾਂ ਦੇ ਸਿੱਟੇ ਕਿਸ ਤਰਾਂ ਦੇ ਨਿਕਲ ਸਕਦੇ ਹਨ ਇਸ ਦਾ ਅਨੁਮਾਨ ਹਰ ਸਿੱਖ ਆਗੂ ਅਤੇ ਚਿੰਤਕ ਨੂੰ ਲਉਣਾ ਚਾਹੀਦਾ ਹੈ। 

ਤੱਤੇ ਨਾਅਰਿਆਂ ਮਗਰ ਲਾਮਬੰਦ ਨੌਜਵਾਨਾਂ ਦੇ ਰੋਹ ਨੂੰ ਦੇਖਦਿਆਂ ਅੱਜ ਕੋਈ ਵੀ ਵਿਦਵਾਨ ਕੌਮ ਨੂੰ ਵਿਆਪਕ ਖਤਰਿਆਂ ਪ੍ਰਤੀ ਸੁਚੇਤ ਕਰਨ ਦੀ ਹਿੰਮਤ ਨਹੀਂ ਕਰ ਰਿਹਾ। ਸਾਡੇ ਵਿਦਵਾਨ ਇਸ ਗੱਲੋਂ ਸਕਤੇ ਵਿਚ ਹਨ ਕਿ ਜੋਸ਼ ਵਿਚ ਆ ਰਹੀ ਨੌਜਵਾਨੀ ਕਿਤੇ ਉਹਨਾ ਖਿਲਾਫ ਗਦਾਰੀ ਦਾ ਫਤਵਾ ਹੀ ਨਾ ਜਾਰੀ ਕਰ ਦੇਵੇ। 

ਮੁੱਦਾ ਤੱਪੜਾਂ ਅਤੇ ਮੇਜ ਕੁਰਸੀਆਂ ਦਾ

ਪੰਜਾਬ ਤੋਂ ਅਉਣ ਵਾਲੇ ਕਈ ਪ੍ਰਚਾਰਕ ਇਸ ਮੁੱਦੇ ‘ਤੇ ਬਹੁਤ ਰੋਹ ਵਿਚ ਬੋਲਦੇ ਰਹੇ ਹਨ। ਕਈ ਤਾਂ ਇਸੇ ਬਹਾਨੇ ਆਪਣੇ ਲੰਬੇ ਚੌਂਕੜਿਆਂ ਦਾ ਦਾਅਵਾ ਕਰਕੇ ਆਪਣੇ ਹੰਕਾਰ ਨੂੰ ਰੱਜ ਕੇ ਪੱਠੇ ਪਉਂਦੇ ਹਨ। ਚੇਤੇ ਰਹੇ ਕਿ ਇਹ ਉਹ ਹੀ ਪ੍ਰਚਾਰਕ ਹਨ ਜਿਹੜੇ ਕਿ ਹਵਾਈ ਜਹਾਜ ਵਿਚ ਚੜ੍ਹਨ ਸਮੇਂ ਆਪਣੀ ਸਿਰੀ ਸਾਹਿਬ ਆਪਣੇ ਅਟੈਚੀ ਵਿਚ ਰੱਖ ਕੇ ਆਪਣੀ ਲੋੜ ਮੁਤਾਬਕ ਸਿਧਾਂਤਕ ਸਮਝੌਤਾ ਵੀ ਕਰ ਲੈਂਦੇ ਹਨ। 

ਉਹਨਾ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਕਿ ਅਗਾਂਹ ਵਧੂ ਦੇਸ਼ਾਂ ਵਿਚ ਵਿਕਲਾਂਗ ਅਤੇ ਬਿਮਾਰ ਲੋਕਾਂ ਦੇ ਹਿੱਤਾਂ ਲਈ ਕਾਨੂੰਨੀ ਰਾਹਤ ਹੈ। ਇੰਗਲੈਂਡ ਵਿਚ ਡਿਸਏਬਲ ਲੋਕਾਂ ਨੂੰ ਕੁਰਸੀਆਂ ਦਾ ਪ੍ਰਬੰਧ ਨਾ ਕਰਕੇ ਦੇਣ ਵਿਚ ਮੁਕੱਦਮੇ ਚੱਲ ਚੁੱਕੇ ਹਨ ਅਤੇ ਕਈ ਪ੍ਰਬੰਧਕ ਕਮੇਟੀਆਂ ਨੂੰ ਜੁਰਮਾਨੇ ਭਰ ਕੇ ਮਜ਼ਬੂਰਨ ਇਸ ਦਾ ਇੰਤਜ਼ਾਮ ਕਰਨਾ ਪਿਆ ਹੈ। 

ਜਿਹੜੇ ਡਿਸਏਬਲ ਤੁਰ ਫਿਰ ਨਹੀਂ ਸਕਦੇ ਉਹਨਾਂ ਨੂੰ ਮਜ਼ਬੂਰਨ ਵੀਲ ਚੇਅਰਾਂ ਵਰਤਣੀਆਂ ਪੈਂਦੀਆਂ ਹਨ ਅਤੇ ਇਹਨਾਂ ਦੇਸ਼ਾਂ ਵਿਚ ਹਰ ਅਦਾਰੇ ਨੂੰ ਵੀਲ ਚੇਅਰਾਂ ਦੀ ਆਮਦ ਲਈ ਉਚੇਚੇ ਇੰਤਜ਼ਾਮ ਕਰਨੇ ਪੈਂਦੇ ਹਨ। ਵੈਸੇ ਵੀ ਸਮੇਂ ਦੇ ਅੰਦਾਜ਼ ਕੁਝ ਐਸੇ ਹਨ ਕਿ ਅਨੇਕਾਂ ਲੋਕਾਂ ਤੋਂ ਜ਼ਮੀਨ ਤੇ ਬੈਠਿਆ ਨਹੀਂ ਜਾ ਰਿਹਾ। ਯੂ ਕੇ ਵਿਚ ਅਜਕਲ ਆਮ ਗੁਰਦੁਆਰਿਆਂ ਦੇ ਦੀਵਾਨ ਅਤੇ ਲੰਗਰ ਹਾਲਾਂ ਵਿਚ ਥੋੜੇ ਬਹੁਤ ਬੈਂਚਾਂ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਕਿ ਪੀੜਤ ਸੰਗਤ ਉਹਨਾ ਦੀ ਵਰਤੋਂ ਕਰ ਸਕੇ। 

ਬਾਹਰਲੇ ਦੇਸ਼ਾਂ ਵਿਚ ਸਰਕਾਰੀ ਤੌਰ ‘ਤੇ ਸਿੱਖਾਂ ਦੀਆਂ ਸਿਰੀ ਸਾਹਿਬਾਂ ਦੀ ਲੰਬਾਈ ਵੀ ਸੀਮਤ ਕੀਤੀ ਗਈ ਹੈ ਅਤੇ ਜਿਥੇ ਕਿਧਰੇ ਅਦਾਰਿਆਂ ਨਾਲ ਇਸ ਮਮਲੇ ‘ਤੇ ਰਾਜੀ ਕਰਨ ਦੀ ਲੋੜ ਪਵੇ ਉਥੇ ਸਿੱਖ ਅਦਾਰਿਆਂ ਨੂੰ ਬਹੁਤ ਮਿਹਨਤ ਵੀ ਕਰਨੀ ਪਈ ਹੈ। ਇੱਕ ਗੱਲ ਸਮਝਣ ਵਾਲੀ ਹੈ ਕਿ ਬਹੁਤ ਸਾਰੇ ਅਰਬ ਦੇਸ਼ਾਂ ਵਿਚ ਸਿੱਖਾਂ ਜਾਂ ਗੈਰ ਇਸਲਾਮੀ ਧਰਮਾਂ ਨੂੰ ਆਪਣੇ  ਧਾਰਮਕ ਅਸਥਾਨ ਬਨਾਉਣ ਦੀ ਵੀ ਇਜਾਜ਼ਤ ਨਹੀਂ ਹੈ ਅਤੇ ਰਾਜ ਨਾਲ ਟਕਰਾਓ ਦੀ ਸਥਿਤੀ ਵਿਚ ਧਾਰਮਕ ਲੋਕਾਂ ਦੀ ਬਹੁੜੀ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ। 

ਅੱਜ ਸਿੱਖ ਦੁਨੀਆਂ ਭਰ ਵਿਚ ਫੈਲਿਆ ਹੋਇਆ ਹੈ ਅਤੇ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ ਕਿ ਗੁਰਦੁਆਰਿਆਂ ਵਿਚ ਜਦੋਂ ਸਿੱਖਾਂ ਦੀਆਂ ਦਸਤਾਰਾਂ ਲਹਿੰਦੀਆਂ ਹਨ ਤਾਂ ਇਸ ਮਗਰ ਪੰਜਾਬ ਦੀ ਰਾਜਨੀਤੀ ਨਾਲ ਸਬੰਧਤ ਸਿਆਸੀ ਮੋਹਰਿਆਂ ਅਤੇ ਕੱਟੜਪੰਥੀ ਸੰਪ੍ਰਦਾਵਾਂ ਜਾ ਪ੍ਰਚਾਰਕਾਂ ਦਾ ਵੀ ਲੁਕਿਆ ਹੱਥ ਹੁੰਦਾ ਹੈ। ਜਿਥੋਂ ਤਕ ਸਿੱਖੀ ਦੇ ਪ੍ਰਚਾਰ ਪਸਾਰ ਦਾ ਮੁੱਦਾ ਹੈ ਉਸ ਮਾਮਲੇ ਵਿਚ ਕੱਟੜਪੰਥੀ ਪ੍ਰਚਾਰਕ ਪੂਰੇ ਨਹੀਂ ਉਤਰਦੇ। 

ਇਹ ਗੱਲ ਬੇਹੱਦ ਅਫਸੋਸ ਵਾਲੀ ਹੈ ਕਿ ਕਰੋੜਾਂ ਅਤੇ ਅਰਬਾਂ ਦਾ ਸੋਨਾ ਅਤੇ ਸੰਗਮਰਮਰ ਲਉਣ ਵਾਲੀ ਸਿੱਖ ਕੌਮ ਸਮੇਂ ਦੇ ਮੇਚ ਦੇ ਪ੍ਰਚਾਰਕ ਨਹੀਂ ਪੈਦਾ ਕਰ ਰਹੀ। ਸਾਡੇ ਬਹੁਤ ਸਾਰੇ ਪ੍ਰਚਾਰਕ ਧਰਮ ਦੇ ਨਾਮ ‘ਤੇ ਸਿੱਖ ਸਮਾਜ ਨੂੰ ਜੋੜਦੇ ਘੱਟ ਅਤੇ ਤੋੜਦੇ ਜ਼ਿਆਦਾ ਹਨ। ਬਹੁਤ ਸਾਰੇ ਪ੍ਰਚਾਰਕ ਤਾਂ ਗੁਰੂ ਦੇ ਸ਼ਬਦ ਦੀ ਦੈਵੀ ਆਭਾ ਨੂੰ ਤੋਤਾ ਰਟਨ ਕਹਿ ਕੇ ਛੁਟਿਆਉਂਦੇ ਹਨ ਅਤੇ ਇਹਨਾ ਪ੍ਰਚਾਰਕਾਂ ਕੋਲ ਗੁਰਬਾਣੀ ਦੇ ਰੂਹਾਨੀ ਅਤੇ ਮਨੋਵਿਗਿਆਨਕ ਪੱਖ ਨੂੰ ਬਿਆਨ ਕਰਨ ਲਈ ਲੋੜ ਮੁਤਾਬਕ ਭਾਸ਼ਾ ਤੇ ਸਮਝ ਵੀ ਨਹੀਂ ਹੁੰਦੀ। ਬਹੁਤ ਸਾਰੇ ਸੰਪ੍ਰਦਾਈ ਪ੍ਰਚਾਰਕ ਸਿੱਖੀ ਦੀ ਵਿਆਖਿਆ ਆਪੋ ਆਪਣੇ ਸੰਤਾਂ, ਬ੍ਰਹਮਗਿਆਨੀਆਂ ਜਾਂ ਮਹਾਂਪੁਰਸ਼ਾਂ ਦੀ ਐਨਕ ਰਾਹੀਂ ਕਰਦੇ ਹਨ ਜਿਸ ਕਾਰਨ ਪੰਥ ਵਿਚ ਪਾਟੋਧਾੜ ਵਧਦੀ ਹੈ।

ਗੁਰੂ ਸਾਹਿਬਾਂ ਨਾਲ ਸਬੰਧਤ ਐਨੀਮੇਸ਼ਨ ਫਿਲਮਾਂ ਦਾ ਮੁੱਦਾ

ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਅਜੋਕੀ ਦੁਨੀਆਂ ਵਿਚ ਪ੍ਰਚਾਰ ਸਾਧਨਾ ਵਿਚ ਪ੍ਰਤੀਦਿਨ ਤੇਜ਼ੀ ਆ ਰਹੀ ਹੈ। ਇਹ ਮੁੱਦਾ ਅੱਜ ਹਰ ਧਰਮ ਲਈ ਵੱਡੀ ਚਣੌਤੀ ਹੈ ਕਿ ਧਰਮ ਤੋਂ ਬਾਗੀ ਹੋ ਰਹੇ ਅਜੋਕੇ ਮਨੁੱਖ ਨੂੰ ਧਰਮ ਪ੍ਰਤੀ ਜਾਗਰੂਕ ਕਿਵੇਂ ਕੀਤਾ ਜਾਵੇ। ਇਹਨੀ ਦਿਨੀ ਯੂ ਕੇ ਦੇ ਅਖਬਾਰਾਂ ਵਿਚ ਇਹ ਖਬਰ ਸੁਰਖੀਆਂ ਬਣੀ ਰਹੀ ਕਿ ਬਰਤਾਨੀਆਂ ਹੁਣ ਇੱਕ ਇਸਾਈ ਦੇਸ਼ ਨਹੀਂ ਰਿਹਾ ਕਿਓਂਕਿ ਅਖੌਤੀ ਤੌਰ ‘ਤੇ ਇਸਾਈਅਤ ਨੂੰ ਮੰਨਣ ਵਾਲਿਆਂ ਦੀ ਅਬਾਦੀ ਵੀ ਦੇਸ਼ ਦੀ ਅੱਧੀ ਅਬਾਦੀ ਤੋਂ ਘੱਟ ਰਹਿ ਗਈ ਹੈ। ਹਾਲਾਂ ਕਿ ਇਥੋਂ ਦੇ ਰਾਜੇ ਅਤੇ ਰਾਣੀਆਂ ਸਟੇਟ ਦੇ ਮੁਖੀ ਹੋਣ ਦੇ ਨਾਲ ਨਾਲ ਚਰਚ ਦੇ ਮੁਖੀ ਵੀ ਹੁੰਦੇ ਰਹੇ ਹਨ ਪਰ ਅਜੋਕੀ ਨਾਸਤਿਕਤਾ ਦੀ ਵੰਗਾਰ ਪ੍ਰਤੀ ਇਹ ਰਾਜੇ ਰਾਣੀਆਂ ਵੀ ਮਜ਼ਬੂਰ ਜਾਪਦੇ ਹਨ। 

ਸਿੱਖਾਂ ਕੋਲ ਧਰਮ ਪ੍ਰਚਾਰ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਸ਼੍ਰੋਮਣੀ ਕਮੇਟੀ ਦੁਆਰਾ ਜਾਰੀ ਰਹਿਤ ਮਰਿਯਾਦਾ ਦਾ ਅਸਰ ਪੰਥ ਦੇ ਬਹੁਤ ਸਾਰੇ ਗੁਰਦੁਆਰਿਆਂ ‘ਤੇ ਹੈ ਪਰ ਸ਼੍ਰੋਮਣੀ ਕਮੇਟੀ ਕਿਓਂਕਿ ਲੰਬੇ ਸਮੇਂ ਤੋਂ ਬਾਦਲਾਂ ਦੀ ਕਠਪੁਤਲੀ ਬਣੀ ਹੋਈ ਹੈ ਇਸ ਕਰਕੇ ਬਾਦਲਾਂ ਨੇ ਸਿੱਖ ਰਹਿਤ ਮਰਿਯਾਦਾ ਨੂੰ ਛੱਡ ਕੇ ਅਸਿੱਧੇ ਤੌਰ ਤੇ ਸੰਪ੍ਰਦਾਈ ਮਰਿਯਾਦਾ ਜਾਂ ਅਹਿਮ ਵਿਅਕਤੀਆਂ ਦੀ ਮਰਿਯਾਦਾ ਦੇ ਪ੍ਰਭਾਵ ਨੂੰ ਕਬੂਲਿਆ ਹੈ। ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਨੂੰ ਆਪਣੇ ਫੈਸਲੇ ਦੇਣ ਤੋਂ ਪਹਿਲਾਂ ਸੰਜੀਦਾ ਖੋਜ ਕਰ ਲੈਣੀ ਚਾਹੀਦੀ ਹੈ। ਐਨੀਮੇਸ਼ਨ ਫਿਲਮਾਂ ਸਬੰਧੀ ਹੁਣੇ ਹੁਣੇ ਜਦੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਜੋ ਫਿਲਮਾਂ ਦੇ ਵਰੋਧ ਵਿਚ ਫੈਸਲਾ ਆਇਆ ਹੈ ਇਹ ਵੀ ਬਾਦਲਾਂ ਦੀ ਲੋੜ ਮੁਤਾਬਿਕ ਹੀ ਆਇਆ ਪ੍ਰਤੀਤ ਹੁੰਦਾ ਹੈ। ਜਿਸ ਵੇਲੇ ਬਾਦਲਕੇ ਸੱਤਾਧਾਰੀ ਹੁੰਦੇ ਹਨ ਤਾਂ ਇਹਨਾ ਦੇ ਫੈਸਲੇ ਹੋਰ ਹੁੰਦੇ ਹਨ ਤਾਂ ਇਹ ਅਜੇਹੇ ਕਿਸੇ ਮੁੱਦੇ ‘ਤੇ ਫੈਸਲਾ ਨਹੀਂ ਲੈਂਦੇ ਪਰ ਜਿਓਂ ਹੀ ਇਹ ਸੱਤਾਹੀਣ ਹੁੰਦੇ ਹਨ ਤਾਂ ਇਹ ਪੰਜਾਬ ਅਤੇ ਪੰਥ ਦੀਆਂ ਮੰਗਾਂ ਨੂੰ ਉਭਾਰ ਕੇ ਮੁੜ ਰਾਜਸੀ ਸੱਤਾ ਵਿਚ ਆਉਣ ਦੇ ਖਾਬ ਦੇਖਣ ਲੱਗਦੇ ਹਨ। ਆਪਣੇ ਲੰਬੇ ਰਾਜ ਕਾਲ ਵਿਚ ਬੰਦੀ ਸਿੱਖਾਂ ਅਤੇ ਗੁਰੂ ਗ੍ਰੰਥ ਸਾਹਿਬ ਦੀਆਂ ਹੋ ਰਹੀਆਂ ਬੇਅਦਬੀਆਂ ਪ੍ਰਤੀ ਕੁਝ ਵੀ ਨਾ ਕਰ ਸਕਣ ਵਾਲੇ ਬਾਦਲਕੇ ਹੁਣ ਇਹਨਾਂ ਮੁੱਦਿਆਂ ‘ਤੇ ਵੀ ਬੋਲਣ ਲੱਗ ਪਏ ਹਨ ਜਦ ਕਿ ਸਿੱਖ ਸੰਗਤ ਜਾਣਦੀ ਹੈ ਕਿ ਬਾਦਲਾਂ ਨੇ ਆਪਣੇ ਰਾਜ ਕਾਲ ਵਿਚ ਜਿਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਅਨਸਰਾਂ ਦੀ ਪਿੱਠ ਠੋਕੀ ਸੀ ਉਥੇ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਪੁਲਿਸ ਅਫਸਰਾਂ ਨੂੰ ਪੰਜਾਬ ਦੇ ਪੇਸ਼ ਪਾ ਕੇ ਬੰਦੀ ਸਿੱਖਾਂ ਬਾਰੇ ਆਪਣੇ ਪੰਥ ਵਿਰੋਧੀ ਇਰਾਦੇ ਜ਼ਾਹਿਰ ਕੀਤੇ ਸਨ।

ਇੱਕ ਗੱਲ ਤਾਂ ਅਸੀਂ ਸਪੱਸ਼ਟ ਹੀ ਦੇਖ ਸਕਦੇ ਹਾਂ ਕਿ ਗੁਰੂ ਸਾਹਿਬਾਨ ਦੀਆਂ ਕਲਪਿਤ ਤਸਵੀਰਾਂ, ਮੂਰਤੀਆ ਅਤੇ ਬੁੱਤਾਂ ਦੀ ਸ਼ਰੇਆਮ ਵਿਕਰੀ ਹੁੰਦੀ ਰਹੀ ਹੈ ਜਿਹਨਾਂ ਪ੍ਰਤੀ ਬਾਦਲਕਿਆਂ ਦੀ ਦੁਬੇਲ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਮੂਕ ਦਰਸ਼ਕ ਬਣੇ ਰਹੇ ਹਨ। ਹੁਣ ਜੇਕਰ ਬਾਦਲਕਿਆਂ ਨੂੰ ਇਹ ਪ੍ਰਤੀਤ ਹੋਣ ਲੱਗ ਪਿਆ ਕਿ ਉਹ ਕੱਟੜਪੰਥੀ ਰੁਝਾਨਾਂ ਨੂੰ ਹਵਾ ਦੇ ਕੇ ਹੀ ਮੁੜ ਰਾਜਨੀਤਕ ਸੱਤਾ ਵਿਚ ਆ ਸਕਦੇ ਹਨ ਤਾਂ ਹੋ ਸਕਦਾ ਹੈ ਕਿ ਭਲਕ ਨੂੰ ਉਹਨ ਦੀ ਦੁਬੇਲ ਸ਼੍ਰੌਮਣੀ ਕਮੇਟੀ ਦੇ ਆਗੂ ਜਾਂ ਸ੍ਰੀ ਅਕਾਲ ਤਖਤ ਦਾ ਜਥੇਦਾਰ ਇਹ ਫਤਵਾ ਜਾਰੀ ਕਰ ਦੇਣ ਕਿ ਸਮਾਰਟ ਫੋਨਾਂ ‘ਤੇ ਗੁਰਬਾਣੀ ਦੀ ਵਰਤੋਂ ਤੇ ਪਾਬੰਦੀ ਲਾ ਦਿੱਤੀ ਜਾਵੇ ਕਿਓਂਕਿ ਮੋਬਾਇਲ ਫੋਨ ਲੈ ਕੇ ਤਾਂ ਲੋਕੀ ਬਾਥਰੂਮ ਵੀ ਚਲੇ ਜਾਂਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਸਿੱਖ ਸੰਗਤਾਂ ਵਿਚ ਦਿਨੋ ਦਿਨ ਹਰਮਨ ਪਿਆਰੇ ਹੋ ਰਹੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਐਨੀਮੇਸ਼ਨ ਫਿਲਮਾਂ ਅਤੇ ਮੇਜ ਕੁਰਸੀਆਂ ਦੇ ਮੁੱਦੇ ‘ਤੇ ਸਿੱਖ ਨੌਜਵਾਨਾਂ ਨੂੰ ਤਾਲਿਬਾਨੀ ਰਵੱਈਆ ਅਖਤਿਆਰ ਕਰਨ ਦਾ ਸੱਦਾ ਦਿੱਤਾ ਹੈ। ਅੱਜ ਜਿੰਨੀ ਤੇਜ਼ੀ ਨਾਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਹਰਮਨ ਪਿਆਰਤਾ ਵਧ ਰਹੀ ਹੈ ਉਹ ਚਾਹੁਣ ਹੁਣ ਤਾਂ ਪੰਥ ਦੀ ਯੋਗ ਅਗਵਾਈ ਕਰ ਸਕਦੇ ਹਨ ਤੇ ਜੇ ਚਾਹੁਣ ਤਾਂ ਸਬੰਧਤ ਮੁੱਦਿਆਂ ‘ਤੇ ਕੌਮ ਨੂੰ ਉਲਝਾ ਦੇਣ।ਉਹਨਾਂ ਨੂੰ ਹੁਣ ਜਿਥੇ ਕਾਹਲੀ ਨਾਲ ਉਲਾਰ ਫੈਸਲੇ ਲੈਣ ਤੋਂ ਸੰਕੋਚ ਕਰਨਾ ਚਾਹੀਦਾ ਹੈ ਉਥੇ ਇੱਕ ਤੱਥ ਨੂੰ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਅੱਜ ਅਗਰ ਸਿੱਖ ਨੌਜਵਾਨੀ ਕਾਨੂੰਨ ਨੂੰ ਆਪਣੇ ਹੱਥ ਵਿਚ ਲੈ ਕੇ ਹਿੰਸਕ ਰਾਹ ‘ਤੇ ਤੁਰਦੀ ਹੈ ਤਾਂ ਬਾਗੀ ਪੰਜਾਬ ਨੂੰ ਮੁੜ ਆਪਣਾ ਗੁਲਾਮ ਬਨਾਉਣ ਲਈ ਭਾਜਪਾ ਨੂੰ ਸੁਨਹਿਰੀ ਮੌਕਾ ਮਿਲ ਜਾਣਾ ਹੈ। ਪੰਜਾਬ ਵਿਚ ਗਵਰਨਰੀ ਰਾਜ ਲਾ ਕੇ ਉਹ ਸਿੱਖਾਂ ‘ਤੇ ਦਮਨ ਕਰਕੇ ਅਤੇ ਭਾਰਤ ਦੇ ਬਹੁਗਿਣਤੀ ਹਿੰਦੂ ਸਮਾਜ ਨੂੰ ਖੁਸ਼ ਕਰਕੇ ਜਿਥੇ ਵੋਟਾਂ ਦੀ ਸ਼ਤਰੰਜ ਵਿਚ ਵੱਡੀ ਪੱਧਰ ‘ਤੇ ਸਫਲ ਹੋ ਸਕਦੇ ਹਨ ਉਥੇ ਮੁੜ ਫਿਰ ਕਿਸੇ ਬਾਦਲ ਨਾਲ ਹੱਥ ਮਿਲਾ ਕੇ ਪੰਜਾਬ ਵਿਚ ਕਬਰਾਂ ਵਾਲੀ ਸ਼ਾਂਤੀ ਸਥਾਪਤ ਕਰਕੇ ਮੁੜ ਕਿਸੇ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਰਾਹੀਂ ਪੰਜਾਬ ਦੀ ਜੁਝਾਰੂ ਮਾਨਸਿਕਤਾ ਨੂੰ ਦਰੜਨ ਦੇ ਰਾਹ ਪੈ ਜਾਣਗੇ।

ਸਿੱਖ ਇਤਹਾਸ ‘ਤੇ ਬਣਨ ਵਾਲੀਆਂ ਫਿਲਮਾਂ ਪ੍ਰਤੀ ਸ਼੍ਰੋਮਣੀ ਕਮੇਟੀ ਕੋਲ ਵਿਦਵਾਨਾਂ ਦਾ ਇੱਕ ਸਮੂਹ ਹੋਣਾ ਚਾਹੀਦਾ ਹੈ ਜੋ ਕਿ ਮੌਕੇ ਮੁਤਾਬਕ ਵਿਚਾਰ ਕਰਕੇ ਆਪਣਾ ਫੈਸਲਾ ਦੇਣ। ਅਜੇਹੇ ਮੁੱਦਿਆਂ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਜਥੇਦਾਰ ਸ੍ਰੀ ਅਕਾਲ ਤਖਤ ਅਤੇ ਹੋਰ ਸਤਿਕਾਰਯੋਗ ਵਿਅਕਤੀਆਂ ਨੂੰ ਕਾਹਲੀ ਵਿਚ ਫੈਸਲੇ ਲੈਣ ਤੋਂ ਸੰਕੋਚ ਕਰਨਾ ਚਾਹੀਦਾ ਹੈ। 

ਬਹੁ ਚਰਚਿਤ ‘ਚਾਰ ਸਾਹਿਬਜ਼ਾਦੇ’ ਫਿਲਮ ਵਿਚ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਲਈ ਜੋ ਐਨੀਮੇਸ਼ਨ ਆਕਾਰ ਦਿਖਾਏ ਗਏ ਸਨ ਉਹਨਾ ਪ੍ਰਤੀ ਇੱਕ ਜਾਇਜ਼ ਇਤਰਾਜ਼ ਸੀ ਕਿ ਉਹ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਪ੍ਰਤਿਭਾ ਨਾਲ ਇਨਸਾਫ ਨਹੀਂ ਸੀ ਕਰ ਸਕੇ ਪਰ ਤਾਂ ਵੀ ਕੀ ਇਸ ਮਾਮਲੇ ‘ਤੇ ਐਨੀਮੇਸ਼ਨ ਫਿਲਮਾਂ ‘ਤੇ ਉੱਕਾ ਪਾਬੰਦੀ ਲਾ ਦੇਣੀ ਚਾਹਿਦੀ ਹੈ ਜਾਂ ਉਸ ਲਈ ਕੋਈ ਦਿਸ਼ਾਂ ਨਿਰਦੇਸ਼ ਲਾਗੂ ਕਰ ਦੇਣੇ ਚਾਹੀਦੇ ਹਨ ਇਹ ਫੈਸਲਾ ਸ਼੍ਰੋਮਣੀ ਕਮੇਟੀ ਨੂੰ ਪ੍ਰਸਪਰ ਵਿਚਾਰ ਤੋਂ ਮਗਰੋਂ ਹੀ ਕਰਨਾ ਚਾਹੀਦਾ ਹੈ। 

ਇਸੇ ਤਰਾਂ ਗੁਰਦੁਆਰੇ ਦੇ ਦੀਵਾਨ ਹਾਲਾਂ ਜਾਂ ਲੰਗਰ ਹਾਲਾਂ ਵਿਚ ਡਿਸਏਬਲ ਲੋਕਾਂ ਲਈ ਕੁਰਸੀਆ ਦੀ ਆਗਿਆ ਦੇਣ ਜਾਂ ਵੀਲ ਚੇਅਰ ਦੀ ਆਗਿਆ ਦੇਣ ਪ੍ਰਤੀ ਵੀ ਜ਼ਿੰਮੇਵਾਰ ਧਿਰਾਂ ਸ਼ਾਮਲ ਕਰਕੇ ਅਤੇ ਕੌਮਾਂਤਰੀ ਸਰੋਕਾਰਾਂ ਨੂੰ ਧਿਆਨ ਵਿਚ ਰੱਖ ਕੇ ਹੀ ਫੈਸਲੇ ਦੇਣੇ ਚਾਹੀਦੇ ਹਨ। ਪੰਥ ਦੇ ਸਰਬ ਸਾਂਝੇ ਅਤੇ ਜ਼ਿੰਮੇਵਾਰ ਅਦਾਰਿਆਂ ਤੋਂ ਬਿਨਾ ਕਿਸੇ ਹੋਰ ਵਿਅਕਤੀ ਨੂੰ ਆਪਣੇ ਫੈਸਲੇ ਪੰਥ ‘ਤੇ ਲੱਦਣ ਤੋਂ ਸੰਕੋਚ ਕਰਨਾ ਚਾਹੀਦਾ ਹੈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Wednesday, November 02, 2022

ਸ਼ਿਵ ਸੈਨਾ ਹਿੰਦ ਵੱਲੋਂ ਅੰਮ੍ਰਿਤਪਾਲ ਦਾ ਖਰੜ ਆਯੋਜਨ ਰੋਕਣ ਲਈ ਮੁਹਿੰਮ

2nd November 2022 at 8:19 PM

 ਨਿਸ਼ਾਂਤ ਸ਼ਰਮਾ ਨੇ ਐਸ ਐਸ ਪੀ ਮੋਹਾਲੀ ਨੂੰ ਮਿਲ ਕੇ ਦਿੱਤਾ ਮੰਗ ਪੱਤਰ  

ਐਸ ਐਸ ਪੀ ਮੋਹਾਲੀ ਨੂੰ ਮੰਗ ਪੱਤਰ ਦੇਣ ਵੇਲੇ ਦੀ ਤਸਵੀਰ 
ਮੋਹਾਲੀ: 2 ਨਵੰਬਰ 2022: (ਪੰਜਾਬ ਸਕਰੀਨ ਡੈਸਕ) :: 

ਅੰਮ੍ਰਿਤਪਾਲ ਸਿੰਘ ਖਾਲਸਾ ਦੀ ਖਰੜ ਫੇਰੀ ਵਾਲੇ ਸਮਾਗਮ ਦੇ ਐਲਾਨ ਨਾਲ ਸਿਆਸਤ ਗਾਰਮਾਉਂਦੀ ਮਹਿਸੂਸ ਹੋ ਰਹੀ ਹੈ। ਸ਼ਿਵ ਸੈਨਾ ਖੁੱਲ੍ਹ ਕੇ ਵਿਰੋਧ ਲਾਇ ਮੈਦਾਨ ਵਿੱਚ ਆ ਉਤਰੀ ਹੈ। ਇਸ ਸਮਾਗਮ ਨੂੰ ਰੋਕਣ ਲਈ ਐਸ ਐਸ ਪੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਹੈ।   

ਹਰ ਸਾਲ ਜਦੋਂ ਵੀ ਜੂਨ ਜਾਂ ਨਵੰਬਰ ਆਉਂਦਾ ਹੈ ਤਾਂ ਇਹ ਸਿੱਖ ਕੌਮ ਨੂੰ 1984 ਵਿੱਚ ਵਾਪਰੀਆਂ ਘਟਨਾਵਾਂ ਦੀ ਯਾਦ ਦਿਵਾਉਂਦਾ ਹੈ। ਇਸ ਦੇ ਨਾਲ ਹੀ ਵੱਖਰੇ ਸਿੱਖ ਰਾਜ ਦੇ ਨਾਅਰੇ ਸੁਣਾਈ ਦੇਣ ਲੱਗ ਪੈਂਦੇ ਹਨ। ਨਾਲ ਹੀ ਗਰਮਾ-ਗਰਮ ਭਾਸ਼ਣਾਂ ਅਤੇ ਗਰਮਾ-ਗਰਮ ਕਵਿਤਾਵਾਂ/ਗੀਤਾਂ ਅਤੇ ਵਾਰਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਇਸ ਵਾਰ ਨਵੰਬਰ ਵਿੱਚ ਨਵੰਬਰ-1984 ਦੀ ਚਰਚਾ ਭਾਵੇਂ ਬਹੁਤੀ ਨਹੀਂ ਹੋ ਰਹੀ ਪਰ ਅੰਮ੍ਰਿਤਪਾਲ ਸਿੰਘ ਦੇ ਸਾਹਮਣੇ ਆਉਣ ਨਾਲ ਮਾਹੌਲ ਪੂਰੀ ਤਰ੍ਹਾਂ ਸਿਆਸੀ ਗਰਮਾਹਟ ਵਾਲਾ ਬਣਿਆ ਹੋਇਆ ਹੈ। 

ਬਹੁਤੀਆਂ ਸਿਆਸੀ ਜਥੇਬੰਦੀਆਂ ਅਤੇ ਹੋਰ ਸੰਗਠਨ ਵੱਲੋਂ ਭਾਵੇਂ ਇਸ ਸਬੰਧੀ ਉਦਾਸੀਨਤਾ ਦਾ ਰਵੱਈਆ ਅਪਣਾਇਆ ਗਿਆ ਹੈ
ਪਰ ਸ਼ਿਵ ਸੈਨਾ ਹਿੰਦ ਹੁਣ ਖੁੱਲ੍ਹ ਕੇ ਅੰਮ੍ਰਿਤਪਾਲ ਸਿੰਘ ਦੇ ਵਿਰੋਧ ਵਿੱਚ ਖੜ੍ਹੀ ਹੈ। ਇਸ ਸੰਸਥਾ ਦੇ ਮੁਖੀ ਨਿਸ਼ਾਂਤ ਸ਼ਰਮਾ ਨੇ ਖਰੜ ਦੀ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ। 

ਨਿਸ਼ਾਂਤ ਸ਼ਰਮਾ ਨੇ ਸਪੱਸ਼ਟ ਸ਼ਬਦਾਂ ਵਿੱਚ ਖਦਸ਼ਾ ਪ੍ਰਗਟ ਕੀਤਾ ਕਿ ਅੰਮ੍ਰਿਤਪਾਲ ਸਿੰਘ ਖਰੜ ਦੇ ਸ਼ਾਂਤਮਈ ਮਾਹੌਲ ਅਤੇ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਨਫ਼ਰਤ ਦੀ ਅੱਗ ਵਿੱਚ ਧੱਕਣ ਲਈ ਆ ਰਿਹਾ ਹੈ ਅਤੇ ਅਸੀਂ ਇਸ ਸਮਾਗਮ ਦਾ ਸਖ਼ਤ ਵਿਰੋਧ ਕਰਾਂਗੇ। ਇਸ ਤਰ੍ਹਾਂ ਹਿੰਦੂ ਸੰਗਠਨ ਸ਼ਿਵ ਸੈਨਾ ਹਿੰਦ ਨੇ ਇਹ ਆਯੋਜਨ ਕਰਨ ਵਾਲੀ ਜੱਥੇਬੰਦੀ "ਵਾਰਿਸ ਪੰਜਾਬ" ਦੇ ਇਸ ਪ੍ਰੋਗਰਾਮ ਦੇ ਵਿਰੋਧ ਵਿੱਚ ਖੜ੍ਹਨ ਦਾ ਐਲਾਨ ਕੀਤਾ ਹੈ।

ਇਸੇ ਤਰ੍ਹਾਂ ਦੇ ਖਦਸ਼ਿਆਂ ਵਿੱਚ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਖਰੜ ਵਿੱਚ ਦੰਗੇ ਫੈਲਾਉਣ ਦੀ ਸਾਜ਼ਿਸ਼ ਰਚ ਰਿਹਾ ਹੈ। ਨਾਲ ਹੀ ਮੰਗ ਕੀਤੀ ਕਿ ਪੁਲੀਸ ਪ੍ਰਸ਼ਾਸਨ ਸਮਾਗਮ ਦੇ ਪ੍ਰਬੰਧਕਾਂ ਖ਼ਿਲਾਫ਼ ਐਫ.ਆਈ.ਆਰ. ਵੀ ਦਰਜ ਕਰੇ। ਨਿਸ਼ਾਂਤ ਸ਼ਰਮਾ ਨੇ ਆਪਣੇ ਪ੍ਰੈੱਸ ਬਿਆਨ ਵਿੱਚ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਵਰਗੇ ਕੱਟੜਪੰਥੀ ਖਾਲਿਸਤਾਨੀ ਪੰਜਾਬ ਦੇ ਵਾਰਸ ਬਿਲਕੁਲ ਵੀ ਨਹੀਂ ਹਨ ਸਗੋਂ ਪੰਜਾਬ ਦੀ ਸ਼ਾਂਤੀ ਅਤੇ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਵਾਲੇ ਹਿੰਦੂ ਸਿੱਖ ਹੀ ਪੰਜਾਬ ਦੇ ਅਸਲ ਵਾਰਸ ਹਨ। 

ਇਸ ਸਮਾਗਮ ਸਬੰਧੀ ਸ਼ਿਵ ਸੈਨਾ ਹਿੰਦ ਦੀ ਇੱਕ ਵਿਸ਼ੇਸ਼ ਮੀਟਿੰਗ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਵੀ ਹੋਈ। ਇਸ ਮੌਕੇ ਪਾਰਟੀ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ 'ਤੇ ਮੀ ਸੀਨੀਅਰ ਮੀਤ ਪ੍ਰਧਾਨ ਪਰਵਿੰਦਰ ਭੱਟੀ, ਐਡਵੋਕੇਟ ਕੇਤਨ ਸ਼ਰਮਾ ਲੀਗਲ ਸੈੱਲ ਪ੍ਰਧਾਨ, ਕੀਰਤ ਸਿੰਘ ਯੂਥ ਬੁਲਾਰੇ, ਰਾਜ ਕੁਮਾਰ ਭੱਟੀ ਐਸ.ਸੀ ਵਿੰਗ ਪੰਜਾਬ ਪ੍ਰਧਾਨ, ਮਨੋਜ ਸ਼ਰਮਾ ਮੀਤ ਪ੍ਰਧਾਨ, ਬਾਬੂ, ਪ੍ਰਦੀਪ ਗੁਪਤਾ ਚੰਡੀਗੜ੍ਹ ਪ੍ਰਧਾਨ, ਕੁਲਵਿੰਦਰ ਸਿੰਘ ਗੋਲੀ ਜ਼ਿਲ੍ਹਾ ਪ੍ਰਧਾਨ ਆਦਿ ਹਾਜ਼ਰ ਸਨ।  

ਇਸ ਮੌਕੇ ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਪਰਵਿੰਦਰ ਭੱਟੀ ਨੇ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ 35000 ਹਿੰਦੂਆਂ ਦਾ ਕਤਲੇਆਮ ਕਰਨ ਵਾਲੇ ਵਿਵਾਦਤ ਵਿਅਕਤੀ ਦੇ ਨਕਸ਼ੇ-ਕਦਮ 'ਤੇ ਚੱਲਦਿਆਂ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਲਾਲ ਦੀ ਇਹ ਖਰੜ ਫੇਰੀ ਬਹੁਤ ਹੀ ਮੰਦਭਾਗੀ ਹੈ। 

ਅੰਮ੍ਰਿਤਪਾਲ ਸਿੰਘ ਵੱਲੋਂ ਭਾਰਤ ਦੀ ਏਕਤਾ ਅਤੇ ਅਖੰਡਤਾ ਨੂੰ ਤੋੜਨ ਵਾਲੀਆਂ ਗੱਲਾਂ ਕਰਨਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਖਰੜ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਇਸ ਪ੍ਰੋਗਰਾਮ ਦੀ ਆੜ ਵਿੱਚ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਭੜਕਾਊ ਬਿਆਨਾਂ ਰਾਹੀਂ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮਾਗਮ ਦਾ ਆਯੋਜਨ ਕਰਨ ਵਾਲੇ ਗੁਰਿੰਦਰ ਸਿੰਘ ਮੁਹਾਲੀ, ਹਰਮਨਜੋਤ ਸਿੰਘ, ਕਰਨਵੀਰ ਸਿੰਘ, ਮਨਜੀਤ ਸਿੰਘ, ਜਸਵਿੰਦਰ ਸਿੰਘ, ਗੁਰਮੁੱਖ ਸਿੰਘ ਆਦਿ ਪ੍ਰਬੰਧਕਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਆਖਿਰ ਇਨ੍ਹਾਂ ਦੇ ਪਿੱਛੇ ਕੌਣ ਫੰਡਿੰਗ ਕਰ ਰਿਹਾ ਹੈ ਅਤੇ ਇਨ੍ਹਾਂ ਪ੍ਰੋਗਰਾਮਾਂ ਨੂੰ ਕਰਵਾਉਣ ਵਿੱਚ ਕਿਸ ਦਾ ਹੱਥ ਹੈ? 

ਉਨ੍ਹਾਂ ਇਸ ਸਮਾਗਮ ਨੂੰ ਰੋਕਣ ਦਾ ਐਲਾਨ ਕਰਦਿਆਂ ਕਿਹਾ ਕਿ ਸ਼ਿਵ ਸੈਨਾ ਹਿੰਦ ਅੰਮ੍ਰਿਤਪਾਲ ਸਿੰਘ ਦੇ ਇਸ ਪ੍ਰੋਗਰਾਮ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਕਿਸੇ ਵੀ ਕੀਮਤ ’ਤੇ ਅਜਿਹਾ ਭੜਕਾਊ ਪ੍ਰੋਗਰਾਮ ਖਰੜ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦਾ ਹੁਕਮ ਹੈ ਜਿਸ ਵਿੱਚ ਪੁਲੀਸ  ਨੂੰ ਹਦਾਇਤ ਕੀਤੀ ਗਈ ਸੀ ਕਿ ਜੋ ਵੀ ਧਰਮ ਦੇ ਨਾਂ 'ਤੇ ਕੱਟੜਤਾ ਫੈਲਾਉਂਦਾ ਹੈ, ਜ਼ਹਿਰ ਉਗਲਦਾ ਹੈ, ਨਫਰਤ ਫੈਲਾਉਂਦਾ ਹੈ, ਅਜਿਹੇ ਲੋਕਾਂ ਖਿਲਾਫ ਬਿਨਾਂ ਸ਼ਿਕਾਇਤ ਦੇ ਐਫਆਈਆਰ ਦਰਜ ਕੀਤੀ ਜਾਵੇ। 

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਮੁਹਾਲੀ ਦੇ ਐਸਐਸਪੀ ਤੋਂ ਮੰਗ ਕਰਦੇ ਹਾਂ ਕਿ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਅੰਮ੍ਰਿਤਪਾਲ ਸਿੰਘ ਅਤੇ ਸਮਾਗਮ ਦੇ ਪ੍ਰਬੰਧਕਾਂ ਤੇ ਐਫ.ਆਈ.ਆਰ ਦਰਜ ਕਰਨ।ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦ ਖਾਲਿਸਤਾਨ ਬਾਰੇ ਸੋਚਣ ਵਾਲੇ ਅੰਮ੍ਰਿਤਲਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਸੰਗਠਨ ਦਾ ਸਖ਼ਤ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਖਰੜ ਦਾ ਮਾਹੌਲ ਬਹੁਤ ਸ਼ਾਂਤਮਈ ਹੈ ਇੱਥੇ ਸਾਰੇ ਧਰਮਾਂ ਦੇ ਲੋਕ ਏਕਤਾ ਨਾਲ ਰਹਿ ਰਹੇ ਹਨ ਪਰ ਅੰਮ੍ਰਿਤਪਾਲ ਸਿੰਘ ਖਰੜ ਆ ਕੇ ਭੜਕਾਊ ਬਿਆਨ ਦੇ ਕੇ ਮੁਹਾਲੀ ਦਾ ਹੀ ਨਹੀਂ ਪੰਜਾਬ ਦਾ ਮਾਹੌਲ ਖਰਾਬ ਕਰੇਗਾ।

ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਦੁਬਈ ਵਿੱਚ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਆਪਣੇ ਵਾਲ ਦੋਬਾਰਾ ਰੱਖ ਕੇ ਪੰਜਾਬ ਆ ਰਿਹਾ ਹੈ ਅਤੇ ਆਪਣੇ ਆਪ ਨੂੰ ਭਿੰਡਰਾਂਵਾਲਾ ਪੇਸ਼ ਕਰਕੇ ਭੜਕਾਊ ਬਿਆਨਬਾਜ਼ੀ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। 

ਆਈਐਸਆਈ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਸ਼ੱਕ ਹੈ ਕਿ ਅੰਮ੍ਰਿਤਲਾਲ ਸਿੰਘ ਨੂੰ ਪੰਜਾਬ ਦੀ ਧਰਤੀ ’ਤੇ ਹਿੰਸਾ, ਅਸ਼ਾਂਤੀ ਅਤੇ ਨਫ਼ਰਤ ਦੀ ਅੱਗ ਫੈਲਾਉਣ ਲਈ ਆਈਐਸਆਈ ਦੇ ਇਸ਼ਾਰੇ ’ਤੇ ਭੇਜਿਆ ਗਿਆ ਹੈ। ਉਨ੍ਹਾਂ ਆਪਣੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਆਈ.ਐਸ.ਆਈ., ਖਾਲਿਸਤਾਨੀ ਅੱਤਵਾਦੀ ਅਤੇ ਅੰਮ੍ਰਿਤਪਾਲ ਸਿੰਘ ਨੇ ਦੁਬਈ ਵਿੱਚ ਮਿਲ ਕੇ ਭੜਕਾਊ ਬਿਆਨ ਦੇ ਕੇ ਪੰਜਾਬ ਵਿੱਚ ਦੰਗੇ ਫੈਲਾਉਣ ਦੀ ਸਾਜ਼ਿਸ਼ ਰਚੀ ਹੈ। 

ਨਿਸ਼ਾਂਤ ਸ਼ਰਮਾ ਨੇ ਇੱਥੋਂ ਤੱਕ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਹਿੰਸਾ ਲਈ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ 1980-90 ਦੇ ਦਹਾਕੇ ਦਾ ਕਾਲਾ ਦੌਰ ਲਿਆਂਦਾ ਜਾ ਸਕੇ। ਖਾਲਿਸਤਾਨ ਦੀ ਸੋਚ ਰੱਖਣ ਵਾਲੇ ਖਾਲਿਸਤਾਨੀ ਸਮਰਥਕ ਪੰਜਾਬ ਦੇ ਵਾਰਿਸ ਨਹੀਂ ਹਨ। ਜੋ ਲੋਕ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨਾ ਚਾਹੁੰਦੇ ਹਨ, ਉਹ ਹੀ ਪੰਜਾਬ ਦੇ ਅਸਲੀ ਵਾਰਸ ਹਨ। 

ਇਸ ਬਿਆਨ ਵਿੱਚ ਉਹਨਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਆਈ.ਐਸ.ਆਈ ਅਤੇ ਵਿਦੇਸ਼ੀ ਤਾਕਤਾਂ ਹਨ, ਜੋ ਅੰਮ੍ਰਿਤਪਾਲ ਰਾਹੀਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਹਨਾਂ ਕਿਹਾ ਕਿ ਵਾਰਿਸ ਪੰਜਾਬ ਦੀ ਜਥੇਬੰਦੀ ਜੋ ਅੱਧੀ ਰਾਤ ਨੂੰ ਸ਼ਰਾਬ ਪੀ ਕੇ ਔਰਤ ਨਾਲ ਘੁੰਮਦੇ ਹਨ। ਕੰਪਨੀ ਦੇ ਮੁਖੀ ਰਹੇ ਦੀਪ ਸਿੱਧੂ ਦੀ ਮੌਤ ਪਿੱਛੇ ਵੀ ਅੰਮ੍ਰਿਤਪਾਲ ਦਾ ਹੱਥ ਹੋ ਸਕਦਾ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ।ਦੀਪ ਸਿੱਧੂ ਨੇ ਪਿਛਲੇ ਦਿਨੀਂ ਇਹ ਵੀ ਕਿਹਾ ਸੀ ਕਿ ਦੀਪ ਸਿੱਧੂ ਅਤੇ ਅੰਮ੍ਰਿਤਪਾਲ ਵਿਚਾਲੇ ਅਜਿਹਾ ਕੋਈ ਸਬੰਧ ਨਹੀਂ ਸੀ ਕਿ ਅੰਮ੍ਰਿਤਪਾਲ ਸਿੰਘ ਨੂੰ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਪ੍ਰਧਾਨ ਬਣਾਇਆ ਜਾਂਦਾ। ਦੀਪ ਸਿੱਧੂ ਨੇ ਅੰਮ੍ਰਿਤਪਾਲ ਸਿੰਘ ਨੂੰ ਆਪਣੇ ਨਿੱਜੀ ਫੋਨ ਤੋਂ ਬਲਾਕ ਕਰ ਦਿੱਤਾ ਸੀ, ਇਹ ਫੋਨ ਅਜੇ ਵੀ ਦੀਪ ਸਿੱਧੂ ਦੇ ਪਰਿਵਾਰ ਕੋਲ ਹੈ, ਜਿਸ ਵਿੱਚ ਅੰਮ੍ਰਿਤਪਾਲ ਅਜੇ ਵੀ ਬਲਾਕ ਹੈ।ਉਨ੍ਹਾਂ ਕਿਹਾ ਕਿ ਨਾ ਹੀ ਦੀਪ ਸਿੱਧੂ ਨੇ ਕਦੇ ਵੀ ਅੰਮ੍ਰਿਤਪਾਲ ਦੇ ਹੱਕ ਵਿੱਚ ਕੋਈ ਬਿਆਨਬਾਜ਼ੀ ਕੀਤੀ ਹੈ। ਦੀਪ ਸਿੱਧੂ ਦੇ ਦੇਹਾਂਤ 'ਤੇ ਲੱਖਾਂ ਲੋਕ ਪਹੁੰਚੇ ਪਰ ਅੰਮ੍ਰਿਤਪਾਲ ਨਾ ਤਾਂ ਦੀਪ ਸਿੱਧੂ ਦੇ ਭੋਗ 'ਤੇ ਪਹੁੰਚੇ ਅਤੇ ਨਾ ਹੀ ਭੋਗ 'ਤੇ ਹਾਜ਼ਰ ਹੋਏ। ਇੰਨਾ ਹੀ ਨਹੀਂ, ਦੀਪ ਸਿੰਧੂ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਫੇਸਬੁੱਕ 'ਤੇ ਵਾਰਿਸ ਪੰਜਾਬ ਦੇ ਨਾਂ ਦਾ ਫਰਜ਼ੀ ਪੇਜ ਬਣਾ ਕੇ ਉਸ ਪੇਜ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਜਿਵੇਂ ਕਿ ਅੰਮ੍ਰਿਤਪਾਲ ਸਿੰਘ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਦੀਪ ਸਿੰਧੂ ਨੂੰ ਜਲਦੀ ਹੀ ਮਾਰ ਦਿੱਤਾ ਜਾਵੇਗਾ। ਸੰਗਠਨ ਦਾ ਖੁਦਸਾਖਤਾ ਮੁਖੀ ਬਣਨ ਲਈ।

ਉਨ੍ਹਾਂ ਕਿਹਾ ਕਿ ਕੁਝ ਸਾਲਾਂ ਤੋਂ ਕੇਸ ਕਟਵਾ ਰਹੇ ਅੰਮ੍ਰਿਤਪਾਲ ਵਿੱਚ ਅਚਾਨਕ ਖਾਲਿਸਤਾਨੀ ਕੱਟੜ ਸੋਚ ਕਿਵੇਂ ਜਾਗ ਗਈ। ਪੰਜਾਬ ਭਰ ਵਿੱਚ ਜੋ ਵੀ ਪ੍ਰੋਗਰਾਮ ਕਰਵਾਏ ਜਾ ਰਹੇ ਹਨ ਉਸ ਪਿੱਛੇ ਕੌਣ ਹੈ? ਅੰਮ੍ਰਿਤਪਾਲ ਸਿੰਘ ਦੁਬਈ ਵਿੱਚ ਕਿਸ ਦੇ ਸੰਪਰਕ ਵਿੱਚ ਸੀ। ਇਸ ਨੂੰ ਫੰਡ ਕੌਣ ਦੇ ਰਿਹਾ ਹੈ? ਕਿਸ ਦੇ ਇਸ਼ਾਰੇ 'ਤੇ ਭੜਕਾਊ ਬਿਆਨ ਦਿੱਤੇ ਜਾ ਰਹੇ ਹਨ, ਇਨ੍ਹਾਂ ਸਭ ਦੀ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਤੁਰੰਤ ਜਾਂਚ ਹੋਣੀ ਚਾਹੀਦੀ ਹੈ। 

ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਾਰਿਸ ਪੰਜਾਬ ਦੀ ਜਥੇਬੰਦੀ 'ਤੇ ਤੁਰੰਤ ਪਾਬੰਦੀ ਲਗਾਈ ਜਾਵੇ ਅਤੇ ਭੜਕਾਊ ਬਿਆਨਬਾਜ਼ੀ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੁੱਦੇ 'ਤੇ ਉਨ੍ਹਾਂ ਇਹ ਵੀ ਕਿਹਾ ਕਿ ਅੰਮ੍ਰਿਤਪਾਲ ਸਿੰਘ ਆਈਐਸਆਈ ਅਤੇ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ 'ਤੇ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਵਾਰਿਸ ਪੰਜਾਬ ਦੀ ਜਥੇਬੰਦੀ ਨੂੰ ਦੇਸ਼ ਵਿਰੋਧੀ ਜਥੇਬੰਦੀ ਕਰਾਰ ਦੇ ਕੇ ਪਾਬੰਦੀ ਲਾਉਣ ਅਤੇ ਉਸ ਜਥੇਬੰਦੀ ਦੇ ਬੈਨਰ ਹੇਠ ਕੋਈ ਵੀ ਪ੍ਰੋਗਰਾਮ ਨਾ ਕਰਨ ਦਿੱਤਾ ਜਾਵੇ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।