Monday, October 10, 2022

ਗੈਰ ਹਿੰਦੀ ਭਾਸ਼ੀਆਂ 'ਤੇ ਹਿੰਦੀ ਨੂੰ ਥੋਪ ਕੇ ਭਾਸ਼ਾ ਯੁੱਧ ਨਾ ਛੇੜੋ-ਐਮ ਕੇ ਸਟਾਲਿਨ

ਅਜਿਹੀਆਂ ਕੋਸ਼ਿਸ਼ਾਂ ਨਾਲ ਦੇਸ਼ ਦੀ ਅਖੰਡਤਾ ਕਮਜ਼ੋਰ ਹੋਵੇਗੀ 

ਕੀ ਪੰਜਾਬ ਵਿੱਚ ਵੀ ਪਏਗਾ ਸਟਾਲਿਨ ਦੇ ਸਟੈਂਡ ਦਾ ਅਸਰ? 

ਫੈਮਿਨਿਜ਼ਮ ਇਨ ਇੰਡੀਆ ਤੋਂ ਧੰਨਵਾਦ ਸਹਿਤ ਹਿੰਦੀ ਵਿਰੋਧੀ ਅੰਦੋਲਨ ਦੀ ਇੱਕ ਤਸਵੀਰ 
ਚੰਡੀਗੜ੍ਹ: 10 ਅਕਤੂਬਰ 2022: (ਪੰਜਾਬ ਸਕਰੀਨ ਡੈਸਕ)::

ਭਾਸ਼ਾ ਨੂੰ ਸਿਆਸੀ ਹਥਿਆਰ ਬਣਾਏ ਜਾਣ ਦੀਆਂ ਕੋਸ਼ਿਸ਼ਾਂ ਦਾ ਇੱਕ ਵਾਰ ਫੇਰ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ। ਇਸ ਵਿਰੋਧ ਦਾ ਇਤਿਹਾਸ ਕਈ ਦਹਾਕੇ ਪੁਰਾਣਾਹੈ। ਇੱਕ ਵਾਰ ਫੇਰ ਇਸ ਵਿਰੋਧ ਦੀ ਅਵਾਜ਼ ਤਮਿਲਨਾਡੂ ਚੋਂ ਬੁਲੰਦ ਹੋਈ ਹੈ। ਜ਼ਿਕਰਯੋਗ ਹੈ ਕਿ ਤਮਿਲਨਾਡੂ ਦੇ ਲੋਕ ਆਪਣੀ ਮਾਤਭਾਸ਼ਾ ਨੂੰ ਜਨੂੰਨ ਦੀ ਹੱਦ ਤਕ ਪ੍ਰੇਮ ਕਰਦੇ ਹਨ ਅਤੇ ਇਸ ਨੂੰ ਖਤਰੇ ਵਿਚ ਦੇਖਣ ਤਾਂ ਮਰਨ ਮਾਰਨ ਲਈ ਤਿਆਰ ਹੋ ਜਾਂਦੇ ਹਨ। ਤਮਿਲਨਾਡੂ ਵਿੱਚ ਜਾ ਕੇ ਕਿਸੇ ਅਨਜਾਣ ਵਿਅਕਤੀ ਨਾਲ ਹਿੰਦੀ ਵਿੱਚ ਗੱਲ ਕਰਨਾ ਨਾਮੁਮਕਿਨ ਵਰਗਾ ਹੀ ਲੱਗਦਾ ਹੈ। ਪਰ ਭਾਜਪਾ ਅਤੇ ਹੋਰ ਹਿੰਦੂਤਵੀ ਸੰਗਠਨ ਚਿਰਾਂ ਤੋਂ ਹਿੰਦੀ, ਹਿੰਦੂ, ਹਿੰਦੋਸਤਾਨ ਵਾਲੇ ਨਾਅਰੇ ਨੰ ਅਕਸਰ ਬੁਲੰਦ ਕਰਦੇ ਰਹਿੰਦੇ ਹਨ। ਇਹਨਾਂ ਨਾਅਰਿਆਂ ਅਤੇ ਕੋਸ਼ਿਸ਼ਾਂ ਦਾ ਤਿੱਖੀ ਸੁਰ ਵਿੱਚ ਵਿਰੋਧ ਵੀ ਹੁੰਦਾ ਆਇਆ ਹੈ ਪਰ ਇਸਦੇ ਬਾਵਜੂਦ ਇਹ ਕੋਸ਼ਿਸ਼ਾਂ ਬੰਦ ਨਹੀਂ ਹੋਈਆਂ। ਹੁਣ ਫਿਰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਖੁਲ ਕੇ ਹਿੰਦੀ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦੇ ਖਿਲਾਫ਼ ਡਟ ਕੇ ਸਾਹਮਣੇ ਆਏ ਹਨ। ਨਿਸਚੇ ਹੀ ਹਿੰਦੀ ਥੋਪਣ ਦੇ ਇਸ ਵਿਰੋਧ ਦਾ ਅਸਰ ਪੰਜਾਬ ਸਮੇਤ ਹੋਰਨਾਂ ਸੂਬਿਆਂ 'ਤੇ ਵੀ ਪੈ ਸਕਦਾ ਹੈ। 

ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਹਿੰਦੀ ਥੋਪੇ ਜਾਣ ਦੀਆਂ ਇਹਨਾਂ ਨਵੀਆਂ ਕੋਸ਼ਿਸ਼ਾਂ ਦਾ ਤਿੱਖਾ ਵਿਰੋਧ ਕੀਤਾ ਹੈ। ਉਹਨਾਂ ਇਸ ਸੰਬੰਧੀ ਇੱਕ ਟਵੀਟ ਵੀ ਜਾਰੀ ਕੀਤਾ।  ਆਪਣੇ ਇਸ ਟਵੀਟ ਵਿੱਚ ਉਹਨਾਂ ਚੇਤਾਵਨੀ ਦਿੱਤੀ ਕਿ ਐਂਵੇਂ ਭਾਸ਼ਾ ਯੁਧ ਨਾ ਛੇੜੋ। ਹਿੰਦੀ ਥੋਪਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਭਾਰਤ ਦੀ ਵਿਭਿੰਨਤਾ ਨੂੰ ਨਕਾਰਨ ਵਾਲੀ ਗੱਲ ਹੈ। ਹਿੰਦੀ ਲਾਗੂ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਏਨੀ ਜ਼ਿਦ ਵਾਲਾ ਜ਼ੋਰ  ਚਿੰਤਾਜਨਕ ਰਫ਼ਤਾਰ ਨਾਲ ਵਧ ਰਿਹਾ ਹੈ।

ਮੁਖ ਮੰਤਰੀ ਐਮ ਕੇ ਸਟਾਲਿਨ ਨੇ ਇਸ ਸੰਬੰਧੀ ਸਖਤ ਰੁੱਖ ਆਪਣਾ ਲਿਆ ਹੈ। ਉਹਨਾਂ ਸਪਸ਼ਟ ਕਿਹਾ ਕਿ ਸਰਕਾਰੀ ਭਾਸ਼ਾ ਬਾਰੇ ਸੰਸਦੀ ਕਮੇਟੀ ਦੀ ਰਿਪੋਰਟ ਦੀ 11ਵੀਂ ਜਿਲਦ ਵਿੱਚ ਕੀਤੀਆਂ ਗਈਆਂ ਤਜਵੀਜ਼ਾਂ ਭਾਰਤ ਦੀ ਆਤਮਾ ਉੱਤੇ ਸਿੱਧਾ ਹਮਲਾ ਹੈ। 

ਉਹਨਾਂ ਕਿਹਾ ਕਿ ਹਿੰਦੀ ਲਾਗੂ ਹੋਣ 'ਤੇ ਗੈਰ-ਹਿੰਦੀ ਭਾਸ਼ੀ ਅਬਾਦੀ ਨੂੰ ਆਪਣੀ ਹੀ ਧਰਤੀ 'ਤੇ ਦੂਜੇ ਦਰਜੇ ਦਾ ਨਾਗਰਿਕ ਬਣ ਕੇ ਰਹਿਣ ਵਾਲੀ ਸਥਿਤੀ ਆ ਜਾਵੇਗੀ। ਹਿੰਦੀ ਥੋਪਣਾ ਭਾਰਤ ਦੀ ਅਖੰਡਤਾ ਦੇ ਵਿਰੁੱਧ ਹੈ। ਭਾਜਪਾ ਸਰਕਾਰ ਅਤੀਤ ਵਿੱਚ ਹੋਏ ਹਿੰਦੀ ਵਿਰੋਧੀ ਅੰਦੋਲਨਾਂ ਤੋਂ ਸਬਕ ਸਿੱਖੇ। ਸ਼੍ਰੀ ਸਟਾਲਿਨ ਨੇ ਚੇਤਾਵਨੀ ਦਿੱਤੀ ਕਿ ਗੈਰ ਹਿੰਦੀ ਭਾਸ਼ੀਆਂ 'ਤੇ ਜਬਰੀ ਹਿੰਦੀ ਨੂੰ ਥੋਪ ਕੇ ਭਾਸ਼ਾ ਯੁੱਧ ਨਾ ਛੇੜੋ। ਐਮ ਕੇ ਸਟਾਲਿਨ ਦਾ ਇਹ ਕਹਿਣਾ ਬਹੁਤ ਅਰਥਪੂਰਨ ਹੈ। 

ਇਥੇ ਇਹ ਯਾਦ ਕਰਾਉਣਾ ਵੀ ਪ੍ਰਸੰਗਿਕ ਹੀ ਜਾਪਦਾ ਹੈ ਕਿ ਜਦੋਂ ਸਟਾਲਿਨ ਦਾ ਹੋਇਆ ਉਸ ਤੋਂ ਤਿੰਨ ਚਾਰ ਦਿਨ ਬਾਅਦ ਰੂਸ ਦੀ ਸਰਬਉੱਚ ਸ਼ਖ਼ਸੀਅਤ ਜੋਜ਼ਫ ਸਟਾਲਿਨ ਦਾ ਦੇਹਾਂਤ ਹੋ ਗਿਆ ਸੀ। ਪਿਤਾ ਕਰੁਣਾਨਿਧਿ ਨੇ ਪ੍ਰੇਮ, ਆਸਥਾ ਅਤੇ ਸ਼ਰਧਾਂਜਲੀ ਵੱਜੋਂ ਆਪਣੇ ਇਸ ਬੇਟੇ ਦਾ ਨਾਮ ਐਮ ਕੇ ਸਟਾਲਿਨ ਰੱਖ ਦਿੱਤਾ। ਬਹੁਤ ਸਾਰੇ ਲੋਕ ਉਸਨੂੰ ਐਮ ਕੇ ਅਸੀਂ ਵੀ ਆਖਦੇ ਹਨ। ਸਟਾਲਿਨ ਦੇ ਪਿਤਾ ਕਰੁਣਾਨਿਧਿ ਦਾ ਪੰਜਾਬ ਨਾਲ ਵੀ ਖਾਸ ਪ੍ਰੇਮ ਰਿਹਾ ਅਤੇ ਅਕਾਲੀ ਦਲ ਸਮੇਤ ਸਿੱਖ ਆਗੂਆਂ ਨਾਲ ਵੀ। ਉਹਨਾਂ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਵੀ ਫੇਰੀ ਪਾਈ। ਇਸ ਲਈ ਇਸ ਪਰਿਵਾਰ ਨੂੰ ਜਿਥੇ ਖੱਬੀ ਸਿਆਸਤ ਦੀ ਪੂਰੀ ਸਮਝ ਹੈ ਉਥੇ ਪੰਜਾਬ ਦੀਆਂ ਭਾਵਨਾਵਾਂ ਦਾ ਵੀ ਅਹਿਸਾਸ ਹੈ। ਹਿੰਦੀ ਥੋਪਣ ਦੇ ਮਾਮਲੇ ਤੇ ਜੇ ਅੰਦੋਲਨ ਕਰਨਾ ਪਿਆ ਤਾਂ ਪੰਜਾਬ ਵਿੱਚੋਂ ਕਾਫੀ ਸਮਰਥਨ ਮਿਲ ਸਕਦਾ ਹੈ ਐਮ ਕੇ ਸਟਾਲਿਨ ਨੂੰ। 

ਚੇਤੇ ਰਹੇ ਕਿ ਕੁਝ ਅਰਸਾ ਪਹਿਲਾਂ ਵੀ ਇਸ ਮੁੱਦੇ ਨੂੰ ਲੈਕੇ ਟਕਰਾਅ ਵਾਲੀ ਸਥਿਤੀ ਬਣੀ ਸੀ। ਉਦੋਂ ਵੀ ਦੱਖਣੀ ਭਾਰਤ ਦੇ ਸੂਬਿਆਂ ਨੇ ਹਿੰਦੀ ਥੋਪਣ ਦਾ ਤਿੱਖਾ ਵਿਰੋਧ ਕੀਤਾ ਸੀ। ਉਦੋਂ ਵੀ ਸ਼ਾਹ ਦੇ ਗੈਰ-ਹਿੰਦੀ ਸੂਬਿਆਂ 'ਚ 'ਹਿੰਦੀ ਭਾਸ਼ਾ' ਨੂੰ ਥੋਪੇ ਜਾਣ ਦੇ ਪੇਸ਼ ਕੀਤੇ ਗਏ ਮਤੇ ਦੇ ਵਿਰੋਧ 'ਚ ਦੱਖਣੀ ਰਾਜਾਂ ਦੇ ਲੋਕਾਂ 'ਚ ਰੋਸ ਭਰ ਗਿਆ ਸੀ।

ਕੇਰਲ ਦੇ ਮੁੱਖ ਮੰਤਰੀ ਪਨਰਾਈ ਵਿਜਯਅਨ, ਪੁਡੂਚੇਰੀ ਦੇ ਮੁੱਖ ਮੰਤਰੀ ਵੀ. ਨਾਰਾਇਣ ਸਵਾਮੀ, ਡੀਐੱਮਕੇ ਪ੍ਰਧਾਨ ਐਮ.ਕੇ.ਸਟਾਲਿਨ, ਐੱਮਐੱਨਐੱਮ ਆਗੂ ਕਮਲ ਹਸਨ ਨੇ ਇਸ ਟਿੱਪਣੀ 'ਤੇ ਸਖ਼ਤ ਵਿਰੋਧ ਜ਼ਾਹਰ ਕੀਤਾ ਸੀ। ਇਨ੍ਹਾਂ ਆਗੂਆਂ ਨੇ ਉਦੋਂ ਵੀ ਕਿਹਾ ਸੀ ਕਿ ਹਿੰਦੀ ਨੂੰ ਗ਼ੈਰ-ਹਿੰਦੀ ਰਾਜਾਂ 'ਚ ਜ਼ਬਰਦਸਤੀ ਥੋਪਣ ਦੀ ਕੋਸ਼ਿਸ਼ਾਂ ਦਾ ਗੰਭੀਰਤਾ ਨਾਲ ਵਿਰੋਧ ਕੀਤਾ ਜਾਵੇਗਾ ਕਰਨਾਟਕ ਦੇ ਮੁੱਖ ਮੰਤਰੀ ਅਤੇ ਭਾਜਪਾ ਆਗੂ ਯੇਦੂਰੱਪਾ ਅਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਇਸੇ ਸੁਰ 'ਚ ਕਿਹਾ ਸੀ ਕਿ ਉਹ ਆਪਣੀ ਰਾਜ ਭਾਸ਼ਾ ਨੂੰ ਕਿਸੇ ਵੀ ਕੀਮਤ 'ਤੇ ਢਾਹ ਨਹੀਂ ਲੱਗਣ ਦੇਣਗੇ।

ਹਿੰਦੀ ਨੂੰ ਜਬਰੀ ਥੋਪਣ ਦੀਆਂ ਕੋਸ਼ਿਸ਼ਾਂ ਨਾਲ ਉਹਨਾਂ ਲੋਕਾਂ ਦੀਆਂ ਕੋਸ਼ਿਸ਼ਾਂ ਨੂੰ ਵੀ  ਪਹੁੰਚਦੀ ਹੈ ਜਿਹੜੇ ਹਿੰਦੀ ਨੂੰ ਬਿਨਾ ਕਿਸੇ ਸਿਆਸੀ ਮਕਸਦ ਦੇ ਪ੍ਰੇਮ ਕਰਦੇ ਹਨ। ਉਹਨਾਂ ਨੂੰ ਸੰਸਕ੍ਰਿਤ ਨਾਲ ਵੀ ਪ੍ਰੇਮ ਹੈ, ਉਰਦੂ ਨਾਲ ਵੀ, ਅਤੇ ਹਿੰਦੀ ਨਾਲ ਵੀ। ਪੰਜਾਬ ਦੇ ਬਹੁਤ ਸਾਰੇ ਕਲਮਕਾਰ ਅਤੀਤ ਵਿੱਚ ਵੀ ਹਿੰਦੀ ਸਾਹਿਤ ਨੂੰ ਅਮੀਰ ਬਣਾਉਣ ਵਿਚ ਯੋਗਦਾਨ ਪਾਉਂਦੇ ਰਹੇ ਹਨ ਅਤੇ ਹੁਣ ਵੀ ਪਾ ਰਹੇ ਹਨ। ਥੋਪਣ ਵਾਲੀ ਭਾਵਨਾ ਇਸ ਪ੍ਰੇਮ ਨੂੰ ਨੁਕਸਾਨ ਹੀ ਪਹੁੰਚਾਏਗੀ।

ਹੁਣ ਦੇਖਣਾ ਹੈ ਕਿ ਕੇਂਦਰ ਸਰਕਾਰ ਇਸ ਸੰਬੰਧੀ ਨੇੜ ਭਵਿੱਖ ਵਿੱਚ ਕੀ ਕਦਮ ਪੁੱਟਦੀ ਹੈ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: