Friday, September 23, 2022

ਸਿੱਖਾਂ ਦੇ ਕੱਕਾਰਾਂ ਵੱਲ ਅਕਸਰ ਟੇਢੀ ਨਜ਼ਰ ਕਿਓਂ?

ਕੇਂਦਰੀ ਸਿੰਘ ਸਭਾ ਸਮੇਤ ਸਿੱਖ ਸੰਗਠਨ ਮਿਲੇ ਡਿਪਟੀ ਕਮਿਸ਼ਨਰ ਨੂੰ  


ਚੰਡੀਗੜ੍ਹ
: 23 ਸਤੰਬਰ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਅਨੇਕਤਾ ਵਿੱਚ ਏਕਤਾ ਭਾਰਤ ਦੀ ਖਾਸੀਅਤ ਹੈ ਅਤੇ ਹੁਣ ਤਾਂ ਇਹ ਰੁਝਾਨ ਪੂਰੀ ਦੁਨੀਆ ਵਿਚ ਜ਼ੋਰ ਫੜਦਾ ਜਾ ਰਿਹਾ ਹੈ। ਤਿਲਕਧਾਰੀ, ਤ੍ਰਿਸ਼ੂਲਧਾਰੀ, ਤੀਰ ਕਮਾਨ ਧਾਰੀ, ਅਤੇ ਕ੍ਰਿਪਾਨਧਾਰੀ ਕੁਝ ਡਾਹਕੇ ਪਹਿਲਾਂ ਤੀਕ ਵੀ ਰਲ ਮਿਲ ਕੇ ਸਫ਼ਰ ਕਰੀਏ ਕਰਦੇ ਸਨ। ਰਲ ਮਿਲ ਕੇ ਖਾਇਆ ਪੀਆ ਕਰਦੇ ਸਨ। ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਦੇ ਸ਼ਸਤਰ ਤਾਂ ਜੇ ਕਦੇ ਉੱਠੇ ਵੀ ਤਾਂ ਸਵੈ ਰੱਖਿਆ ਜਾਂ ਫਿਰ ਮਜ਼ਲੂਮ ਦੀ ਰੱਖਿਆ ਲਈ ਹੀ ਉੱਠੇ।  ਪਿਛਲੇ ਕੁਝ ਦਹਾਕਿਆਂ ਦੌਰਾਨ ਹੋਈਆਂ ਸਾਜ਼ਿਸ਼ੀ ਸ਼ਰਾਰਤਾਂ ਦੇ ਅਪਵਾਦ ਨੂੰ ਛੱਡ ਕੇ  ਸਿੰਘਾਂ ਤੋਂ ਜਾਂ ਸਿੰਘਾਂ ਦੇ ਕੱਕਾਰਾਂ ਤੋਂ ਕਦੇ ਕਿਸੇ ਨੂੰ ਕੋਈ ਸ਼ਿਕਾਇਤ ਨਹੀਂ ਰਹੀ। 

ਫਿਰ ਵੀ ਕਦੇ ਸਿੱਖ ਵਿਦਿਆਰਥੀਆਂ ਨੂੰ ਸਕੂਲਾਂ ਕਾਲਜਾਂ ਵਿਚ ਦਾਖਲ ਹੋਣ ਵੇਲੇ ਰੋਕ ਲਿਆ ਜਾਂਦਾ ਹੈ। ਕਦੇ ਹਵਾਈ ਅੱਡੇ ਵਰਗੀ ਥਾਂ ਤੇ ਰੋਕ ਲਿਆ ਜਾਂਦਾ ਹੈ ਅਤੇ ਕਦੇ ਕਿਸੇ ਨ ਕਿਸੇ ਹੋਰ ਥਾਂ ਤੇ ਵੀ। ਪਿਛੇ ਜਿਹੇ ਫਤਿਹਗੜ੍ਹ ਸਾਹਿਬ ਵਿਖੇ ਇੱਕ ਅੰਮ੍ਰਿਤਧਾਰੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਸਬੰਧਤ ਫੋਟੋ ਅਸੀਂ ਇਸ ਖਬਰ ਨਾਲ ਵੀ ਹਵਾਲੇ ਵੱਜੋਂ ਛਾਪ ਰਹੇ ਹਾਂ ਜਿਹੜੀ ਇੰਟਰਨੈਟ ਤੋਂ ਧੰਨਵਾਦ ਸਹਿਤ ਲਈ ਗਈ ਹੈ। 

ਇਹਨਾਂ ਸਾਰੀਆਂ ਘਟਨਾਵਾਂ ਦਾ ਸਿੱਖ ਮਾਨਸਿਕਤਾ ਤੇ ਬੁਰਾ ਅਸਰ ਪੈਂਦਾ ਹੈ। ਇਸ ਦਾ ਗੰਭੀਰ ਨੋਟਿਸ ਲਿਆ ਹੈ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ। ਸਮਾਜ ਅਤੇ ਸਿਆਸਤ ਵਿੱਚ ਗੰਧਲਾਪਨ ਦੂਰ ਕਰਨ ਲਈ ਲੰਮੇ ਸਮੇਂ ਤੋਂ ਸਰਗਰਮ ਕੇਂਦਰੀ ਸਿੰਘ ਸਭਾ ਨੇ ਚੋਣਵੇਂ ਸਿੱਖ ਨੁਮਾਇੰਦਿਆਂ ਨੂੰ ਨਾਲ ਲੈ ਕੇ  ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਵੀ ਕੀਤੀ ਹੈ। 

ਸਿੱਖਾਂ ਦੇ ਧਾਰਮਿਕ ਚਿੰਨਾਂ ਦੇ ਕਾਨੂੰਨੀ ਹੱਕ ਨੂੰ ਜਨਤਕ ਸੰਸਥਾਵਾਂ ਅੰਦਰ ਪਹਿਨਣ ਦੀ ਆਜ਼ਾਦੀ ਦੀ ਕਾਇਮੀ ਲਈ ਸਰਕਾਰ ਨੰ ਮੰਗ ਪੱਤਰ ਦਿੱਤੇ ਗਏ ਹਨ। ਕੇਂਦਰੀ ਸਿੰਘ ਸਭਾ ਅਤੇ ਪੰਥਕ ਤਾਲਮੇਲ ਸੰਗਠਨ ਇਸ ਮਕਸਦ ਲਈ ਹੁਣ ਪੂਰੀ ਤਰ੍ਹਾਂ ਸਰਗਰਮ ਹੋਏ ਹਨ। 

ਚੰਡੀਗੜ੍ਹ ਖੇਤਰ ਦੇ ਸਿੱਖ ਪ੍ਰਤੀਨਿਧਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨੂੰ ਮਿਲਕੇ ਮੰਗ ਪੱਤਰ ਦਿੱਤਾ ਕਿ ਸਵਿੰਧਾਨ ਦੀ ਧਾਰਾ 25 ਅਨੁਸਾਰ ਕ੍ਰਿਪਾਨ ਤੇ ਕਕਾਰ ਪਹਿਨਣ/ਰੱਖਣ ਦੇ ਕਾਨੂੰਨੀ ਹੱਕ ਨੂੰ ਵਿਦਿਅਕ ਸੰਸਥਾਵਾਂ ਅਤੇ ਜਨਤਕ ਥਾਵਾਂ ’ਤੇ ਲਾਗੂ ਕਰਵਾਇਆ ਜਾਵੇ। ਭਾਰਤ ਸਰਕਾਰ ਦੇ ਗ੍ਰਹਿ ਸਕੱਤਰ ਨੂੰ ਸੰਬੋਧਨ ਮੰਗ ਪੱਤਰ ਵਿੱਚ ਕਿਹਾ ਕਿ ਸਿੱਖੀ ਦੇ ਪੰਜ ਚਿੰਨ੍ਹ ਹਨ ਜਿਨ੍ਹਾਂ ਨੂੰ ਹਰ ਵਕਤ ਪਹਿਨਣ ਦੀ ਧਾਰਮਿਕ ਬੰਧਨ 1699 ਈ: ਨੂੰ ਖ਼ਾਲਸਾ ਪ੍ਰਗਟ ਦਿਹਾੜੇ ਤੋਂ ਚੱਲ ਰਹੀ ਹੈ। 

ਸੰਵਿਧਾਨ ਦਾ ਆਰਟੀਕਲ 25(2) (ਬੀ) ਤਹਿਤ ਸਿੱਖਾਂ ਨੂੰ ਕਿਰਪਾਨ ਪਹਿਨਣ ਦੀ ਆਜ਼ਾਦੀ ਮਿਲੀ ਹੋਈ ਹੈ। ਆਰਟੀਕਲ 25 ਵੀ ਜ਼ਮੀਰ ਦੀ ਆਜ਼ਾਦੀ ਅਤੇ ਧਰਮ ਦੀ ਸੁਤੰਤਰਤਾ, ਅਭਿਆਸ ਅਤੇ ਪ੍ਰਚਾਰ ਕਰਨ ਦਾ ਹੱਕ ਦਿੰਦਾ ਹੈ।

ਇਸ ਦੇ ਬਾਵਜੂਦ 8 ਸਤੰਬਰ ਨੂੰ ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਦਿੱਲੀ ਮੈਟਰੋ ਦੇ ਸੈਕਟਰ 21 ਦੁਆਰਕਾ ਸਟੇਸ਼ਨ ਵਿਖੇ ਗਾਤਰੇ ਪਹਿਨੀ ਇਕ ਫੁਟੀ ਕ੍ਰਿਪਾਨ ਕਰਕੇ ਸਫ਼ਰ ਕਰਨ ਤੋਂ ਰੋਕ ਦਿੱਤਾ ਗਿਆ। ਪਿਛਲੇ ਸਾਲ ਹੀ ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਉਰਟੀ (ਬੀ.ਸੀ.ਏ.ਐਸ.) ਨੇ ਹਵਾਈ ਜਹਾਜ਼ ਦੇ ਮੁਸਾਫ਼ਰਾਂ ਨੂੰ ਕਿਰਪਾਨ ਰੱਖਣ ਦੀ ਇਜਾਜ਼ਤ ਦਿੱਤੀ ਹੈ। ਪਰ, ਘਰੇਲੂ ਜਾਂ ਅੰਤਰਰਾਸ਼ਟਰੀ ਟਰਮੀਨਲ ਵਿਚ ਕੰਮ ਕਰਨ ਵਾਲੇ ਸਿੱਖਾਂ ਨੂੰ ਕਿਰਪਾਨ ਰੱਖਣ ਉੱਤੇ  ਪਾਬੰਦੀ ਲੱਗੀ ਸੀ। ਬਾਅਦ ਵਿੱਚ ਵਾਪਸ ਕੀਤੀ ਗਈ। ਦੁੱਖ ਦੀ ਗੱਲ ਹੈ ਮੈਟਰੋ ਸਟੇਸ਼ਨਾਂ ਅਤੇ ਦੇਸ਼ ਦੇ ਏਅਰਪੋਰਟਾਂ’ਤੇ ਅੰਮ੍ਰਿਤਧਾਰੀ ਮੁਸਾਫ਼ਰਾਂ ਨੂੰ ਰੋਕਣ ਦੀਆਂ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ।

ਇਸੇ ਤਰ੍ਹਾਂ ਨੀਟ, ਜੇਈਈ ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਅਤੇ ਸਕੂਲ ਬੋਰਡ ਪ੍ਰੀਖਿਆਵਾਂ ਮੌਕੇ ਸਿੱਖ ਵਿਦਿਆਰਥੀਆਂ ਦੇ ਕਕਾਰਾਂ’ਤੇ ਇਤਰਾਜ਼ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਕਿਰਪਾਨ ਤੇ ਕੜਾ ਉਤਾਰਨ ਲਈ ਮਜ਼ਬੂਰ ਕੀਤਾ ਗਿਆ ਹੈ। ਜਿਸ ਨਾਲ ਜਿੱਥੇ ਮਾਨਸਿਕ ਤੌਰ’ਤੇ ਪਰੇਸ਼ਾਨ ਹੋਣ ਨਾਲ ਵਿਦਿਆਰਥੀਆਂ ਦਾ ਭਵਿੱਖ ਦਾਅ’ਤੇ ਲਗਿਆ ਹੈ, ਉੱਥੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਵੀ ਠੇਸ ਪਹੁੰਚੀ।

ਅਜਿਹੇ ਵਰਤਾਰੇ ਦੇ ਵਿਰੁੱਧ ਹੋਈਆਂ ਕਾਰਵਾਈਆਂ ਵਿਚ ਸਮੇਂ-ਸਮੇਂ ਦੇਸ਼ ਦੀਆਂ ਅਦਾਲਤਾਂ ਵਲੋਂ ਕਕਾਰ ਪਹਿਨਣ ਦੇ ਅਧਿਕਾਰਾਂ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਹੋਈਆਂ ਹਨ।

ਮੰਗ ਪੱਤਰ ਵਿੱਚ ਕਿਹਾ ਕਿ ਦੇਸ਼ ਅੰਦਰ ਅਤੀਤ ਵਿਚ ਅਤੇ ਤਾਜ਼ਾ ਵਾਪਰੀਆਂ ਘਟਨਾਵਾਂ ਦੀ ਡੂੰਘੀ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਪ੍ਰੀਖਿਆ ਕੇਂਦਰਾਂ, ਵਿਦਿਅਕ ਸੰਸਥਾਵਾਂ ਅਤੇ ਜਨਤਕ ਥਾਵਾਂ’ਤੇ ਯਕੀਨੀ ਬਣਾਇਆ ਜਾਵੇ ਕਿ ਭਵਿੱਖ ਵਿਚ ਸਿੱਖਾਂ ਨਾਲ ਕੋਈ ਵੀ ਵਿਤਕਰਾ ਨਾ ਹੋਵੇ।

ਵਫ਼ਦ ਵਿੱਚ ਸ਼ਾਮਲ ਹੋਏ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਡਾ. ਪਿਆਰਾ ਲਾਲ ਗਰਗ, ਗੁਰਜੋਤ ਸਿੰਘ ਸਾਹਨੀ (ਚੰਡੀਗੜ੍ਹ ਗੁਰਦੁਆਰਾ ਸੰਗਠ), ਪਰਮਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ (ਚੰਡੀਗੜ੍ਹ), ਹਮੀਰ ਸਿੰਘ, ਗੁਰਨਾਮ ਸਿੰਘ ਸਿੱਧੂ ਅਤੇ ਰਸ਼ਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸੈਕਟਰ 7 ਚੰਡੀਗੜ੍ਹ।   

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: