Sunday, September 25, 2022

ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਦੀ ਯਾਦ 'ਚ ਸਮਾਗਮ

25th September 2022 at 3:37 PM

ਅਹਿਮ ਸ਼ਖਸੀਅਤਾਂ ਨੇ ਦਿੱਤੀ ਸ਼ਰਧਾਂਜਲੀ 
ਆਪ ਜੀ ਦਾ ਜੀਵਨ ਸਾਦਗੀ, ਇਮਾਨਦਾਰੀ ਅਤੇ ਬਹਾਦਰੀ ਦਾ ਪ੍ਰਤੀਕ ਰਿਹਾ:ਰਾਹੁਲ ਚਾੱਬਾ
 ਲੁਧਿਆਣਾ: 25 ਸਤੰਬਰ  2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਇਸ਼ਮੀਤ ਸਿੰਘ ਅਕੈਡਮੀ  'ਚ ਖਾਲਸਾ ਟੀਮ 1699 ਵੱਲੋਂ ਪੰਜਾਬ ਦੇ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਪਹਿਲੀ ਬਰਸੀ ਦੇ ਮੌਕੇ 'ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਧਰਮ ਅਤੇ ਚੱਰਿਤਰ 'ਤੇ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਲੁਧਿਆਣਾ ਦੇ ਏਡੀਸੀ ਸ਼੍ਰੀ ਰਾਹੁਲ ਕੁਮਾਰ ਚਾੱਬਾ, ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀਂ, ਜੁਆਇੰਟ ਕਮਿਸ਼ਨਰ ਨਗਰ ਨਿਗਮ ਜਸਦੇਵ ਸੇਖੋਂ, ਪ੍ਰੋਫੈਸਰ ਵਿਨੇ ਕੁਮਾਰ ਸੋਫਤ, ਦਵਿੰਦਰ ਨਾਗੀ, ਸਰਬਜੀਤ ਸਿੰਘ, ਰੇਣੁਕਾ ਪੀਏਯੂ,ਗੁਰਜਿੰਦਰ ਸਿੰਘ ਬੀ.ਆਰ.ਓ ਲੁਧਿਆਣਾ ਅਤੇ ਮੁਹੰਮਦ ਮੁਸਤਕੀਮ ਨੇ ਸੰਬੋਧਨ ਕੀਤਾ। 

ਮਰਹੂਮ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਲੁਧਿਆਣਵੀਂ ਦੀ ਜੀਵਨੀ 'ਤੇ ਉਹਨਾਂ ਦੀਆਂ ਪੁਰਾਣੀਆਂ ਤਸਵੀਰਾਂ ਅਤੇ ਇਤਹਾਸਿਕ ਤੱਥਾਂ ਦੇ ਅਧਾਰ 'ਤੇ ਇੱਕ ਡਾਕੁਮੈਂਟਰੀ ਵੀ ਵਿਖਾਈ ਗਈ। ਇਸ ਮੌਕੇ 'ਤੇ ਧਰਮ ਅਤੇ ਚਰਿੱਤਰ ਨੂੰ  ਲੈ ਕੇ ਸਰਬ ਧਰਮਾਂ ਦੇ ਵਿਦਵਾਨਾਂ ਨੇ ਵਿਸਤਾਰ ਦੇ ਨਾਲ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ, ਜਿਹਨਾਂ ਦੀ ਸਾਰੇ ਸਰੋਤਿਆਂ ਨੇ ਸ਼ਲਾਘਾ ਕੀਤੀ। 

ਸ਼੍ਰੀ ਰਾਹੁਲ ਚਾੱਬਾ ਏਡੀਸੀ ਲੁਧਿਆਣਾ ਨੇ ਇਸ ਮੌਕੇ 'ਤੇ ਕਿਹਾ ਕਿ ਮਰਹੂਮ ਸਾਬਕਾ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦਾ ਜੀਵਨ ਸਮਾਜ ਅਤੇ ਦੇਸ਼ ਦੇ ਲਈ ਸਮਰਪਿਤ ਸੀ। ਇਮਾਮ ਜੀ ਮਹਾਨ ਅਜਾਦੀ ਘੁਲਾਟੀ ਪਰਿਵਾਰ ਦੇ ਮੁਖੀ ਸਨ ਅਤੇ ਆਪ ਜੀ ਨੇ ਹਮੇਸ਼ਾ ਹੀ ਲੋਕਾਂ ਨੂੰ  ਇਮਾਨਦਾਰੀ ਤੇ ਬਿਨਾ ਕਿਸੇ ਡਰ ਤੋਂ ਜੀਵਨ ਜੀਉਣ ਲਈ ਪ੍ਰੇਰਿਤ ਕੀਤਾ। 

ਉਹਨਾਂ ਕਿਹਾ ਕਿ ਇਹ ਇਮਾਮ ਸਾਹਿਬ ਦੀ ਸੱਭ ਤੋਂ ਵੱਡੀ ਨੇਕੀ ਸੀ ਕਿ ਮੁਸਲਮਾਨ ਸਮਾਜ ਦੇ ਸ਼ਾਹੀ ਇਮਾਮ ਹੋਣ ਦੇ ਨਾਲ-ਨਾਲ ਉਹਨਾਂ ਦਾ ਸਾਰੀਆਂ ਧਰਮਾਂ ਦੇ ਲੋਕਾਂ ਦੇ ਨਾਲ ਅਜਿਹਾ ਪਿਆਰ ਸੀ ਕਿ ਕਦੀ ਵੀ ਕਿਸੇ ਨੂੰ ਬੇਗਾਨਾ ਮਹਿਸੂਸ ਨਹੀਂ ਹੋਣ ਦਿੱਤਾ। ਸ਼੍ਰੀ ਰਾਹੁਲ ਚਾੱਬਾ ਨੇ ਕਿਹਾ ਕਿ ਇਸ ਮਹਾਨ ਦੇਸ਼ ਭਗਤ ਪਰਿਵਾਰ 'ਤੇ ਸਿਰਫ ਲੁਧਿਆਣਾ ਹੀ ਨਹੀਂ ਬਲਕਿ ਪੂਰੇ ਦੇਸ਼ ਨੂੰ ਮਾਨ ਰਿਹਾ ਹੈ। 

ਉਹਨਾਂ ਕਿਹਾ ਕਿ ਅੱਜ ਇਸ ਸਮਾਗਮ 'ਚ ਮੌਜੂਦਾ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਜੀ ਦੇ ਵਿਚਾਰ ਸੁਣ ਕੇ ਲੱਗਿਆ ਕਿ ਅਨੇਕਤਾ 'ਚ ਏਕਤਾ ਬਣਾਏ ਰੱਖਣ ਦਾ ਜਜ਼ਬਾ ਇਹਨਾਂ 'ਚ ਆਪਣੇ ਪਿਤਾ ਜੀ ਵਾਂਗ ਹੀ ਨਜ਼ਰ ਆਉਂਦਾ ਹੈ। 

ਇਸ ਮੌਕੇ 'ਤੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀਂ ਨੇ ਕਿਹਾ ਕਿ ਅੱਜ ਲੁਧਿਆਣਾ ਦੇ ਨਿਵਾਸੀਆਂ ਵੱਲੋਂ ਮੇਰੇ ਪਿਤਾ ਜੀ ਦੀ ਯਾਦ 'ਚ ਕਰਵਾਏ ਗਏ ਇਸ ਸਮਾਗਮ ਨਾਲ ਸਮਾਜਿਕ ਭਾਈਚਾਰੇ ਦੇ ਇਤਹਾਸ 'ਚ ਇੱਕ ਹੋਰ ਸੁਨਿਹਰੇ ਪੰਨੇ ਦਾ ਇਜਾਫਾ ਹੋਇਆ ਹੈ। 

ਉਹਨਾਂ ਕਿਹਾ ਕਿ ਮੇਰੇ ਪਿਤਾ ਜੀ ਮਰਹੂਮ ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਸਾਨੂੰ ਹਮੇਸ਼ਾ ਸਿਖਾਇਆ ਕਿ ਹਾਲਾਤ ਕਿੱਦਾ ਦੇ ਵੀ ਹੋਣ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ, ਹਰਾਮ ਦੇ ਲੁਕਮੇ ਤੋ ਬਚ ਕੇ ਰਹਿਣਾ ਹੈ ਅਤੇ ਗਰੀਬ ਦੀ ਮਦਦ ਕਰਨੀ ਚਾਹੀਦੀ ਹੈ। 

ਬਿਨਾ ਧਰਮ ਅਤੇ ਜਾਤ-ਪਾਤ ਨੂੰ ਦੇਖੇ ਜਰੂਰਤਮੰਦਾਂ ਦੀ ਮਦਦ ਕਰੋ ਤਾਂ ਹੀ ਜ਼ਿੰਦਗੀ  'ਚ ਖੁਦਾ ਦੀ ਮਦਦ ਨਾਲ ਰਹੇਗੀ | ਇਸ ਮੌਕੇ 'ਤੇ ਖਾਲਸਾ ਟੀਮ 1699 ਵੱਲੋਂ ਸ. ਗੁਰਸਾਹਿਬ ਸਿੰਘ, ਦਵਿੰਦਰ ਸਿੰਘ, ਸ਼ਿਵਮ ਅਰੋੜਾ, ਹੇਮੰਤ ਗੋਇਲ, ਅਗਮ ਸਿੰਘ, ਮਹਿੰਦਰ ਸਿੰਘ ਨੇ ਆਏ ਹੋਏ ਮੇਹਮਾਨਾਂ ਦਾ ਸਨਮਾਨ ਵੀ ਕੀਤਾ।  
ਮਰਹੂਮ ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਦੇ ਸਪੁੱਤਰ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀਂ ਦਾ ਸਨਮਾਨ ਕਰਦੇ ਹੋਏ ਏਡੀਸੀ ਰਾਹੁਲ ਚਾੱਬਾ ਜੀ, ਜਸਦੇਵ ਸੇਖੋਂ ਅਤੇ ਹੋਰ।  


No comments: