Monday, September 05, 2022

ਪੰਜਾਬ ਕਿਸੇ ਸਮੇਂ ਦਿੱਲੀ ਤੋਂ ਬਲੋਚਿਸਤਾਨ ਤੱਕ ਫੈਲਿਆ ਹੋਇਆ ਸੀ

Sunday 4th September 2022 at 08:52 PM

ਗਦਾਰੀਆਂ ਅਤੇ ਧੋਖਿਆਂ ਦਾ ਲੰਮਾ ਇਤਿਹਾਸ-ਫਿਰ ਵੀ ਪੰਜਾਬੀ ਰੰਗੀਨ ਰਹੇ  

ਨਿਆਰੇ ਪੰਜਾਬੀ ਸੁਭਾਅ ਦੇ ਵਿਸੇਸ਼ ਆਧਾਰਾਂ ਬਾਰੇ ਦੱਸ ਰਹੇ ਰਮੇਸ਼ ਰਤਨ 


ਲੁਧਿਆਣਾ: 4 ਸਤੰਬਰ 2022: (ਰਮੇਸ਼ ਰਤਨ//ਪੰਜਾਬ ਸਕਰੀਨ):: 

ਭਾਰਤੀ ਪੰਜਾਬ ਜੋ ਹੁਣ ਭਾਰਤ ਦਾ 1-53 % ਰਹਿ ਗਿਆ ਹੈ।  23 ਜ਼ਿਲ੍ਹਿਆਂ ਵਿੱਚ ਵੰਡੇ  ਕੁਲ ਲੱਗਭਗ 50000 ਵਰਗ ਕਿਲੋਮੀਟਰ ਵਾਲਾ ਇਹ ਪੰਜਾਬ ਕਿਸੇ ਸਮੇਂ  ਦਿੱਲੀ ਤੋਂ ਬਲੋਚਿਸਤਾਨ ਤੱਕ ਫੈਲਿਆ ਹੋਇਆ ਸੀ। ਭਾਰਤ ਦੀ ਵੰਡ ਤੋਂ ਬਾਅਦ ਬਹੁਤਾ  ਹਿੱਸਾ ਤਾਂ  ਪਾਕਿਸਤਾਨ ਵਿਚ ਚਲਾ ਗਿਆ ਅਤੇ ਬਾਕੀ ਦੇ ਭਾਰਤੀ ਹਿੱਸੇ ਵਿੱਚੋਂ 1966 ਵਿੱਚ  ਹਰਿਆਣਾ ਅਤੇ ਹਿਮਾਚਲ ਵੱਖਰੇ ਕਰ ਦਿੱਤੇ ਗਏ।

ਸਦੀਆਂ ਪੁਰਾਣੀ ਇਸ ਇੰਦਸਵੈਲੀ  ਦੀਆਂ ਸਰਹੱਦਾਂ  ਭਾਵੇ ਪਹਿਲਾ ਵੀ  ਛੋਟੀਆਂ-ਵੱਡੀਆਂ ਤਾਂ ਹੁੰਦੀਆਂ ਰਹੀਆਂ ਹਨ ਪ੍ਰੰਤੂ ਇਸ ਇਲਾਕੇ ਦੀਆ ਵਿਸ਼ੇਸ਼ਤਾਈਆਂ ਨੇ ਸਾਡੇ ਇਤਿਹਾਸ ਅਤੇ ਸਭਿਆਚਾਰ ਦੇ ਨਾਲ ਨਾਲ ਸਾਡੇ ਸੁਭਾਅ ਵੀ ਵਿਸੇਸ਼ ਬਣਾ ਦਿੱਤੇ ਹਨ।

ਇਸ ਇਲਾਕੇ ਦੀ ਮੁਢ ਤੋ ਹੀ ਖੁਸ਼ਹਾਲ ਆਰਥਿਕਤਾ ਦਾ ਵਰਣਨ ਤਾਂ ਹੜਪਾ ਕਾਲ ਦੀਆ ਪਕੀਆਂ ਇਟਾਂ ਕਰ ਦੇਂਦੀਆ ਹਨ ਜਿੰਨਾ ਦਾ ਜਿਕਰ 6ਵੀ ਸਦੀ ਚ ਭਾਰਤ ਆਏ ਚੀਨੀ ਖੋਜੀ ਹੂੰਆਗ ਸੈਨ ਦੀਆ ਲਿਖਤਾਂ ਵਿੱਚ ਵੀ ਸਾਮਿਲ ਹੈ ਅਤੇ ਇਹੋ ਹੀ ਇਟਾਂ  ਨੂੰ ਪੁੱਟਕੇ ਅੰਗਰੇਜ 'ਕੰਪਨੀ ਰਾਜ' ਵਾਲਿਆ ਨੇ ਮੁਲਤਾਨ ਤੋਂ ਲਾਹੌਰ ਤੱਕ ਰੇਲ ਲਾਈਨ ਵਿਛਾਉਣ ਲਈ ਵਰਤਿਆ।  ਇਸ ਸਬੰਧ ਚ ਇਹ ਵੀ ਦਲੀਲ ਦਿਤੀ ਜਾ ਸਕਦੀ ਹੈ ਕਿ  ਇਸ ਇਲਾਕੇ ਦੇ ਲੋਕ ਨਾ ਹੀ ਕਦੇ ਕੁਦਰਤ ਦੀ ਕਰੋਪੀ ਕਾਰਨ ਕਿਤੇ ਸਰਨਾਥੀ ਬਣ ਕੇ ਗਏ ਅਤੇ ਨਾ ਹੀ ਕੋਈ ਮਿਸਾਲ ਮਿਲਦੀ ਹੈ ਕਿ ਲੋਟੂ ਟੋਲੇ ਬਣਾ ਧਾੜਵੀ ਬਣ ਕੇ ਕਿਸੇ ਦੂਜੇ ਇਲਾਕੇ ਵੱਲ ਗਏ ਹੋਣ। 

(ਰਾਜਸੀ ਵਜਹ ਕਾਰਨ 1947 ਵਰਗੇ ਵੱਡੀ ਪੱਧਰ ਤੇ ਉਜਾੜੇ ਅਪਵਾਦ ਹਨ)। 

ਬੇਗਾਨਿਆ ਨਾਲ ਵੀ ਘੁਲ-ਮਿਲ ਜਾਣ ਦਾ ਸਭਿਆਚਾਰ ਇਸ ਇਲਾਕੇ ਦੇ ਲੋਕਾ ਦਾ ਨਿਆਰਾ ਪਹਿਲੂ ਹੈ । ਹਜ਼ਾਰਾਂ ਸਾਲ ਪਹਿਲਾ ਆਰੀਅਨ ਲੋਕਾਂ ਦੇ ਆਉਣ ਤੋਂ ਬਾਅਦ ਵੀ ਕਦੇ ਤੁਰਕ, ਗਰੀਕ, ਮੰਗੋਲ , ਅਰਬੀ ਅਤੇ ਬਲੋਚ ਲੋਕ ਇਥੇ ਆਏ।  ਇਹ ਲੋਕ ਕਦੇ ਕੁਦਰਤ ਦੇ ਮਾਰੇ ਪਨਾਹਗੀਰ ਬਣ ਕੇ ਆਏ ਅਤੇ ਕਦੇ ਧਾੜਵੀ ਬਣ ਕੇ ਲੁੱਟ-ਮਾਰ ਕਰਨ ਦੇ ਇਰਾਦੇ ਨਾਲ। 

ਉਨ੍ਹਾ ਵਿਚੋਂ ਬਹੁਤੇ ਲੋਕ ਇਥੇ ਹੀ ਵਸਣ ਲਗੇ ।  ਸਥਾਨਕ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਨਾਲ ਰਲਾ ਲਿਆ।

ਇਸ ਖੁਸ਼ਹਾਲੀ ਅਤੇ ਡਰ ਵਿੱਚੋਂ  ਉਪਜੀ ਮਾਨਸਿਕਤਾ ਨੇ ਧਾਰਮਿਕ ਅਤੇ ਡੇਰੇਵਾਦ ਵਾਸਤੇ ਜਰਖੇਜ ਜਮੀਨ  ਤਿਆਰ ਕਰ ਦਿੱਤੀ। 

ਵੈਦਿਕ ਕਾਲ ਤੋਂ ਸ਼ੁਰੂ ਹੋਏ ਸਨਾਤਨ ਧਰਮ ਨੂੰ ਮੰਨਣ ਵਾਲਿਆਂ ਨਾਲ ਪਹਿਲਾਂ ਬੋਧੀ-ਮੱਤ ਫਿਰ ਇਸਲਾਮ, ਸੂਫੀਮਤ ਵਿਚ ਦੀ ਹੁੰਦੇ ਹੋਏ ਸਿੱਖ ਧਰਮ ਨੇ  ਇਹ ਸਾਂਝ, ਖੁਲੀ ਸੋਚ ਅਤੇ ਇਨਸਾਨੀਅਤ  ਦੀ ਆਵਾਜ ਨੇ  ਸਾਂਝੇਦਾਰੀ ਵਾਲੇ ਸਭਿਆਚਾਰ ਨੂੰ ਇਸ ਖਿਤੇ ਦੀਆਂ ਵਿਸੇਸ਼ਤਾਈਆਂ  ਦਾ ਪ੍ਰਮੁੱਖ ਅੰਗ ਬਣਾ ਦਿੱਤਾ। 

ਇਸ ਦਾ ਦੂਜਾ ਪਾਸਾ ਸੁਕਰਾਨੇ ਵਾਲੀ ਮਾਨਸਿਕ ਪ੍ਰਵਿਰਤੀ ਨੇ ਪੰਜਾਬ ਵਿੱਚ ਅਨੇਕ ਡੇਰੇ ਪੈਦਾ ਕਰ ਲਏ।  ਅਜੋਕੀਆ ਰਾਜਨੀਤਕ ਹਾਲਾਤਾਂ ਵਿਚ ਇਹ ਡੇਰੇ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਰਾਜਨੀਤੀ ਲਈ ਵਰਤੇ ਜਾਣ ਲੱਗ ਪਏ ਹਨ। 

ਤੀਜੇ ਸਾਡੇ ਲੋਕਾਂ ਦੇ ਸੁਭਾਅ ਵਿੱਚ ਨਿਡਰਤਾ ਅਤੇ ਬਹਾਦਰ ਹੋਣਾ ਹੈ। ਇਹ ਪੰਜਾਬੀ ਲੋਕਾ ਵਲੋ ਧਾੜਵੀਆ ਨਾਲ ਲੋਹਾ ਲੈਣ ਦਾ ਨਤੀਜੇ ਦੀ ਦੇਣ ਹੈ । ਸਿੱਖ ਲਹਿਰ ਸਮੇ ਇਹ ਪੱਖ ਹੋਰ ਵੀ ਨਿਤਰ ਗਿਆ ਅਤੇ ਭਾਰਤ ਦੇ ਆਜ਼ਾਦੀ ਦੇ ਅੰਦੋਲਨ ਸਮੇ ਵੀ ਪੰਜਾਬ ਦੇ ਲੋਕਾਂ ਨੇ ਦੇਸ਼ ਭਗਤ ਸੂਰਮਿਆਂ ਦੀਆਂ ਕਤਾਰਾਂ ਬੰਨ ਦਿੱਤੀਆ। 

ਬੇਪ੍ਰਵਾਹ ਹੋਣਾ ਵੀ ਸਾਡੇ ਪਲੇ ਪਿਆ ਹੈ। ਸਾਇਦ ਇਸ ਦਾ ਇਕ ਕਾਰਨ  ਇਹ ਹੈ ਕੇ ਆਮ ਲੋਕ ਤਾਂ ਸਵੈ- ਨਿਰਭਰਤਾ ਵਾਲੇ ਪੇਂਡੂ ਸਮਾਜ ਵਿਚ ਰਹਿੰਦੇ ਸਨ ਅਤੇ ਮਹਿਲ ਮਾੜੀਆਂ ਤੇ  ਹਕੂਮਤਾਂ ਨਾਲ ਘਟ ਹੀ ਸੰਬੰਧਤ ਸਨ। 

ਹਕੂਮਤ ਅਤੇ ਸਰਦੇ ਪੁੱਜਦੇ ਧਾਰਮਿਕ ਸੰਸਥਾਨ ਅੰਦਰਲੀਆਂ ਸਾਜਿਸ਼ ਤੋ ਬੇਖਬਰ ਹੀ ਰਹਿੰਦੇ। 

ਤੰਗ ਨਜ਼ਰਿਆ ਅਤੇ ਕੱਟੜਤਾ ਸਾਡੀ ਪਸੰਦ ਨਹੀ । 

ਇਤਿਹਾਸ ਗਵਾਹ ਹੈ ਕਿ ਭਾਵੇ ਏਥੇ ਪਹਿਲਾਂ ਰੋਮਨ ਅਤੇ ਗਰੀਕ  ਜਾਂ ਉਸ ਤੋਂ ਬਾਅਦ ਮਿਸਰ ਤੇ ਮੰਗੋਲੀਆ ਦੇ ਫੌਜੀ ਟੋਲਿਆਂ ਨੇ ਕੁਝ ਸਮਾਂ ਰਾਜ ਕੀਤਾ ਨਾਲ ਪਰ ਉਹਨਾਂ ਦੀਆਂ ਸਲਤਨਤਾਂ ਬਹੁਤ ਦੇਰ ਤੱਕ ਨਹੀਂ ਟਿਕ ਸਕੀਆ ।

ਖਿਲਜੀ ਸਲਤਨਤ ਤੋਂ ਬਾਅਦ ਤੋਂ ਜਦੋ ਤੁਗਲਕ ਖਾਨਦਾਨ ਦਾ ਰਾਜ ਸਾਬਤ ਹੋਇਆ ਤਾ ਇਹ 1320 ਤੋ 1413 ਤੱਕ ਰਿਹਾ । ਇਸ ਦੀ ਵੱਡੀ ਵਜਹ ਸੀ ਕਿ ਆਪਣੀਆ ਰਾਜਨੀਤਕ ਸੇਵਾਵਾਂ ਵਿੱਚ ਗੈਰ ਮੁਸਲਿਮ ਲੋਕਾਂ ਨੂੰ ਵੀ ਸਾਮਿਲ ਕੀਤਾ, ਮੰਦਰ ਉਸਾਰਨ ਵਿੱਚ ਸਹਾਈ ਹੋਣ ਨਾਲ ਹੀ ਸਥਾਨਕ ਤਿਉਹਾਰਾਂ ਵਿੱਚ ਵੀ ਸਿਰਕਤ ਕਰਨ ਲੱਗ ਪਏ ਸਨ। 

ਇਹੋ ਪਰੰਪਰਾ ਬਾਦਸ਼ਾਹ ਅਕਬਰ ਸਮੇਂ ਚੱਲੀ ਤੇ ਲੰਬਾ ਸਮਾ ਰਾਜ ਕਰਨ ਵਾਲੇ ਉਸ ਖਾਨਦਾਨ ਦਾ  ਪਤਨ ਦਾ ਕਾਰਨ ਔਰੰਗਜ਼ੇਬ ਦੀ ਧਾਰਮਿਕ ਕੱਟੜਤਾ ਬਣੀ ।

ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸਭ ਧਰਮ ਮੰਨਣ ਵਾਲੇ ਸਾਮਿਲ ਸਨ । 

ਚੋਥੇ ਸਾਡੇ ਅੰਦਰ ਵਿਰੋਧੀ ਵਿਚਾਰਾਂ ਨੂੰ ਸਥਾਨ ਦੇਣ ਦੀ ਵਧੀਆ ਰਿਵਾਇਤ ਰਹੀ ਹੈ ।

ਪੰਜਾਬ ਦੇ ਕਵੀ ਬੁੱਲੇਸ਼ਾਹ ਵਰਗੇ ਸਿੱਧੇ ਸੁਆਲ ਖੜੇ ਕਰਦੇ ਰਹੇ। ਸੰਤ ਕਵੀ ਸ੍ਰੀ ਗੁਰੂ ਨਾਨਕ ਦੇਵ ਜੀ ਪੁਰਾਣੀਆ ਪ੍ਰੰਪਰਾਵਾ ਤੇ ਸਵਾਲ ਕਰਦੇ ਹਨ। ਮਾਨਵਤਾ ਦੇ ਏਕੇ ਤੋ ਵੀ ਉੱਪਰ ਸ੍ਰਿਸ਼ਟੀ ਨਾਲ ਜੋੜ ਦੇਣ ਵਾਲੇ ਸੰਦੇਸ਼ ਦਾ ਪ੍ਰਚਾਰ ਕਰਦੇ ਸਾਡੇ ਸੁਭਾਅ ਦਾ ਹਿੱਸਾ ਹਨ। ਔਰਤ ਜਾਤੀ ਦੀ ਇਜੱਤ ਕਰਨਾ ਵੀ ਉਹਨਾ ਸਿਖਾਈ। 

ਵਾਰਿਸ ਸ਼ਾਹ , ਪ੍ਰੇਮ ਦੀ ਕੋਮਲਤਾ ਸਿਖਾਉਣ ਵਾਲੇ ਵੀ ਸਾਡੇ ਹਨ। 

ਇਕ ਹੋਰ ਵੀ ਪਖ ਹੈ ਸਾਡੇ ਸੁਭਾਅ ਦਾ। ਗਲਤੀਆਂ ਨੂੰ ਭੁੱਲ ਜਾਣਦਾ ਮਾਫ ਕਰ ਦੇਣਦਾ ।

ਕਈ ਵਾਰ ਵਾਪਰਿਆ ਹੈ ਕਿ ਹਕੂਮਤ ਅਤੇ ਸਰਦੇ ਪੁੱਜਦੇ ਧਾਰਮਿਕ  ਸਮਾਜਿਕ ਸੰਗਠਨਾ ਵਿੱਚ ਬੈਠੇ ਅਤਿਦੇ ਅਭਿਲਾਸ਼ੀ ਲੋਕਾਂ ਨੇ  ਪੂਰੇ ਰਾਜ ਜਾਂ ਅਣਗਿਣਤ ਅਵਾਮ ਨੂੰ  ਆਪਣੀਆ ਲਾਲਸਾਵਾ ਦੀ ਪੂਰਤੀ ਲਈ ਭਿਆਨਕ ਯਾਤਨਾ ਭਰੀ ਖਾਈ ਚ ਸੁਟ ਦਿੱਤਾ। 

 ਅਸੀ ਕੁਝ ਸਮੇ ਬਾਅਦ ਹੀ ਉਨ੍ਹਾ ਦੇ ਇਸ ਗੁਨਾਹ ਤੋ ਬੇਖਬਰ ਹੋ ਅਖਾਂ ਮੀਟ ਲੈਂਦੇ ਹਾਂ ।

ਵੇਖਣ ਲਈ ਤਾਂ ਇਹ ਗੁਣ ਸਲਾਹੁਣਯੋਗ ਲੱਗਦਾ ਹੈ ਪਰ ਇਸ ਕਾਰਨ ਅਜਿਹੇ ਤੱਤਾ ਨੂੰ ਹੱਲਾਸ਼ੇਰੀ ਮਿਲਦੀ ਹੈ ਜੋ ਬਾਰਬਾਰ ਸਾਡੀ ਆਜ਼ਾਦੀ, ਖੁਸ਼ਹਾਲੀ ਅਤੇ ਤਰੱਕੀ ਦੇ ਰਾਹ ਵਿੱਚ ਆ ਖੜ੍ਹਦੇ ਹਨ। 

ਰਾਮਲੀਲਾ ਖੇਡਣ ਵਾਲੇ ਰਾਵਣ ਦੇ ਭਰਾ ਭਬੀਸ਼ਨ ਵੱਲੋਂ ਕੀਤੀ ਗਈ ਗਦਾਰੀ ਦਾ ਚੇਤਾ ਤਾਂ ਸਾਨੂੰ ਹਰ ਸਾਲ ਕਰਵਾ ਦਿੰਦੇ ਹਨ ਪ੍ਰੰਤੂ ਇਹ ਕਿਸ ਨੂੰ ਯਾਦ ਹੈ ਕਿ ਬਾਬਰ ਹਥੋਂ ਰਾਣਾ ਸਾਂਗਾ ਦੀ ਹਾਰ ਦਾ ਕਾਰਨ  ਉਸ ਦੇ ਇੱਕ ਹਿੰਦੂ ਜਰਨੈਲ ਸਿਲਹਦੀ  ਵੱਲੋਂ ਬਾਬਰ ਦੇ ਨਾਲ ਜਾ ਰਲਨਾ ਸੀ । ਇਬਰਾਹਿਮ ਲੋਧੀ ਦੀ ਸਲਤਨਤ ਵਿਰੁੱਧ ਉਸ ਦੇ ਆਪਣੇ ਚਾਚੇ ਅਲਾ ਉ ਦੀਨ ਨੇ ਬਾਬਰ ਨੂੰ ਸੱਦਾ ਭੇਜਿਆ ਸੀ। 

ਇਹ ਦੁੱਖਦਾਈ ਪਖ ਦਾ ਸ਼ਿਕਾਰ ਸਿੱਖ ਗੁਰੂ ਵੀ ਹੁੰਦੇ ਰਹੇ। ਕਈ ਵਾਰ ਪ੍ਰਬੰਧਕ ਬਣੇ ਲਾਲਚੀ ਮੰਹਤਾ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਸਿੱਖੀ ਲਹਿਰ ਨੂੰ  ਕੁਰਬਾਨੀਆਂ ਦੇ ਕੇ ਟਾਕਰੇ ਕਰਨੇ ਪਏ।  

ਸ਼ਾਹ ਮੁਹੰਮਦ ਅਨੁਮਾਰ ਮੁਦਕੀ ਦੀ ਜੰਗ ਸਮੇਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੂੰ ਹਾਰ ਦਾ ਮੂੰਹ ਵੀ ਲਾਲਚ ਵਿਚ ਆਏ ਜਰਨੈਲ ਸਦਕਾ ਵੇਖਣਾ ਪਿਆ ਸੀ ।

ਅਜੋਕੇ ਸਮੇ ਇਸ ਦੁੱਖਦਾਈ ਪੱਖ ਨੂੰ ਯਾਦ ਕਰਨ ਦੇ ਦੋ ਵੱਡੇ ਕਾਰਨ ਹਨ । 

ਇਕ ਤਾਂ ਕੇਂਦਰੀ ਹਕੂਮਤ ਵੱਲੋਂ ਕਈ ਰਾਜਨੀਤਕ ਆਗੂਆਂ ਦੀਆਂ ਇੱਛਾਵਾਂ ਅਤੇ ਲਾਲਚ ਜਾਂ ਉਨ੍ਹਾਂ ਨੂੰ ਕੇਂਦਰੀ ਏਜੰਸੀਆਂ ਦਾ ਡਰ ਦਿਖਾ ਕੇ ਗੋਆ  ਮਧਿਪ੍ਰਦੇਸ਼, ਕਰਨਾਟਕਾ ਅਤੇ ਮਹਾਰਾਸ਼ਟਰ ਵਿਚ ਹਕੂਮਤਾਂ ਉਲਟ ਪੁਲਟ ਕਰਨ ਦਾ ਸਿਲਸਿਲਾ ਸਾਡੇ ਸਾਹਮਣੇ ਚਲ ਰਿਹਾ ਹੈ । ਦੂਜੇ ਗੁਰਦੁਆਰਿਆਂ ਵਿੱਚ ਅੰਗਰੇਜ਼ੀ ਰਾਜ ਦੇ ਪਿੱਠੂਆਂ ਦੇ ਵਾਰਸ ਅੱਜਕਲ ਦੇਸ਼  ਅਤੇ ਸਿੱਖ ਧਰਮ ਵਿਰੁੱਧ ਆਪਨੇ ਪੁਰਖਿਆਂ ਵੱਲੋ ਕੀਤੇ  ਸਰਮਨਾਕ  ਕਾਰਿਆ ਨੂੰ ਦੇਸ ਅਤੇ ਸਿੱਖਾਂ  ਉਪਰ ਕੀਤੇ ਅਹਿਸਾਨ ਵਜੋ ਬਹੁਤ ਫਕਰ ਨਾਲ ਪੇਸ਼ ਕਰਨ ਚ  ਲੱਗ ਪਏ ਹਨ।  

ਬੇਸ਼ੱਕ ਪੰਜਾਬ ਅੰਦਰ ਰਾਜਨੀਤਕ ਪਾਰਟੀਆਂ ਦੇ ਧਿਆਨ ਵਿਚ ਰੱਖਣ ਵਾਸਤੇ ਹੋਰ ਵੀ ਅਨੇਕਾਂ ਬਹੁਤ ਸਾਰੇ ਪੱਖ ਹਨ ਪਰ ਉਹਨਾਂ ਨੂੰ ਪੰਜਾਬੀ ਲੋਕਾਂ ਦੇ ਸੁਭਾਅ ਨੂੰ ਸਮਝਣਾ ਅਤੇ ਇਸ ਵਿੱਚ ਆ ਰਹੇ ਪਰਿਵਰਤਨਾ ਨੂੰ ਜਾਨਣਾ ਵੀ ਅਤਿ ਜ਼ਰੂਰੀ ਹੈ। 

ਰਮੇਸ਼ ਰਤਨ 

98142 73870

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

No comments: