ਪਹਿਲਾਂ ਵੀ ਕਈਆਂ 'ਤੇ ਲੱਗਦੇ ਰਹੇ ਬਹੁਤ ਸਾਰੇ ਗੰਭੀਰ ਦੋਸ਼
![]() |
| ਇਤਿਹਾਸ ਅਤੇ ਮੌਜੂਦਾ ਦੌਰ ਦੀ ਝਲਕ ਦਿਖਾਉਂਦੀਆਂ ਇਹ ਤਸਵੀਰਾਂ |
ਲੁਧਿਆਣਾ: 23 ਅਗਸਤ 2022: (ਪੰਜਾਬ ਸਕਰੀਨ ਡੈਸਕ)::
ਇਸ ਵੀਡੀਓ ਨੂੰ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ
ਕਾਂਗਰਸ ਪਾਰਟੀ ਦੇ ਵਰਕਰ ਇੱਕ ਵਾਰ ਫੇਰ ਮੈਦਾਨ ਵਿਚ ਹਨ। ਜੇਲ੍ਹਾਂ ਭਰਨ ਦੀਆਂ ਗੱਲਾਂ ਵੀ ਕਰ ਰਹੇ ਹਨ। ਰੋਸ ਮੁਜ਼ਾਹਰੇ ਵੀ ਕਰ ਰਹੇ ਹਨ। ਨਾਅਰੇ ਵੀ ਜੋਸ਼ੋ ਖਰੋਸ਼ ਨਾਲ ਲੈ ਰਹੇ ਹਨ। ਕਾਂਗਰਸ ਪਾਰਟੀ ਵਾਲਿਆਂ ਦਾ ਮਨੋਬਲ ਕਮਜ਼ੋਰ ਨਹੀਂ ਹੋਇਆ ਸਗੋਂ ਵਧੀਆ ਹੋਇਆ ਹੈ।
ਇਤਿਹਾਸ ਗਵਾਹ ਹੈ ਕਿ ਜਦੋਂ ਜਦੋਂ ਵੀ ਕਿਸੇ ਨੇ ਕਿਸੇ ਤੇ ਸਖਤੀ ਕੀਤੀ ਹੈ ਤਾਂ ਉਸ ਸਖਤੀ ਦਾ ਸ਼ਿਕਾਰ ਹੋਈ ਧਿਰ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੋ ਕੇ ਨਿਕਲੀ ਹੈ। ਸਮੇਂ ਦੀਆਂ ਸਖਤੀਆਂ ਹਮੇਸ਼ਾਂ ਨਿਖਾਰ ਹੀ ਲਿਆਉਂਦੀਆਂ ਰਹੀਆਂ ਹਨ। ਜਾਪਦਾ ਹੈ ਕਿ ਹੁਣ ਕਾਂਗਰਸ ਵੀ ਪਹਿਲਾਂ ਨਾਲੋਂ ਤਗੜੀ ਹੋ ਕੇ ਨਿਕਲਣ ਦੀਆਂ ਤਿਆਰੀਆਂ ਵਿਚ ਹੈ। ਕਾਂਗਰਸ ਦੇ ਵਰਕਰਾਂ ਅਤੇ ਲੀਡਰਾਂ ਵਿਚ ਨਿਖਾਰ ਆ ਰਿਹਾ ਹੈ। ਉਹਨਾਂ ਦੀ ਨਾਅਰੇਬਾਜ਼ੀ ਦੱਸਦੀ ਹੈ ਕਿ ਉਹ ਆਰ ਪਾਰ ਦੀ ਲੜਾਈ ਦਾ ਮਨ ਬਣਾ ਚੁੱਕੇ ਹਨ। ਉਹਨਾਂ ਦਾ ਜੋਸ਼ ਅਤੇ ਉਤਸ਼ਾਹ ਦੱਸਦਾ ਹੈ ਕਿ ਉਹ ਹੁਣ ਵੀ ਓਹ ਮੈਦਾਨ ਛੱਡ ਕੇ ਦੌੜਨ ਵਾਲੇ ਨਹੀਂ ਹਨ।
ਕਾਂਗਰਸ ਨੇ ਪਹਿਲਾਂ ਵੀ ਬਹੁਤ ਸਾਰੀਆਂ ਸਖਤੀਆਂ ਦਾ ਸਾਹਮਣਾ ਕੀਤਾ ਹੈ। ਸ਼੍ਰੀਮਤੀ ਇੰਦਰਾ ਗਾਂਧੀ ਦੇ ਵੇਲਿਆਂ ਦੀਆਂ ਗੱਲਾਂ ਤਾਂ ਸਭਨਾਂ ਨੂੰ ਯਾਦ ਹੀ ਹੋਣਗੀਆਂ।
ਕਾਂਗਰਸ ਪਾਰਟੀ ਦੇ ਬਹੁਤ ਸਾਰੇ ਆਗੂ ਅਤੇ ਵਰਕਰ ਅਜਕਲ ਦੂਜਿਆਂ ਪਾਰਟੀਆਂ ਵਿਚ ਜਾ ਚੁੱਕੇ ਹਨ। ਇਹ ਦਲਬਦਲੀ ਅੱਜ ਕੱਲ੍ਹ ਸਾਡੀ ਸਿਆਸਤ ਦਾ ਅੰਗ ਬਣ ਚੁੱਕੀ ਹੈ। ਸੱਤਾ ਧਿਰ ਨਾਲ ਰਹਿਣ ਦਾ ਬਹੁਤ ਸਾਰੇ ਫਾਇਦੇ ਹੁੰਦੇ ਹਨ ਅਤੇ ਸਿਧਾਂਤਕ ਪਾਰਟੀਆਂ ਨਾਲ ਪ੍ਰਤੀਬੱਧਤਾ ਵਾਲਿਆਂ ਨੂੰ ਖੱਜਲ ਖੁਆਰੀ ਵੀ ਹੁੰਦੀ ਹੈ। ਕਾਂਗਰਸ ਪਾਰਟੀ ਦੇ ਜਿਹੜੇ ਆਗੂ ਅਤੇ ਵਰਕਰ ਲੁਧਿਆਣਾ ਵਾਲੇ ਧਰਨੇ ਵਿਚ ਸ਼ਾਮਿਲ ਹੋਏ ਅਤੇ ਚੰਡੀਗੜ੍ਹ ਵਰਗੀਆਂ ਥਾਂਵਾਂ ਤੇ ਵੀ ਪਹੁੰਚਦੇ ਹਨ ਉਹਨਾਂ ਨੇ ਸੰਕਟ ਦੀ ਇਸ ਘੜੀ ਵਿੱਚ ਪਾਰਟੀ ਛੱਡਣੀ ਮੁਨਾਸਿਬ ਨਹੀਂ ਸਮਝੀ। ਉਹ ਕਾਂਗਰਸ ਨੂੰ ਹੀ ਸਮਰਪਿਤ ਹਨ।
ਇਹਨਾਂ ਵਿੱਚੋਂ ਤਾਂ ਕਈ ਅਜਿਹੀਆਂ ਹਨ ਜਿਹੜੀਆਂ ਸਵਰਗੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਤੋਂ ਪ੍ਰਭਾਵਿਤ ਰਹੀਆਂ। ਸ਼੍ਰੀਮਤੀ ਗਾਂਧੀ ਨੂੰ ਜਦੋਂ ਹਰ ਰੋਜ਼ ਸ਼ਾਹ ਕਮਿਸ਼ਨ ਅੱਗੇ ਬੁਲਾਉਣ ਦਾ ਸਿਲਸਿਲਾ ਸ਼ੁਰੂ ਹੋਇਆ ਤਾਂ ਸਕੂਲਾਂ/ਕਾਲਜਾਂ ਵਿਚ ਪੜ੍ਹਦੀਆਂ ਇਹਨਾਂ ਛੋਟੀ ਉਮਰ ਵਾਲਿਆਂ ਕੁੜੀਆਂ ਨੇ ਉਦੋਂ ਵਰਤ ਰੱਖਣੇ ਸ਼ੁਰੂ ਕੀਤੇ। ਕਿਸੇ ਨੇ ਪੂਰੇ ਦਿਨ ਦਾ ਕਿਸੇ ਨੇ ਅੱਧੇ ਦਿਨ ਦਾ। ਮੰਦਰਾਂ ਅਤੇ ਗੁਰਦੁਆਰਿਆਂ ਚ ਅਰਦਾਸਾਂ ਕੀਤੀਆਂ ਜਾਂਦੀਆਂ।
ਇਹਨਾਂ ਸੰਸਕਾਰਾਂ ਅਤੇ ਪ੍ਰਭਾਵਾਂ ਵਿਚ ਵੱਡੀਆਂ ਹੋਈਆਂ ਇਹਨਾਂ ਕੁੜੀਆਂ ਨੇ ਆਪਣੇ ਵਿਆਹ ਵੀ ਕਾਂਗਰਸੀ ਪਰਿਵਾਰਾਂ ਵਿਚ ਕਰਵਾਏ। ਜਦੋਂ ਪਰਿਵਾਰ ਵਧੀਆ ਤਾਂ ਬੱਚਿਆਂ ਨੂੰ ਵੀ ਇਹੀ ਭਾਵਨਾਵਾਂ ਦਿੱਤੀਆਂ। ਹੁਣ ਉਹਨਾਂ ਬੱਚਿਆਂ ਦੀਆਂ ਬੱਚੀਆਂ, ਦੋਹਟਰੀਆਂ ਅਤੇ ਪੋਤਰੀਆਂ ਵੀ ਜੁਆਨ ਹਨ। ਉਹ ਵੀ ਕਾਂਗਰਸ ਦੇ ਨਾਲ ਹਨ। ਜੁਮਲੇਬਾਜ਼ੀ ਅਤੇ ਅੱਛੇ ਦਿਨਾਂ ਦੇ ਵਾਅਦਿਆਂ ਨੇ ਉਹਨਾਂ ਨੂੰ ਕਾਂਗਰਸ ਦੇ ਹੋਰ ਨੇੜੇ ਲਿਆਂਦਾ ਹੈ।
ਚਲੋ ਕੁਝ ਹੋਰ ਪਿਛੇ ਚੱਲਦੇ ਹਾਂ। ਐਮਰਜੰਸੀ ਨੂੰ ਇੰਦਰਗਾਂਧੀ ਦੀ ਬਹੁਤ ਵੱਡੀ ਗਲਤੀ ਵੱਜੋਂ ਪ੍ਰਚਾਰਿਆ ਜਾਂਦਾ ਹੈ ਜਦਕਿ ਆਮ ਲੋਕਾਂ ਨੂੰ ਇਸਦੇ ਕੁਝ ਫਾਇਦੇ ਵੀ ਹੋਏ ਸਨ। ਐਮਰਜੰਸੀ ਵਿਚ ਹੋਈਆਂ ਵਧੀਕੀਆਂ ਦੇ ਸਿੱਟੇ ਵੱਜੋਂ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਸੱਤਾ ਤੋਂ ਹੱਥ ਧੋਣਾ ਪਿਆ। ਮੋਰਾਰਜੀ ਡਿਸਾਈ ਦੇਸ਼ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨਮੰਤਰੀ ਬਣੇ। ਚੌਧਰੀ ਚਰਨ ਸਿੰਘ ਕੇਂਦਰੀ ਗ੍ਰਹਿ ਮੰਤਰੀ ਬਣੇ। ਇਹ ਦੋਵੇਂ ਲੀਡਰ ਵੀ ਚਾਹੁੰਦੇ ਸਨ ਕਿ ਸ਼੍ਰੀਮਤੀ ਗਾਂਧੀ ਨੂੰ ਜਲਦੀ ਤੋਂ ਜਲਦੀ ਜੇਲ੍ਹ ਭੇਜਿਆ ਜਾਵੇ। ਜਦੋਂ ਐਮਰਜੰਸੀ ਹਟਾਉਣ ਮਗਰੋਂ ਸ਼੍ਰੀਮਤੀ ਗਾਂਧੀ ਨੇ ਖੁਦ ਹੀ ਚੋਣਾਂ ਕਾਰਵਾਈਆਂ ਤਾਂ ਉਹਨਾਂ ਚੋਣਾਂ ਵਿਚ ਕਾਂਗਰਸ ਨੂੰ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਜਨਤਾ ਪਾਰਟੀ ਦੀ ਨਵੀਂ ਸਰਕਾਰ ਹੋਂਦ ਵਿਚ ਆ ਚੁੱਕੀ ਸੀ।
ਸਰਕਾਰ ਬਣਦਿਆਂ ਹੀ ਚੌਧਰੀ ਚਰਨ ਸਿੰਘ ਇੰਦਰਾ ਗਾਂਧੀ ਨੂੰ ਜੇਲ੍ਹ ਭੇਜਣਾ ਚਾਹੁੰਦੇ ਸਨ। ਉਸ ਸਮੇਂ ਵੀ ਇਸ ਮਕਸਦ ਲਈ ਬਾਕਾਇਦਾ ਇੱਕ ਜਨਮਾਨਸ ਦੀ ਭਾਵਨਾ ਵੀ ਤਿਆਰ ਕੀਤੀ ਗਈ। ਉਦੋਂ ਇਹੀ ਲੱਗਦਾ ਸੀ ਕਿ ਸਭ ਤੋਂ ਜ਼ਰੂਰੀ ਹੈ ਇੰਦਰਾ ਗਾਂਧੀ ਨੂੰ ਜੇਲ੍ਹ ਭੇਜਣਾ। ਮੈਡਮ ਇੰਦਰਾ ਗਾਂਧੀ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ ਅਤੇ ਇਸ ਨੂੰ ਸਾਬਤ ਕਰਨ ਲਈ ਬਾਕਾਇਦਾ ਸ਼ਾਹ ਕਮਿਸ਼ਨ ਦਾ ਗਠਨ ਵੀ ਕੀਤਾ ਗਿਆ।
ਇਸ ਕਮਿਸ਼ਨ ਨੂੰ ਐਮਰਜੈਂਸੀ ਦੌਰਾਨ ਹੋਈਆਂ ਵਧੀਕੀਆਂ ਦੀ ਜਾਂਚ ਦਾ ਕੰਮ ਸੌਂਪਿਆ ਗਿਆ ਸੀ। ਇਸ ਬਾਰੇ ਹਰ ਰੋਜ਼ ਕੰਮ ਹੋਇਆ ਅਤੇ 3 ਅਕਤੂਬਰ 1977 ਨੂੰ ਸੀ.ਬੀ.ਆਈ. ਦੇ ਅਧਿਕਾਰੀ ਇੰਦਰਾ ਗਾਂਧੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕਰਨ ਲਈ ਉਹਨਾਂ ਦੇ ਘਰ ਪਹੁੰਚੇ ਅਤੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਇਹ ਇੱਕ ਇਤਿਹਾਸਿਕ ਮੌਕਾ ਸੀ। ਅਤੀਤ ਵਿਚ ਕਾਂਗਰਸ ਨੇ ਬਹੁਤ ਵੱਡਿਆਂ ਸਖਤੀਆਂ ਵੀ ਸਹੀਆਂ ਹਨ।
ਸ਼੍ਰੀਮਤੀ ਗਾਂਧੀ ਨੂੰ ਰਾਤ ਭਰ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਦੂਜੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ 'ਤੇ ਚੋਣ ਪ੍ਰਚਾਰ ਦੌਰਾਨ ਜੀਪਾਂ ਦੀ ਖਰੀਦ 'ਚ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸਨ। ਉਨ੍ਹਾਂ 'ਤੇ ਦੋਸ਼ ਸੀ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਲਈ ਜੋ ਜੀਪਾਂ ਖਰੀਦੀਆਂ ਸਨ, ਉਹ ਕਾਂਗਰਸ ਦੇ ਪੈਸੇ ਨਾਲ ਨਹੀਂ, ਸਗੋਂ ਸਰਕਾਰੀ ਪੈਸੇ ਨਾਲ ਖਰੀਦੀਆਂ ਗਈਆਂ ਸਨ। ਹਾਲਾਂਕਿ ਇਸ ਮਾਮਲੇ 'ਚ ਅਗਲੇ ਹੀ ਦਿਨ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
ਦੂਜੇ ਪਾਸੇ ਸ਼ਾਹ ਕਮਿਸ਼ਨ ਆਪਣੀ ਜਾਂਚ ਕਰ ਰਿਹਾ ਸੀ। ਸ਼ਾਹ ਕਮਿਸ਼ਨ ਦੀ ਮੀਟਿੰਗ ਪਟਿਆਲਾ ਕੋਰਟ ਵਿੱਚ ਹੁੰਦੀ। ਕਮਿਸ਼ਨ ਦੇ ਸਾਹਮਣੇ ਗਵਾਹੀ ਦੇਣ ਵਾਲੇ ਜ਼ਿਆਦਾਤਰ ਲੋਕਾਂ ਨੇ ਕਿਹਾ ਸੀ ਕਿ ਐਮਰਜੈਂਸੀ ਲਈ ਜੇਕਰ ਕੋਈ ਜ਼ਿੰਮੇਵਾਰ ਹੈ ਤਾਂ ਉਹ ਇੰਦਰਾ ਗਾਂਧੀ ਹੈ। ਸ਼ਾਹ ਕਮਿਸ਼ਨ ਨੇ ਸੰਮਨ ਜਾਰੀ ਕਰਕੇ ਇੰਦਰਾ ਗਾਂਧੀ ਨੂੰ 9 ਜਨਵਰੀ 1978 ਨੂੰ ਕਮਿਸ਼ਨ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ। ਇੰਦਰਾ ਗਾਂਧੀ ਕਮਿਸ਼ਨ ਅੱਗੇ ਗਈ, ਪਰ ਕੋਈ ਬਿਆਨ ਨਹੀਂ ਦਿੱਤਾ।
ਇਸ ਦੇ ਨਾਲ ਹੀ ਇੰਦਰਾ ਗਾਂਧੀ ਵੀ ਕਰਨਾਟਕ ਦੇ ਚਿਕਮਗਲੂਰ ਤੋਂ ਲੋਕ ਸਭਾ ਉਪ ਚੋਣ ਜਿੱਤ ਕੇ ਇੱਕ ਵਾਰ ਫਿਰ ਸ਼ਾਨ ਨਾਲ ਸੰਸਦ ਵਿੱਚ ਪਹੁੰਚੀ। ਇਹ ਉਸ ਦੌਰ ਵਿਚ ਇੱਕ ਬਹੁਤ ਵੱਡੀ ਪ੍ਰਾਪਤੀ ਸੀ ਪਾਰ ਕਈ ਵਾਰ ਜਿੱਤ ਕੇ ਵੀ ਹਾਰ ਹੀ ਮਿਲਦੀ ਹੈ। ਇਸ ਦੇ ਨਾਲ ਹੀ ਸੰਸਦ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਰਿਪੋਰਟ ਸਦਨ ਵਿੱਚ ਰੱਖੀ, ਜਿਸ ਵਿੱਚ ਕਿਹਾ ਗਿਆ ਕਿ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਇਸ ਤੋਂ ਬਾਅਦ ਜਨਤਾ ਸਰਕਾਰ ਨੇ ਇੰਦਰਾ ਗਾਂਧੀ ਦੀ ਪਾਰਲੀਮੈਂਟ ਦੀ ਮੈਂਬਰਸ਼ਿਪ ਖਤਮ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜਣ ਦਾ ਮਤਾ ਪਾਸ ਕਰ ਦਿੱਤਾ। ਇਸ ਤੋਂ ਬਾਅਦ ਇੰਦਰਾ ਗਾਂਧੀ ਨੂੰ ਇੱਕ ਵਾਰ ਫਿਰ 19 ਦਸੰਬਰ 1978 ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਸੀਬੀਆਈ ਅਧਿਕਾਰੀਆਂ ਨੇ ਸੰਸਦ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਸੀ। ਇਸ ਸਮੇਂ ਉਹ ਇੱਕ ਹਫ਼ਤਾ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰਹੀ। ਇਹ ਵੀ ਉਹਨਾਂ ਸਖਤੀਆਂ ਵਿੱਚੋਂ ਇੱਕ ਹੈ ਜਿਹਨਾਂ ਦਾ ਸਾਹਮਣਾ ਕਾਂਗਰਸ ਪਾਰਟੀ ਨੇ ਕੀਤਾ।
ਫਿਰ ਇਹ ਦੌਰ ਵੀ ਗੁਜ਼ਰ ਗਿਆ। ਸੰਨ 1978 ਵਿੱਚ ਟੀਵੀ ਆਈ ਨਾਲ ਇੱਕ ਇੰਟਰਵਿਊ ਵਿੱਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਇੱਕ ਸੁਆਲ ਦਾ ਜਵਾਬ ਦਿੱਤਾ ਕਿ ਅਸਲ ਵਿਚ ਸ਼ਾਹ ਕਮਿਸ਼ਨ ਪੱਖਪਾਤੀ ਸੀ ਅਤੇ ਇਸ ਦੀਆਂ ਲੱਭਤਾਂ ਝੂਠੀਆਂ ਸਨ। ਨਾਲ ਹੀ ਮੈਡਮ ਗਾਂਧੀ ਨੇ ਇਹ ਵੀ ਸਪਸ਼ਟ ਕੀਤਾ ਕਿ ਜਸਟਿਸ ਸ਼ਾਹ ਪਹਿਲਾਂ ਹੀ ਬੈਂਕਾਂ ਦੇ ਰਾਸ਼ਟਰੀਕਰਨ ਸਮੇਤ ਉਸਦੀ ਸਰਕਾਰ ਦੀਆਂ ਕਈ ਨੀਤੀਆਂ ਦੇ ਵਿਰੁੱਧ ਬੋਲ ਚੁੱਕੇ ਹਨ, ਅਤੇ ਉਸਦੀ ਸਮਝੀ ਅਧਿਕਾਰਤਤਾ ਬਾਰੇ ਬਹੁਤ ਸਾਰੀ ਜਾਣਕਾਰੀ ਝੂਠੀ ਸੀ। ਉਸਨੇ ਇਹ ਵੀ ਦਾਅਵਾ ਕੀਤਾ ਕਿ ਭਾਰਤ ਦੇ ਅੰਦਰੋਂ ਅਤੇ ਬਾਹਰੀ ਏਜੰਸੀਆਂ ਤੋਂ ਅਸਥਿਰਤਾ ਦੇ ਖ਼ਤਰੇ ਦੇ ਸਪੱਸ਼ਟ ਸਬੂਤ ਮਿਲੇ ਸਨ, ਜਿਸ ਕਾਰਨ ਉਸਨੂੰ ਐਮਰਜੈਂਸੀ ਲਾਗੂ ਕਰਨ ਦੀ ਇਜਾਜ਼ਤ ਮੰਗਣ ਲਈ ਰਾਸ਼ਟਰਪਤੀ ਨੂੰ ਚਿੱਠੀ ਲਿਖਣੀ ਪਈ।
ਇਹ ਗੱਲ ਨਹੀਂ ਕਿ ਐਮਰਜੰਸੀ ਵਿਚ ਵਧੀਕੀਆਂ ਨਹੀਂ ਹੋਈਆਂ। ਇਹਨਾਂ ਵਧੀਕੀਆਂ ਬਾਰੇ ਇੱਕ ਵੱਖਰੀ ਪੋਸਟ ਵੀ ਜ਼ਰੂਰੀ ਹੈ। ਪਰ ਇਹਨਾਂ ਵਧੀਕੀਆਂ ਦੀ ਚਰਚਾ ਕਰਦਿਆਂ ਮੌਜੂਦਾ ਦੌਰ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਇਹਨਾਂ ਵਧੀਕੀਆਂ ਦੀ ਚਰਚਾ ਕਰਦਿਆਂ ਕਾਂਗਰਸ ਪਾਰਟੀ ਦੇ ਉਹਨਾਂ ਆਗੂਆਂ ਅਤੇ ਵਰਕਰਾਂ ਦੀ ਦਲੇਰੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਹੜੇ ਉਸ ਵੇਲੇ ਵੀ ਪਾਰਟੀ ਦੇ ਨਾਲ ਖੜੋਤੇ ਰਹੇ।
ਇਸਦੇ ਬਾਵਜੂਦ ਐਮਰਜੰਸੀ ਤੋਂ ਬਾਅਦ ਸ਼੍ਰੀਮਤੀ ਇੰਦਰਾ ਗਾਂਧੀ ਨੇ ਸਖਤੀਆਂ ਦਾ ਸਾਹਮਣਾ ਬਹਾਦਰੀ ਨਾਲ ਕਰਨ ਵਾਲਾ ਇਤਿਹਾਸ ਰਚਿਆ। ਇਸ ਇਤਿਹਾਸ ਨੇ ਹੀ ਕਾਂਗਰਸ ਪਾਰਟੀ ਅਤੇ ਸ਼੍ਰੀਮਤੀ ਇੰਦਰਾ ਗਾਂਧੀ ਦੀ ਸ਼ਖ਼ਸੀਅਤ ਨੂੰ ਹੋਰ ਮਜ਼ਬੂਤ ਸ਼ਖਸੀਅਤ ਵੱਜੋਂ ਉਭਾਰਿਆ। ਦੁਰਗਾ, ਆਇਰਨ ਲੇਡੀ ਅਤੇ ਹੋਰ ਬੜੇ ਸਨਮਾਨਜਨਕ ਵਿਸ਼ੇਸ਼ਣ ਸ਼੍ਰੀਮਤੀ ਗਾਂਧੀ ਲਈ ਵਰਤੇ ਜਾਂਦੇ ਰਹੇ। ਇਸ ਸਭ ਕੁਝ ਵਿਚ ਜਨਤਾ ਸਰਕਾਰ ਵੱਲੋਂ ਕੀਤੀਆਂ ਜਾਂਦੀਆਂ ਸਖਤੀਆਂ ਦਾ ਅਸਰ ਹੀ ਕੰਮ ਕਰਦਾ ਲੱਗਦਾ ਹੈ। ਮੈਡਮ ਇੰਦਰਾ ਗਾਂਧੀ ਆਮ ਲੋਕਾਂ ਦੇ ਹੋਰ ਨੇੜੇ ਹੋ ਗਈ। ਸੰਘਰਸ਼ ਦੀਆਂ ਜਿਹੜੀਆਂ ਲਕੀਰਾਂ ਉਹਨਾਂ ਇੱਕ ਪ੍ਰਧਾਨਮੰਤਰੀ ਵੱਜੋਂ ਖਿੱਚੀਆਂ ਉਹ ਅੱਜ ਵੀ ਬਹੁਤ ਗੂਹੜੀਆਂ ਹਨ। ਉਹਨਾਂ ਤੋਂ ਲੰਮੀ ਲਕੀਰ ਖਿੱਚਣੀ ਕੋਈ ਆਸਾਨ ਕੰਮ ਨਹੀਂ। ਇਹਨਾਂ ਲਕੀਰਾਂ ਨੇ ਹੀ ਲਿਖੀ ਹੋਈ ਹੈ ਕਾਂਗਰਸ ਪਾਰਟੀ ਦੀ ਕਿਸਮਤ ਜਿਹੜੀ ਅਜੋਕੀ ਸਥਿਤੀ ਵਿਚ ਰੌਸ਼ਨ ਭਵਿੱਖ ਦੀ ਗੱਲ ਕਰਦੀ ਹੈ।

No comments:
Post a Comment