Wednesday 17th August 2022 at 05:48 PM
ਸਿੱਖ ਹਲਕਿਆਂ ਵਿੱਚ ਇੱਕ ਵਾਰ ਫੇਰ ਰੋਸ ਦੀ ਤਿੱਖੀ ਲਹਿਰ
ਨਵੀਂ ਦਿੱਲੀ: 17 ਅਗਸਤ 2022: (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਸਿੱਖ ਕੌਮ ਨਾਲ ਬਾਰ ਬਾਰ ਧੱਕੇਸ਼ਾਹੀ ਕਰਦਿਆਂ ਉਸਨੂੰ ਦੂਜੇ ਦਰਜੇ ਦੇ ਸ਼ਹਿਰੀ ਹੋਣ ਦਾ ਅਹਿਸਾਸ ਦੇਸ਼ ਦੀ ਆਜ਼ਾਦੀ ਦੇ 75 ਸਾਲ ਹੋਣ ਮਗਰੋਂ ਹਾਲੇ ਵੀ ਅਕਸਰ ਕਰਵਾਇਆ ਜਾ ਰਿਹਾ ਹੈ। ਦਿੱਲੀ ਸਰਕਾਰ ਦੀ ਦਵਾਰਕਾ ਸਥਿਤ 'ਨੇਤਾ ਜੀ ਸੁਭਾਸ਼ ਯੂਨੀਵਰਸਿਟੀ ਆਫ ਟੈਕਨਾਲੋਜੀ' ਵਿਖੇ ਅੱਜ ਸੀਯੂਈਟੀ (CUET) ਪ੍ਰੀਖਿਆ ਦੌਰਾਨ ਸਿੱਖ ਬੱਚਿਆਂ ਦੇ ਕੜੇ ਉਤਰਵਾਉਣ ਦੀ ਖ਼ਬਰ ਮਿਲੀ ਹੈ। ਪੇਪਰ ਦੇਣ ਗਏ ਇੱਕ ਗੁਰਸਿੱਖ ਬੱਚੇ ਦੇ ਪਿਤਾ ਨੇ ਬੜੇ ਦੁਖੀ ਹਿਰਦੇ ਨਾਲ ਆਪਣੀ ਬੇਟੀ ਦਾ ਕੜਾ ਉਤਾਰ ਕੇ ਉਸ ਨੂੰ ਪ੍ਰੀਖਿਆ ਕੇਂਦਰ ਵਿੱਚ ਅੰਦਰ ਭੇਜਣ ਤੋਂ ਬਾਅਦ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ। ਉਨ੍ਹਾਂ ਦਸਿਆ ਕਿ ਜਿਹੜੇ ਸਿੱਖ ਬੱਚੇ ਆਪਣੇ ਮਾਂ-ਪਿਓ ਦੇ ਨਾਲ ਪ੍ਰੀਖਿਆਂ ਦੇਣ ਆਏ ਸਨ, ਉਨ੍ਹਾਂ ਦੇ ਕੜੇ ਤਾਂ ਮਾਤਾ-ਪਿਤਾ ਨੇ ਸੰਭਾਲ ਲਏ। ਪਰ ਜਿਹੜੇ ਬੱਚੇ ਇਕੱਲੇ ਆਏ ਸਨ, ਉਹ ਬਾਹਰ ਆਪਣੇ ਕੜੇ ਰੱਖ ਕੇ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਗਏ। ਇਕ ਪਾਸੇ ਦਿੱਲੀ ਕਮੇਟੀ ਨੇ ਬੀਤੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਹਾਈ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਸਿੱਖ ਕੌਮ ਦੇ ਕਕਾਰ ਉਨ੍ਹਾਂ ਦੇ ਮੌਲਿਕ ਹੱਕ ਹਨ ਤੇ ਉਨ੍ਹਾਂ ਨੂੰ ਦੇਸ਼ ਅੰਦਰ ਨਹੀਂ ਉਤਰਵਾਇਆ ਜਾ ਸਕਦਾ ਹੈ, ਹੁਣ ਫਿਰ ਇਹ ਘਟਨਾ ਵਾਪਰ ਗਈ ਹੈ ਤੇ ਇਸਤੇ ਕਮੇਟੀ ਪ੍ਰਬੰਧਕਾਂ ਨੂੰ ਜੁਆਬ ਦੇਣਾ ਚਾਹੀਦਾ ਹੈ ਤੇ ਨਾਲ ਹੀ ਸੀਯੂਈਟੀ ਨੂੰ ਇਸ ਮਾਮਲੇ ਅੰਦਰ ਅਦਾਲਤੀ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ ਅੰਦਰ ਕਾਨੂੰਨੀ ਕਾਰਵਾਈ ਕਰਣੀ ਚਾਹੀਦੀ ਹੈ।

No comments:
Post a Comment