Friday, July 15, 2022

ਸਿਵਲ ਹਸਪਤਾਲ ਵਿਚ ਕਤਲ ਕਰਨ ਵਾਲਿਆਂ ਤੇ ਪੁਲਿਸ ਦੀ ਤ੍ਰਿਛੀ ਨਜ਼ਰ

ਦੋ ਕਾਬੂ ਪੰਜ ਅਜੇ ਫਰਾਰ--ਛੇਤੀ ਆ ਜਾਣਗੇ ਸ਼ਿਕੰਜੇ ਵਿੱਚ 


ਲੁਧਿਆਣਾ
: 16 ਜੁਲਾਈ 2022: (ਪੰਜਾਬ ਸਕਰੀਨ ਡੈਸਕ)::

ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ
ਬੜੀ ਹੀ ਬੇਖੌਫ਼ੀ ਨਾਲ ਆ ਕੇ ਕਤਲ ਕਰਨ ਵਾਲਿਆਂ ਦੇ ਪੂਰੇ ਟੋਲੇ ਨੂੰ ਕਾਬੂ  ਪੁਲਿਸ  ਪੂਰੀ ਤਰ੍ਹਾਂ ਸਰਗਰਮ ਹੈ। ਦੋ ਗ੍ਰਿਫਤਾਰੀਆਂ ਹੋ ਵੀ ਗਈਆਂ ਹਨ ਅਤੇ ਬਾਕੀ ਪੰਜਾਂ  ਦੀ ਭਾਲ ਵੀ ਜਾਰੀ ਹੈ ਪਰ ਅਸਲ ਵਿਚ ਇਹ ਕੁਝ ਸਿਵਲ ਹਸਪਤਾਲ ਵਿਚ ਨਵਾਂ ਨਹੀਂ ਹੈ। ਇਥੋਂ ਦੀ ਪੁਲਿਸ ਚੌਂਕੀ ਦੀਆਂ ਪਤਾ ਨਹੀਂ ਕੀ  ਮਜਬੂਰੀਆਂ ਹਨ ਕਿ ਇਥੇ ਜੁਰਮ ਕਰਨ ਵਾਲਿਆਂ 'ਤੇ ਪੁਲਿਸ ਦਾ ਕੋਈ ਖੌਫ ਹੀ ਨਹੀਂ। ਇਥੋਂ ਦੀ ਪਾਰਕਿੰਗ ਵਾਲੇ ਨੂੰ ਵੀ  ਆਪਣੀ ਹਿਫਾਜ਼ਤ ਖੁਦ ਕਰਨੀ ਪੈਂਦੀ ਹੈ ਕਿਓਂਕਿ ਉਸਨੇ ਸਰਦੀਆਂ ਹੋਣ ਜਾਂ ਗਰਮੀਆਂ ਪੂਰੀ ਰਾਤ ਇਥੇ ਹੀ ਕੱਟਣੀ ਹੁੰਦੀ ਹੈ। ਮਾਹੌਲ ਦੀ ਬੇਖੌਫ਼ੀ ਇਹ ਹੈ ਕਿ ਗੁੰਡਾਗਰਦੀ ਕਰਨੀ ਵਾਲੇ ਰਾਤ ਤਾਂ ਰਾਤ ਦਿਨ ਦਿਹਾੜੇ ਵੀ ਆਪਣਾ ਬਾਹੂਬਲ ਦਿਖਾਉਣੋ ਬਾਜ਼ ਨਹੀਂ ਆਉਂਦੇ। 

ਸ਼ਾਇਦ ਇਹ ਕੁਝ ਉਸ ਸਿਸਟਮ ਦੀ ਘਾਟ ਹੈ ਜਿਸ ਅਧੀਨ ਕਾਨੂੰਨ ਨੂੰ ਹੱਥਾਂ ਵਿਚ ਲੈਣ ਵਾਲੇ ਵਿਅਕਤੀ ਨੂੰ ਪੁਲਿਸ ਤੁਰੰਤ ਨੱਪ  ਲਵੇ। ਪਾਰ ਅਜਿਹਾ ਹੁੰਦਾ ਹੀ ਨਹੀਂ। ਇਹ ਨਹੀਂ ਕਿ ਪੁਲਿਸ ਅਜਿਹਾ ਕਰ ਨਹੀਂ ਸਕਦੀ ਪਰ ਪੁਲਿਸ ਵਾਲੇ ਵੀ ਅਕਸਰ ਮਜਬੂਰ ਰਹਿੰਦੇ ਹਨ। ਸਿਵਲ ਹਸਪਤਾਲ ਹੋਣ ਕਾਰਨ ਇਥੇ ਅਕਸਰ ਝਗੜੇ ਵਾਲੇ ਮਾਮਲੇ ਵੀ ਜ਼ਿਆਦਾ ਆਉਂਦੇ ਹਨ ਅਤੇ ਝਗੜੇ ਵਾਲੇ ਮਾਮਲੇ ਵਿੱਚ ਕਿਸੇ ਨ ਕਿਸੇ ਧਿਰ ਦੇ ਪਿਛੇ ਕੋਈ ਨ ਕੋਈ ਵੱਡਾ ਬੰਦਾ ਵੀ ਜ਼ਰੂਰ ਹੁੰਦਾ ਹੈ।

ਪੁਲਿਸ ਵੀ ਕਈ ਵਾਰ ਪਰ ਤੋਲਦੀ ਮਹਿਸੂਸ ਹੁੰਦੀ ਹੈ ਕਿ ਚਲੋ ਦੇਖਦੇ ਹਾਂ ਕੌਣ ਹੈ ਜ਼ਿਆਦਾ ਵੱਡਾ ਬੰਦਾ। ਇਥੋਂ ਦੀ ਐਮਰਜੰਸੀ ਵਿਚ ਵੀਰਵਾਰ  ਰਾਤ ਨੂੰ ਹੋਏ ਕਤਲ ਨੇ ਹਸਪਤਾਲ ਵਿਚ ਗੁੰਡਾਗਰਦੀ ਦਾ ਮਾਮਲਾ ਇੱਕ ਵਾਰ ਫਿਰ ਸੁਰਖੀਆਂ ਵਿਚ ਲੈ ਆਂਦਾ ਹੈ। ਸਿਰਫ ਪੰਦਰਾਂ ਸਾਲਾਂ ਦਾ ਨਾਬਾਲਗ ਬੱਚਾ ਸ਼ਰਵਨ ਇਥੇ ਪੂਰੀ ਸੁਰਖਿਆ ਨਾ ਹੋਣ ਕਾਰਣ ਹਮਲਾਵਰਾਂ ਦਾ ਸ਼ਿਕਾਰ ਬਣ ਗਿਆ। ,

ਕਤਲ ਦਾ ਸ਼ਿਕਾਰ ਹੋਏ 15 ਸਾਲਾਂ ਦੀ ਉਮਰ ਦੇ ਲੜਕੇ ਦੀ ਵੀ ਦਰਦਭਰੀ ਕਹਾਣੀ ਹੈ। ਉਸਦੇ ਭਰਾ ਦਾ ਕਿਸੇ ਦੂਜੀ ਧਿਰ ਨਾਲ ਝਗੜਾ ਹੋਇਆ ਸੀ। ਜਦੋਂ ਉਹ ਪੁਲਿਸ ਕੋਲ ਗਿਆ ਤਾਂ ਪੁਲਿਸ ਨੇ ਕਿਹਾ ਜਾ ਪਹਿਲਾਂ ਮੈਡੀਕਲ ਕਰਵਾ ਕੇ ਲਿਆ। ਉਹ ਭਰਾ ਦਾ ਮੈਡੀਕਲ ਕਰਵਾਉਣ ਆਇਆ ਭਰਾ ਤੋਂ ਪਹਿਲਾਂ ਹੀ ਇਕੱਲਾ ਪਹੁੰਚ ਗਿਆ। ਏਨੇ ਵਿੱਚ ਹੀ ਹਮਲਾਵਰਾਂ ਨੇ ਉਸਦੇ ਪਿਛੇ ਪਿਛੇ ਆ ਕੇ ਉਸੇ ਨੂੰ ਹੀ ਦਬੋਚ ਲਿਆ। ਇਹ ਕੁਝ ਅਕਸਰ ਫ਼ਿਲਮਾਂ ਵਿਚ ਹੀ ਦਿੱਸਦਾ ਹੈ ਪਰ ਸਿਵਲ ਹਸਪਤਾਲ ਵਿਚ ਇਹ ਕੁਝ  ਸੱਚਮੁੱਚ ਹੋਇਆ। ਦਹਾਕਿਆਂ ਪਹਿਲਾਂ 1995 ਵਿਚ ਵੀ ਸਰਦੀਆਂ ਦੀ ਰਾਤ ਨੂੰ ਵੀ ਇਸੇ ਤਰ੍ਹਾਂ ਹੋਇਆ ਸੀ। ਹਮਲਾਵਰ ਵਾਰਡ ਵਿਚ ਦਾਖਲ ਕਿਸੇ ਮਰੀਜ਼ ਦਾ ਬੇਰਹਿਮੀ ਨਾਲ ਚਾਕੂ ਮਾਰ ਮਾਰ ਕੇ ਕਤਲ ਕਰ ਗਏ ਸਨ। ਮਾਮਲਾ ਰਫ਼ਾ ਦਫ਼ਾ ਹੋ ਗਿਆ ਸੀ ਕਿਓਂਕਿ ਦੋਹਾਂ ਧਿਰਾਂ ਨੇ ਥੋਹੜੇ ਜਿਹੜੇ ਸਮੇਂ ਵਿਚ ਸਮਝੌਤਾ ਕਰ ਲਿਆ ਸੀ। ਗੁੰਡਾਗਰਦੀ, ਕੁੱਟਮਾਰ ਅਤੇ ਪਲੋਸਣ ਮਗਰੋਂ ਸਮਝੌਤਾ ਆਮ ਜਿਹਾ ਵਰਤਾਰਾ ਬਣ ਗਿਆ ਹੈ। 

14 ਜੁਲਾਈ ਅਰਥਾਤ ਵੀਰਵਾਰ ਨੂੰ ਦੇਰ ਰਾਤ ਸਿਵਲ ਹਸਪਤਾਲ ਦੇ ਅੰਦਰ ਦਾਖ਼ਲ ਹੋਏ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਸੱਟਾਂ ਮਾਰ ਕੇ 15 ਸਾਲ ਦੇ ਲੜਕੇ ਦਾ ਕਤਲ ਕਰ ਦਿੱਤਾ। ਇਹ ਹਮਲਾ ਉਸ ਵੇਲੇ ਕੀਤਾ ਗਿਆ ਜਦੋਂ ਲੜਕਾ ਥਾਣਾ ਡਿਵੀਜ਼ਨ ਨੰਬਰ 7 ਦੇ ਇਲਾਕੇ ਵਿਚ ਹੋਏ ਝਗੜੇ ਦੇ ਇਕ ਮਾਮਲੇ ਵਿਚ ਆਪਣੇ ਦੋਸਤਾਂ ਨਾਲ ਮੈਡੀਕਲ ਕਰਵਾਉਣ ਲਈ ਆਇਆ ਸੀ। 

ਜਾਣਕਾਰੀ ਤੋਂ ਬਾਅਦ ਏਸੀਪੀ ਗੁਰਦੇਵ ਸਿੰਘ ਅਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਤੇ ਤਫਤੀਸ਼ ਸ਼ੁਰੂ ਕੀਤੀ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਵਾਰ ਰਾਤ ਨੂੰ ਥਾਣਾ ਡਵੀਜ਼ਨ ਨੰਬਰ 7 ਦੇ ਇਲਾਕੇ ਵਿੱਚ ਦੋ ਧਿਰਾਂ ਵਿਚਕਾਰ ਝਗੜਾ ਹੋਇਆ। ਇਕ ਧਿਰ ਦੇ ਨਾਲ ਸ਼ਵਨ (15) ਮੈਡੀਕਲ ਕਰਵਾਉਣ ਲਈ ਸਿਵਲ ਹਸਪਾਲ ਆ ਗਿਆ, ਉਨ੍ਹਾਂ ਦੇ ਮਗਰ ਹੀ ਕੁਝ ਹੋਰ ਵਿਅਕਤੀ ਵੀ ਆ ਗਏ। ਸੂਤਰਾਂ ਮੁਤਾਬਕ ਹਮਲਾਵਰਾਂ ਚੋਂ ਕੁਝ ਨਬਾਲਗ ਵੀ ਸਨ। ਸਿਵਲ ਹਸਪਤਾਲ ਦੇ ਅੰਦਰ ਆਉਂਦੇ ਹੀ ਉਨ੍ਹਾਂ ਨੇ ਹਮਲਾ ਕਰ ਦਿੱਤਾ ਅਤੇ ਸਮਰ ਦੇ ਸਿਰ ,ਚਿਹਰੇ ਅਤੇ ਸਰੀਰ ਦੇ ਹੋਰ ਹਿੱਸਿਆਂ ਤੇ ਵਾਰ ਕੀਤੇ ।ਗੰਭੀਰ ਰੂਪ ਵਿੱਚ ਫੱਟੜ ਹੋਏ ਸਮਰ ਨੂੰ ਇਲਾਜ ਲਈ ਸੀਐਮਸੀ ਹਸਪਤਾਲ ਲਿਆਂਦਾ ਗਿਆ ,ਜਿੱਥੇ ਦੇਰ ਰਾਤ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਏਸੀਪੀ ਗੁਰਦੇਵ ਸਿੰਘ ਦੀ ਦੇਖਰੇਖ ਹੇਠ  ਥਾਣਾ ਡਿਵੀਜ਼ਨ ਨੰਬਰ ਦੋ ਦੀ ਪੁਲਿਸ ਇਸ ਮਾਮਲੇ ਵਿਚ ਐੱਫ ਆਈ ਆਰ ਦਰਜ ਕਰਕੇ ਐਕਸ਼ਨ ਵੀ ਸ਼ੁਰੂ ਕੀਤਾ। ਇਸਦੇ ਨਾਲ ਹੀ ਪੁਲਿਸ ਦੇ ਵੱਡੇ ਅਧਿਕਾਰੀ ਵੀ ਸਰਗਰਮੀ ਵਿਚ ਆਏ। ਹਮਲਾਵਰਾਂ ਨੇ ਪੁਲਿਸ ਦੀ ਨੱਕ ਵੱਢਣ ਵਿਚ ਕੋਈ ਕਸਰ ਨਹੀਂ ਸੀ ਛੱਡੇ। ਘੁੱਗ ਵੱਸਦੇ ਸ਼ਹਿਰ ਦੇ ਇਸ ਸੰਘਣੀ ਅਬਾਦੀ ਵਾਲੇ ਸਿਵਲ ਹਸਪਤਾਲ ਵਿਚ ਬੇਖੌਫ਼ੀ ਨਾਲ ਇੱਕ ਨਾਬਾਲਗ ਦਾ ਕਤਲ ਹੋ ਗਿਆ ਸੀ।  ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ 'ਚ ਛਾਪੇਮਾਰੀ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਸਫਲਤਾ ਵੀ ਮਿਲੀ। 

ਜ਼ਿਕਰਯੋਗ ਹੈ ਕਿ ਕਤਲ ਦਾ ਸ਼ਿਕਾਰ ਹੋਇਆ ਸ਼ਵਨ ਕੁਮਾਰ ਆਪਣੇ ਭਰਾ ਸੁਮਿਤ ਦੇ ਨਾਲ ਸਿਵਲ ਹਸਪਤਾਲ ਵਿੱਚ ਇਲਾਜ ਲਈ ਆਇਆ ਹੋਇਆ ਸੀ। 
 
ਪੁਲੀਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਘਟਨਾ ਬਾਰੇ ਦੱਸਿਆ ਕਿ ਈਡਬਲਿਊਐਸ ਕਲੋਨੀ ਵਿੱਚ ਦੋ ਗੁੱਟਾਂ ਵਿੱਚ ਲੜਾਈ ਹੋਈ ਸੀ, ਜਿਸ ਵਿੱਚ ਸਮਝੌਤਾ ਹੋ ਗਿਆ ਸੀ। ਇੱਕ ਧੜੇ ਦਾ ਇੱਕ ਲੜਕਾ ਮੁਲਾਹਿਜਾ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ। ਉਥੇ ਦੂਜੇ ਧੜੇ ਦੇ ਕੁਝ ਲੋਕ ਉਥੇ ਪਹੁੰਚ ਗਏ ਅਤੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਪੀੜਤ ਨੂੰ ਸੀਐਮਸੀ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਉਸ ਦੀ ਮੌਤ ਹੋ ਗਈ। 
 
ਪੁਲਿਸ ਨੇ ਇਸ ਘਟਨਾ ਲਈ 6 ਲੋਕਾਂ ਦੀ ਪਛਾਣ ਕਰ ਲਈ ਹੈ। ਇਨ੍ਹਾਂ 'ਚੋਂ ਦੋ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬਾਕੀਆਂ ਦੀ ਭਾਲ ਜਾਰੀ ਹੈ। ਹਸਪਤਾਲ ਵਿੱਚ ਸੁਰੱਖਿਆ ਸਬੰਧੀ ਉਨ੍ਹਾਂ ਕਿਹਾ ਕਿ ਸਾਡੇ ਕੋਲ ਸਟਾਫ਼ ਦੀ ਕੁਝ ਕਮੀ ਹੈ, ਜਿਸ ਨੂੰ ਜਲਦੀ ਹੀ ਹੱਲ ਕਰ ਲਿਆ ਜਾਵੇਗਾ।

ਇਸੇ ਦੌਰਾਨ ਹਸਪਤਾਲ ਦੀ ਐਸਐਮਓ ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਦੇਰ ਰਾਤ ਇੱਕ ਨੌਜਵਾਨ ਨੂੰ ਜ਼ਖ਼ਮੀ ਹਾਲਤ ਵਿੱਚ ਸਿਵਲ ਹਸਪਤਾਲ ਦੀ ਐਮਰਜੈਂਸੀ ਵਿੱਚ ਲਿਆਂਦਾ ਗਿਆ। ਉਸ ਦੇ ਪਿੱਛੇ ਕਰੀਬ 4 ਲੋਕ ਆਏ ,ਜਿਨ੍ਹਾਂ ਕੋਲ ਹਥਿਆਰ ਸਨ ਅਤੇ ਉਨ੍ਹਾਂ ਨੇ ਨੌਜਵਾਨ 'ਤੇ ਹਮਲਾ ਕਰਕੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਹਸਪਤਾਲ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਘਟਨਾ ਬਾਰੇ ਲੁਧਿਆਣਾ ਪੁੱਜੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਦਾਅਵਾ ਕੀਤਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਸੁਧਾਰਨ ਲਈ ਕੰਮ ਕਰ ਰਹੀ ਹੈ। ਅਪਰਾਧਿਕ ਤੱਤਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਹੁਣ ਦੇਖਣਾ ਹੈ ਕਿ ਸਿਵਲ ਹਸਪਤਾਲ ਦਾ ਮਾਹੌਲ ਕਿੰਨੀ ਜਲਦੀ ਸੁਰੱਖਿਅਤ ਮਾਹੌਲ ਬਣਦਾ ਹੈ?

No comments: