Sunday, July 10, 2022

ਪੁਲਿਸ ਨੇ ਗਹਿਣਿਆਂ ਦੀ ਦੁਕਾਨ 'ਤੇ ਲੁੱਟ ਦੀ ਗੁੱਥੀ ਸੁਲਝਾਈ, ਚਾਰ ਗ੍ਰਿਫ਼ਤਾਰ

ਪੁਲਿਸ ਨੂੰ ਮਿਲੀ ਇੱਕ ਹੋਰ ਵੱਡੀ ਕਾਮਯਾਬੀ 


ਲੁਧਿਆਣਾ
: 10 ਜੁਲਾਈ 2022: (ਪੰਜਾਬ ਸਕਰੀਨ ਬਿਊਰੋ)::

ਫੋਕਲ ਪੁਆਇੰਟ ਇਲਾਕੇ ਵਿੱਚ ਇੱਕ ਜਿਊਲਰ ਦੀ ਦੁਕਾਨ ਵਿੱਚ ਹੋਈ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਲੁਧਿਆਣਾ ਪੁਲਿਸ ਨੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਵਾਰ ਫੇਰ ਪੁਲਿਸ ਨੇ ਬੜੀ ਫੁਰਤੀ ਦਿਖਾਈ ਹੈ। ਚੇਤੇ ਰਹੇ ਕਿ ਇਹ ਵਾਰਦਾਤ ਅਜੇ ਹਾਲ ਹੀ ਵਿਚ ਹੋਈ ਸੀ।

ਇਸ ਵਾਰਦਾਤ ਦੌਰਾਨ ਪਿੰਡ ਗੋਬਿੰਦਗੜ੍ਹ ’ਚ ਲੁਟੇਰਿਆਂ ਨੇ ਇੱਕ ਔਰਤ ਨੂੰ ਗੰਨ ਪੁਆਇੰਟ ’ਤੇ ਲੈ ਕੇ ਜਿਊਲਰਜ਼ ਦੁਕਾਨ ਅੰਦਰ ਦਾਖਲ ਹੋ ਕੇ ਸਾਢੇ 3 ਲੱਖ ਰੁਪਏ ਦੇ ਨਾਲ-ਨਾਲ ਸੋਨੇ ਤੇ ਚਾਂਦੀ ਦੇ ਗਹਿਣੇ ਲੁੱਟ ਲਏ। ਘਟਨਾ ਦਾ ਪਤਾ ਲੱਗਦਿਆਂ ਹੀ ਪੁਲੀਸ ਕਮਿਸ਼ਨਰ ਡਾ. ਕੌਸਤੁਬ ਸ਼ਰਮਾ, ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਤੇ ਪੁਲੀਸ ਅਧਿਕਾਰੀਆਂ ਸਣੇ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਮੌਕੇ ’ਤੇ ਪੁੱਜੀ। 

ਦੁਕਾਨ ਮਾਲਕ ਨਰਿੰਦਰ ਵਰਮਾ ਨੇ ਦੱਸਿਆ ਕਿ ਪਿੰਡ ਗੋਬਿੰਦਗੜ੍ਹ ਸਥਿਤ ਜੁਗਿਆਣਾ ਫਾਟਕ ਕੋਲ ਉਨ੍ਹਾਂ ਦੀ ਵਰਮਾ ਜਿਊਲਰਜ਼ ਨਾਮੀਂ ਦੁਕਾਨ ਹੈ। ਉਹ ਰੋਜ਼ਾਨਾ ਦੁਪਹਿਰ ਆਪਣੇ ਬੱਚਿਆਂ ਨੂੰ ਟਿਊਸ਼ਨ ਛੱਡਣ ਲਈ ਜਾਂਦੇ ਹਨ ਤੇ ਪਿੱਛੋਂ ਉਨ੍ਹਾਂ ਦੀ ਪਤਨੀ ਆਰਤੀ ਦੁਕਾਨ ’ਤੇ ਬੈਠ ਜਾਂਦੀ ਹੈ। ਵੀਰਵਾਰ ਸ਼ਾਮ ਕਰੀਬ 4 ਵਜੇ ਉਹ ਬੱਚਿਆਂ ਨੂੰ ਛੱਡਣ ਲਈ ਗਿਆ ਸੀ ਤੇ ਦੁਕਾਨ ’ਤੇ ਉਸਦੀ ਪਤਨੀ ਬੈਠੀ ਸੀ। ਆਰਤੀ ਵਰਮਾ ਅਨੁਸਾਰ ਦੁਕਾਨ ਅੰਦਰ ਤਿੰਨ ਵਿਅਕਤੀ ਆਏ, ਜਿਸ ’ਚੋਂ ਇੱਕ ਨੇ ਕਿਹਾ ਕਿ ਉਸਨੇ ਸੋਨੇ ਦੀ ਚੇਨ ਬਣਵਾਉਣੀ ਦਿੱਤੀ ਸੀ। ਇਸ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਫੋਨ ਕਰ ਕੇ ਪੁੱਛਣਾ ਸ਼ੁਰੂ ਕੀਤਾ ਕਿ ਸੋਨੇ ਦੀ ਚੇਨ ਲੈਣ ਲਈ ਕੋਈ ਆਇਆ ਹੈ। ਜਦੋਂ ਉਹ ਗੱਲ ਕਰ ਰਹੀ ਸੀ ਤਾਂ ਨੌਜਵਾਨ ਨੇ ਉਸਦੇ ਹੱਥ ’ਚੋਂ ਮੋਬਾਈਲ ਖੋਹ ਲਿਆ। ਜਦੋਂ ਉਸਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਬੰਦੂਕ ਕੱਢ ਕੇ ਉਸਦੀ ਕਨਪੱਟੀ ’ਤੇ ਰੱਖ ਦਿੱਤੀ ਤੇ ਕਿਹਾ ਕਿ ਰੌਲਾ ਪਾਇਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਇਸ ਤੋਂ ਬਾਅਦ ਲੁਟੇਰੇ ਤਿੰਨ ਲੱਖ ਰੁਪਏ ਤੇ ਸੋਨੇ-ਚਾਂਦੀ ਦੇ ਗਹਿਣੇ ਲੁੱਟਣ ਲੱਗੇ ਤੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਉਸਨੇ ਤੁਰੰਤ ਆਪਣੇ ਪਤੀ ਨੂੰ ਇਸਦੀ ਜਾਣਕਾਰੀ ਦਿੱਤੀ। ਨਰਿੰਦਰ ਵਰਮਾ ਦਾ ਕਹਿਣਾ ਹੈ ਕਿ ਲੁਟੇਰੇ ਚਾਰ ਸਨ, ਜੋ ਕਿ 2 ਮੋਟਰਸਾਈਕਲਾਂ ’ਤੇ ਆਏ ਸਨ। ਇੱਕ ਲੁਟੇਰਾ ਬਾਹਰ ਮੋਟਰਸਾਈਕਲ ’ਤੇ ਖੜ੍ਹਾ ਸੀ। ਨਰਿੰਦਰ ਵਰਮਾ ਨੇ ਦੱਸਿਆ ਕਿ ਆਰਤੀ ਨੇ ਜਦੋਂ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਉਸਦੇ ਨਾਲ ਲੁੱਟ ਹੋ ਗਈ ਹੈ ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਈ। ਉਸਨੇ ਰਸਤੇ ’ਚ ਆਪਣੇ ਗੁਆਂਢੀ ਦੋਸਤ ਨੂੰ ਫੋਨ ਕੀਤਾ ਤਾਂ ਉਹ ਦੁਕਾਨ ਅੰਦਰ ਗਿਆ। ਉਸਨੇ ਦੇਖਿਆ ਤਾਂ ਆਰਤੀ ਥੱਲੇ ਡਿੱਗੀ ਹੋਈ ਸੀ। ਉਸਨੇ ਤੁਰੰਤ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ। ਜੁਆਇੰਟ ਪੁਲੀਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਮਿਲੀ ਹੈ। ਹਾਲੇ ਮੁਲਜ਼ਮਾਂ ਦਾ ਕੁਝ ਪਤਾ ਨਹੀਂ ਲੱਗਿਆ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਦਾ ਮੁੱਖ ਦੋਸ਼ੀ ਅਮਰਜੀਤ ਸਿੰਘ ਉਰਫ਼ ਜੋਗਾ ਹੈ, ਜੋ ਪਹਿਲਾਂ ਵੀ ਅੱਤਵਾਦ ਦੇ ਦੌਰ 'ਚ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਜਦਕਿ ਤਿੰਨ ਹੋਰ ਨੂੰ ਵੀ ਵਾਰਦਾਤ ਚ ਸ਼ਾਮਲ ਕੀਤੇ ਗਏ।   ਮੁਲਜ਼ਮਾਂ ਕੋਲੋਂ ਇਕ ਏਅਰ ਪਿਸਟਲ, ਕਰੀਬ ਢਾਈ ਕਿਲੋ ਚਾਂਦੀ, 20 ਗ੍ਰਾਮ ਸੋਨਾ, ਦੋ ਮੋਟਰਸਾਈਕਲ ਅਤੇ ਚਾਰ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।  ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

No comments: