Sunday, July 10, 2022

11 ਜੁਲਾਈ 2022 ਨੂੰ ਮੱਤੇਵਾੜਾ ਦੇ ਮੁੱਦੇ 'ਤੇ ਸਰਕਾਰ ਨਾਲ ਮੀਟਿੰਗ

ਮੱਤੇਵਾੜਾ ਵਿੱਚ ਹੋਏ ਵਿਸ਼ਾਲ ਇਕੱਠ ਨੇ ਅਸਰ ਦਿਖਾਇਆ 


ਲੁਧਿਆਣਾ
: 10 ਜੁਲਾਈ 2022: (ਪੰਜਾਬ ਸਕਰੀਨ ਟੀਮ)::

ਮੱਤੇਵਾੜਾ ਦਾ ਮਾਮਲਾ ਕਾਰਪੋਰੇਟ ਸੈਕਟਰ ਦੀ ਗੁਲਾਮੀ ਵਾਲੇ ਜੂਲ੍ਹੇ ਦੇ ਖਿਲਾਫ ਅੰਦੋਲਨ ਬਣਦਾ ਨਜ਼ਰ ਆ ਰਿਹਾ ਹੈ। ਅੱਜ ਹੋਏ ਇਸ ਭਰਵੇਂ ਇਕੱਠ ਨੇ ਬਹੁਤ ਕੁਝ ਸਾਫ ਕਰ ਦਿੱਤਾ ਹੈ। ਅੱਜ ਜਿਸ ਹਿਸਾਬ ਨਾਲ ਪੰਜਾਬੀਆਂ ਦਾ ਏਕਾ ਏਨੀ ਵੱਡੀ ਵਿਸ਼ਾਲਤਾ ਨਾਲ ਉਭਰ ਕੇ ਸਾਹਮਣੇ ਆਇਆ ਹੈ ਉਸ ਹਿਸਾਬ ਨਾਲ ਕਾਰਪੋਰੇਟੀ ਹਰ ਸਰਕਾਰ ਦੀਆਂ ਉਹ ਸਾਰੀਆਂ ਚਾਲਾਂ ਵੀ ਨਾਕਾਮ ਹੋਣਗੀਆਂ ਜਿਹੜੀਆਂ ਹੁਣ ਆਪ ਸਰਕਾਰ ਦਾ ਚਿਹਰਾ ਅੱਗੇ ਕਰ ਕੇ ਚੱਲੀਆਂ ਜਾ ਰਹੀਆਂ ਹਨ। ਰਾਜਸਥਾਨ ਨੂੰ ਪਹਿਲਾਂ ਨਾਲੋਂ ਵੱਧ ਪਾਣੀ ਦੇਣ, ਪਾਣੀ ਦਾ ਵੱਡਾ ਹਿੱਸਾ ਗੁਜਰਾਤ ਪਹੁੰਚਾਉਣ ਅਤੇ ਮੱਤੇਵਾੜਾ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀਆਂ ਸਾਰੀਆਂ ਸਕੀਮਾਂ ਬਾਰੇ ਲੋਕ ਗੁੱਸੇ ਵਿਚ ਹਨ। ਇਸ ਵਾਰ ਦਾ ਅੰਦੋਲਨ ਸ਼ੁੱਧ ਪੰਜਾਬੀ ਅੰਦੋਲਨ ਹੋ ਸਕਦਾ ਹੈ। ਸਾਰੀਆਂ ਧਾਰਮਿਕ ਗੱਲਾਂ ਤੋਂ ਉੱਪਰ ਉੱਠ ਕੇ ਇਹ ਸ਼ੁਧ ਪੰਜਾਬੀ ਅੰਦੋਲਨ ਬਣਦਾ ਨਜ਼ਰ ਆਉਣ ਲੱਗਿਆ ਹੈ। ਇੱਕ ਵਾਰ ਫਿਰ ਸਚ ਹੋਣ ਲੱਗੀਆਂ ਹਨ ਇਹ ਸਤਰਾਂ ਕਿ ਪੰਜਾਬ ਜਿਊਂਦਾ ਗੁਰਾਂ ਦੇ ਨਾਮ ਉੱਤੇ। ਇਸ ਮੌਕੇ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕੀਤਾ ਗਿਆ, ਮਾਛੀਵਾੜੇ ਦੇ ਜੰਗਲਾਂ ਦੀ ਗੱਲ ਕੀਤੀ ਗਈ ਉੱਥੇ ਲਾਲ ਝੰਡੇ ਵਾਲੇ ਵੀ ਪੂਰੇ ਜੋਸ਼ੋ ਖਰੋਸ਼ ਨਾਲ ਸ਼ਾਮਿਲ ਹੋਏ। 
ਸਤਲੁਜ ਅਤੇ ਮੱਤੇਵਾੜਾ ਲਈ ਪਬਲਿਕ ਐਕਸ਼ਨ ਕਮੇਟੀ (ਪੀ.ਏ.ਸੀ.) ਵੱਲੋਂ ਸਾਰੇ ਪੰਜਾਬੀਆਂ ਨੂੰ ਸਤਲੁਜ ਦੇ ਕੰਢੇ ਮੱਤੇਵਾੜਾ ਸੁਰੱਖਿਅਤ ਜੰਗਲ ਦੇ ਨਾਲ ਲੱਗਦੇ ਪ੍ਰਸਤਾਵਿਤ ਮੈਗਾ ਟੈਕਸਟਾਈਲ ਪਾਰਕ ਨੂੰ ਰੱਦ ਕਰਨ ਦਾ ਸਮਰਥਨ ਕਰਨ ਦੇ ਸੱਦੇ ਨੂੰ ਪੰਜਾਬ ਭਰ ਦੇ ਨਾਗਰਿਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।

ਇਸ ਸਮਾਗਮ ਵਿੱਚ ਸੂਬੇ ਭਰ ਤੋਂ ਵਾਤਾਵਰਨ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।  ਇਸ ਵਿੱਚ ਵਿਚਾਰਧਾਰਾਵਾਂ ਦੇ ਇੱਕ ਸਪੈਕਟ੍ਰਮ ਵਿੱਚ ਕਿਸਾਨ ਯੂਨੀਅਨਾਂ ਅਤੇ ਪਾਰਟੀਆਂ ਦੇ ਸੀਨੀਅਰ ਸਿਆਸੀ ਨੇਤਾਵਾਂ ਦੀ ਭਾਗੀਦਾਰੀ ਵੀ ਵੇਖੀ ਗਈ।  ਪੀਏਸੀ ਮੱਤੇਵਾੜਾ ਜੰਗਲ ਅਤੇ ਸਤਲੁਜ ਦੀ ਨੇੜਤਾ ਨੂੰ ਦੇਖਦੇ ਹੋਏ ਗੰਭੀਰ ਵਾਤਾਵਰਣ ਸੰਬੰਧੀ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੁਆਰਾ ਇਸ ਉਦਯੋਗਿਕ ਪਾਰਕ ਦੇ ਪ੍ਰੋਜੈਕਟ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਤੋਂ ਹੀ ਇਸ ਨੂੰ ਖਤਮ ਕਰਨ ਦੀ ਮੰਗ ਕਰ ਰਹੀ ਹੈ।  ਹਾਲ ਹੀ ਵਿੱਚ ਇਸ ਪ੍ਰੋਜੈਕਟ ਬਾਰੇ ਵਿਧਾਨ ਸਭਾ ਵਿੱਚ ਚਰਚਾ ਹੋਈ ਸੀ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਪ੍ਰੋਜੈਕਟ ਦੀ ਪ੍ਰਗਤੀ ਬਾਰੇ ਅਪਡੇਟ ਦਿੱਤੀ ਸੀ, ਜਿਸ ਕਾਰਨ ਇਹ ਵੱਡਾ ਪ੍ਰਤੀਕਰਮ ਹੋਇਆ ਸੀ।  ਚੋਣਾਂ ਤੋਂ ਪਹਿਲਾਂ ਉਕਤ ਟੈਕਸਟਾਈਲ ਪਾਰਕ ਦੀ ਸਥਾਪਨਾ ਵਿਰੁੱਧ ਸਖ਼ਤ ਬਿਆਨ ਦੇਣ ਵਾਲੇ ਪੰਜਾਬ ਦੇ 'ਆਪ' ਆਗੂਆਂ ਦੀਆਂ ਵੀਡੀਓਜ਼ ਮੁੱਖ ਮੰਤਰੀ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।

ਵਾਤਾਵਰਨ ਪ੍ਰੇਮੀਆਂ ਦਾ ਕਹਿਣਾ ਹੈ ਕਿ ਮੱਧ ਪੰਜਾਬ ਵਿੱਚ ਮੱਤੇਵਾੜਾ ਦਾ ਜੰਗਲ ਹੀ ਬਚਿਆ ਹੋਇਆ ਜੰਗਲ ਹੈ ਅਤੇ ਇਸ ਦੇ ਬਿਲਕੁਲ ਨੇੜੇ ਉਦਯੋਗਿਕ ਪਾਰਕ ਬਣਾਉਣ ਨਾਲ ਇਹ ਜੰਗਲ ਵੀ ਪੂਰੀ ਤਰ੍ਹਾਂ ਖਤਮ ਹੋ ਜਾਵੇਗਾ।  ਉਹ ਸਤਲੁਜ ਦਰਿਆ ਦੇ ਨਾਲ ਪ੍ਰਸਤਾਵਿਤ ਸਥਾਨ ਦੀ ਨੇੜਤਾ ਵੱਲ ਵੀ ਇਸ਼ਾਰਾ ਕਰਦੇ ਹਨ ਜੋ ਪਹਿਲਾਂ ਹੀ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ ਅਤੇ ਜਿਸ ਦੇ ਵਿਗੜਨ ਦਾ ਡਰ ਹੈ।  ਉਦਯੋਗਾਂ ਦਾ ਨਿਰਮਾਣ ਸਤਲੁਜ ਦੇ ਹੜ੍ਹ ਵਾਲੇ ਮੈਦਾਨਾਂ ਨੂੰ ਵੀ ਨੁਕਸਾਨ ਪਹੁੰਚਾਏਗਾ ਜੋ ਪੰਜਾਬ ਲਈ ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਦੇ ਹਨ। ਜ਼ਿਕਰਯੋਗ ਹੈ ਕਿ ਪਹਿਲਾਂ ਬੁੱਢੇ ਦਰਿਆ ਨੂੰ ਵੀ ਇਸੇ ਨਤੜ੍ਹਾਂ ਪ੍ਰਦੂਸ਼ਿਤ ਕਰ ਕੇ ਗੰਦਾ ਨਾਲ ਬਣਾਇਆ ਜਾ ਚੁੱਕਿਆ ਹੈ। 

ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਾਜਾ ਵੜਿੰਗ ਨੇ ਕਿਹਾ ਕਿ ਇਹ ਇੰਡਸਟਰੀ ਪਾਰਕ ਪਿਛਲੀ ਕਾਂਗਰਸ ਸਰਕਾਰ ਦੇ ਰਾਜ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ ਸੀ, ਜੋ ਕਿ ਵੱਡੀ ਗਲਤੀ ਸੀ, ਜਿਸ ’ਤੇ ਉਹ ਮੁਆਫ਼ੀ ਵੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਉਨ੍ਹਾਂ ਵੱਲੋਂ ਕੀਤਾ ਵਿਰੋਧ ਵੀ ਇਸ ਨੂੰ ਰੋਕ ਨਹੀਂ ਸਕਿਆ ਸੀ। ਇੰਡਸਟਰੀ ਪਾਰਕ ਦੇ ਵਿਰੋਧ ਤੇ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਇਥੇ ਪਹੁੰਚੇ ਲੱਖਾ ਸਿਧਾਣਾ ਨੇ ਸਵਾਲ ਕੀਤਾ ਕਿ ਬਲਵੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਬਣਨ ਮਗਰੋਂ ਹੁਣ ਮੱਤੇਵਾੜਾ ਦੇ ਜੰਗਲਾਂ ਨੂੰ ਬਚਾਉਣ ਲਈ ਕਿਉਂ ਨਹੀਂ ਪੁੱਜੇ? ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਸਰਕਾਰ ਬਣਨ ਤੋਂ ਪਹਿਲਾਂ ਇਸ ਇੰਡਸਟਰੀ ਪਾਰਕ ਦਾ ਵਿਰੋਧ ਕਰਦਾ ਸੀ ਅਤੇ ਹੁਣ ਮੁੱਖ ਮੰਤਰੀ ਬਣਨ ਤੋਂ ਬਾਅਦ ਇਸਦੇ ਹੱਕ ਵਿੱਚ ਦਿਖਾਈ ਦੇ ਰਿਹਾ ਹੈ। 

ਸ਼੍ਰੋਮਣੀ ਅਕਾਲੀ ਦਲ ਦਲ (ਅ) ਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ,‘‘ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੇ ਮੱਤੇਵਾੜਾ ਦੇ ਜੰਗਲਾਂ ’ਚੋਂ ਹੋ ਕੇ ਅਗਲੇ ਪੜਾਅ ਵੱਲ ਪੁੱਜੇ ਸਨ, ਜਿਸ ਲਈ ਇਹ ਜੰਗਲ ਸਾਡਾ ਧਾਰਮਿਕ ਵਿਰਸਾ ਹਨ, ਜਿਸ ਨੂੰ ਅਸੀਂ ਉਜੜਨ ਨਹੀਂ ਦੇਵਾਂਗੇ।’’ ਸਰਦਾਰ ਮਾਨ ਨੇ ਇਸ ਮੌਕੇ ਖਾੜਕੂ ਲਹਿਰ ਦੇ ਉਘੇ ਨਾਮ ਬਲਵਿੰਦਰ ਸਿੰਘ ਜਟਾਣਾ ਨੂੰ ਵੀ ਉਚੇਚ ਨਾਲ ਯਾਦ ਕੀਤਾ। 

ਇਸ ਸ਼ੁਭ ਕੰਮ ਵਿਚ ਲਗਾਤਾਰ ਸਰਗਰਮੀ ਦਿਖਾ ਰਹੇ ਸੰਗਠਨ ਪੀਏਸੀ ਨੂੰ ਦੱਖਣੀ ਪੰਜਾਬ ਵਿੱਚ ਗੈਰ ਸਰਕਾਰੀ ਸੰਗਠਨਾਂ ਤੋਂ ਵੀ ਮਜ਼ਬੂਤ ਸਮਰਥਨ ਪ੍ਰਾਪਤ ਹੋਇਆ ਹੈ ਜੋ ਸਿਹਤ ਮੁੱਦਿਆਂ ਅਤੇ ਕੈਂਸਰ ਦੇ ਮਰੀਜ਼ਾਂ ਨਾਲ ਕੰਮ ਕਰ ਰਹੇ ਹਨ। ਕਿਸਾਨ ਯੂਨੀਅਨਾਂ ਨੇ ਵੀ ਮੱਤੇਵਾੜਾ ਟੈਕਸਟਾਈਲ ਪਾਰਕ ਨੂੰ ਰੱਦ ਕਰਾਉਣ ਲਈ ਉਨ੍ਹਾਂ ਦੇ ਅੰਦੋਲਨ ਲਈ ਪਹਿਲਾਂ ਹੀ ਪੀਏਸੀ ਨੂੰ ਸਮਰਥਨ ਦਿੱਤਾ ਹੈ।

ਪੀਏਸੀ ਦੇ ਕਰਨਲ ਸੀਐਮ ਲਖਨਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ 11 ਜੁਲਾਈ 2022 ਨੂੰ ਮੱਤੇਵਾੜਾ ਟੈਕਸਟਾਈਲ ਪਾਰਕ ਦੇ ਮੁੱਦੇ 'ਤੇ ਮਿਲਣ ਅਤੇ ਵਿਚਾਰ ਵਟਾਂਦਰੇ ਲਈ ਮੁੱਖ ਮੰਤਰੀ ਦਫ਼ਤਰ ਤੋਂ ਸੱਦਾ ਮਿਲਿਆ ਹੈ ਅਤੇ ਟੀਮ ਨੇ ਸੱਦਾ ਸਵੀਕਾਰ ਕਰ ਲਿਆ ਹੈ।

 ਸਮਾਗਮ ਵਿੱਚ ਐਸ.ਕੇ.ਐਮ ਦੇ ਆਗੂ ਬਲਦੇਵ ਸਿੰਘ ਸਿਰਸਾ, ਬਲਬੀਰ ਸਿੰਘ ਰਾਜੇਵਾਲ, ਮਨਜੀਤ ਸਿੰਘ ਧਨੇਰ ਆਦਿ ਹਾਜ਼ਰ ਸਨ।  ਇਸ ਮੌਕੇ ਪ੍ਰਮੁੱਖ ਸਿਆਸੀ ਆਗੂ ਸਿਮਰਨਜੀਤ ਸਿੰਘ ਮਾਨ ਐਮ.ਪੀ ਸੰਗਰੂਰ, ਡਾ: ਧਰਮਵੀਰ ਗਾਂਧੀ, ਪ੍ਰਗਟ ਸਿੰਘ, ਸੁਖਪਾਲ ਸਿੰਘ ਖਹਿਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਇਆਲੀ, ਸੀਪੀਆਈ ਦੇ ਸੀਨੀਅਰ ਆਗੂ ਕਾਮਰੇਡ ਹਰਦੇਵ ਅਰਸ਼ੀ ਆਦਿ ਵੀ ਹਾਜ਼ਰ ਸਨ।  

ਇਸੇ ਦੌਰਾਨ ਮੱਤੇਵਾੜਾ ਜੰਗਲ ਨੂੰ ਬਚਾਉਣ ਦਾ ਮਾਮਲਾ ਹੋਰ ਗੰਭੀਰ ਹੁੰਦਾ ਨਜ਼ਰ ਆ ਰਿਹਾ ਹੈ। ਭਲਕੇ ਪਬਲਿਕ ਐਕਸ਼ਨ ਕਮੇਟੀ ਕਰੇਗੀ ਮੁਖ ਮੰਤਰੀ ਮਾਨ ਨਾਲ ਮੁਲਾਕਾਤ ਕਰੇਗੀ। ਇਸ ਮੁਲਾਕਾਤ ਦਾ ਸੱਦਾ ਪੰਜਾਬ ਸਰਕਾਰ ਨੇ ਹੀ ਦਿੱਤਾ ਹੈ। ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਇਕਜੁੱਟ ਹੋਏ ਪੰਜਾਬੀਆਂ ਨੇ ਇੱਕਜੁੱਟ ਹੋ ਕੇ ਮਾਡਰਨ ਇੰਡਸਟਰੀਅਲ ਪਾਰਕ ਬਣਾਉਣ ਦਾ ਤਿੱਖਾ ਵਿਰੋਧ ਕੀਤਾ। ਇਸ ਇਕੱਠ ਵਿੱਚ ਮਾਛੀਵਾੜੇ ਦੇ ਜੰਗਲ ਨਵੇਂ ਸੰਘਰਸ਼ਾਂ ਦਾ ਰਸਤਾ ਦਿਖਾਉਂਦੇ ਵੀ ਮਹਿਸੂਸ ਹੋ ਰਹੇ ਸਨ। ਪੰਜਾਬ ਦੇ ਹੱਕਾਂ ਤੇ ਲਗਾਤਾਰ ਪੈ ਰਹੇ ਡਾਕਿਆਂ ਦੇ ਖਿਲਾਫ ਆਵਾਜ਼ ਬੁਲੰਦ ਹੋ ਰਹੀ ਸੀ। 

ਇਥੇ ਫਿਰ ਦੁਹਰਾਉਣਾ ਜ਼ਰੂਰੀ ਲੱਗਦਾ ਹੈ ਕਿ ਲੁਧਿਆਣਾ ਦੇ ਮੱਤੇਵਾੜਾ ਵਾਲੇ ਜੰਗਲਾਂ ਦੇ ਐਨ ਨੇੜੇ ਪ੍ਰਸਤਾਵਿਤ ਹੋਏ ਮਾਡਰਨ ਇੰਡਸਟਰੀਅਲ ਪਾਰਕ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਮੋਰਚਾ ਲਗਾਇਆ ਗਿਆ। ਇਸ ਮੋਰਚੇ ਵਿਚ ਪੰਜਾਬ ਦੇ ਕੋਨੇ-ਕੋਨੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਸ਼ਿਰਕਤ ਕੀਤੀ। ਸਮੂਹ ਪੰਜਾਬੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੱਤੇਵਾੜਾ ਦਾ ਇਹ ਜੰਗਲ ਲੱਖਾਂ ਹੀ ਬੇਜ਼ੁਬਾਨ ਪਛੂ ਪੰਛੀਆਂ ਦਾ ਘਰ ਹੀ ਨਹੀਂ ਸਗੋਂ ਪੰਜਾਬ ਵਾਸੀਆਂ ਨੂੰ ਸਾਫ ਸੁਥਰੀ ਹਵਾ ਦੇਣ ਵਿਚ ਵੀ ਸਹਾਈ ਹੈ।

ਲੁਧਿਆਣਾ ਦੇ ਫੇਫੜੇ ਕਹੇ ਜਾਣ ਵਾਲੇ ਇਸ ਜੰਗਲ ਨੂੰ ਬਚਾਉਣ ਲਈ ਬੇਨਤੀ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੰਗਲ ਦੇ ਨੇੜੇ ਉਦਯੋਗਿਕ ਪਾਰਕ ਬਣਾ ਕੇ ਰੰਗਾਈ ਯੂਨਿਟ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਮੱਤੇਵਾੜਾ ਜੰਗਲ ਦੀ ਹੋਂਦ ਖਤਮ ਹੋ ਜਾਵੇਗੀ। ਇਸ ਬਾਰੇ ਗਲਬਾਤ ਕਰਨ ਲਈ ਭਲਕੇ ਪਬਲਿਕ ਐਕਸ਼ਨ ਕਮੇਟੀ (PAC) ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਮਸਲੇ ਦੇ ਹੱਲ 'ਤੇ ਵਿਚਾਰ ਕੀਤਾ ਜਾਵੇਗਾ। ਜੰਗਲੀ ਜਾਨਵਰ ਮਰ ਜਾਣਗੇ। ਗਲਤ ਨੀਤੀ ਕਾਰਨ ਅਸੀਂ ਲੁਧਿਆਣਾ ਦਾ ਬੁੱਢਾ ਦਰਿਆ ਗੰਦੇ ਪਾਣੀ ਦੇ ਸੀਵਰੇਜ ਵਿੱਚ ਬਦਲਦੇ ਦੇਖਿਆ ਹੈ। ਇਹੀ ਹਾਲ ਸਤਲੁਜ ਦਾ ਹੈ।

ਦੱਸਣਯੋਗ ਹੈ ਕਿ ਇਸ ਮੋਰਚੇ ਵਿਚ ਬੱਚੇ, ਬਜ਼ੁਰਗ, ਸਿਆਸੀ ਆਗੂ ਅਤੇ ਖਾਲਸਾ ਏਡ ਵਲੋਂ ਵੀ ਹਿਮਾਇਤ ਕੀਤੀ ਗਈ। ਸਾਰੇ ਵਾਤਾਵਰਨ ਪ੍ਰੇਮੀਆਂ ਵਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਮੱਤੇਵਾੜਾ ਜੰਗਲ ਨੂੰ ਬਚਾਇਆ ਜਾਵੇ ਅਤੇ ਇਥੇ ਸਥਾਪਿਤ ਹੋਣ ਜਾ ਰਹੇ ਇੰਡਸਟਰੀਅਲ ਪਾਰਕ ਨੂੰ ਰੋਕਿਆ ਜਾਵੇ। ਮੱਤੇਵਾੜਾ ਜੰਗਲਾਂ 'ਤੇ ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ ਨੂੰ ਲੈ ਕੇ  ਬੁਲਾਰਿਆਂ ਨੇ ਕਿਹਾ ਕਿ ਮੱਤੇਵਾੜਾ ਜੰਗਲ ਨੂੰ ਨਾ ਕੱਟਿਆ ਜਾਵੇ ਤੇ ਕੁਦਰਤ ਨਾਲ ਖਿਲਵਾੜ ਨਾ ਕੀਤਾ ਜਾਵੇ ਕਿਉਕਿ ਦਰੱਖ਼ਤ ਇਨਸਾਨ ਲਈ ਆਕਸੀਜ਼ਨ ਬਣਾਉਣ ਵਾਲੇ ਕਾਰਖਾਨਿਆਂ ਦੇ ਬਰਾਬਰ ਹੁੰਦੇ  ਹਨ।

ਬੁਲਾਰਿਆਂ ਨੇ ਕਿਹਾ ਕਿ ਬਾਬੇ ਨਾਨਕ ਦੇ ਫਲਸਫੇ ਉੱਤੇ ਸਾਨੂੰ ਚੱਲਣ ਦੀ ਜ਼ਰੂਰਤ ਹੈ ਜਿਵੇਂ ਕਿ ਗੁਰਬਾਣੀ ਵਿੱਚ ਵੀ ਦਰਜ ਹੈ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' , ਜੇਕਰ ਇਸ ਗੁਰਬਾਣੀ ਦੀਆਂ ਤੁਕਾਂ ਨੂੰ ਅਸੀਂ ਸਮਝ ਲਈਏ ਤਾਂ ਅਸੀਂ ਆਪਣੇ ਚੌਗਿਰਦੇ ਤੇ ਕੁਦਰਤ ਨੂੰ ਬਚਾ ਸਕਦੇ ਹਾਂ। ਜਿਥੇ ਅੱਜ ਲੋਕ ਜਾਗਰੂਕ ਹੋਏ ਨੇ ਜਿਵੇਂ ਕਿ ਮੱਤੇਵਾੜਾ ਜੰਗਲ ਦੀ ਕਟਾਈ ਨੂੰ ਲੈ ਕੇ ਲੋਕਾਂ ਨੇ ਜੰਗਲ ਨੂੰ ਬਚਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ 'ਤੇ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਦਰੱਖ਼ਤ 39 ਪ੍ਰਤੀਸ਼ਤ ਤੋਂ 4.5 ਪ੍ਰਤੀਸ਼ਤ ਹੀ ਰਹਿ ਗਏ ਹਨ, ਸਾਨੂੰ ਆਪਣਾ ਫ਼ਰਜ਼ ਸਮਝਦਿਆਂ ਘੱਟੋ-ਘੱਟ 10 ਦਰੱਖਤ ਜ਼ਰੂਰ ਲਾਉਣੇ ਚਾਹੀਦੇ ਹਨ। ਦੱਸ ਦੇਈਏ ਕਿ ਇਸ ਮੋਰਚੇ ਵਿਚ ਖਾਲਸਾ ਏਡ ਵਲੋਂ ਲੰਗਰ ਲਗਾਇਆ ਗਿਆ।

No comments: