Sunday, June 26, 2022

ਨੇੜਿਓਂ ਦੇਖਿਆ ਆਈ ਏ ਐਸ ਅਧਿਕਾਰੀ ਸੰਜੇ ਪੋਪਲੀ--ਸੁਖਦਰਸ਼ਨ ਨੱਤ

ਪੋਪਲੀ ਦੇ ਪੁਰਾਣੇ ਜਾਣਕਾਰ ਨੇ ਖੋਹਲੇ ਕੁਝ ਹੋਰ ਭੇਦ

ਚੰਡੀਗੜ੍ਹ//ਮਾਨਸਾ26 ਜੂਨ 2022: (*ਸੁਖਦਰਸ਼ਨ ਨੱਤ//ਪੰਜਾਬ ਸਕਰੀਨ)::

ਹਰ ਮੌਤ-ਖਾਸ ਕਰ ਭੇਤਭਰੀ ਮੌਤ ਬਾਰੇ ਬਿਨਾਂ ਸ਼ੱਕ ਪੜਤਾਲ ਜ਼ਰੂਰੀ ਹੈ। ਪਰ ਕੁਝ ਸੱਜਣਾਂ ਵਲੋਂ ਦਿੱਤੀ ਇਸ ਦਲੀਲ ਦੀ ਕੀ ਤੁੱਕ ਹੋਈ ਕਿ ਭ੍ਰਿਸ਼ਟਾਚਾਰ ਤੇ ਲੁੱਟ ਦਾ ਮਾਲ ਪੋਪਲੀ ਦੇ ਘਰ ਪਿਆ ਰਹੇ ਜਾਂ ਸੁਨਿਆਰੇ ਦੀ ਦੁਕਾਨ 'ਤੇ ਕੀ ਫਰਕ ਪੈਂਦੇ, ਪਰ ਇਕ ਮਾਂ ਦਾ ਜਵਾਨ ਪੁੱਤ ਤਾਂ ਵਾਪਸ ਨਹੀਂ ਆਉਣਾ! ਕੀ  ਜਾਣੇ ਜਾਂ ਅਣਜਾਣੇ ਵਿਚ ਇਹ ਦਲੀਲ ਅੰਨਾ ਭ੍ਰਿਸ਼ਟਾਚਾਰ ਕਰਨ ਦੇ ਜੁਰਮ ਵਿਚ ਫੜੇ ਗਏ ਲੋਕਾਂ ਦੇ ਪੱਖ ਵਿਚ ਸਮਾਜ ਵਿਚ ਹਮਦਰਦੀ ਪੈਦਾ ਕਰਨਾ ਨਹੀਂ ਹੈ?

ਕੀ ਸੰਜੇ ਪੋਪਲੀ ਅਪਣੀ ਘਰਵਾਲੀ ਤੋਂ ਅਤੇ ਪੁੱਤ ਤੋਂ ਚੋਰੀ ਇਹ ਲੁੱਟ ਦਾ ਮਾਲ ਘਰ ਲਿਆ ਕੇ ਜਮਾਂ ਕਰਦਾ ਰਿਹਾ? ਜ਼ਾਹਰ ਹੈ ਕਿ ਨਹੀਂ, ਸੋ ਜਦੋਂ ਉਸ ਦੀਆਂ ਇਹ ਕਰਤੂਤਾਂ ਉਨਾਂ ਦੇ ਧਿਆਨ ਵਿਚ ਸੀ, ਬਲਕਿ ਉਹ ਉਸ ਕਾਲੀ ਕਮਾਈ ਨੂੰ ਸਾਂਭਦੇ ਤੇ ਲੁਕਾਉਂਦੇ ਹਨ (ਇਹ ਵੱਖਰੀ ਗੱਲ ਹੈ ਕਿ ਹੁਣ ਵਿਜੀਲੈਂਸ ਵਲੋਂ ਉਸ ਦੇ ਘਰੋਂ ਬਰਾਮਦ ਕੀਤਾ ਸਾਰਾ ਕਾਲਾ ਧਨ - ਜੋ ਇਕ ਕਾਲੇ ਬੈਗ ਚ ਪਾ ਕੇ ਘਰੇ ਗੁਪਤ ਜਗਾ ਸਾਂਭਿਆ ਪਿਆ ਸੀ-ਨੂੰ ਇਧਰ ਉਧਰ ਕਰ ਦੇਣ ਦਾ  ਨਿਗਰਾਨੀ ਜਾਂ ਘਬਰਾਹਟ ਕਾਰਨ ਉਨਾਂ ਨੂੰ ਮੌਕਾ ਨਹੀਂ ਮਿਲਿਆ) ਅਤੇ ਉਹ ਇਸ ਪੈਸੇ ਦੇ ਸਿਰ 'ਤੇ ਸਿਰੇ ਦੀ ਐਸ਼ੋ ਇਸ਼ਰਤ ਵਾਲੀ ਜ਼ਿੰਦਗੀ ਜਿਉਂ ਰਹੇ ਸਨ, ਤਾਂ ਹੁਣ ਅਚਾਨਕ ਉਹ ਕਈਆਂ ਲਈ ਮਾਸੂਮ ਅਤੇ  ਹਮਦਰਦੀ ਦੇ ਪਾਤਰ ਕਿਵੇਂ ਤੇ ਕਿਉਂ ਬਣ ਗਏ ? ਉਹ ਮਾਂ ਪੁੱਤ ਪੜੇ ਲਿਖੇ ਸਨ, ਬਾਲਗ ਸਨ, ਕੀ ਉਹ ਨਹੀਂ ਸਨ ਜਾਣਦੇ ਕਿ ਇਹ ਹਰਾਮ ਦੀ ਕਮਾਈ ਹੈ? ਕੀ ਉਨਾਂ ਨੂੰ ਵਕਤ ਸਿਰ ਇਸ ਦਾ ਵਿਰੋਧ ਨਹੀਂ ਸੀ ਕਰਨਾ ਚਾਹੀਦਾ?          ਗੁਰਬਾਣੀ ਦਾ ਮਹਾਵਾਕ ਹੈ-ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਇ!

ਅਸੀਂ ਇਸ ਪੋਪਲੀ ਨੂੰ ਉਦੋਂ ਤੋਂ ਜਾਣਦੇ ਹਾਂ ਜਦੋਂ ਉਹ ਇਕ ਪੀਸੀਐਸ ਅਫਸਰ ਵਜੋਂ ਸਾਡੇ ਮਹਿਕਮੇ ਸਿੰਚਾਈ ਵਿਭਾਗ ਪੰਜਾਬ ਵਿਚ ਬਤੌਰ ਐਡਮਿਨ ਅਫਸਰ/ਡਾਇਰੈਕਟਰ ਨਿਯੁਕਤ ਸੀ। ਉਹ ਬਦਲੀਆਂ ਵਰਗੇ ਸਾਰੇ ਰੁਟੀਨ ਕੰਮਾਂ ਵਿਚ ਵੀ ਅੜ ਕੇ ਡੰਕੇ ਦੀ ਛੋਟ 'ਤੇ ਰਿਸ਼ਵਤ ਲੈਂਦਾ ਸੀ। ਅਸੀਂ ਇਸ ਨੂੰ ਉਦੋਂ ਹੀ ਰੰਗੇ ਹੱਥੀਂ ਟੰਗ ਦੇਣਾ ਸੀ, ਪਰ ਉਸ ਦੀਆਂ ਚੁਤਰਾਈਆ ਤੇ ਹਿੱਸਾ ਪੱਤੀ ਵਾਲੀ ਉੱਚੀ ਪਹੁੰਚ ਕਾਰਨ ਉਦੋਂ ਇਹ ਸੰਭਵ ਨਾ ਹੋ ਸਕਿਆ।  

ਪੋਪਲੀ ਦਾ ਰਿਸ਼ਵਤ ਲੈਣ ਦਾ ਢੰਗ ਵੀ ਬੜਾ ਵਿਲੱਖਣ ਸੀ। ਉਹ ਫਸੇ ਬੰਦੇ ਨੂੰ ਕਹਿੰਦਾ ਕਿ ਜੇਕਰ ਕੰਮ ਕੱਢਵਾਉਣਾ ਹੈ ਤਾਂ ਫਲਾਣੇ ਸ਼ਰਾਬ ਦੇ ਠੇਕੇ 'ਤੇ ਫਲਾਣੀ ਸ਼ਰਾਬ ਦੀ ਦਸ ਲੀਟਰ ਵਾਲੀ ਬੋਤਲ ਦੇ ਪੈਸੇ ਜਮਾਂ ਕਰਵਾ ਕੇ ਆ ਅਤੇ ਉਨਾਂ ਤੋਂ ਜਮ੍ਹਾਂ ਰਾਸ਼ੀ ਦੀ ਪਰਚੀ ਲਿਆ ਕੇ ਮੈਨੂੰ ਫੜਾ, ਕੰਮ ਹੋ ਜਾਵੇਗਾ। ਮੇਰਾ ਖਿਆਲ ਹੈ ਮੈਂ ਇਹ 2011-12 ਦੀ ਗੱਲ ਕਰ ਰਿਹਾ ਹਾਂ। ਉਸ ਵਕਤ ਉਸੇ ਮਹਿੰਗੀ ਸ਼ਰਾਬ ਦੀ ਇਸ ਵੱਡੀ ਬੋਤਲ ਦੀ ਕੀਮਤ ਕਰੀਬ ਪੰਜਾਹ ਹਜ਼ਾਰ ਰੁਪਏ ਸੀ। ਲੋਕ ਜਾਣਦੇ ਸਨ ਕਿ ਸ਼ਰਾਬ ਮੰਗਵਾਉਣਾ ਤਾਂ ਰਿਸ਼ਵਤ ਲੈਣ ਦਾ ਇਕ ਢੰਗ ਹੈ, ਉਂਝ  ਠੇਕੇ ਉਤੇ ਜਮ੍ਹਾਂ ਕਰਾਏ ਉਹ ਪੈਸੇ ਨਕਦ ਹੀ ਇਸ ਪੋਪਲੀ ਸਾਹਿਬ ਦੀ ਜੇਬ ਵਿਚ ਪਹੁੰਚ ਜਾਂਦੇ ਨੇ !  ਹੁਣ ਸਤਾ ਬਦਲਣ ਤੋਂ ਬਾਦ ਕਿਤੇ ਜਾ ਕੇ ਇਹ ਕੰਜ਼ਰ ਕਾਬੂ ਆਇਆ ਹੈ। ਇਕ ਕਹਾਵਤ ਹੈ - ਸੌ ਦਿਨ ਚੋਰ ਦਾ ਅਤੇ ਇਕ ਦਿਨ ਸਾਧ ਦਾ ! ਦੂਜੀ ਕਝਾਵਤ ਹੈ - ਛੋਲਿਆਂ ਦੇ ਨਾਲ ਕਈ ਵਾਰ ਘੁਣ ਵੀ ਪਿਸ ਜਾਂਦਾ ਹੈ ! ਇਸ ਮਾਮਲੇ 'ਚ ਵੀ ਇਹੀ ਹੋਇਆ ਹੈ। ਉਂਝ ਵਿਜੀਲੈਂਸ ਸਟਾਫ ਦੀ ਮੌਜੂਦਗੀ ਵਿਚ ਕਿਸੇ ਵਲੋਂ ਰਿਵਾਲਵਰ ਨਾਲ ਖੁਦਕੁਸ਼ੀ ਕਰ ਲੈਣਾ ਇਕ ਗੰਭੀਰ ਅਣਗਹਿਲੀ ਵਾਲਾ ਜੁਰਮ ਜ਼ਰੂਰ ਹੈ, ਕਿਉਂਕਿ ਪੇਸ਼ਾਵਰ ਤੌਰ 'ਤੇ ਉਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਛਾਪੇ ਜਾਂ ਪੁੱਛ ਪੜਤਾਲ ਦੌਰਾਨ ਸਬੰਧਤ ਵਿਅਕਤੀ ਘਬਰਾਹਟ ਜਾਂ ਤੈਸ਼ ਵਿਚ ਆ ਕੇ ਅਪਣਾ ਜਾਂ ਪੜਤਾਲੀਆ ਪਾਰਟੀ ਦਾ ਨੁਕਸਾਨ ਕਰ ਸਕਦਾ ਹੈ, ਇਸ ਲਈ ਉਸ ਨੂੰ ਪੂਰੀ ਤਰ੍ਹਾਂ ਕੰਟਰੋਲ ਤੇ ਨਿਗਰਾਨੀ ਵਿਚ ਰੱਖਣਾ ਹੁੰਦਾ ਹੈ। ਇਸ ਮਾਮਲੇ ਵਿਚ ਅਜਿਹਾ ਕਿਉਂ ਨਾ ਹੋਇਆ, ਜਿਥੇ ਐਨਾ ਕੁਝ ਬਰਾਮਦ ਕੀਤਾ ਉਥੇ ਲਾਇਸੈਸੀ ਹਥਿਆਰ ਜ਼ਬਤ ਕਿਉਂ ਨਾ ਕੀਤਾ ਗਿਆ ?

ਭਗਵੰਤ ਮਾਨ ਸਰਕਾਰ ਦਾ ਨੀਤੀਗਤ ਅਧਾਰ 'ਤੇ ਆਲੋਚਨਾ ਤੇ ਵਿਰੋਧ ਦਾ ਹੱਕ ਅਪਣੀ ਜਗ‌੍ਹਾ ਬਿਲਕੁਲ  ਜਾਇਜ਼ ਤੇ ਸਹੀ ਹੈ, ਪਰ ਸਾਨੂੰ ਅਪਣੀ ਮਾਨਵੀ ਹਮਦਰਦੀ ਪੂਰੇ ਸਰਫ਼ੇ ਨਾਲ ਸਿਰਫ ਇਸ ਦੇ ਸਹੀ ਹੱਕਦਾਰਾਂ-ਸੱਚਮੁਚ ਦੇ ਪੀੜਤ ਲੋਕਾਂ ਲਈ ਹੀ ਸਾਂਭ ਕੇ ਰੱਖਣੀ ਚਾਹੀਦੀ ਹੈ, ਨਾ ਕਿ ਭ੍ਰਿਸ਼ਟ ਲੋਕਾਂ ਉਤੇ। 

ਕਾਮਰੇਡ ਸੁਖਦਰਸ਼ਨ ਸਿੰਘ ਨੱਤ ਲੰਮੇ ਸਮੇਂ ਤੋਂ ਨਕਸਲਬਾੜੀ ਲਹਿਰ ਨਾਲ ਜੁੜੇ ਹੋਏ ਹਨ ਅਤੇ ਅੱਜਕਲ੍ਹ ਸੀਪੀਆਈ ਐਮ ਐਲ ਏ (ਲਿਬਰਸ਼ਨ) ਦੇ ਸੀਨੀਅਰ ਲੀਡਰ ਵੀ ਹਨ। ਉਹਨਾਂ ਨੇ ਨਕਸਲੀ ਲਹਿਰ ਵੇਲੇ 75 ਸਾਲਾਂ ਦੀ ਉਮਰ ਦੇ ਬਾਬਾ ਬੂਝ ਸਿੰਘ ਅਤੇ ਹੋਰਾਂ ਨੂੰ ਅਕਹੁਤੀ ਮੁਕਾਬਲਿਆਂ ਵਿਚ ਮਾਰ ਮੁਕਾਏ ਜਾਣ ਦੀਆਂ ਘਟਨਾਵਾਂ ਨੂੰ ਨੇੜਿਓਂ ਦੇਖਿਆ ਹੈ। ਇਸ ਤੋਂ ਬਾਅਦ ਸਿੱਖ ਖਾੜਕੂ ਲਹਿਰ ਵੇਲੇ ਵੀ ਅਜਿਹੇ ਵਰਤਾਰੇ ਨੂੰ ਨੇੜੇ ਹੋ ਕੇ ਦੇਖਿਆ। ਆਮ ਲੋਕਾਂ ਦੀ ਸੰਵੇਦਨਾ ਉਦੋਂ ਵੀ ਵੱਡੇ ਪੈਮਾਨੇ ਤੇ ਨਹੀਂ ਜਾਗੀ। ਫਿਰ ਗੈਂਗਸਟਰਾਂ ਦੇ ਵਰਤਾਰੇ ਨੂੰ ਵੀ ਨੀਝ ਨਾਲ ਦੇਖਿਆ। ਹੁਣ ਆਈਏਐਸ ਅਧਿਕਾਰੀ ਸੰਜੇ ਪੋਪਲੀ ਦੇ ਘਰ ਵਿਚ ਪਾਏ ਛਾਪੇ ਦੌਰਾਨ ਚੱਲੀ ਗੋਲੀ ਵਿਚ ਉਸਦੇ ਇਕਲੌਤੇ ਮੁੰਡੇ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਤਾਂ ਸਾਰੇ ਪਾਸੇ ਵਾਵੇਲਾ ਖੜਾ ਗਿਆ ਹੈ। ਨੱਤ ਸਾਹਿਬ ਦੇ ਮਹਿਕਮੇ ਵਿਚ ਵੀ ਇਸ ਅਧਿਕਾਰੀ ਪੋਪਲੀ ਨੇ ਕਿਸੇ ਵੇਲੇ ਕੰਮ ਕੀਤਾ ਸੀ। ਉਸ ਵੇਲੇ ਦੇ ਅਨੁਭਵਾਂ 'ਤੇ ਅਧਾਰਿਤ ਇੱਕ ਲਿਖਤ ਕਾਮਰੇਡ ਨੱਤ ਨੇ ਅੱਜ ਥੋਹੜੀ ਦੇਰ ਪਹਿਲਾਂ ਹੀ 26 ਜੂਨ 2022 ਸਵੇਰੇ 10:03 ਵਜੇ ਵਟ ਸਪ ਕੀਤੀ ਹੈ। ਇਹ ਲਿਖਤ ਜਿਹੜੀ ਕੁਰੱਪਸ਼ਨ ਅਤੇ ਰਿਸ਼ਵਤਖੋਰੀ ਨਾਲ ਭਰੇ ਸਿਸਟਮ ਵੱਲ ਗੰਭੀਰ ਇਸ਼ਾਰਾ ਕਰਦੀ ਹੈ। ਪੂੰਜੀਵਾਦ ਦੀ ਇਹ ਸਮੱਸਿਆ ਮਜ਼ਬੂਤ ਸਿਆਸੀ ਇੱਛਾ ਸ਼ਕਤੀ ਬਿਨਾ ਹੱਲ ਹੋਣ ਦੀ ਸੰਭਾਵਨਾ ਹੀ ਨਹੀਂ।  --ਰੈਕਟਰ ਕਥੂਰੀਆ

No comments: