Wednesday, June 29, 2022

ਵੀਡੀਓ ਵਾਇਰਿਲ ਕਰਨ ਵਾਲੇ 'ਤੇ ਗੋਲੀਆਂ ਚਲਾਉਣ ਵਾਲਾ ਗਿਰੋਹ ਕਾਬੂ

29th June 2022 at 5:43 PM 
ਲੁਧਿਆਣਾ ਦੀ ਬੈਂਜੋਮੈਨ ਰੋਡ 'ਤੇ ਚੱਲੀਆਂ ਸਨ ਕਾਰਤਿਕ ਉੱਪਰ ਗੋਲੀਆਂ 

ਲੁਧਿਆਣਾ: 29 ਜੂਨ 2022: (ਪੰਜਾਬ ਸਕਰੀਨ ਡੈਸਕ)::

ਵੱਖ ਵੱਖ ਇਲਾਕਿਆਂ ਵਿੱਚ ਵੱਧ ਰਹੀਆਂ ਗੁੰਡਾਗਰਦੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਰਗਰਮ ਹੋਈ ਪੁਲਿਸ ਨੇ ਹੁਣ ਕੁਝ ਨਵੀਆਂ ਗ੍ਰਿਫਤਾਰੀਆਂ ਵੀ ਕੀਤੀਆਂ ਹਨ। ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਨੇ ਇਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰਨ ਦੇ ਦੋਸ਼ ਹੇਠ ਤਿੰਨ ਨੌਜਵਾਨਾਂ ਨੂੰ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸਦੀ ਜਾਣਕਾਰੀ ਬਾਕਾਇਦਾ ਇੱਕ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਗਈ। ਕਾਰਤਿਕ ਨੇ ਇਹਨਾਂ ਦੇ ਕਿਸੇ ਗੈਰਕਾਨੂੰਨੀ ਕੰਮ ਦੀ ਵੀਡੀਓ ਪਾ ਕੇ ਸੋਸ਼ਲ ਮੀਡੀਆ 'ਤੇ ਵਾਇਰਿਲ ਕੀਤੀ ਸੀ। ਕਾਰਤਿਕ ਉੱਤੇ ਫਾਇਰਿੰਗ ਵਾਲੀ ਘਟਨਾ ਦੀ ਖਬਰ ਵੀ ਦੇਖ ਸਕਦੇ ਹੋ ਇਥੇ ਕਲਿੱਕ ਕਰ ਕੇ।  


ਕ੍ਰਾਈਮ ਦੇ ਖਿਲਾਫ ਪੁਲਿਸ ਦੇ ਵੱਧ ਰਹੇ ਸ਼ਿਕੰਜੇ ਦਾ ਸਬੂਤ ਹੈ ਪੁਲਿਸ ਦਾ ਇਹ ਐਕਸ਼ਨ। ਇਸ ਪ੍ਰੈੱਸ ਕਾਨਫਰੰਸ ਦੌਰਾਨ
 ਏਸੀਪੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਘਾਟੀ ਮੁਹੱਲੇ ਦੇ ਵਸਨੀਕ ਕ੍ਰਾਂਤੀ ਦਾ ਲੜਕਾ ਕਾਰਤਿਕ ਬੱਧਨ 25 ਜੂਨ ਨੂੰ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਜੈਨ ਪਬਲਿਕ ਸਕੂਲ ਬੈਂਜਾਮਿਨ ਰੋਡ ਨੇੜੇ ਕੁੱਝ ਵਿਅਕਤੀਆਂ ਨੇ ਨਿੱਜੀ ਰੰਜਿਸ਼ ਕਾਰਨ ਉਸ ਨੂੰ ਰੋਕ ਲਿਆ ਅਤੇ ਮਾਰ ਦੇਣ ਦੇ ਇਰਾਦੇ ਨਾਲ ਉਸ ਉੱਪਰ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ ਸਨ। ਸਨਸਨੀ ਅਤੇ ਦਹਿਸ਼ਤ ਫੈਲਾਉਣ ਵਾਲੀ ਇਹ ਘਟਨਾ ਸੱਚਮੁੱਚ ਚਿੰਤਾਜਨਕ ਸੀ। ਗੋਲੀਆਂ ਲੱਗਣ ਕਾਰਨ ਉਹ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਸੀ। 

ਵਾਰਦਾਤ ਵਾਲੀ ਥਾਂ ਦੇ ਨੇੜੇ ਹੀ ਪੈਂਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਪੁਲੀਸ ਵੱਲੋਂ ਇਸ ਸਬੰਧ ਵਿੱਚ ਕਰਨਦੀਪ ਕਾਲੀਆ ਵਾਸੀ ਹਰੀ ਕਰਤਾਰ ਕਲੋਨੀ, ਕੁਨਾਲ ਸ਼ਰਮਾ ਅਤੇ ਸਮੀਰ ਮਲਿਕ ਵਾਸੀ ਧਰਮਪੁਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਇੱਕ 32 ਬੋਰ ਦਾ ਪਿਸਤੌਲ ਅਤੇ ਦੋ ਕਾਰਤੂਸ ਵੀ ਬਰਾਮਦ ਹੋਏ ਹਨ। 

ਇਸ ਸਬੰਧੀ ਹੋਰ ਵੇਰਵਾ ਦੇਂਦਿਆਂ ਉਨ੍ਹਾਂ ਦੱਸਿਆ ਕਿ ਕਾਰਤਿਕ ਬੱਧਨ ਉੱਪਰ ਹਮਲੇ ਦੇ ਦੋਸ਼ ਹੇਠ ਪੁਲੀਸ ਵੱਲੋਂ ਕਰਨਦੀਪ ਕਾਲੀਆ, ਵਿਸ਼ੂ ਕੈਂਥ, ਕਮਲ, ਕੁਨਾਲ ਸ਼ਰਮਾ ਉਰਫ ਅਭੈ, ਦਿਕਸ਼ਿਤ, ਨਿੱਕੂ ਓਬਰਾਏ, ਵੱਡਾ ਬਿੱਲਾ, ਕਰਨ ਸ਼ਰਮਾ, ਕਮਲ ਰਾਜਪੂਤ, ਨੀਰਜ ਰਾਜਪੂਤ, ਸ਼ਿਵਮ ਮੋਟਾ ਅਤੇ ਰਿਸ਼ਵ ਬੈਨੀਪਾਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। 

ਰੰਜਿਸ਼ ਦਾ ਮਾਮਲਾ ਕੁਝ ਪੁਰਾਣਾ ਹੈ। ਅੱਜਕਲ੍ਹ ਕਿਸੇ ਅਪਰਾਧ ਦੀ ਵੀਡੀਓ ਬਣਾ ਕੇ ਜਾਨ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ |ਤੇ ਪਾਉਣਾ ਪਹਿਲਾਂ ਨਾਲੋਂ ਕਿਤੇ ਵੱਧ ਖਤਰਨਾਕ ਹੋ ਗਿਆ ਹੈ। ਇਸ ਮਾਮਲੇ ਵਿੱਚ ਜਿਸ ਨੌਜਵਾਨ ਕਾਰਤਿਕ ਨੂੰ ਗੋਲੀਆਂ ਲੱਗਿਆਂ ਸਨ ਉਸ ਕੋਲੋਂ ਵੀ ਇਹੀ ਖਤਰਨਾਕ ਕਦਮ ਚੁੱਕਿਆ ਗਿਆ ਸੀ। ਹੋਰ ਜਾਣਕਾਰੀ ਦੇਂਦਿਆਂ ਉਨ੍ਹਾਂ ਦੱਸਿਆ ਕਿ ਕਾਰਤਿਕ ਬੰਧਨ ਨੇ ਪੁੱਛਗਿਛ ਦੌਰਾਨ ਦੱਸਿਆ ਹੈ ਕਿ ਉਸਨੇ ਮੁਲਜ਼ਮਾਂ ਵੱਲੋਂ ਕੁਝ ਸਮਾਂ ਪਹਿਲਾਂ ਕਾਰਾਂ ਦੀ ਕੀਤੀ ਗਈ ਭੰਨ੍ਹ-ਤੋੜ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਸੀ। ਇਸ ਸਬੰਧ ਵਿੱਚ ਪੁਲੀਸ ਵੱਲੋਂ ਕੁੱਝ ਵਿਅਕਤੀਆ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਵੀਡੀਓ ਕਾਰਨ ਗ੍ਰਿਫਤਾਰ ਹੋਏ ਮੁਲਜ਼ਮਾਂ ਨੇ ਇਹ ਖੁੰਦਕ ਮਨ ਵਿਚ ਰੱਖੀ ਹੋਈ ਸੀ। ਕਾਰਤਿਕ ਕੋਲੋਂ ਬਦਲਾ ਲੈਣ ਲਈ ਉਹ ਉਸਤੇ ਨਜ਼ਰ ਰੱਖਦੇ ਆ ਰਹੇ ਸਨ।

ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸੇ ਰੰਜਿਸ਼ ਕਾਰਨ ਸ਼ਿਵਮ ਮੋਟਾ ਅਤੇ ਰਿਸ਼ਵ ਬੈਨੀਪਾਲ ਦੇ ਕਹਿਣ ’ਤੇ ਕਾਰਤਿਕ ਉੱਪਰ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਵਾਰਦਾਤ ਸਮੇਂ ਮੁਲਜ਼ਮ ਸ਼ਿਵਮ ਮੋਟਾ ਤੇ ਰਿਸ਼ਵ ਬੈਨੀਪਾਲ ਨਾਲ ਮੋਬਾਈਲ ਫੋਨ ’ਤੇ ਵੀਡੀਓ ਕਾਲ ਰਾਹੀਂ ਗੱਲਬਾਤ ਕਰ ਰਹੇ ਸਨ ਅਤੇ ਸ਼ਿਵਮ ਮੋਟਾ ਨੇ ਉਨ੍ਹਾਂ ਨੂੰ ਕਾਰਤਿਕ ਬੱਧਨ ਦਾ ਕੰਡਾ ਹੁਣੇ ਕੱਢਣ ਦੀ ਹਦਾਇਤ ਕੀਤੀ ਸੀ। ਇਸ ’ਤੇ ਮੁਲਜ਼ਮਾਂ ਨੇ ਕਾਰਤਿਕ ਨੂੰ ਜਾਨੋਂ ਮਾਰ ਦੇਣ ਦੀ ਨੀਅਤ ਨਾਲ ਉਸ ਉੱਪਰ ਦੋ ਫਾਇਰ ਕੀਤੇ ਅਤੇ ਉਸ ਦੀ ਲਾਈਵ ਵੀਡੀਓ ਸ਼ਿਵਮ ਨੂੰ ਦਿਖਾਈ ਗਈ ਸੀ। ਫ਼ਿਲਮੀ ਸਟਾਈਲ ਵਾਲਿਆਂ ਵਾਰਦਾਤਾਂ ਹੁਣ ਆਮ ਜ਼ਿੰਦਗੀ ਵਿਚ ਵੀ ਆਮ ਹੁੰਦੀਆਂ ਜਾ ਰਹੀਆਂ ਹਨ। ਸ਼ਰੇਆਮ ਗੋਲੀਆਂ ਚਲਾਉਣਾ ਫਿਰ ਉਹਨਾਂ ਦੀ ਵੀਡੀਓ ਬਣਾਉਣਾ ਅਤੇ ਕਈ ਵਾਰ ਲਾਈਵ ਦਿਖਾਉਣ ਦਾ ਤ੍ਰਿਵਜ ਆਮ ਹੁੰਦਾ ਜਾ ਰਿਹਾ ਹੈ। 

ਜਦੋਂ ਮੁਲਜ਼ਮਾਂ ਨੇ ਕਾਰਤਿਕ 'ਤੇ ਫਾਇਰਿੰਗ ਕੀਤੀ ਤਾਂ ਗੋਲੀਆਂ ਲੱਗਣ ਕਾਰਨ ਕਾਰਤਿਕ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਇਲਾਜ ਲਈ ਸੀਐੱਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲੀਸ ਤੋਂ ਇਲਾਵਾ ਸੀਆਈਏ ਸਟਾਫ਼, ਸਾਈਬਰ ਕਰਾਈਮ ਸੈੱਲ, ਟੈਕਨੀਕਲ ਸੈੱਲ ਅਤੇ ਨਾਰਕੋਟਿਕ ਸੈੱਲ ਦੇ ਅਧਿਕਾਰੀਆਂ ਦੀ ਟੀਮ ਦੇ ਸਾਂਝੇ ਯਤਨਾਂ ਨਾਲ ਹੋਈ ਹੈ। ਹੁਣ ਦੇਖਣਾ ਹੈ ਕਿ ਪੁਲਿਸ ਦੇ ਇਸ ਕਦਮ ਨਾਲ ਅਜਿਹੀਆਂ ਵਾਰਦਾਤਾਂ ਦੀ ਰੋਕਥਾਮ ਕਿੰਨੀ ਕੁ ਸਫਲਤਾ ਮਿਲਦੀ ਹੈ। 

No comments: