Friday, June 24, 2022

ਅਖੌਤੀ ਅਗਨੀਪੱਥ ਰੋਜ਼ਗਾਰ ਸਕੀਮ ਨੌਜਵਾਨਾਂ ਨਾਲ ਧੋਖਾ-ਤਰਕਸ਼ੀਲ ਆਗੂ ਜੀਰਖ

24th June 2022 at 5:27 PM

ਭਾਰਤ ਸਰਕਾਰ ਦੀ ਇਹ ਸਕੀਮ ਜਮਹੂਰੀ ਸਮਾਜ ਲਈ ਘਾਤਕ ਸਿੱਧ ਹੋਵੇਗੀ


ਲੁਧਿਆਣਾ
: 24 ਜੂਨ 2022: (ਪੰਜਾਬ ਸਕਰੀਨ ਬਿਊਰੋ)::
ਹਿੰਦੀ ਸ਼ਬਦ ਤਰਕ ਦਾ ਮਤਲਬ ਹੁੰਦਾ ਹੈ ਦਲੀਲ ਅਤੇ ਦਲੀਲ ਨਾਲ ਗੱਲ ਕਰਨੇ ਵਾਲਾ ਹੁੰਦਾ ਹੈ ਤਰਕਸ਼ੀਲ। ਦਲੀਲਾਂ ਨੂੰ ਹਥਿਆਰ ਬਣਾ ਕੇ ਵਿਚਾਰਾਂ ਦੀ ਜੰਗ ਲੜਨ ਵਾਲੇ ਸੰਗਠਨ ਤਰਕਸ਼ੀਲ ਸੋਸਾਇਟੀ ਪੰਜਾਬ ਨੇ ਵੀ ਅਗਨੀ ਪੱਥ ਅਤੇ ਅਗਨੀ ਵੀਰ ਸਕੀਮਾਂ ਦਾ ਸਖਤ ਵਿਰੋਧ ਕੀਤਾ ਹੈ। 
ਤਰਕਸ਼ੀਲ ਲੀਡਰ ਜਸਵੰਤ ਜੀਰਖ 
ਤਰਕਸ਼ੀਲ ਸੁਸਾਇਟੀ ਪੰਜਾਬ ਨੇ ਅਗਨੀ ਪੱਥ ਅਤੇ ਅਗਨੀ ਵੀਰ ਸਕੀਮਾਂ ਦਾ ਤਿੱਖਾ ਵਿਰੋਧ ਕੀਤਾ ਹੈ। ਭਾਰਤ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਲਿਆਂਦੀ ਗਈ ਅਗਨੀਪੱਥ ਸਕੀਮ ਨੂੰ ਤਰਕਸ਼ੀਲ ਸੋਸਾਇਟੀ ਦੇਸ਼ ਅਤੇ ਲੋਕਾਂ ਲਈ ਬਹੁਤ ਹਾਨੀਕਾਰਕ ਸਮਝਦੀ ਹੈ।     

ਸੁਸਾਇਟੀ ਦੇ ਲੁਧਿਆਣਾ ਜ਼ੋਨ ਦੇ ਜੱਥੇਬੰਦਕ ਮੁਖੀ ਜਸਵੰਤ ਜੀਰਖ ਅਤੇ ਵਿੱਤ ਮੁਖੀ ਆਤਮਾ ਸਿੰਘ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਇਸ ਸਕੀਮ ਅਧੀਨ ਕੇਵਲ ਚਾਰ ਸਾਲ ਲਈ ਨੌਜਵਾਨਾਂ ਨੂੰ ਭਰਤੀ ਕੀਤਾ ਜਾਣਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਉੱਕਾ-ਪੁੱਕਾ ਪੈਸੇ ਦੇ ਕੇ ਮੁੜ ਬੇਰੁਜ਼ਗਾਰੀ ਦੀ ਭੱਠੀ ਵਿੱਚ ਸੁੱਟ ਦੇਣਾ ਹੈ। 

ਇਹ ਭਾਰਤੀ ਸੈਨਿਕ ਅਦਾਰਿਆਂ ਵਿੱਚ ਵੀ ਕਾਰਪੋਰੇਟ ਮਾਡਲ ਲਾਗੂ ਕਰਨ ਦੀ ਨੀਤੀ ਹੈ। ਇਹ ਸਕੀਮ ਦੇਸ਼ ਦੇ ਨੌਜਵਾਨਾਂ ਨੂੰ ਸਥਾਈ ਰੋਜ਼ਗਾਰ ਅਤੇ ਪੈਨਸ਼ਨ ਵਰਗੇ ਲਾਭਾਂ ਤੋਂ ਵਾਂਝਾ ਰੱਖੇਗੀ ਅਤੇ ਚਾਰ ਸਾਲ ਬਾਅਦ ਵਿਹਲੇ ਹੋਏ ਇਹ ਸਾਬਕਾ ਅਗਨੀਵੀਰ ਕਾਰਪੋਰੇਟ ਅਦਾਰਿਆਂ ਲਈ ਸਸਤੀ ਲੇਬਰ ਦਾ ਸੋਮਾ ਬਣਨ ਲਈ ਮਜਬੂਰ ਹੋਣਗੇ। ਇਸ ਤੋਂ ਵੀ ਅੱਗੇ ਦੇਸ਼ ਵਿੱਚ ਜਿਸ ਤਰ੍ਹਾਂ ਦਾ ਫਿਰਕੂ ਧਰੁਵੀਕਰਨ ਕੀਤਾ ਜਾ ਰਿਹਾ ਹੈ ਉਸ ਵਿੱਚ ਮਾਰੂ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ, ਪਰ ਫੌਜ ਵਿਚੋਂ ਵਿਹਲੇ ਕਰ ਦਿੱਤੇ ਗਏ, ਇਨ੍ਹਾਂ ਨੌਜਵਾਨਾਂ ਵੱਲੋਂ ਜਮਹੂਰੀ ਸਮਾਜ ਲਈ ਬਹੁਤ ਮਾਰੂ ਰੋਲ ਨਿਭਾਉਣ ਦਾ ਹਕੀਕੀ ਖਤਰਾ ਹੈ ਜੋ ਹਾਕਮ ਧਿਰ ਨੂੰ ਫਿੱਟ ਬੈਠਦਾ ਹੈ। 

ਇਹਨਾਂ ਅਗਨੀਵੀਰਾਂ ਨੇ ਫੌਜ ਵਿੱਚ ਬਹੁਤ ਥੋੜ੍ਹੇ ਸਮੇਂ ਲਈ ਹੀ ਰਹਿਣਾ ਹੈ ਜਿਸ ਕਰਕੇ ਉਨ੍ਹਾਂ ਵਿੱਚ ਫੌਜ ਲਈ ਲੋੜੀਂਦੀ ਪ੍ਰੋਫੈਸ਼ਨਲ ਯੋਗਤਾ ਅਤੇ ਨਿਰਪੱਖਤਾ ਨਹੀਂ ਆ ਸਕੇਗੀ ਅਤੇ ਖਦਸ਼ਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਇਸ ਅਰਸੇ ਦੌਰਾਨ ਦੇਸ਼-ਪ੍ਰੇਮ ਦੇ ਨਾਂ ਹੇਠ ਖਾਸ ਸਿਆਸੀ ਵਿਚਾਰਧਾਰਾ ਨਾਲ ਲੈਸ ਕਰਕੇ ਅਜਿਹੀ ਤਾਕਤ ਬਣਾ ਦਿੱਤਾ ਜਾਵੇਗਾ ਜੋ ਇਨਸਾਫ ਪਸੰਦ ਸਮਾਜ ਲਈ ਖਤਰਨਾਕ ਸਾਬਤ ਹੋ ਸਕਦੀ ਹੈ।

ਹੁਣ ਤੱਕ ਫੌਜ ਨੂੰ ਸਿਆਸਤ ਤੋਂ ਦੂਰ ਕੇਵਲ ਦੇਸ਼ ਦੀ ਸੁਰੱਖਿਆ ਤੱਕ ਸੀਮਤ ਕਰਨ ਨੂੰ ਪ੍ਰਵਾਨਿਤ ਨੀਤੀ ਮੰਨਿਆ ਜਾਂਦਾ ਸੀ ਪਰ ਮੌਜੂਦਾ ਸਰਕਾਰ ਫੌਜ ਦੇ ਸਿਆਸੀਕਰਨ ਵੱਲ ਵਧ ਰਹੀ ਹੈ। ਮੌਜੂਦਾ ਸਰਕਾਰ ਦੇ ਇਸ ਨੀਤੀਗਤ ਫੈਸਲੇ ਨੂੰ ਰਾਜ ਕਰ ਰਹੀ ਧਿਰ ਵੱਲੋਂ ਜਾਇਜ਼ ਠਹਿਰਾਉਣਾ ਸੁਭਾਵਿਕ ਗੱਲ ਹੈ ਪਰ ਫੌਜ ਦੇ ਜਰਨੈਲਾਂ ਵੱਲੋਂ ਇਸ ਦੀ ਵਾਜਬੀਅਤ ਆਮ ਲੋਕਾਂ ਨੂੰ ਜਚਾਉਣੀ ਫੌਜ ਦੇ ਸਿਆਸੀਕਰਨ ਵੱਲ ਜਾਣ ਦਾ ਸਬੂਤ ਹੈ।

ਇਸ ਲਈ ਸਰਕਾਰ ਤੋਂ ਸਥਾਈ ਰੁਜ਼ਗਾਰ ਦੇ ਮੁੱਦੇ ਦੇ ਨਾਲ ਨਾਲ ਜਮਹੂਰੀ ਦ੍ਰਿਸ਼ਟੀਕੋਣ ਤੋਂ ਵੀ ਅਗਨੀਪਥ ਸਕੀਮ ਦੀ ਵਾਪਸੀ ਦੀ ਮੰਗ ਕੀਤੀ ਜਾਣੀ  ਬੇਹੱਦ ਜ਼ਰੂਰੀ ਹੈ। ਤਰਕਸ਼ੀਲ ਸੁਸਾਇਟੀ ਪੰਜਾਬ ਇਸ ਦੇਸ਼ ਵਿਰੋਧੀ ਅਤੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲੀ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦੀ ਹੈ।

No comments: