14th June 2022 at 04:19 PM
ਹਰਿਆਣਾ ਦੇ ਦੋ ਵਿਅਕਤੀ ਅਸਲੇ ਸਮੇਤ ਕਾਬੂ: SSP ਵਿਵੇਕ ਸ਼ੀਲ ਸੋਨੀ
ਲੋਰੈਸ਼ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਨੇ ਦੋਵੇਂ ਵਿਅਕਤੀ
ਐਸਏਐਸ ਨਗਰ: 14 ਜੂਨ 2022 : (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਗੈਂਗਸਟਰਾਂ 'ਤੇ ਪੁਲਿਸ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ। ਅੱਜ ਪੰਜਾਬ ਪੁਲੀਸ ਨੂੰ ਉਸ ਸਮੇਂ ਵੱਡੀ ਸਫਲਤਾ ਹੱਥ ਲੱਗੀ ਜਦੋਂ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਝੇਂ ਓਪ੍ਰੇਸ਼ਨ ਦੌਰਾਨ ਲੋਰੈਸ਼ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਦੋ ਐਕਟਿਵ ਮੈਂਬਰਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਇਸ ਨਾਲ ਨਿਸਚੇ ਹੀ ਸਰਕਾਰ ਵਿਰੁੱਧ ਆਪੋਜੀਸ਼ਨ ਦੇ ਰੋਸ ਪ੍ਰਗਟਾਵਿਆਂ ਨੂੰ ਕੁਝ ਠੱਲ ਪਵੇਗੀ। ਅਮਨ ਕਾਨੂੰਨ ਦੀ ਸਥਿਤੀ ਦੇ ਮਾਮਲੇ ਵਿਚ ਇਹਨਾਂ ਗ੍ਰਿਫਤਾਰੀਆਂ ਨੂੰ ਇੱਕ ਵੱਡੀ ਸਫਲਤਾ ਵੱਜੋਂ ਦੇਖਿਆ ਜਾ ਰਿਹਾ ਹੈ।
ਅੱਜ ਮੀਡੀਆ ਨਾਲ ਇਹ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਦੇ ਹੋਏ ਸ੍ਰੀ ਵਿਵੇਕ ਸ਼ੀਲ ਸੋਨੀ ਐੱਸਐੱਸਪੀ ਮੁਹਾਲੀ ਵੱਲੋਂ ਦੱਸਿਆ ਗਿਆ ਕਿ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਸਾਝੇਂ ਓਪ੍ਰੇਸ਼ਨ ਦੌਰਾਨ ਲੋਰੈਸ਼ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਨਾਲ ਸਬੰਧਤ ਗਗਨਦੀਪ ਸਿੰਘ ਉਰਫ ਗੱਗੀ ਪੁੱਤਰ ਮਲਕੀਤ ਸਿੰਘ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਵਾਸੀਆਨ ਪਿੰਡ ਕਿੰਗਰਾ, ਥਾਣਾ ਡੱਬਵਾਲੀ, ਜਿਲ੍ਹਾ ਸਿਰਸਾ (ਹਰਿਆਣਾ) ਨੂੰ ਸਮੇਤ ਦੋ .32 ਕੈਲੀਵਰ ਪਿਸਟਲ, 08 ਜਿੰਦਾ ਕਾਰਤੂਸ ਅਤੇ ਸਕਾਰਪੀਓ ਕਾਰ ਨੰਬਰੀ HR-25 4845 ਦੇ ਦਾਰਾ ਸਟੂਡਿਓ, ਜੁਝਾਰ ਨਗਰ, ਮੋਹਾਲੀ ਤੋ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ ਮੁਕੱਦਮਾ ਨੰਬਰ: 73 ਮਿਤੀ 14.06.2022 ਅ/ਧ 25(7), 8 ਅਸਲਾ ਐਕਟ (ਸੋਧ ਅਸਲਾ ਐਕਟ 2019), ਥਾਣਾ ਬਲੌਗੀ, ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਹੈ।
ਐਸ.ਐਸ.ਪੀ ਸਾਹਿਬ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਗਗਨਦੀਪ ਸਿੰਘ ਉਰਫ ਗੱਗੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਲਗਾਤਾਰ ਮਨਪ੍ਰੀਤ ਸਿੰਘ ਉਰਫ ਮੰਨਾਂ, ਜਿਸ ਨੇ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਟੋਇਟਾ ਕਾਰ ਮੁਹੱਈਆ ਕਰਵਾਈ ਸੀ, ਰਾਂਹੀ ਕਨੇਡਾ ਬੈਠੇ ਗੈਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸੀ। ਹਾਲ ਵਿੱਚ ਹੀ ਮਨਪ੍ਰੀਤ ਸਿੰਘ ਉਰਫ ਮੰਨਾਂ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਦੋਵੇਂ ਦੋਸ਼ੀ ਗੋਲਡੀ ਬਰਾੜ ਦੇ ਇਸ਼ਾਰੇ ਤੇ ਕੰਮ ਕਰ ਰਹੇ ਸਨ ਅਤੇ ਪੰਜਾਬ ਅਤੇ ਹਰਿਆਣਾ ਦੇ ਨਾਲ ਲਗਦੇ ਬਾਰਡਰ ਏਰੀਆ ਤੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਦੇ ਸਨ ਅਤੇ ਵਿਦੇਸ਼ ਬੈਠੇ ਗੋਲਡੀ ਬਰਾੜ ਦੇ ਇਸ਼ਾਰੇ ਤੇ ਇਹਨਾਂ ਹਥਿਆਰਾਂ ਦੀ ਸ਼ੂਟਰਾਂ ਨੂੰ ਸਪਲਾਈ ਕਰਦੇ ਸੀ।
ਸ੍ਰੀ ਵਿਵੇਕ ਸ਼ੀਲ ਸੋਨੀ ਨੇ ਅੱਗੇ ਦੱਸਿਆ ਕਿ ਇਕ ਗੁਪਤ ਸੂਚਨਾਂ ਦੇ ਅਧਾਰ ਤੇ ਮੋਹਾਲੀ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਵਲੋਂ ਇਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ, ਜਿਸ ਦੌਰਾਨ ਗਗਨਦੀਪ ਸਿੰਘ ਉਰਫ ਗੱਗੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਅਸਲੇ ਅਤੇ ਐਮੂਨੇਸ਼ਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਜਦੋਂ ਉਹ ਇਹਨਾਂ ਹਥਿਆਰਾਂ ਦੀ ਖੇਪ ਪਹੁਚਾਉਣ ਲਈ ਜਾ ਰਹੇ ਸਨ।ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।
No comments:
Post a Comment