Monday, May 09, 2022

ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਕਿਸੇ ਵੀ ਕੀਮਤ 'ਤੇ ਨਹੀਂ:ਸ਼ਰਮਾ

Monday 9th May 2022 at 03:06 PM

ਭਾਜਪਾ ਦੇ ਕੌਮੀ ਪ੍ਰਧਾਨ ਨੱਡਾ 14 ਨੂੰ ਲੁਧਿਆਣਾ ਵਿੱਚ: ਅਸ਼ਵਨੀ ਸ਼ਰਮਾ

ਅਸ਼ਵਨੀ ਸ਼ਰਮਾ ਨੇ ਕੀਤੇ ਕਈ ਸਨਸਨੀਖੇਜ਼ ਖੁਲਾਸੇ ਅਤੇ ਨਾਲ ਹੀ ਪੁਛੇ ਸੁਆਲ 

ਦਿੱਲੀ 'ਚ 10 ਲੱਖ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਦਾ ਝੂਠ RTI 'ਚ ਆਇਆ ਸਾਹਮਣੇ 

ਹੁਣ ਤੱਕ ਦਿੱਤੀਆਂ ਗਈਆਂ ਹਨ ਸਿਰਫ਼ 3000 ਨੌਕਰੀਆਂ 

ਭਗਵੰਤ ਮਾਨ ਦੱਸਣ ਕਿ ਅਸਲ ਮਾਮਲਾ ਕੀ ਹੈ? 

ਕੇਜਰੀਵਾਲ ਦਾ ਗੁਜਰਾਤ ਹਵਾਈ ਖਰਚ ਦਾ 45 ਲੱਖ ਦਾ ਬਿੱਲ ਪੰਜਾਬ ਦੇ ਖਰਚ ‘ਚ ਕਿਉਂ ਪਿਆ


ਲੁਧਿਆਣਾ: 9 ਮਈ 2022: (ਲੁਧਿਆਣਾ ਸਕਰੀਨ ਟੀਮ):: 

ਜਿਸ ਭਾਜਪਾ ਨੂੰ ਕਿਸਾਨ ਅੰਦੋਲਨ ਦੌਰਾਨ ਪੰਜਾਬ ਵਿਚ ਜ਼ੀਰੋ ਹੋਇਆ ਸਮਝਿਆ ਜਾ ਰਿਹਾ ਸੀ ਉਹੀ ਭਾਜਪਾ ਹੁਣ ਬਾਕੀ ਪਾਰਟੀਆਂ ਨਾਲੋਂ ਵੱਧ ਸਰਗਰਮੀ ਨਾਲ ਲੋਕਾਂ ਵਿਚ ਵਿਚਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੇ ਆਈ ਟੀ ਸੈਲ ਅਤੇ ਇੰਟਲੈਕਚੁਅਲ ਸੈਲ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਸੱਤਾ ਨੂੰ ਹਿਲਾਈ ਰੱਖਣ ਲਈ ਭਾਜਪਾ ਵਾਲਿਆਂ ਕੋਲ ਬਹੁਤ ਸਾਰੇ ਸੁਆਲ ਹਨ। ਭਾਜਪਾ ਵਾਲੇ ਸਿਰਫ ਮੁਰਦਾਬਾਦ ਨਹੀਂ ਕਰਦੇ ਬਲਕਿ ਅਜਿਹੇ ਨੁਕਤੇ ਕੱਢ ਕੇ ਲਿਆਉਂਦੇ ਹਨ ਜਿਹੜੇ ਕਈਆਂ ਸੁਆਲਾਂ ਨੂੰ ਜਨਮ ਦੇਂਦੇ ਹਨ। 

ਇਸੇ ਮਾਹੌਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਆਪਣੇ ਇੱਕ ਰੋਜ਼ਾ ਦੌਰੇ ਤਹਿਤ 14 ਮਈ ਨੂੰ ਲੁਧਿਆਣਾ ਆ ਰਹੇ ਹਨ ਅਤੇ ਇਸ ਦਿਨ ਉਹ ਵੱਖ-ਵੱਖ ਮੀਟਿੰਗਾਂ ਅਤੇ ਕਾਨਫਰੰਸਾਂ ਵਿੱਚ ਹਿੱਸਾ ਲੈਣਗੇ। ਇਸ ਸਬੰਧੀ ਲੁਧਿਆਣਾ ਵਿਖੇ ਉਲੀਕੀ ਗਈ ਪ੍ਰੈਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਸ੍ਰੀ ਜੇ.ਪੀ. ਨੱਡਾ ਜੀ 14 ਮਈ ਨੂੰ ਲੁਧਿਆਣਾ ਪੁੱਜਣਗੇ, ਜਿੱਥੇ ਉਹ ਸਵੇਰੇ 10:30 ਵਜੇ ਤੋਂ ਪਾਰਟੀ ਵੱਲੋਂ ਆਯੋਜਿਤ ਕਨਵੈਨਸ਼ਨ ਵਿੱਚ ਹਿੱਸਾ ਲੈਣਗੇ ਅਤੇ ਵੱਖ-ਵੱਖ ਪੱਧਰਾਂ ਦੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕਰਨਗੇ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਨਗਰ ਨਿਗਮ ਚੋਣਾਂ ਅਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਜਪਾ ਵੱਲੋਂ ਕਰਵਾਈ ਗਈ ਇਹ ਕਾਨਫਰੰਸ ਜਿੱਥੇ ਭਾਜਪਾ ਵਰਕਰਾਂ ਦਾ ਮਨੋਬਲ ਵਧਾਏਗੀ, ਉੱਥੇ ਹੀ ਉਨ੍ਹਾਂ ਦੀ ਅਗੁਵਾਈ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਹੋਰ ਮਜ਼ਬੂਤ ਸਥਿਤੀ ਪ੍ਰਦਾਨ ਕਰੇਗੀ। ਕੌਮੀ ਪ੍ਰਧਾਨ ਵੱਲੋਂ ਵਰਕਰਾਂ ਨੂੰ ਚੋਣ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ। ਜਿਸ ਦਾ ਵਰਕਰਾਂ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਕਾਫੀ ਫਾਇਦਾ ਹੋਵੇਗਾ।

ਅਸ਼ਵਨੀ ਸ਼ਰਮਾ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਦੀਆਂ ਉੱਡ ਰਹੀਆਂ ਅਫਵਾਹਾਂ 'ਤੇ ਠੱਲ ਪਾਉਂਦੀਆਂ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਕਿਸੇ ਵੀ ਕੀਮਤ 'ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ। ਜਿਹੜੇ ਇਲਜ਼ਾਮ ਅਕਾਲੀ ਦਲ ‘ਤੇ ਲੱਗੇ ਹਨ, ਉਨ੍ਹਾਂ ਦਾ ਬੋਝ ਭਾਜਪਾ ਨਹੀਂ ਝੱਲ ਸਕਦੀ, ਇਸ ਲਈ ਅਸੀਂ ਅਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਕਰ ਸਕਦੇ। ਅਕਾਲੀ ਦਲ ਨੇ ਗਠਜੋੜ ਤੋੜਿਆ ਹੈ, ਅਸੀਂ ਨਹੀਂ ਤੋੜਿਆ। ਭਾਜਪਾ ਨੇ ਹਮੇਸ਼ਾ ਆਪਣੇ ਗਠਜੋੜ ਧਰਮ ਦੀ ਪਾਲਣਾ ਕੀਤੀ ਹੈ, ਪਰ ਅਕਾਲੀ ਦਲ ਨੇ ਆਪਣੇ ਨਿੱਜੀ ਹਿੱਤਾਂ ਲਈ ਗਠਜੋੜ ਤੋੜਿਆ ਹੈ।

ਇਸਦੇ ਨਾਲ ਹੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਰਾਜਕਤਾ ਫੈਲਾਉਣ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ। ਪੰਜਾਬ ਦੇ ਲੋਕਾਂ ਨੂੰ ਵੱਡੀਆਂ-ਵੱਡੀਆਂ ਗਾਰੰਟੀਆਂ ਦੇਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਕਿੱਥੇ ਹਨ? ਦਿਲੀ ਮਾਡਲ ਦੀਆਂ ਦੁਹਾਈਆਂ ਦੇਣ ਵਾਲੀ ਆਮ ਆਦਮੀ ਪਾਰਟੀ ਦੇ ਆਗੂ ਹੁਣ ਕਿੱਥੇ ਹਨ ਮੂੰਹ ਲੁਕੋ ਰਹੇ ਹਨ? ਸ਼ਰਮਾ ਨੇ ਸਵਾਲ ਕੀਤਾ ਕਿ ਪੰਜਾਬ ਨੂੰ ਰਾਮ ਭਰੋਸੇ ਛੱਡ ਕੇ ਭਗਵੰਤ ਮਾਨ ਤੇ ਕੇਜਰੀਵਾਲ ਗੁਜਰਾਤ ਤੁਰੇ ਫਿਰਦੇ ਹਨ ਤੇ ਕੇਜਰੀਵਾਲ ਦੀ ਗੁਜਰਾਤ ਫੇਰੀ ਦਾ 45 ਲੱਖ ਦਾ ਹਵਾਈ ਉਡਾਣ ਦਾ ਖਰਚਾ ਪੰਜਾਬ ਦੇ ਖਰਚੇ ਕਿਉਂ ਪਿਆ? ਦੋ ਮਹੀਨਿਆਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੱਖ-ਵੱਖ ਵਿਆਜ ਦਰਾਂ 'ਤੇ ਲਏ 7000 ਕਰੋੜ ਰੁਪਏ ਦੇ ਕਰਜ਼ੇ ਦਾ ਹਿਸਾਬ ਕੌਣ ਦੇਵੇਗਾ? 

ਭਗਵੰਤ ਮਾਨ ਤੇ ਕੇਜਰੀਵਾਲ ਦੋਵਾਂ ਨੂੰ ਹਿਸਾਬ ਮੰਗਣ ਦੀ ਆਦਤ ਹੈ, ਪਰ ਹੁਣ ਉਨ੍ਹਾਂ ਦਾ ਇਹ ਹਿਸਾਬ ਕੌਣ ਦੇਵੇਗਾ? ਕੇਜਰੀਵਾਲ ਵਾਂਗ ਭਗਵੰਤ ਮਾਨ ਵੀ ਇਸ਼ਤਿਹਾਰਾਂ ਨਾਲ ਜਨਤਾ ਅਤੇ ਸਰਕਾਰ ਦਾ ਢਿੱਡ ਭਰਨ 'ਚ ਲੱਗੇ ਹੋਏ ਹਨ, ਜਦਕਿ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ। ਲੋਕ ਅਤੇ ਸਰਕਾਰੀ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਹਨਾਂ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ 'ਤੇ ਬੈਠੇ ਹਨ ਅਤੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਭਗਵੰਤ ਮਾਨ ਸਰਕਾਰ ਉਨ੍ਹਾਂ 'ਤੇ ਲਾਠੀਚਾਰਜ ਕਰਵਾ ਰਹੀ ਹੈ। ਦਿੱਲੀ ਵਿੱਚ 10 ਲੱਖ ਨੌਕਰੀਆਂ ਦੇਣ ਦੀ ਗੱਲ ਕਰਨ ਵਾਲੇ ਕੇਜਰੀਵਾਲ ਦਾ ਝੂਠ ਆਰਟੀਆਈ ਰਾਹੀਂ ਫੜਿਆ ਗਿਆ ਹੈ, ਕੇਜਰੀਵਾਲ ਨੇ ਆਪਣੇ ਸ਼ਾਸਨ ਦੌਰਾਨ ਹੁਣ ਤੱਕ 10 ਲੱਖ ਨਹੀਂ, ਬਲਕਿ ਸਿਰਫ਼ 3000 ਨੌਕਰੀਆਂ ਦਿੱਤੀਆਂ ਹਨ। ਹੁਣ ਪੰਜਾਬ ਦੇ ਲੋਕ ਇਨ੍ਹਾਂ ਦੇ ਝਾਂਸੇ ਵਿੱਚ ਨਹੀਂ ਫਸਣਗੇ।

ਇਸ ਮੌਕੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਰਾਜੇਸ਼ ਬਾਗਾ, ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ, ਸੂਬਾਈ ਮੁੱਖ ਬੁਲਾਰੇ ਅਨਿਲ ਸਰੀਨ, ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਜ਼ਿਲ੍ਹਾ ਜਨਰਲ ਸਕੱਤਰ ਕੰਤੇਂਦੂ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਸੁਨੀਲ ਮੋਦਗਿਲ, ਯਸ਼ਪਾਲ ਜਨੋਤਰਾ, ਮਹੇਸ਼ ਸ਼ਰਮਾ, ਜ਼ਿਲ੍ਹਾ ਸਕੱਤਰ ਸੰਜੇ ਗੋਸਾਈ, ਪ੍ਰੈੱਸ ਸਕੱਤਰ ਡਾ: ਸਤੀਸ਼ ਕੁਮਾਰ ਆਦਿ ਹਾਜ਼ਰ ਸਨ।

No comments: