31st March 2022 at 4:48 PM
NHAI ਦੀ ਇਸ ਉਲੰਘਣਾ ਕਾਰਨ ਕਈ ਇਲਾਕਿਆਂ ਵਿੱਚ ਰਿਹਾ ਬਲੈਕਾਊਟ
ਲੁਧਿਆਣਾ: 31 ਮਾਰਚ 2022: (ਪੰਜਾਬ ਸਕਰੀਨ ਬਿਊਰੋ)::
ਐੱਨ.ਐੱਚ.ਏ.ਆਈ ਵੱਲੋਂ ਫਲਾਈਓਵਰ ਦੇ ਨਿਰਮਾਣ ਦੌਰਾਨ ਅੰਡਰਗਰਾਊਂਡ ਸਪਲਾਈ ਕੇਬਲ ਡੈਮੇਜ ਕਰਨ ਕਰਕੇ ਕਈ ਇਲਾਕਿਆਂ ਚ ਬਿਜਲੀ ਸਪਲਾਈ ਹੋਈ ਸੀ ਪ੍ਰਭਾਵਿਤ। ਇਹ ਏਨੀ ਪ੍ਰਭਾਵਿਤ ਹੋਈ ਕਿ ਕਈ ਇਲਾਕਿਆਂ ਵਿੱਚ ਬਲੈਕ ਆਊਟ ਹੀ ਹੋ ਗਿਆ ਸੀ। ਇਹ ਸਨਸਨੀਖੇਜ਼ ਪ੍ਰਗਟਾਵਾ ਚੀਫ ਇੰਜੀਨੀਅਰ ਕੇਂਦਰੀ ਜ਼ੋਨ ਲੁਧਿਆਣਾ ਨੇ ਕੀਤਾ।
ਪਾਵਰ ਸਪਲਾਈ ਠੀਕ ਕਰਨ ਨੂੰ ਲੱਗਿਆ ਕਰੀਬ 14 ਘੰਟੇ ਦਾ ਸਮਾਂ। ਪੀਐੱਸਪੀਸੀਐੱਲ ਨੂੰ ਕਰੀਬ 26 ਲੱਖ ਰੁਪਏ ਦਾ ਜਿਹੜਾ ਘਾਟਾ ਪਿਆ ਉਹ ਅਲੱਗ। ਆਰਤੀ ਚੌਕ ਨੇੜੇ 66 ਕੇਵੀ ਅੰਡਰਗ੍ਰਾਊਂਡ ਲਾਈਨ ਉੱਪਰ ਨਾਜਾਇਜ਼ ਨਿਰਮਾਣ ਨੂੰ ਲੈ ਕੇ ਵੀ ਦਿੱਤੀ ਸੀ ਚਿਤਾਵਨੀ ਪਰ ਹਾਈ ਵੇ ਅਥਾਰਿਟੀ ਨੇ ਨਹੀਂ ਦਿੱਤਾ ਇਸ ਪਾਸੇ ਵੀ ਕੋਈ ਧਿਆਨ।
ਇਸ ਤਰ੍ਹਾਂ ਬਿਜਲੀ ਸਪਲਾਈ ਫੇਲ੍ਹ ਹੋਣ ਕਾਰਨ ਲੁਧਿਆਣਾ ਦੇ ਲੋਕ ਗਰਮੀਆਂ ਦੇ ਇਸ ਮੌਸਮ ਵਿੱਚ ਬੁਰੀ ਤਰ੍ਹਾਂ ਪ੍ਰੇਸ਼ਾਨ ਰਹੇ ਹਨ ਅਤੇ ਅਜੇ ਵੀ ਪ੍ਰੇਸ਼ਾਨ ਹਨ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਲੁਧਿਆਣਾ-ਫਿਰੋਜ਼ਪੁਰ ਰੋਡ ਤੇ ਕੀਤੇ ਜਾ ਰਹੇ ਫਲਾਈਓਵਰ ਦਾ ਨਿਰਮਾਣ ਦੌਰਾਨ ਸਬੰਧਤ ਕਾਰਜਕਾਰੀ ਏਜੰਸੀ ਵੱਲੋਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀ ਅੰਡਰਗ੍ਰਾਊਂਡ ਸਪਲਾਈ ਕੇਬਲ ਨੂੰ ਡੈਮੇਜ ਕਰ ਦੇਣ ਕਾਰਨ ਜਿੱਥੇ ਕਰੀਬ ਚੌਦਾਂ ਘੰਟੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਉੱਥੇ ਹੀ, ਕੇਬਲ ਅੰਡਰਗਰਾਊਂਡ ਹੋਣ ਕਾਰਨ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੂੰ ਫਾਲਟ ਲੱਭਣ ਅਤੇ ਉਸਨੂੰ ਠੀਕ ਕਰਨ ਲਈ ਕਰੀਬ 14 ਘੰਟੇ ਦਾ ਵਕਤ ਲੱਗ ਗਿਆ ਅਤੇ ਇਸ ਕਾਰਨ ਵਿਭਾਗ ਨੂੰ ਕਰੀਬ 26 ਲੱਖ ਰੁਪਏ ਦਾ ਨੁਕਸਾਨ ਵੀ ਝੱਲਣਾ ਪਿਆ ਹੈ।
ਲੁਧਿਆਣਾ ਕੇਂਦਰੀ ਜ਼ੋਨ ਦੇ ਚੀਫ ਇੰਜੀਨੀਅਰ ਇੰਜ. ਜਸਵੀਰ ਸਿੰਘ ਨੇ ਦੱਸਿਆ ਕਿ ਲੁਧਿਆਣਾ-ਫਿਰੋਜਪੁਰ ਰੋਡ ਨੈਸ਼ਨਲ ਹਾਈਵੇ ਉੱਪਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਫਲਾਈਓਵਰ ਦੀ ਉਸਾਰੀ ਕਰਵਾਈ ਜਾ ਰਹੀ ਹੈ । ਕੱਲ ਮਿਤੀ 30-3-2022 ਨੂੰ ਦੁਪਹਿਰ 2.45 ਵਜੇ ਫਲਾਈਓਵਰ ਦੀ ਉਸਾਰੀ ਕਰ ਰਹੀ ਏਜੰਸੀ ਵੱਲੋਂ ਫਲਾਈਓਵਰ ਦੇ ਪਿੱਲਰ ਨੰ. 87 ਦੇ ਨੇੜੇ 220 ਕੇਵੀ ਫਿਰੋਜਪੁਰ ਰੋਡ ਸਬ ਸਟੇਸ਼ਨ, ਲੁਧਿਆਣਾ ਤੋਂ 66 ਕੇਵੀ ਸ/ਸ ਪੀਏਯੂ, ਲੁਧਿਆਣਾ ਅਤੇ 66 ਕੇਵੀ ਸ/ਸ ਫੁਹਾਰਾ ਚੌਂਕ, ਲੁਧਿਆਣਾ ਨੂੰ ਜਾਂਦੀ 66 ਕੇਵੀ ਅੰਡਰਗਰਾਊਂਡ ਕੇਬਲ ਡੈਮੇਜ ਕਰ ਦਿੱਤੀ ਗਈ ਸੀ। ਜਿਸ ਨਾਲ 66 ਕੇਵੀ ਸ/ਸ ਪੀਏਯੂ, ਲੁਧਿਆਣਾ ਅਤੇ 66 ਕੇਵੀ ਸ/ਸ ਫੁਹਾਰਾ ਚੌਂਕ, ਲੁਧਿਆਣਾ ਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਅਤੇ 66 ਕੇਵੀ ਸ/ਸ ਸਰਾਭਾ ਨਗਰ, ਲੁਧਿਆਣਾ ਅਤੇ 66 ਕੇਵੀ ਸ/ਸ ਡੀ.ਸੀ. ਕੰਪਲੈਕਸ, ਲੁਧਿਆਣਾ ਅਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਸਨ। ਜਿਸ ਨਾਲ ਇਨ੍ਹਾਂ 4 ਸਬ ਸਟੇਸ਼ਨਾਂ ਤੋਂ ਚਲਦੇ ਸਾਰੇ ਏਰੀਏ, ਜਿਵੇਂ ਕਿ ਡੀ.ਸੀ. ਕੰਪਲੈਕਸ, ਜਿਲ੍ਹਾ ਕਚਿਹਰੀਆਂ, ਫਿਰੋਜ ਗਾਂਧੀ ਮਾਰਕੀਟ, ਸਟਾਕ ਐਕਸਚੇਂਜ, ਪੀਏਯੂ ਵਗੈਰਾ ਵਿੱਚ ਬਲੈਕ ਆਊਟ ਹੋ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਧੀਕ ਨਿਗਰਾਨ ਇੰਜ./ਪੀ ਅਤੇ ਐਮ ਸ਼ਹਿਰੀ ਮੰਡਲ, ਲੁਧਿਆਣਾ ਦੇ ਅਧੀਨ ਏ.ਓ./ਟੀ.ਐਲ., ਲੁਧਿਆਣਾ ਵੱਲੋਂ ਫਾਲਟ ਲੋਕੇਟ ਕਰਨ ਹਿਤ ਕਾਰਵਾਈ ਤੁਰੰਤ ਸ਼ੁਰੂ ਕਰ ਦਿੱਤੀ ਗਈ ਸੀ, ਪਰੰਤੂ ਕੇਬਲ ਅੰਡਰਗਾਊਂਡ ਹੋਣ ਕਾਰਨ ਅਤੇ ਭਾਰੀ ਟ੍ਰੈਫਿਕ ਹੋਣ ਕਾਰਨ ਫਾਲਟ ਲੱਭਣ ਵਿੱਚ ਭਾਰੀ ਜੱਦੋਜਹਿਦ ਕਰਨੀ ਪਈ ਅਤੇ ਮਿਤੀ 31-3-2022 ਨੂੰ ਸਵੇਰੇ 3 ਵੱਜ ਕੇ 28 ਮਿੰਟ ਤੇ ਸਪਲਾਈ ਬਹਾਲ ਕੀਤੀ ਜਾ ਸਕੀ ।
ਇੱਥੇ ਇਹ ਵਰਨਣਯੋਗ ਹੈ ਕਿ ਵਧੀਕ ਨਿਗਰਾਨ ਇੰਜ./ਪੀ ਅਤੇ ਐਮ ਸ਼ਹਿਰੀ ਮੰਡਲ, ਪੀਐਸਪੀਸੀਐਲ, ਲੁਧਿਆਣਾ ਦੁਆਰਾ ਮੀਮੋ ਨੰ. 1234 ਮਿਤੀ 23-5-2019 ਅਤੇ ਮੀਮੋ ਨੰ. 1214 ਮਿਤੀ 27-5-2020 ਰਾਹੀਂ ਪ੍ਰੋਜੈਕਟ ਡਾਇਰੈਕਟਰ/ਪੀ.ਆਈ.ਯੂ., ਐਨ.ਐਚ.ਏ.ਆਈ., 4-ਗੋਵਿੰਦ ਨਗਰ, ਪੱਖੋਵਾਲ ਰੋਡ, ਲੁਧਿਆਣਾ ਨੂੰ ਪੱਤਰ ਲਿਖ ਕੇ ਪਹਿਲਾਂ ਹੀ ਜਾਣੂ ਕਰਵਾ ਦਿੱਤਾ ਗਿਆ ਸੀ ਕਿ ਉਸਾਰੀ ਅਧੀਨ ਫਲਾਈਓਵਰ ਦੇ ਖੇਤਰ ਵਿੱਚ 66 ਕੇਵੀ ਅੰਡਰ ਗਰਾਊਂਡ ਕੇਬਲਾਂ ਪਾਈਆਂ ਹੋਈਆਂ ਹਨ, ਜਿਨ੍ਹਾਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾਵੇ। ਪਰੰਤੂ ਐਨ.ਐਚ.ਏ.ਆਈ. ਵੱਲੋਂ ਇਨ੍ਹਾਂ ਹਦਾਇਤਾਂ ਨੂੰ ਅਣਗੌਲਿਆਂ ਕੀਤਾ ਗਿਆ ਅਤੇ ਉਪਰੋਕਤ ਅਨੁਸਾਰ 66 ਕੇਵੀ ਅੰਡਰਗਰਾਊਂਡ ਕੇਬਲ ਨੂੰ ਡੈਮੇਜ ਕਰ ਦਿੱਤਾ ਗਿਆ, ਜਿਸ ਨਾਲ ਜਿੱਥੇ ਇੱਕ ਪਾਸੇ ਖਪਤਕਾਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਓਥੇ ਦੂਜੇ ਪਾਸੇ ਪਾਵਰਕਾਮ ਦੇ ਅਧਿਕਾਰੀਆਂ ਦਾ ਸਮਾਂ ਅਜਾਈਂ ਗਿਆ ਅਤੇ ਪੀਐਸਪੀਸੀਐਲ ਦਾ ਕਰੀਬ 26 ਲੱਖ ਰੁਪਏ ਦਾ ਘਾਟਾ ਹੋਇਆ (ਜਿਨ੍ਹਾਂ ਵਿੱਚੋਂ ਵਿੱਚੋਂ 23.5 ਲੱਖ ਰੁਪਏ ਦਾ ਮਾਲੀਆ ਘਾਟਾ ਅਤੇ 2.5 ਲੱਖ ਰੁਪਏ ਕੇਬਲ ਰਿਪੇਅਰ ਕਰਨ ਤੇ ਲੱਗੇ)। ਜਿਸ ਸਬੰਧੀ ਐਨ.ਐਚ.ਆਈ.ਏ. ਵਿਰੁੱਧ ਐਫ.ਆਈ.ਆਰ. ਦਰਜ ਕਰਵਾਉਣ ਸਬੰਧੀ ਕਾਰਵਾਈ ਪ੍ਰਗਤੀ ਅਧੀਨ ਹੈ ।
ਇਸ ਤੋਂ ਪਹਿਲਾਂ ਵੀ ਆਰਤੀ ਚੌਂਕ ਦੇ ਨੇੜੇ ਐਸ.ਕੇ. ਸੀਮੈਂਟ ਸਟੋਰ ਦੇ ਸਾਹਮਣੇ 66 ਕੇਵੀ ਅੰਡਰਗਰਾਊਂਡ ਲਾਈਨ, ਜੋ ਕਿ 66 ਕੇਵੀ ਸ/ਸ ਡੀ.ਸੀ. ਕੰਪਲੈਕਸ ਨੂੰ ਫੀਡ ਕਰਦੀ ਹੈ, ਉੱਪਰ ਵੀ ਐਨ.ਐਚ.ਏ.ਆਈ. ਵੱਲੋਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ, ਡਿਜਾਇਨ ਤੋਂ ਬਾਹਰ ਜਾ ਕੇ ਅੱਪਰੈਂਪ ਬਣਾ ਕੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਸੀ ਅਤੇ ਕੇਬਲ ਨੂੰ ਪਿੱਲਰਾਂ ਹੇਠ ਦੱਬ ਦਿੱਤਾ ਗਿਆ। ਜਿਸ ਨਾਲ ਨੇੜ ਭਵਿੱਖ ਵਿੱਚ ਇਸ ਲਾਈਨ ਵਿੱਚ ਨੁਕਸ ਪੈਣ ਤੇ ਫਾਲਟ ਵਗੈਰਾ ਟਰੇਸ ਕਰਨਾ ਅਤੇ ਠੀਕ ਕਰਨਾ ਸੰਭਵ ਨਹੀਂ ਹੋਵੇਗਾ। ਜਿਸ ਨਾਲ ਸਾਰੇ ਏਰੀਏ ਵਿੱਚ ਬਲੈਕਆਊਟ ਹੋ ਸਕਦਾ ਹੈ ਅਤੇ ਜਰੂਰੀ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਸਬ ਸਟੇਸ਼ਨ ਬਹੁਤ ਹੀ ਮਹੱਤਵਪੂਰਣ ਖੇਤਰਾਂ ਜਿਵੇਂ ਕਿ ਜਿਲ੍ਹਾ ਕਚਿਹਰੀਆਂ ਕੰਪਲੈਕਸ, ਡਿਪਟੀ ਕਮਿਸ਼ਨਰ ਦਫਤਰ ਲੁਧਿਆਣਾ, ਪੁਲਿਸ ਕਮਿਸ਼ਨ ਦਫਤਰ ਵਗੈਰਾ ਨੂੰ ਬਿਜਲੀ ਸਪਲਾਈ ਮੁਹੱਈਆ ਕਰਵਾਉਂਦਾ ਹੈ ਅਤੇ ਇਸ ਇਲਾਕੇ ਨੂੰ ਬਿਜਲੀ ਸਪਲਾਈ ਦੇਣ ਸਬੰਧੀ ਕੋਈ ਹੋਰ ਬਦਲਵਾਂ ਪ੍ਰਬੰਧ ਉਪਲਬਧ ਨਹੀਂ ਹੈ। ਜਿਸ ਸਬੰਧੀ ਐਨ.ਐਚ.ਏ.ਆਈ. ਨਾਲ ਵਾਰ-ਵਾਰ ਮਾਮਲਾ ਉਠਾਉਣ ਦੇ ਬਾਵਜੂਦ ਉਨ੍ਹਾਂ ਵੱਲੋਂ ਆਪਣੇ ਖਰਚ ਤੇ ਇਹ ਲਾਈਨ ਸ਼ਿਫਟ ਨਹੀਂ ਕਰਵਾਈ ਗਈ ਅਤੇ ਸਾਫ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਹੈ । ਜਿਨ੍ਹਾਂ ਨੇ ਲੋਕ ਹਿੱਤ ਵਿਚ ਸਬੰਧਤ ਅਧਿਕਾਰੀਆਂ ਨੂੰ ਜਲਦੀ ਤੋਂ ਜਲਦੀ ਇਸ ਸੰਬੰਧ ਵਿਚ ਕਲਮ ਚੁੱਕਣ ਲਈ ਕਿਹਾ ਹੈ, ਜਿਹੜੇ ਹਾਲਾਤ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਵਿਗੜਨ ਦਾ ਵੀ ਕਈ ਵਾਰ ਕਾਰਨ ਬਣ ਜਾਂਦੇ ਹਨ।
No comments:
Post a Comment