9th February 2022 at 02:06 PM Via WhatsApp
ਦਾ ਓਟ ਆਸਰਾ ਲੈ ਕੇ ਆਰੰਭ ਹੋਇਆ ਇਹ ਮਿਸ਼ਨ
ਇਸ ਮੀਡੀਆ ਮੀਟ ਦਾ ਮੁੱਖ ਮੁੱਦਾ ਸੀ ਬੁੱਢੇ ਦਰਿਆ ਦੀ ਉਸ ਪੁਰਾਣੀ ਸ਼ਾਨ ਨੂੰ ਬਹਾਲ ਕਰਨਾ ਜਿਹੜੀ ਕਦੇ ਸਾਹਿਬ ਸ੍ਰੀ ਗੁਰੂਨਾਨਕ ਦੇਵ ਜੀ ਵੇਲੇ ਹੋਇਆ ਕਰਦੀ ਸੀ। ਇਸ ਮੌਕੇ ਇੱਕ ਪੱਤਰਕਾਰ ਨੇ ਆਪਣਾ ਕੋਈ ਸੁਆਲ ਪੁੱਛਦਿਆਂ ਬੁੱਢੇ ਦਰੀਆਂ ਲਈ ਬੁੱਢਾ ਨਾਲ ਸ਼ਬਦ ਵਰਤ ਲਿਆ। ਫੂਲਕਾ ਸਾਹਿਬ ਨੇ ਉਸਨੂੰ ਟੋਕਿਆ ਅਤੇ ਕਿਹਾ ਕਿ ਬੁੱਢਾ ਨਾਲ ਨਹੀਂ ਬੁੱਢਾ ਦਰਿਆ ਕਹੋ। ਪੱਤਰਕਾਰ ਕੋਲੋਂ ਬੁੱਢਾ ਨਾਲ ਸ਼ਬਦ ਨਿਕਲ ਜਾਣਾ ਸੁਭਾਵਿਕ ਜਿਹਾ ਹੀ ਸੀ ਕਿਓਂਕਿ ਸਾਰੇ ਪ੍ਰਸ਼ਾਸਨ, ਸਾਰੇ ਸਿਆਸੀ ਲੀਡਰਾਂ/ਪਾਰਟੀਆਂ, ਸਮਾਜਿਕ ਸੰਸਥਾਵਾਂ ਅਤੇ ਸੰਗਠਨਾਂ ਨੇ ਇਸ ਨੂੰ ਬੁੱਢਾ ਨਾਲ ਹੀ ਤਾਂ ਬਣਾਇਆ ਹੋਇਆ ਸੀ।
ਜਦੋਂ ਵੀ ਥੋਹੜਾ ਬਹੁਤਾ ਰੌਲਾ ਪੈਂਦਾ, ਬਿਆਨ ਆਉਂਦੇ, ਐਲਾਨ ਹੁੰਦੇ ਅਤੇ ਨਵੇਂ ਵਾਅਦਿਆਂ ਦੇ ਨਾਲ ਨਾਲ ਨਵੇਂ ਨਵੇਂ ਆਯੋਜਨ ਵੀ ਹੁੰਦੇ। ਇਸਤੋਂ ਬਾਅਦ ਫਿਰ ਸਭ ਕੁਝ ਝੱਗ ਵਾਂਗ ਬੈਠ ਜਾਂਦਾ। ਬੁੱਢੇ ਨਾਲੇ ਨੂੰ ਬੁੱਢਾ ਦਰਿਆ ਬਣਾਉਣ ਲਈ ਕਿੰਨੀਆਂ ਕਿੰਨੀਆਂ ਰਕਮਾਂ ਆਈਆਂ, ਕਿੱਧਰ ਖਰਚ ਹੋਈਆਂ ਅਤੇ ਕਿਓਂ ਕੁਝ ਨਹੀਂ ਬਣਿਆ ਇਹ ਸਭ ਕੁਝ ਜਾਂਚ ਦੀ ਮੰਗ ਵੀ ਕਰਦਾ ਹੈ ਪਰ ਕੌਣ ਕਰੇਗਾ ਜਾਂਚ? ਕਾਰਪੋਰੇਟਾਂ ਦੀ ਜੀ ਹਜ਼ੂਰੀ ਕਰਨ ਵਾਲੇ ਸਿਆਸਤਦਾਨ ਨਾ ਖੁਦ ਕੁਝ ਕਰਦੇ ਹਾਨਾਤੇ ਨਾ ਹੀ ਪ੍ਰਸ਼ਾਸਨ ਨੂੰ ਕੁਝ ਕਰਨ ਦੇਂਦੇ ਹਨ। ਬੁੱਢੇ ਨਾਲੇ ਦੇ ਆਲੇ ਦੁਆਲੇ ਕੰਮ ਕਰਦਿਆਂ ਫੈਕਟਰੀਆਂ ਅਤੇ ਕਾਰਖਾਨਿਆਂ ਵਿੱਚ ਟ੍ਰੀਟਮੈਂਟ ਪਲਾਂਟ ਲੱਗੇ ਜ਼ਰੂਰ ਹੋਏ ਹਨ ਪਰ ਉਹ ਦਿਖਾਵੇ ਦਾ ਕੰਮ ਜ਼ਿਆਦਾ ਕਰਦੇ ਹਨ ਅਤੇ ਵਾਟਰ ਟ੍ਰੀਟਮੈਂਟ ਬਹੁਤ ਹੀ ਘੱਟ। ਸਾਡੀ ਟੀਮ ਨੇ ਇਹਨਾਂ ਪਲਾਂਟਾਂ ਵਿੱਚ ਜਾਲੇ ਲੱਗੇ ਦੇਖੇ ਹੋਏ ਹਨ। ਇਹਨਾਂ ਮਸ਼ੀਨਾਂ ਨੰ ਚਲਾਉਣ ਵਾਲੇ ਸਵਿੱਚ ਬੋਰਡਾਂ ਤੇ ਪੀ ਧੂੜ ਵੀ ਦੱਸ ਦੇਂਦੀ ਹੈ ਕਿ ਇਹਨਾਂ ਬਟਨਾਂ ਨੂੰ ਆਨ ਆਫ ਕੀਤਿਆਂ ਲੰਮਾ ਅਰਸਾ ਲੰਘ ਜਾਂਦਾ ਹੋਣਾ ਹੈ। ਕੁਰਪਟ ਅਧਿਕਾਰੀਆਂ ਨੂੰ ਆਪਣੀ ਫੀਸ ਮਿਲ ਜਾਂਦੀ ਹੈ ਅਤੇ ਸਿਆਸਤਦਾਨਾਂ ਨੂੰ ਆਪਣਾ ਫ਼ੰਡ ਲੱਭ ਜਾਂਦਾ ਹੈ। ਕਿਸ ਨੂੰ ਯਾਦ ਰਹਿੰਦੀ ਹੈ ਗੁਰੂਨਾਨਕ ਦੀ ਨਿਸ਼ਾਨੀ ਇਸ ਬੁੱਢੇ ਦਰਿਆ ਦੀ ਸ਼ਾਨ ਬਹਾਲ ਕਰਨ ਦੀ ਗੱਲ। ਸਭ ਆਪੋ ਆਪਣੇ ਮਕਸਦ ਪੂਰੇ ਕਰਨ ਵਿੱਚ ਮਸਤ ਹਨ। ਆਪੋ ਆਪਣੇ ਸਵਾਰਥਾਂ ਵਿਚ ਲੱਗੇ ਹਨ।
ਪਰ ਬਾਣੀ ਤਾਂ ਬਾਣੀ ਹੈ।
"ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ"।
ਬਾਣੀ ਦੇ ਸ਼ਬਦ ਹਲੂਣਾ ਦੇਂਦੇ ਹਨ ਜੇ ਪੜ੍ਹ ਸੁਣ ਲਏ ਜਾਣ। ਬਾਣੀ ਦੇ ਸ਼ਬਦ ਤਾਰ ਦੇਂਦੇ ਹਨ। ਸੋਚ ਨੂੰ ਬਦਲ ਦੇਂਦੇ ਹਨ। ਸ਼ਕਤੀਆਂ ਦੀ ਬਖਸ਼ਿਸ਼ ਕਰਦੇ ਹਨ। ਜਪੁਜੀ ਸਾਹਿਬ ਵਿੱਚ ਤੁਕਾਂ ਆਉਂਦੀਆਂ ਹਨ-
ਸੁਣਿਐ ਦੂਖ ਪਾਪ ਕਾ ਨਾਸੁ ॥੯॥
ਸੁਣਿਐ ਸਤੁ ਸੰਤੋਖੁ ਗਿਆਨੁ ॥
ਸੁਣਿਐ ਅਠਸਠਿ ਕਾ ਇਸਨਾਨੁ ॥
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
ਸੁਣਿਐ ਲਾਗੈ ਸਹਜਿ ਧਿਆਨੁ ॥
ਨਾਨਕ ਭਗਤਾ ਸਦਾ ਵਿਗਾਸੁ ॥
ਸੁਣਿਐ ਦੂਖ ਪਾਪ ਕਾ ਨਾਸੁ ॥੧੦॥
ਇਹ ਗੱਲ ਵੱਖਰੀ ਹੈ ਕਿ ਕਈ ਵਾਰ ਰੋਜ਼ ਰੋਜ਼ ਪੜ੍ਹ ਸੁਣ ਕੇ ਵੀ ਇਹਨਾਂ ਵਿਚਲਾ ਅਸਲੀ ਅਰਥ ਪੱਲੇ ਨਹੀਂ ਪੈਂਦਾ ਤੇ ਕਦੇ ਕਦੇ ਸਹਿਜ ਸੁਭਾਅ ਤੁਰੇ ਜਾ ਰਹੇ ਕਿਸੇ ਆਮ ਵਿਅਕਤੀ ਨੂੰ ਵੀ ਜਦੋਂ ਸਪੀਕਰ ਚੋਂ ਕੋਈ ਤੁਕ ਸੁਣਾਈ ਦੇਂਦੀ ਹੈ ਤਾਂ ਉਸਦੀ ਲਿਵ ਜੁੜ ਜਾਂਦੀ ਹੈ। ਉਸ ਵਿਚ ਨਵੀਂ ਸ਼ਕਤੀ ਆ ਜਾਂਦੀ ਹੈ। ਕੁਝ ਅਜਿਹੀ ਹੀ ਸ਼ਕਤੀ ਜਾਗੀ ਲੁਧਿਆਣਾ ਦੇ ਇੰਜੀਨੀਅਰ ਜਸਕੀਰਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀ ਟੀਮ ਦੇ ਦਿਲਾਂ ਵਿੱਚ। ਜਿਹੜਾ ਕੰਮ ਸਰਕਾਰਾਂ ਅਤੇ ਸੰਸਥਾਵਾਂ ਨੇ ਕਰਨਾ ਸੀ ਉਹ ਕੰਮ ਇਸ ਟੀਮ ਨੇ ਆਰੰਭ ਲਿਆ।
ਸਭ ਤੋਂ ਜ਼ਰੂਰੀ ਸੀ ਚੇਤਨਾ ਪੈਦਾ ਕਰਨਾ। ਇਸ ਮਿਸ਼ਨ ਦੀ ਭਾਵਨਾ ਲੋਕਾਂ ਦੇ ਦਿਲਾਂ ਵਿੱਚ ਜਗਾਉਣਾ। ਸਰਕਾਰੀ ਚਿੱਠੀ ਪੱਤਰੀ ਵਾਲੇ ਕੰਮਾਂ ਨੂੰ ਨਿਬੇੜਦਿਆਂ ਇਸ ਟੀਮ ਨੇ ਕੁਝ ਮਹੀਨੇ ਡਟ ਕੇ ਕੰਮ ਕੀਤਾ। ਸਾਰੀਆਂ ਖਾਨਾਪੂਰੀਆਂ ਵੀ ਪੂਰੀਆਂ ਕੀਤੀਆਂ। ਹੁਣ ਵੱਡਾ ਕੰਮ ਸੀ ਇਸ ਮਿਸ਼ਨ ਨੂੰ ਆਮ ਲੋਕਾਂ ਤੱਕ ਲੈ ਕੇ ਜਾਣਾ।
ਚੋਣਾਂ ਦੇ ਸਬੱਬੀ ਮੌਕੇ ਦਾ ਲਾਹਾ ਲੈਂਦਿਆਂ ਇਸ ਟੀਮ ਨੇ ਸੱਦਾ ਦਿੱਤਾ ਕਿ ਚੋਣ 2022 ਵਿਚ ਪ੍ਰਦੂਸ਼ਣ ਤੋਂ ਅਜ਼ਾਦੀ ਦੇ ਮੁੱਦੇ ਤੇ ਵੋਟ ਪਾਓ। ਮੁੱਦਾ ਗਿਉਰ ਸਿਆਸੀ ਸੀ ਪਰ ਇਸਨੇ ਸਿਆਸਤ ਵਿੱਚ ਇੱਕ ਨਵੀਂ ਹਲਚਲ ਛੇੜੀ। ਪੰਜਾਬ ਦੇ ਪਾਉਣ ਪਾਣੀ ਵਿੱਚ ਪ੍ਰਦੂਸ਼ਣ ਫੈਲਾਉਣ ਵਾਲਿਆਂ ਕੋਲੋਂ ਲਾਹੇ ਲੈਣ ਵਾਲਿਆਂ ਨੂੰ ਕੰਬਣੀ ਛਿੜਨ ਲੱਗ ਪਈ।
ਪੰਜਾਬ ਵਾਤਾਵਰਨ ਚੇਤਨਾ ਲਹਿਰ ਵੱਲੋਂ ਪੰਜਾਬ ਚੋਣ 2022 ਵਿੱਚ ਵਾਤਾਵਰਨ ਨੂੰ ਮੁੱਖ ਮੁੱਦਾ ਬਣਾਉਣ ਲਈ ਲੁਧਿਆਣੇ ਵਿਖੇ ਵਾਤਵਰਣ ਚੇਤਨਾ ਮਾਰਚ 10 ਫਰਵਰੀ 2022 ਨੂੰ ਕੀਤਾ ਜਾਵੇਗਾ। ਇਹ ਗੁਰਦਵਾਰਾ ਗਊ ਘਾਟ, ਗਊਸ਼ਾਲਾ ਰੋਡ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵਾਤਾਵਰਨ ਦੀ ਹਾਲਤ ਦਰਸਾਉਂਦੇ ਬੁੱਢੇ ਨਾਲੇ ਦੇ ਨਾਲ ਨਾਲ ਜੀਟੀ ਰੋਡ ਨੇੜੇ ਚਾਂਦ ਸਿਨੇਮਾ ਤੱਕ ਜਾਵੇਗਾ। ਆਪ ਜੀ ਨੂੰ ਸਨਿਮਰ ਬੇਨਤੀ ਹੈ ਕਿ ਪੰਜਾਬ ਦੇ ਹਵਾ ਪਾਣੀ ਧਰਤੀ ਅਤੇ ਪੰਜਾਬੀਆਂ ਦੀ ਸਿਹਤ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਬਚਾਉਣ ਲਈ ਇਸ ਮਾਰਚ ਵਿੱਚ ਜ਼ਰੂਰ ਸ਼ਾਮਿਲ ਹੋਵੋ। ਪੰਜਾਬ ਦੇ ਚੋਣ ਉਮੀਦਵਾਰਾਂ ਨੂੰ ਖਾਸ ਸੱਦਾ। ਇਹੀ ਹੈ ਅੱਜ ਦੇ ਮਾਹੌਲ ਵਿੱਚ ਖਾਸ ਨੁਕਤਾ।
ਇਸ ਇਤਿਹਾਸਿਕ ਚੇਤਨਾ ਮਾਰਚ ਦੇ ਆਯੋਜਨ ਸੰਬੰਧੀ ਜਿਹੜਾ ਸਮਾਂ ਦੱਸਿਆ ਗਿਆ ਉਸ ਮੁਤਾਬਿਕ-ਇਸ ਮਾਰਚ ਤੋਂ ਪਹਿਲਾਂ ਗੁਰਦਵਾਰਾ ਸਾਹਿਬ ਗਊ ਘਾਟ ਵਿਖੇ ਇੱਕ ਇਕੱਠ ਹੋਵੇਗਾ ਸਵੇਰੇ 10 ਵਜੇ ਤੋਂ 10:30 ਵਜੇ ਤੱਕ। ਇਸ ਤੋਂ ਬਾਅਦ 10:30 ਵਜੇ ਤੋਂ ਦੁਪਹਿਰੇ 12:00 ਵਜੇ ਤੱਕ ਵਾਤਾਵਰਨ ਚੇਤਨਾ ਮਾਰਚ ਹੋਣਾ ਹੈ। ਇਸ ਤੋਂ ਬਾਅਦ 12:00 ਤੋਂ 12:30 ਵਜੇ ਤੱਕ ਬੁੱਢਾ ਦਰਿਆ ਪੁੱਲ ਤੋਂ ਲੈ ਕੇ ਚਾਂਦ ਸਿਨਮਾ ਜੀਟੀ ਰੋਡ ਤੱਕ ਹੋਣ ਵਾਲੇ ਇਸ ਸੰਖੇਪ ਜਿਹੇ ਮਾਰਚ ਦੌਰਾਨ ਸ਼ਾਮਲ ਹੋਏ ਲੋਕ ਨੂੰ ਦਿਖਾਈ ਜਾਏਗੀ ਇਸ ਇਤਿਹਾਸਿਕ ਬੁੱਢੇ ਦਰਿਆ ਦੀ ਹਾਲਤ। ਇਸ ਤੋਂ ਬਾਅਦ ਦੁਪਹਿਰੇ ਹੀ 12:30 ਵਜੇ ਤੋਂ 2:00 ਵਲੀਪੁਰ/ਗੌਂਸਪੁਰ ਸਤਲੁਜ ਬੁੱਢਾ ਦਰਿਆ ਸੰਗਮ ਤੱਕ ਵੀ ਪੁੱਜੇਗਾ ਇਹ ਮਾਰਚ। ਇਸ ਮਾਰਚ ਦੌਰਾਨ ਸਾਰੀ ਹਾਲਤ ਸਪਸ਼ਟ ਨਜ਼ਰ ਆ ਜਾਵੇਗੀ ਕਿ ਗੱਲ ਕਿੱਥੇ ਕਿੱਥੇ ਵਿਗੜ ਰਹੀ ਹੈ।
ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਇਸ ਬੁੱਢੇ ਦਰਿਆ ਨੂੰ ਬਚਾਉਣ ਲਈ ਜਿਹੜੇ ਲੋਕ ਅੱਗੇ ਆਏ ਉਹਨਾਂ ਵਿੱਚ ਬੇਨਤੀ ਕਰਤਾ ਹਨ--ਸੰਤ ਬਲਬੀਰ ਸਿੰਘ ਸੀਚੇਵਾਲ, ਬੀਬੀ ਡਾਕਟਰ ਇੰਦਰਜੀਤ ਕੌਰ ਪਿੰਗਲਵਾੜਾ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਕਾਹਨ ਸਿੰਘ ਪੰਨੂ ਆਈ ਏ ਐਸ, ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਘਨ੍ਹੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਕਨਵੀਨਰ ਨਰੋਆ ਪੰਜਾਬ ਮੰਚ, ਉਮੇਂਦਰ ਦੱਤ ਖੇਤੀ ਵਿਰਾਸਤ ਮਿਸ਼ਨ, ਰਣਜੋਧ ਸਿੰਘ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ, ਜਸਵੰਤ ਸਿੰਘ ਜ਼ਫ਼ਰ ਬੁੱਢਾ ਦਰਿਆ ਟਾਸ੍ਕ ਫੋਰਸ, ਕਰਨਲ ਚੰਦਰ ਮੋਹਨ ਲਖਨਪਾਲ ਸੰਘਰਸ਼ ਕਮੇਟੀ, ਜਤਿੰਦਰ ਸਿੰਘ ਮਨਚੰਦਾ ਸੰਭਵ ਫਾਊਂਡੇਸ਼ਨ, ਕਰਨਲ ਜਸਜੀਤ ਸਿੰਘ ਗਿੱਲ ਬੁੱਢਾ ਦਰਿਆ ਟਾਸਕ ਫੋਰਸ, ਕਪਿਲ ਅਰੋੜਾ ਕੌਂਸਲ ਓਫ ਇੰਜੀਨੀਅਰਜ਼, ਜਸਕੀਰਤ ਸਿੰਘ ਪੀ ਏ ਸੀ ਸਤਲੁਜ ਤੇ ਮੱਤੇਵਾੜਾ ਜੰਗਲ, ਡਾਕਟਰ ਅਮਨਦੀਪ ਸਿੰਘ ਬੈਂਸ ਆਰ ਬੀ ਐਸ ਰੂਟਸ, ਬ੍ਰਿਜਭੂਸ਼ਣ ਗੋਇਲ ਮਹਾਤਮਾ ਗਾਂਧੀ ਪੀਸ ਮਿਸ਼ਨ, ਕੁਲਦੀਪ ਸਿੰਘ ਖੈਰਾ ਵਿਜ਼ੀਲੈਂਟ ਸਿਟੀਜ਼ਨਸ ਫੋਰਮ, ਗਗਨੀਸ਼ ਸਿੰਘ ਖੁਰਾਣਾ ਐਂਟੀ ਕ੍ਰਪਸ਼ਨ ਫ਼ੇਡਰੇਸ਼ਨ, ਹਰਪ੍ਰੀਤ ਕੌਰ ਸੋਇਨ ਲੁਧਿਆਣਾ ਕੇਅਰਜ਼, ਡਾਕਟਰ ਨਵਨੀਤ ਕੌਰ ਭੁੱਲਰ ਅਗੈੱਪ, ਮੋਹਿੰਦਰ ਸਿੰਘ ਸੇਖੋਂ ਪੰਜਾਬੀ ਪਸਾਰ ਭਾਈਚਾਰਾ, ਭੁਪਿੰਦਰ ਸਿੰਘ ਮੱਕੜ ਯੂਨਾਇਟੇਡ ਸਿਖਸ, ਸਤਪਾਲ ਸਿੰਘ ਦੇਹੜਕਾ ਗ੍ਰੀਨ ਪੰਜਾਬ ਮਿਸ਼ਨ, ਸ਼ਮਿੰਦਰ ਸਿੰਘ ਲੌਂਗੋਵਾਲ ਕੁਦਰਤ ਮਾਨਵ ਕੇਂਦਰਿਤ ਲੋਕ ਲਹਿਰ।
ਅਖੀਰ ਵਿੱਚ ਜਨਾਬ ਕਤੀਲ ਸ਼ਿਫਾਈ ਸਾਹਿਬ ਦੀਆਂ ਕੁਝ ਸਤਰਾਂ:
ਖੁਲਾ ਹੈ ਝੂਠ ਕਾ ਬਾਜ਼ਾਰ ਆਓ ਸੱਚ ਬੋਲੇਂ
ਨ ਹੋ ਬਲਾ ਸੇ ਖਰੀਦਾਰ ਆਓ ਸੱਚ ਬੋਲੇਂ!
ਸੁਕੂਤ ਛਾਇਆ ਹੈ ਇਨਸਾਨੀਅਤ ਕੀ ਕਦਰੋਂ ਪਰ
ਯਹੀ ਹੈ ਮੌਕਾ-ਏ-ਇਜ਼ਹਾਰ ਆਓ ਸੱਚ ਬੋਲੇਂ! (ਕਤੀਲ ਸ਼ਿਫਾਈ)
ਆਓ ਉਮੀਦ ਕਰੀਏ ਕਿ ਲੋਕ ਇਸ ਇਤਿਹਾਸਿਕ ਦਰਿਆ ਉਣ ਬਚਾਉਣ ਲਈ ਜਾਗਣਗੇ। ਇਸ ਮਕਸਦ ਲੈ ਇਥੇ ਮੇਧਾ ਪਾਟਕਰ ਵਰਗੀਆਂ ਸ਼ਖਸੀਅਤਾਂ ਵੀ ਆਪਣੀ ਹਾਜ਼ਰੀ ਲਗਵਾ ਚੁੱਕੀਆਂ ਹਨ। ਸ੍ਰੀ ਭੈਣੀ ਸਾਹਿਬ ਵਾਲਿਆਂ ਨੇ ਵੀ ਇਸ ਪ੍ਰੋਜੈਕਟ ਨੂੰ ਹੱਥ ਵਿੱਚ ਲਿਆ ਸੀ।
ਬੁੱਢੇ ਦਰਿਆ ਨਾਲ ਸਬੰਧਤ ਕੁਝ ਹੋਰ ਖਬਰਾਂ ਦੇ ਲਿੰਕ ਇਥੇ ਕਲਿੱਕ ਕਰ ਕੇ ਦੇਖ ਸਕਦੇ ਹੋ
No comments:
Post a Comment