Wednesday, February 09, 2022

ਉਹ ਤਾਂ ਸਾਡੀ ਲਤਾ ਮੰਗੇਸ਼ ਕੌਰ ਸੀ--ਪ੍ਰੋ.ਗੁਰਭਜਨ ਗਿੱਲ

 8th February 2022 at 9:08 PM

ਸੁਰੀਲੀ ਆਵਾਜ਼ ਦਾ ਰਾਜ਼ ਅਤੇ ਸ਼ਕਤੀ ਵੀ ਵਾਲਾਂ ਵਿੱਚ ਸੀ 

ਅਲੋਪ ਹੁੰਦੀ ਜਾ ਰਹੀ ਸਾਹਿਤਿਕ ਅਤੇ ਸੱਭਿਆਚਾਰਕ ਪੱਤਰਕਾਰੀ ਨੂੰ ਬਚਾਉਣ ਵਾਲਿਆਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਹੁਰਾਂ ਨੇ ਅਹਿਸਾਸ ਦੀ ਇੱਕ ਖਾਸ ਅਵਸਥਾ ਵਾਲੀ ਸ਼ਿੱਦਤ ਤੱਕ ਪਹੁੰਚ ਕੇ ਇੱਕ ਨਵਾਂ ਪ੍ਰਗਟਾਵਾ ਕੀਤਾ ਹੈ ਕਿ ਅਸਲ ਵਿੱਚ ਸੰਗੀਤ ਦੀ ਦੇਵੀ ਲਤਾ ਮੰਗੇਸ਼ ਕੌਰ ਸੀ। ਉਹਨਾਂ ਨੇ ਸਾਰੀ ਉਮਰ ਆਪਣੇ ਵਾਲਾਂ ਨੂੰ ਕੈਂਚੀ ਨਹੀਂ ਸੀ ਛੁਹਾਈ। ਪੜ੍ਹੋ ਪੂਰਾ ਵੇਰਵਾ ਪ੍ਰੋ ਗਿੱਲ ਹੁਰਾਂ ਦੀ ਨਵੀਂ ਲਿਖਤ ਵਿੱਚ। -ਸੰਪਾਦਕ 

ਲੁਧਿਆਣਾ: 8 ਫਰਵਰੀ 2022: (ਪ੍ਰੋ. ਗੁਰਭਜਨ ਸਿੰਘ ਗਿੱਲ//ਪੰਜਾਬ ਸਕਰੀਨ)::

ਇਹ ਗੱਲ ਜਿਹੜੀ ਮੈਂ ਸੁਣਾ ਰਿਹਾ ਹਾਂ ਇਹ ਲੰਮਾ ਸਮਾਂ ਪਹਿਲਾਂ ਮੈਂ ਲਤਾ ਮੰਗੇਸ਼ਕਰ ਜੀ ਦੀ ਇੱਕ ਇੰਟਰਵਿਊ ਚੋਂ ਸੁਣੀ ਸੀ ਪਰ ਵਿੱਸਰੀ ਰਹੀ।
ਕੁਝ ਸਾਲ ਪਹਿਲਾਂ ਸਾਡਾ ਪੰਜਾਬੀ ਪੁੱਤਰ ਦੇਵਿੰਦਰਪਾਲ ਸਿੰਘ ਇੰਡੀਅਨ ਆਈਡੋਲ ਬਣਿਆ ਤਾਂ ਲਤਾ ਜੀ ਜੱਜ ਸਨ। ਉਨ੍ਹਾਂ ਦੇਵਿੰਦਰਪਾਲ ਨੂੰ ਸੁਰਵੰਤਾ ਹੋਣ ਕਾਰਨ ਰੱਜਵਾਂ ਪਿਆਰ ਦਿੱਤਾ ਤੇ ਕਈ ਵਾਰ ਆਪਣੇ ਘਰ ਬੁਲਾਇਆ।
ਦੇਵਿੰਦਰਪਾਲ ਸਿੰਘ ਨੇ ਇਹ ਗੱਲ ਆਪਣੇ ਉਸਤਾਦ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ ਵਾਲਿਆਂ ਨੂੰ ਦੱਸੀ।
ਇਹ ਵੀ ਦੱਸਿਆ ਕਿ ਲਤਾ ਜੀ ਦੇ ਭਤੀਜੇ ਅਦਿੱਤਯ ਮੰਗੇਸ਼ਕਰ ਮੁਤਾਬਕ ਉਹ ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਦਾ ਕੀਰਤਨ ਅਕਸਰ ਸੁਣਦੇ ਹਨ ਤੇ ਮਿਲਣਾ ਵੀ ਚਾਹੁੰਦੇ ਹਨ।
ਭਾਈ ਸਾਹਿਬ ਹਰਜਿੰਦਰ ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦੇ ਮਨ ਚ ਵੀ ਇਹ ਚਿਰੋਕਣੀ ਤਾਂਘ ਸੀ ਸੰਗੀਤ ਦੀ ਸਰਸਵਤੀ ਦੇਵੀ  ਲਤਾ ਜੀ ਨੂੰ ਮਿਲਣ ਦੀ।
ਭਾਈ ਹਰਜਿੰਦਰ ਸਿੰਘ ਤੇ ਪ੍ਰਿੰਸੀਪਲ ਸੁਖਵੰਤ ਸਿੰਘ ਦੋਵੇਂ ਦੇਵਿੰਦਰਪਾਲ ਦੇ ਨਾਲ ਲਤਾ ਮੰਗੇਸ਼ਕਰ ਜੀ ਦੇ ਘਰ ਮਿਲਣ ਲਈ ਮੁੰਬਈ ਚਲੇ ਗਏ। ਇਹ 2013 ਜਾਂ 2014 ਦੀ ਗੱਲ ਹੈ।
ਉਹ ਬੇਹੱਦ ਸਨੇਹ ਨਾਲ ਮਿਲੇ। ਦੋ ਢਾਈ ਘੰਟੇ ਬਚਪਨ ਤੋਂ ਹੁਣ ਤੀਕ ਦੀਆਂ ਗੱਲਾਂ ਚੱਲੀਆਂ।
ਉਨ੍ਹਾਂ ਦੱਸਿਆ ਕਿ ਅਸੀਂ ਸਾਰਾ ਪਰਿਵਾਰ ਬਚਪਨ ਵੇਲੇ ਤੋਪਖਾਨਾ ਮੁਹੱਲਾ ਇੰਦੌਰ (ਮੱਧ ਪਰਦੇਸ਼) ਵਿੱਚ ਰਹਿੰਦੇ ਸਾਂ। ਇਹ ਮੁਹੱਲਾ ਸਿੱਖ ਬਹੁ ਗਿਣਤੀ ਦਾ ਹੋਣ ਕਾਰਨ ਅਸੀਂ ਤਿੰਨੇ ਭੈਣਾਂ ਲਤਾ, ਆਸ਼ਾ ਤੇ ਊਸ਼ਾ ਮੰਗੇਸ਼ਕਰ ਰੋਜ਼ਾਨਾ ਗੁਰਦਵਾਰੇ ਜ਼ਰੂਰ ਜਾਂਦੀਆਂ।
ਮੇਰੀ ਗੁੱਤ ਬਹੁਤ ਲੰਮੀ ਸੀ। ਮੈਂ ਸਾਰੀ ਉਮਰ ਵਾਲਾਂ ਨੂੰ ਕੈਂਚੀ ਨਹੀਂ ਛੁਹਾਈ।
ਇਸ ਪਿੱਛੇ ਅਜੀਬ ਕਾਰਨ ਸੀ। ਮੇਰੇ ਸੰਗੀਤ ਗੁਰੂ ਜੀ ਨੇ ਬਚਪਨ ਵੇਲੇ ਹੀ ਮਨ ਚ ਬਿਠਾ ਦਿੱਤਾ ਸੀ ਕਿ ਜੇ ਤੂੰ ਵਾਲ ਕੱਟੇਂਗੀ ਤਾਂ ਤੇਰੀ ਆਵਾਜ਼ ਖ਼ਰਾਬ ਹੋ ਜਾਵੇਗੀ।  
ਮੈਂ ਇਸ ਗੱਲ ਨੂੰ ਵਿਸ਼ਵਾਸ ਵਾਂਗ ਪੁਗਾਇਆ ਹੈ। ਹੁਣ ਵੀ ਮੇਰੀ ਗੁੱਤ ਓਨੀ ਲੰਮੀ ਹੈ।
ਪ੍ਰਿੰਸੀਪਲ ਸੁਖਵੰਤ ਸਿੰਘ ਦੇ ਮਨ ਚ ਉਤਸੁਕਤਾ ਵਧੀ। ਇਸ ਦਾ ਕਾਰਨ ਸੀ ਕਿ ਉਸ ਦੇ ਆਪਣੇ ਸੰਗੀਤ ਉਸਤਾਦ ਸਃ ਸਰਵਣ ਸਿੰਘ ਜੀ ਦੀ ਦਾੜ੍ਹੀ ਉਨ੍ਹਾਂ ਦੇ ਕੱਦ ਤੋਂ ਲੰਮੇਰੀ ਹੈ।
ਪ੍ਰਿੰਸੀਪਲ ਸੁਖਵੰਤ ਸਿੰਘ ਨੇ ਲਤਾ ਜੀ ਨੂੰ ਗੁੱਤ ਦਾ ਜੂੜਾ ਖੋਲ੍ਹ ਕੇ ਵਿਖਾਉਣ ਦੀ ਬੇਨਤੀ ਕੀਤੀ। ਖੋਲ੍ਹਿਆ ਤਾਂ ਗੁੱਤ ਗੋਡਿਆਂ ਤੋਂ ਵੀ ਹੇਠਾਂ ਤੀਕ ਸੀ।
ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲੇ ਉਸ ਪਲ ਨੂੰ ਚੇਤੇ ਕਰਕੇ ਹੁਣ ਵੀ ਆਨੰਦ ਵਿਭੋਰ ਹੋ ਜਾਂਦੇ ਹਨ।
ਕੱਲ੍ਹ ਮੈਂ ਤੇ ਭਾਈ ਹਰਜਿੰਦਰ ਸਿੰਘ, ਪ੍ਰਿੰਸੀਪਲ ਸੁਖਵੰਤ ਸਿੰਘ ਤੇ ਦੇਵਿੰਦਰਪਾਲ ਸਿੰਘ ਤਿੰਨੇ ਸਰਦੂਲ ਸਿਕੰਦਰ ਦੇ ਵਰ੍ਹੀਣੇ ਮੌਕੇ ਖੰਨਾ ਚ ਉਸ ਦੇ ਘਰ ਇਕੱਠੇ ਸਾਂ। ਕੱਲ੍ਹ ਖੰਨਾ ਵਿੱਚ ਸਰਦੂਲ ਸਿਕੰਦਰ ਦੇ ਘਰ ਕਿੰਨੇ ਸੰਗੀਤ ਸੂਰਜ ਪੁੱਜੇ। ਜਿੱਧਰ ਨਜ਼ਰ ਪਵੇ, ਨੂਰੋ ਨੂਰ ਨਜ਼ਾਰਾ। ਸਿਰਫ਼ ਸਰਦੂਲ ਨਹੀਂ ਸੀ। ਹੰਸ ਰਾਜ ਹੰਸ, ਹਰਭਜਨ ਮਾਨ, ਜਸਬੀਰ ਜੱਸੀ, ਹਰਦੀਪ ਮੋਹਾਲੀ ਪੁੱਤਰ ਸਮੇਤ, ਰੋਮੀ ਰੰਜਨ, ਸਰਦਾਰ ਅਲੀ, ਆਸ਼ਕ ਅਲੀ, ਗੁਰਲੇਜ਼ ਅਖ਼ਤਰ, ਕੈਲੀ, ਗੁਰਲੇਜ਼ ਦਾ ਨਿੱਕਾ ਸੁਰਵੰਤਾ ਵੀਰ, ਭਾਈ ਪਿਆਰਾ ਸਿੰਘ ਮਿੱਠਾ ਟਿਵਾਣਾ ਵਾਲੇ, ਸਤਿੰਦਰਪਾਲ ਸਿੰਘ ਸਿੱਧਵਾਂ, ਡਾਃ ਨਿਰਮਲ ਜੌੜਾ, ਜਸਮੇਰ ਸਿੰਘ ਢੱਟ, ਪੰਜਾਬੀ ਫਿਲਮ ਨਗਰੀ ਤੋਂ ਗੁਰਪ੍ਰੀਤ ਕੌਰ ਭੰਗੂ, ਸੰਜੀਵ ਆਨੰਦ, ਦੇਵਿੰਦਰ ਖੰਨੇਵਾਲਾ,ਮਲਕੀਤ ਰੌਣੀ ਤੇ ਕਈ ਹੋਰ। ਪਾਕਿਸਤਾਨ ਤੋਂ ਗ਼ਜ਼ਲ ਸਮਰਾਟ ਗੁਲਾਮ ਅਲੀ ਤੇ ਭਗਵੰਤ ਮਾਨ ਦੇ ਸ਼ੋਕ ਸੰਦੇਸ਼ੜੇ ਹਵਾ ਚ ਤੈਰ ਰਹੇ ਸਨ। ਮੈਨੂੰ ਇੰਜ ਲੱਗਿਆ ਪਰੂੰ ਗਏ ਸਰਦੂਲ ਨਾਲ ਲਤਾ ਜੀ ਦੀ ਵੀ ਮੁਲਾਕਾਤ ਹੋ ਗਈ ਹੋਵੇਗੀ। ਸਾਨੂੰ ਗਰੀਬ ਕਰਕੇ ਤੁਰ ਗਏ ਦੋਵੇਂ।
ਨਿੱਖੜੇ ਤਾਂ ਹੋਰ ਵੀ ਬਹੁਤ ਗੱਲਾਂ ਚੇਤੇ ਆਈਆਂ। ਸਰਦੂਲ ਦੇ ਵੀਰ ਗਮਦੂਰ ਤੇ ਭਰਪੂਰ ਚੇਤੇ ਆਏ। ਅਮਰ ਨੂਰੀ ਦਾ ਬਾਬਲ ਰੌਸ਼ਨ ਸਾਗਰ, ਉਹਦਾ ਬੇਲੀ ਮਨਚਲਾ, ਉਸਤਾਦ ਜਸਵੰਤ ਭੰਵਰਾ, ਦੀਦਾਰ ਸੰਧੂ ਤੇ ਕਿੰਨੇ ਹੋਰ।
ਅੱਜ ਸਵੇਰੇ ਲਤਾ ਜੀ ਦੇ ਗਾਏ ਗੁਰਬਾਣੀ ਸ਼ਬਦ ਸੁਣਦਿਆਂ ਮੈਂ ਮਹਿਸੂਸ ਕੀਤਾ ਕਿ ਉਹ ਤਾਂ ਸਾਡੀ ਲਤਾ ਮੰਗੇਸ਼ ਕੌਰ ਸੀ। ਅਸੀਂ ਹੀ ਭੁੱਲੇ ਰਹੇ।
ਮੈਨੂੰ ਬਚਪਨ ਚ ਸੁਣੀ ਗੱਲ ਯਾਦ ਆਈ। ਭਾਰਤ ਚੀਨ ਜੰਗ 1962 ਵੇਲੇ ਸ਼ਹੀਦ ਸੈਨਿਕਾਂ ਦੀ ਯਾਦ ਵਿੱਚ ਇੱਕ ਸਮਾਗਮ ਸੀ ਦਿੱਲੀ ਵਿੱਚ। ਏਥੇ ਲਤਾ ਮੰਗੇਸ਼ਕਰ ਜੀ ਨੇ ਗੀਤ ਗਾਇਆ।
ਐ ਮੇਰੇ ਵਤਨ ਕੇ ਲੋਗੋ, ਜ਼ਰਾ ਆਂਖ ਮੇਂ ਭਰ ਲੋ ਪਾਨੀ।
ਜੋ ਸ਼ਹੀਦ ਹੁਏ ਹੈ ਉਨ ਕੀ ਜ਼ਰਾ ਯਾਦ ਕਰੋ ਕੁਰਬਾਨੀ।
ਇਹ ਸੁਣਦਿਆਂ ਹਜ਼ਾਰਾਂ ਲੋਕ ਸੁਬਕ ਰਹੇ ਸਨ। ਅੱਥਰੂ ਅੱਥਰੂ ਸਨ। ਲੱਗਦਾ ਸੀ ਦੁਨੀਆ ਭਰ ਦਾ ਦਰਦ ਲਤਾ ਜੀ ਨੇ ਸ਼ਬਦਾਂ ਚ ਪਰੋ ਦਿੱਤਾ ਹੈ।
ਦੇਸ਼ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਫੁੱਟ ਫੁੱਟ ਰੋ ਪਏ।
ਜਵਾਹਰਲਾਲ ਨਹਿਰੂ ਬਾਰੇ ਮਸ਼ਹੂਰ ਸੀ ਕਿ ਉਹ ਨਾ ਤਾਂ ਕਦੇ ਜਨਤਕ ਰੂਪ ਵਿੱਚ ਭਾਵੁਕ ਹੋ ਕੇ ਰੋਂਦੇ ਸਨ ਅਤੇ ਨਾ ਹੀ ਕਿਸੇ ਦੂਜੇ ਦਾ ਇਸ ਤਰ੍ਹਾਂ ਭਾਵੁਕ ਹੋਣਾ ਪਸੰਦ ਕਰਦੇ ਸਨ।
ਉਹ  27 ਜਨਵਰੀ,1963 ਨੂੰ ਲਤਾ ਮੰਗੇਸ਼ਕਰ ਦਾ ਗਾਇਆ ਕਵੀ ਪ੍ਰਦੀਪ ਜੀ ਦਾ ਲਿਖਿਆ ਗੀਤ 'ਐ ਮੇਰੇ ਵਤਨ ਕੇ ਲੋਗੋਂ' ਗਾਇਆ ਤਾਂ ਨਹਿਰੂ ਆਪਣੇ ਅੱਥਰੂ ਰੋਕ ਨਾ ਸਕੇ।
ਗਾਣੇ ਤੋਂ ਬਾਅਦ ਜਦੋਂ ਲਤਾ ਸਟੇਜ ਦੇ ਪਿੱਛੇ ਬੈਠੇ ਸਨ ਤਾਂ ਨਿਰਦੇਸ਼ਕ ਮਹਿਬੂਬ ਖ਼ਾਨ ਨੇ ਲਤਾ ਨੂੰ ਕਿਹਾ ਕਿ ਨਹਿਰੂ ਜੀ ਸੱਦ ਰਹੇ ਹਨ।
ਮਹਿਬੂਬ ਨੇ ਲਤਾ ਨੂੰ ਨਹਿਰੂ ਦੇ ਸਾਹਮਣੇ ਲਿਜਾ ਕਿ ਕਿਹਾ, ਇਹ ਹੈ ਸਾਡੀ ਲਤਾ, ਤੁਹਾਨੂੰ ਕਿਵੇਂ ਲੱਗਿਆ ਇਸ ਦਾ ਗਾਣਾ?
ਨਹਿਰੂ ਨੇ ਕਿਹਾ,''ਬਹੁਤ ਵਧੀਆ। ਇਸ ਲੜਕੀ ਨੇ ਮੇਰੀਆਂ ਅੱਖਾਂ ਵਿੱਚ ਪਾਣੀ ਲਿਆ ਦਿੱਤਾ।'' ਇਹ ਕਹਿ ਕੇ ਨਹਿਰੂ ਨੇ ਲਤਾ ਨੂੰ ਗਲ਼ ਨਾਲ ਲਗਾ ਲਿਆ ਧੀ ਵਾਂਗ।
ਤੁਰੰਤ ਇਸ ਗਾਣੇ ਦੀ ਮਾਸਟਰ ਟੇਪ ਨੂੰ ਵਿਵਿਧ ਭਾਰਤੀ ਦੇ ਪ੍ਰਸਾਰਨ ਸਟੇਸ਼ਨ ਪਹੁੰਚਾਇਆ ਗਿਆ ਅਤੇ ਰਿਕਾਰਡ ਸਮੇਂ ਵਿੱਚ ਐੱਚਐੱਮਵੀ ਕੰਪਨੀ ਵੱਲੋਂ ਉਸ ਦਾ ਰਿਕਾਰਡ ਬਣਵਾ ਕੇ ਮਾਰਕੀਟ ਵਿੱਚ ਲਿਆਂਦਾ ਗਿਆ। ਮੈਨੂੰ ਯਾਦ ਹੈ ਕਿ ਸਾਡੇ ਸ਼੍ਰੀ ਬਾਵਾ ਲਾਲ ਹਾਈ ਸਕੂਲ ਧਿਆਨਪੁਰ ਵਿੱਚ ਇਹ ਰੀਕਾਰਡ ਸਵੇਰ ਦੀ ਪ੍ਰਾਰਥਨਾ ਮਗਰੋਂ ਵਜਾਇਆ ਜਾਂਦਾ ਸੀ। ਪੀ ਟੀ ਵੇਲੇ ਵੀ।
ਦੇਖਦਿਆਂ ਹੀ ਇਹ ਗੀਤ ਪੂਰੇ ਦੇਸ਼ ਵਿੱਚ ਫੈਲ ਗਿਆ ਤੇ  ਕੌਮੀ ਦਰਦਨਾਮਾ ਬਣ ਗਿਆ।
ਲਤਾ ਮੰਗੇਸ਼ਕਰ ਜੀ ਨੇ ਗੁਰੂ ਨਾਨਕ ਦੇਵ ਜੀ ਦੀ 500ਵੀਂ ਜਨਮ ਸ਼ਤਾਬਦੀ ਵੇਲੇ ਸ ਮਹਿੰਦਰ ਦੇ ਸੰਗੀਤ ਵਿੱਚ ਕਈ ਸ਼ਬਦ ਰੀਕਾਰਡ ਕਰਵਾਏ। ਹੁਣ ਵੀ ਸਾਹਾਂ ਚ ਮਹਿਕਦੇ ਹਨ।
ਲਤਾ ਜੀ ਨੂੰ ਕੌਰ ਬਣਾ ਕੇ ਅਸੀਂ ਸੂਰਜ ਨੂੰ ਮੁੱਠੀ ਚ ਕੈਦ ਨਹੀਂ ਕਰ ਸਕਦੇ।
ਪਰ ਇੱਕ ਦਮ ਕਬਜ਼ੇ ਦੀ ਭਾਵਨਾ ਕਾਫ਼ੂਰ ਹੋ ਗਈ, ਜਦ ਚੇਤੇ ਆਇਆ, ਮਹਿਕ ਦਾ ਕੋਈ ਨਾਮ, ਵਤਨ, ਰੰਗ ਜ਼ਾਤ , ਨਸਲ ਭੇਦ ਨਹੀਂ ਹੁੰਦਾ।
ਲਤਾ ਜੀ ਮਹਿਕ ਸਨ, ਬ੍ਰਹਿਮੰਡ ਚ ਘੁਲ਼ ਗਏ ਬੇਅੰਤ ਬਰਕਤਾਂ ਧਰਤੀ ਨੂੰ ਸੌਂਪ ਕੇ।
ਗੁਰਭਜਨ ਗਿੱਲ
8.2.2021

No comments: