Saturday, February 26, 2022

ਸਸਰਾਲਾ ਦੇ ਸਪੈਲਿੰਗ ਠੀਕ ਕਰਕੇ ਕੀਤਾ ਗਿਆ ਸਮਰਾਲਾ

ਹੋਰ ਗਲਤੀਆਂ ਵੀ ਸੁਧਾਰੀਆਂ ਜਾ ਰਹੀਆਂ ਹਨ-ਕਾਹਨ ਸਿੰਘ ਪੰਨੂ 

ਪਹਿਲਾਂ ਹੀ ਇਸ ਸਾਈਨ ਬੋਰਡ ਤੇ ਪਹਿਲਾਂ ਸਮਰਾਲਾ ਦੀ ਥਾਂ ਸਸਰਾਲਾ ਲਿਖਿਆ ਹੁੰਦਾ ਸੀ 

ਖਰੜ//ਲੁਧਿਆਣਾ: 26 ਫਰਵਰੀ 2022: (ਕਾਰਤਿਕਾ ਸਿੰਘ//ਪੰਜਾਬ ਸਕਰੀਨ ਡੈਸਕ)::

ਸ੍ਰ. ਕਾਹਨ ਸਿੰਘ ਪੰਨੂ 
ਨੈਸ਼ਨਲ ਹਾਈਵੇਅ 'ਤੇ ਸਮਰਾਲਾ ਨੂੰ ਸਸਰਾਲਾ ਲਿਖੇ ਜਾਣ ਵਾਲਾ ਬੋਰਡ ਖਰੜ ਤੋਂ ਸਮਰਾਲੇ ਵੱਲ ਜਾਂਦਿਆਂ ਰਸਤੇ ਵਿਚ ਆਉਂਦਾ ਹੁੰਦਾ ਸੀ। ਇਸੇ ਸੜਕ 'ਤੇ ਹੀ ਕੁਝ ਹੋਰ ਅੱਗੇ ਜਾਈਏ ਤਾਂ ਇਸੇ ਨੈਸ਼ਨਲ ਹਾਈਵੇ ਤੇ ਕੋਹਾੜਾ ਆਉਣ ਤੋਂ ਪਹਿਲਾਂ ਜਿਹੜਾ ਵੱਡਾ ਸਾਰਾ ਸਾਈਨ  ਬੋਰਡ ਆਇਆ ਕਰਦਾ ਸੀ ਉਸ ਉੱਤੇ ਵੀ ਕੋਹਾੜਾ ਦੀ ਬਜਾਏ ਕੋਹੜਾ ਲਿਖਿਆ ਹੁੰਦਾ ਸੀ। 

ਇਸੇ ਤਰ੍ਹਾਂ ਕੁਝ ਹੋਰ ਗਲਤੀਆਂ ਵੀ ਵੱਖ ਵੱਖ ਰਸਤਿਆਂ ਤੇ ਅਕਸਰ ਨਜ਼ਰ ਆ ਹੀ  ਜਾਂਦੀਆਂ ਹਨ। ਕਈ ਵਾਰ ਤਾਂ ਸਰਕਾਰੀ ਦਫਤਰਾਂ ਦੇ ਬੋਰਡਾਂ ਤੇ ਵੀ ਅਜਿਹੀਆਂ ਗਲਤੀਆਂ ਹੋਈਆਂ ਹੁੰਦੀਆਂ ਹਨ। ਲੇਖਕ ਸਭਾਵਾਂ ਨੇ ਇਸ ਮੁੱਦੇ ਨੂੰ ਲੈ ਕੇ ਲੁਧਿਆਣਾ ਵਿੱਚ ਧਰਨੇ ਵੀ ਦਿੱਤੇ ਸਨ ਪਰ ਗੱਲ ਨਹੀਂ ਸੀ ਬਣੀ। 

ਹੁਣ ਇਸ ਸਬੰਧੀ ਇੱਕ ਹੋਰ ਨਿਜੀ ਕਿਸਮ ਦਾ ਉਪਰਾਲਾ ਕਰਦਿਆਂ ਸਰਗਰਮ ਬੁੱਧੀਜੀਵੀ ਪ੍ਰੋਫੈਸਰ ਗੁਰਭਜਨ ਗਿੱਲ ਹੁਰਾਂ ਦੀ ਪ੍ਰੇਰਨਾ ਸਦਕਾ ਉਹਨਾਂ ਦੀ ਹੀ ਇੱਕ ਨਵੀਂ ਲਿਖਤ ਨਾਲ ਗੁਰਮੁਖੀ ਦੀ ਇਸ ਗਲਤੀ ਵੱਲ ਸੰਕੇਤਕ ਜਿਹਾ ਇਸ਼ਾਰਾ ਕਰਦੀ ਇੱਕ ਤਸਵੀਰ ਪੰਜਾਬ ਸਕਰੀਨ ਵਿੱਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ  ਛਾਪੀ ਗਈ ਸੀ।  

ਜਦੋਂ ਇਹ ਲਿਖਤ ਸੋਸ਼ਲ ਮੀਡੀਆ ਤੇ ਸ਼ੇਅਰ ਹੋਈ ਤਾਂ ਸੇਵਾ ਮੁਕਤ ਆਈ ਏ ਐੱਸ ਅਧਿਕਾਰੀ ਕਾਹਨ ਸਿੰਘ ਪੰਨੂੰ ਹੁਰਾਂ ਨੇ ਇਸਦਾ ਤੁਰੰਤ ਨੋਟਿਸ ਲਿਆ। ਉਹਨਾਂ ਤੁਰੰਤ ਇਸ ਸਬੰਧੀ ਭਰੋਸਾ ਦੁਆਇਆ ਕਿ ਇਸ ਗਲਤੀ ਨੂੰ ਜਲਦੀ ਹੀ ਠੀਕ ਕੀਤਾ ਜਾਵੇਗਾ। ਉਹਨਾਂ ਵੱਲੋਂ ਇਸ ਸਬੰਧੀ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ। ਜ਼ਿਕਰਯੋਗ ਹੈ ਕਿ ਸਰਦਾਰ ਕਾਹਨ ਸਿੰਘ ਪੰਨੂ ਨੈਸ਼ਨਲ ਹਾਈਵੇਅ ਅਥਾਰਟੀ ਦੇ ਸਲਾਹਕਾਰ ਵੀ ਹਨ। 

ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸੜਕਾਂ ਤੇ ਪਿੰਡ ਸ਼ਹਿਰ ਦਰਸਾਂਦੇ ਸਾਈਨ ਬੋਰਡ ਪੰਜਾਬੀ/ ਅੰਗਰੇਜ਼ੀ ਵਿੱਚ ਲੱਗੇ ਹੋਏ ਹਨ। ਨੈਸ਼ਨਲ ਹਾਈਵੇ ਅਥਾਰਟੀ ਵਿੱਚ ਅਸੀਂ ਕਾਫੀ ਕੋਸ਼ਿਸ਼ ਕਰ ਰਹੇ ਹਾਂ ਕਿ  ਗੁਰਮੁਖੀ ਵਿੱਚ ਲਿਖੇ ਨਾਮ ਦਰੁਸਤ ਹੋਣ,  ਪਰ ਫੇਰ ਵੀ ਕਈ ਥਾਵਾਂ ਤੇ ਸ਼ਬਦਾਂ ਜਾਂ ਸ਼ਬਦ ਜੋੜਾਂ ਦੀਆਂ ਗਲਤੀਆਂ ਅੱਖਾਂ ਨੂੰ ਰੜਕਦੀਆਂ ਮਿਲ ਜਾਂਦੀਆਂ ਹਨ ।

ਜਿੱਥੇ ਵੀ ਅਜਿਹੀ ਗਲਤੀ ਕਿਸੇ ਵੀ ਸੱਜਣ ਦੇ ਧਿਆਨ ਗੋਚਰੇ ਆਵੇ ਤਾਂ ਕਿਰਪਾ ਕਰਕੇ ਉਹ ਇਸ  ਬਾਰੇ ਮੈਨੂੰ  ਜਾਣਕਾਰੀ ਦੇਣ ਦੀ ਖੇਚਲ ਕਰਨ ਜੀ। ਇਹ ਜਾਣਕਾਰੀ ਦੇਣ ਸਮੇ ਅਜਿਹੇ ਸਾਈਨਬੋਰਡ ਦਾ ਸਹੀ ਪਤਾ ਜਰੂਰ ਦੱਸਿਆ ਜਾਵੇ। ਉਹਨਾਂ ਨਾਲ ਸੰਪਰਕ ਲਈ ਉਹਨਾਂ ਦਾ ਮੋਬਾਈਲ ਨੰਬਰ ਹੈ: 94171 11922

ਇਹਨਾਂ ਗਲਤੀਆਂ ਦਾ ਹੋਣਾ ਕੋਈ ਵੱਡੀ ਗੱਲ ਨਹੀਂ ਪਰ ਸਾਡਾ ਸਾਰਿਆਂ ਦਾ ਇਸ ਪਾਸੇ ਧਿਆਨ ਨਾ ਦੇਣਾ ਵੱਡੀ ਚਿੰਤਾ ਵਾਲੀ ਗੱਲ ਹੈ। ਆਓ ਸਾਰੇ ਇਸ ਪਾਸੇ ਧਿਆਨ ਦੇਈਏ। 


No comments: