22nd February 2022 at 08:16 PM WhatsApp
ਜੇ ਸਾਰੇ ਸਿਆਸਤਦਾਨ ਸਃ ਬੀਰ ਦੇਵਿੰਦਰ ਸਿੰਘ ਜਿੰਨੇ ਸੰਵੇਦਨਸ਼ੀਲ ਹੋ ਜਾਂਦੇ...
ਕੱਲ੍ਹ ਤੋਂ ਸੱਯਦ ਵਾਰਿਸ ਸ਼ਾਹ ਦਾ 300ਵਾਂ ਜਨਮ ਸਾਲ 23 ਫਰਵਰੀ ਤੋਂ ਸ਼ੁਰੂ ਹੈ ਪੰਜਾਬੀਉ
ਲੁਧਿਆਣਾ: 22 ਫਰਵਰੀ 2022: (ਪੰਜਾਬ ਸਕਰੀਨ ਸੈਂਟਰਲ ਡੈਸਕ)::
ਅੱਜ ਸਵੇਰ ਸਾਰ ਸਃ ਬੀਰ ਦੇਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਦਾ ਫੋਨ ਆਇਆ। ਮੈਂ ਰੁੱਝਿਆ ਹੋਣ ਕਾਰਨ ਉਸ ਵੇਲੇ ਫੋਨ ਨਾ ਸੁਣ ਸਕਿਆ।
ਅੱਧਾ ਘੰਟਾ ਬਾਦ ਗੱਲ ਕੀਤੀ ਤਾਂ ਉਹ ਸਹਿਜ ਨਹੀਂ ਸਨ। ਆਮ ਕਰਕੇ ਉਹ ਬਹੁਤ ਸਹਿਜ ਹੁੰਦੇ ਹਨ ਪਰ ਅੱਜ ਓਪਰੇ ਲੱਗੇ।
ਕਹਿਣ ਲੱਗੇ ਲਿਖਾਰੀਆਂ ਦੀਆਂ ਕਿੰਨੀਆਂ ਸਭਾਵਾਂ ਤੇ ਅਕਾਡਮੀਆਂ ਨੇ?
ਮੈਂ ਮੋਟਾ ਮੋਟਾ ਦੱਸ ਦਿੱਤਾ।
ਉਨ੍ਹਾਂ ਫੋਨ ਰੱਖ ਦਿੱਤਾ।
ਕੁਝ ਸਮੇਂ ਬਾਦ ਉਨ੍ਹਾਂ ਦਾ ਲਿਖਿਆ ਸੰਖੇਪ ਲੇਖ ਮੇਰੇ ਸਾਹਮਣੇ ਸੀ।
ਇਸ ਵਿੱਚ ਬਾਬੇ ਵਾਰਿਸ ਦੇ ਤੀਸਰੇ ਜਨਮ ਸ਼ਤਾਬਦੀ ਸਾਲ ਦੀ ਕੋਈ ਵਿਉਂਤਬੰਦੀ ਨਾ ਹੋਣਾ ਉਨ੍ਹਾਂ ਨੂੰ ਅੱਖਰਿਆ ਸੀ।
ਉਨ੍ਹਾਂ ਦੀ ਲਿਖਤ ਨੇ ਸਾਨੂੰ ਸਭ ਨੂੰ ਹਲੂਣ ਜਗਾਇਆ ਹੈ।
ਉਹ ਲਿਖਦੇ ਹਨ
ਇਹ ਡਾਢਾ ਖੇਦਜਨਕ ਸੱਚ ਹੈ ਕਿ ਸਮੇਂ ਦੀਆਂ ਸਰਕਾਰਾਂ, ਪੰਜਾਬ ਦੇ ਭਾਸ਼ਾ ਵਿਭਾਗ, ਪੰਜਾਬ ਦੀਆਂ ਯੂਨੀਵਰਸਿਟੀਆਂ, ਸਾਹਿਤਕਾਰਾਂ, ਕਲਾਕਾਰਾਂ, ਲੇਖਕਾਂ ਤੇ ਪੰਜਾਬ ਆਰਟਸ ਕੌਂਸਲ ਦੇ ਅਹੁਦੇਦਾਰਾਂ ਨੇ ਮਿਲ ਕੇ ਵਿਸਾਰਿਆ ਪੰਜਾਬ ਦਾ ਮਹਾਨ ਵਿਰਾਸਤੀ ਨਾਇਕ, ਸੂਖ਼ੀ ਕਿੱਸਾਕਾਰ, ਹੀਰ-ਵਾਰਿਸ ਦਾ ਕਰਤਾ ; ਸੱਯਦ ਵਾਰਿਸ ਸ਼ਾਹ।
ਪੰਜਾਬ ਦੀਆਂ ਪੁਰਾਤਨ ਤੇ ਅਮਰ ਲੋਕ-ਗਾਥਾਵਾਂ ਦੇ ਮਹਾਨ ਨਾਇਕ, ਸੱਯਦ ਵਾਰਿਸ ਸ਼ਾਹ ਦਾ ਜਨਮ ਅੱਜ ਤੋਂ 300 ਵਰ੍ਹੇ ਪਹਿਲਾਂ, ਨਾਮਵਰ ਸੱਯਦ ਖਾਨਦਾਨ ਵਿੱਚ, ਪਿੰਡ ਜੰਡਿਆਲਾ ਸ਼ੇਰਖਾਨ (ਸ਼ੇਖੂਪੁਰਾ) ਜੋ ਹੁਣ ਪਾਕਿਸਤਾਨ ਵਿੱਚ ਹੈ, 23 ਜਨਵਰੀ 1722 ਨੂੰ ਹੋਇਆ ਸੀ। ਵਾਰਿਸ ਨੇ ਹਾਲੇ ਜਵਾਨੀ ਦੀ ਦਹਿਲੀਜ਼ ਤੇ ਪੈਰ ਹੀ ਧਰਿਆ ਹੀ ਸੀ ਕਿ ਉਸਦੇ ਮਾਤਾ ਪਿਤਾ ਗੁਜ਼ਰ ਗਏ। ਵਾਰਿਸ ਦੇ ਪਿਤਾ ਦਾ ਨਾਮ ਗ਼ੁਲਸ਼ੇਰ ਸ਼ਾਹ ਅਤੇ ਮਾਤਾ ਦਾ ਨਾਮ ਕਮਾਲ ਬਾਨੋ ਸੀ।ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਵਾਰਿਸ ਸ਼ਾਹ ਨੇ ਅੰਤਾਂ ਦੀ ਉਦਾਸੀ ਦੇ ਆਲਮ ਵਿੱਚ ਆਪਣਾ ਪਿੰਡ ਤੇ ਘਰ ਬਾਰ ਛੱਡ ਦਿੱਤਾ ਤੇ ਕਿਸੇ ਨਿਪੁੰਨ ਰੁਹਾਨੀ ਰਾਹਬਰੀ ਦੀ ਤਲਾਸ਼ ਵਿੱਚ ਦਰ-ਬ-ਦਰ ਭਟਕਦਾ ਰਿਹਾ। ਅੰਤ ਉਸਨੇ ਕਸੂਰ ਦੇ ਹਾਖ਼ਿਜ਼ ਗ਼ੁਲਾਮ ਮੁਰਤਜ਼ਾ ਨੂੰ ਆਪਣਾ ਉਸਤਾਦ ਧਾਰਨ ਕਰ ਲਿਆ ਤੇ ਉਸੇ ਪਾਸੋਂ ਹਰ ਕਿਸਮ ਦੀ ਤਾਲੀਮ ਹਾਸਲ ਕੀਤੀ।
ਸੱਯਦ ਵਾਰਿਸ਼ ਸ਼ਾਹ ਨੇ, ਚਿਸ਼ਤੀ ਪੱਧਤੀ ਦੀ ਤਜਵੀਜ਼ ਅਨੁਸਾਰ, ਹੀਰ-ਰਾਂਝੇ ਦੇ ਇਸ਼ਕ ਤੇ ਮਬਨੀ, , ਸ਼ਾਹਕਾਰੀ ਕਿੱਸਾ-ਕਾਵ, ਹੀਰ-ਵਾਰਿਸ ਦੇ ਸਿਰਲੇਖ ਹੇਠ ਕਲਮਬੰਦ ਕੀਤਾ, ਜੋ ਏਨਾ ਮਕਬੂਲ ਹੋਇਆ ਕਿ ਲੋਕਾਂ ਦੀ ਜ਼ੁਬਾਨ ਤੇ ਮੁਹਾਵਰਾ ਬਣਕੇ ਉੱਕਰਿਆ ਗਿਆ ਅਤੇ ਅੱਜ ਵੀ ਲਗਪਗ 250 ਸਾਲ ਬੀਤ ਜਾਣ ਤੋਂ ਬਾਅਦ ਵੀ ਉਸਦੀ ਮਕਬੂਲੀਅਤ ਅਤੇ ਸੱਜਰਾਪਣ ਜਿਉਂ ਦਾ ਤਿਉਂ ਹੈ।
ਪਰ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਇਸ ਮਹਾਨ ਨਾਇਕ, ਸੂਖ਼ੀ ਕਿੱਸਾਕਾਰ ਦਾ 300ਵਾਂ ਯਾਦਗਾਰੀ ਜਨਮ ਦਿਹਾੜਾ, ਨਾ ਸਮੇਂ ਦੀ ਸਰਕਾਰ ਦਾ ਅਤੇ ਨਾ ਹੀ ਸਾਹਿਤਕਾਰਾਂ ਤੇ ਕਲਮਗੀਰਾਂ ਦੀ ਕਿਸੇ ਵੱਡੀ ਅੰਜੁਮਨ ਦੀ ਤਵੱਜੋ ਦਾ ਮਰਕਜ਼ ਕਿਉਂ ਨਹੀਂ ਬਣ ਸਕਿਆ? ਪੰਜਾਬ ਦੇ ਲੇਖਕਾਂ ਦੀ ਸਭ ਤੋਂ ਪੁਰਾਣੀ ਤੇ ਵੱਡ ਅਕਾਰੀ, ਪੰਜਾਬੀ ਸਾਹਿਤ ਅਕੈਡਮੀ, ਜਿਸ ਦਾ ਸਦਰ ਮੁਕਾਮ ਲੁਧਿਆਣਾ ਵਿੱਚ ਹੈ, ਨੇ ਵੀ ਸੱਯਦ ਵਾਰਿਸ ਸ਼ਾਹ ਨੂੰ ਉਸ ਦੇ ਯਾਦਗਾਰੀ ਜਨਮ ਦਿਹਾੜੇ ਤੇ ਚੇਤੇ ਕਰਨਾ ਮੁਨਾਸਿਬ ਨਹੀਂ ਸਮਝਿਆ।
ਪੰਜਾਬ ਦੀ ਸਰਕਾਰੀ ਆਰਟਸ ਕੌਂਸਲ ਜਿਸ ਦੇ ਸਾਹਿਬ-ਏ-ਸਦਰ ਜਨਾਬ ਸੁਰਜੀਤ ਪਾਤਰ ਜੀ ਹਨ ਤੇ ਉਹ ਖੁਦ ਵੀ ਵੱਡੇ ਸ਼ਾਇਰ ਹੋਣ ਦੀ ਹੈਸੀਅਤ ਵਿੱਚ 'ਵਾਰਿਸਾਂ ਦੇ ਵਾਰਿਸ' ਹਨ, ਉਹ ਵੀ ਇਸ ਪਾਸੇ ਸਰਕਾਰ ਦੀ ਤਵੱਜੋ ਨੁੰ ਆਕਰਸ਼ਿਤ ਨਹੀਂ ਕਰ ਸਕੇ ਅਤੇ ਨਾ ਹੀ ਪੰਜਾਬ ਆਰਟਸ ਕੌਂਸਲ ਨੇ ਇਸ ਮਹਾਨ ਨਾਇਕ, ਸੂਖ਼ੀ ਕਿੱਸਾਕਾਰ ਦਾ 300ਵਾਂ ਯਾਦਗਾਰੀ ਜਨਮ ਦਿਹਾੜਾ ਸ਼ਾਨ ਨਾਲ ਮਨਾਉਂਣ ਲਈ ਕੋਈ ਉਪਰਾਲਾ ਕੀਤਾ ਹੈ। ਹੁਣ ਜੇ ਅਜਿਹੇ ਯਾਦਗਾਰੀ ਕਾਰਜਾਂ ਵਿੱਚ, ਯਾਦਗਾਰੀ ਸਮਿਆਂ ਉੱਤੇ, ਸਰਕਾਰਾਂ ਅਤੇ ਸਰਕਾਰ ਦੀਆਂ ਯੂਨੀਵਰਸਿਟੀਆਂ, ਕਲਾ ਕੌਸਲਾਂ ਤੇ ਸਰਕਾਰ ਦਾ ਭਾਸ਼ਾ ਵਿਭਾਗ ਸਾਰੇ ਹੀ ਗਖ਼ਲਤ ਦੀ ਗੂੜ੍ਹੀ ਨੀਂਦ ਵਿੱਚ ਗਵਾਚੇ ਹੋਣ ਤਾਂ ਫੇਰ ਪੰਜਾਬ ਦੇ ਭਾਸ਼ਾਈ ਸੱਭਿਆਚਾਰ, ਭਾਸ਼ਾਈ ਵਿਕਾਸ, ਪੰਜਾਬ ਦੀਆਂ ਕੋਮਲ ਕਲਾਵਾਂ, ਲੋਕ-ਗਾਥਾਵਾਂ ਤੇ ਲੋਕ ਕਲਾ-ਕ੍ਰਿਤੀਆਂ ਦੀ ਪਾਸਬਾਨੀ ਕੌਣ ਕਰੇਗਾ ? ਆਖਿਰ ਪੰਜਾਬ ਦੇ ਕਲਾਤਮਕ ਵਿਰਸੇ ਨਾਲ ਸਬੰਧਤ, ਸੂਖ਼ਮ ਸਰੋਕਾਰਾਂ ਨੁੰ ਕੌਣ ਮੁਖਤਿਬ ਹੋਵੇਗਾ ? ਕੀ ਇਹ ਵੀ ਇੱਕ ਵੱਡੀ ਚਿੰਤਾ ਦਾ ਵਿਸ਼ਾ ਨਹੀਂ ਹੈ ?
ਗੱਲ ਤਾਂ ਵਾਜਬ ਹੈ ਕਿ ਪੰਜਾਬੀਆਂ ਨੇ ਆਪਣਾ ਮਹਾਨ ਲੇਖਕ ਵਿਸਾਰਿਆ ਪਰ ਹਾਲੇ ਵੀ ਪੂਰੇ ਸਾਲ ਦੀ ਯੋਜਨਾਕਾਰੀ ਹੋ ਸਕਦੀ ਹੈ।
ਬਾਬੇ ਵਾਰਿਸ ਦੀ ਹੀਰ ਦੇ ਗਾਇਨ ਮੁਕਾਬਲੇ ਕਰਵਾਏ ਜਾ ਸਕਦੇ ਹਨ।
ਮੈਨੂੰ ਚੇਤੇ ਆਇਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀਬਾੜੀ ਕਾਲਿਜ ਨੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਜੀ ਪਾਸੋਂ ਹੀਰ ਵਾਰਿਸ ਸ਼ਾਹ ਦਾ ਅੰਗਰੇਜ਼ੀ ਅਨੁਵਾਦ ਕਰਵਾ ਕੇ ਛਾਪਿਆ ਸੀ। ਉਹ ਕਿਤਾਬ ਵੀ ਮੁੜ ਪ੍ਰਕਾਸ਼ਤ ਹੋ ਸਕਦੀ ਹੈ।
ਪੰਜਾਬੀ ਸੱਥ ਲਾਂਬੜਾ ਵਾਲੇ ਵੀਰਾਂ ਨੇ ਵੀ ਹੀਰ ਵਾਰਿਸ ਦੀਆਂ ਦੋ ਤਿੰਨ ਮਹੱਤਵਪੂਰਨ ਪੁਸਤਕਾਂ ਛਾਪੀਆਂ ਸਨ। ਇੱਕ ਤਾਂ ਹੀਰ ਵਾਰਿਸ ਵਿੱਚ ਪਾਏ ਖੋਟਾਂ ਬਾਰੇ ਸੀ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਤੇ ਬਾਕੀ ਸੰਸਥਾਵਾਂ ਨੂੰ ਵੀ ਬੇਨਤੀ ਕਰਾਂਗੇ ਕਿ ਉਹ ਵਾਰਿਸ ਸ਼ਾਹ ਦਾ ਸਾਲਨਾਮਾ ਤਿਆਰ ਕਰਨ।
ਦਸ ਮਾਰਚ ਮਗਰੋਂ ਜਿਹੜੀ ਵੀ ਹਕੂਮਤ ਆਵੇਗੀ ਉਸ ਨੂੰ ਵੀ ਅਰਜ਼ੀ ਪੱਤਾ ਪਾਵਾਂਗੇ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਬਾਬੇ ਵਾਰਿਸ ਦਾ ਪੋਸਟਰ ਡੀਜ਼ਾਈਨ ਕਰਵਾ ਕੇ ਵੰਡਾਂਗੇ।
ਮੈਨੂੰ ਯਾਦ ਆਇਆ ਕਿ ਕਿਵੇਂ 2001 ਚ ਪਾਕਿਸਤਾਨ ਦੇ ਸ਼ਹਿਰ ਲਾਹੌਰ ਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਜਦ ਨਨਕਾਣਾ ਸਾਹਿਬ ਜਾਣ ਦੀ ਪ੍ਰਵਾਨਗੀ ਮਿਲੀ ਤਾਂ ਡਾਃ ਜਗਤਾਰ ਦੀ ਉਂਗਲੀ ਫੜ ਕੇ ਮੈਂ ਤੇ ਡਾਃ ਸੁਖਦੇਵ ਸਿੰਘ ਸਿਰਸਾ ਜੰਡਿਆਲਾ ਸ਼ੇਰ ਖਾਂ ਦੀ ਵੀ ਜ਼ਿਆਰਤ ਕਰ ਆਏ ਸਾਂ। ਨਾਲ ਹੀ ਤਾਂ ਹੈ ਬਾਬੇ ਵਾਰਿਸ ਦਾ ਡੇਰਾ। ਸਾਡੇ ਨਾਲ ਪਾਕਿਸਤਾਨ ਦਾ ਪੰਜਾਬੀ ਕਵੀ ਅਬਦੁਲ ਕਰੀਮ ਕੁਦਸੀ ਤੇ ਉਸ ਦਾ ਭਣੇਵਾਂ ਇਕਬਾਲ ਵੀ ਸੀ। ਇਸ ਫੇਰੀ ਦੀ ਦਿਲਚਸਪ ਵਾਰਤਾ ਕਦੇ ਫਿਰ ਸੁਣਾਵਾਂਗਾ।
ਬੱਟ ਨੇ ਲਾਹੌਰ ਆਉਣ ਤੇ ਬਾਬਾ ਵਾਰਿਸ, ਬੁੱਲ੍ਹੇ ਸ਼ਾਹ, ਸ਼ਾਹ ਹੁਸੈਨ ਤੇ ਮੀਆਂ ਮੁਹੰਮਦ ਬਖ਼ਸ਼ ਸਾਹਿਬ ਦੇ ਪੋਸਟਰ ਆਪਣੇ ਅਖ਼ਬਾਰ ਭੁਲੇਖਾ ਵੱਲੋਂ ਸਾਨੂੰ ਤੋਹਫ਼ੇ ਵਜੋਂ ਦਿੱਤੇ ਸਨ।
ਚੇਤਨਾ ਪ੍ਰਕਾਸ਼ਨ ਲੁਧਿਆਣਾ ਦੀਆਂ ਇਨ੍ਹਾਂ ਮਹਾਨ ਹਸਤੀਆਂ ਬਾਰੇ ਛਪੀਆਂ ਕਿਤਾਬਾਂ ਦਾ ਟਾਈਟਲ ਬਾਰ ਬਾਰ ਇਹੀ ਚਿਤਰ ਬਣਦਾ ਹੈ। ਇਸੇ ਦੀ ਨਕਲ ਹੋਰ ਬਹੁਤ ਪ੍ਰਕਾਸ਼ਕਾਂ, ਰਸਾਲਿਆਂ ਤੇ ਅਖ਼ਬਾਰਾਂ ਨੇ ਵੀ ਕੀਤੀ ਹੈ।
ਧੰਨਵਾਦ ਵੱਡੇ ਵੀਰ ਸਃ ਬੀਰ ਦੇਵਿੰਦਰ ਸਿੰਘ ਜੀ। ਜੇ ਸਾਰੇ ਸਿਆਸਤਦਾਨ ਤੁਹਾਡੇ ਜਿੰਨੇ ਸੰਵੇਦਨਸ਼ੀਲ ਹੋ ਜਾਂਦੇ ਤਾਂ ਪੰਜਾਬ ਦਾ ਇਹ ਹਾਲ ਨਾ ਹੁੰਦਾ।
No comments:
Post a Comment