Monday: 27th December 2021 at 6:45 PM
ਭਗਵੰਤ ਮਾਨ ਅਤੇ ਰਾਘਵ ਚੱਢਾ ਨੇ ਕੀਤਾ ਰਸਮੀ ਤੌਰ ’ਤੇ ਸਵਾਗਤ
ਭਗਵੰਤ ਮਾਨ ਨੇ ਦੱਸਿਆ ਇਸ ਸ਼ਮੂਲੀਅਤ ਨੂੰ ਲੋਕਾਂ ਦੇ ਦਿਲ ਦਾ ਇਸ਼ਾਰਾ
ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਛਡਣਾ ਸ਼ੁਰੂ ਕੀਤਾ
‘ਆਪ’ ਦੀ ਇਮਾਨਦਾਰ ਸਰਕਾਰ ਬਣਾਉਣ ਦਾ ਮਨ ਬਣਾਇਆ:
ਕੇਜਰੀਵਾਲ ਦੇ ਇਮਾਨਦਾਰ ਸਰਕਾਰ ਦੇ ਮਾਡਲ ਤੋਂ ਲੋਕ ਹੋ ਰਹੇ ਨੇ ਪ੍ਰਭਾਵਿਤ:ਰਾਘਵ ਚੱਢਾ
ਚੰਡੀਗੜ੍ਹ: 27 ਦਸੰਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਜਿੱਤ ਦੇ ਰੰਗ ਵੀ ਵੱਖਰੇ ਹੀ ਹੁੰਦੇ ਹਨ। ਇਹ ਰੰਗ ਇੱਕਲੇ ਨੂੰ ਵੀ ਬੜੀ ਜਲਦੀ ਕਾਫ਼ਿਲਾ ਬਣਾ ਦੇਂਦੇ ਹਨ। ਚੰਡੀਗੜ੍ਹ ਨਗਰ ਕੌਂਸਿਲ ਦੀਆਂ ਚੋਣਾਂ ਦੇ ਨਤੀਜਿਆਂ ਨੇ ਇੱਕ ਤਰ੍ਹਾਂ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਇੱਕ ਝਲਕ ਜਿਹੀ ਦਿਖਾਉਣ ਦਾ ਇਸ਼ਾਰਾ ਜ਼ਰੂਰ ਦਿੱਤਾ ਹੈ। ਜਿਸ ਤਰ੍ਹਾਂ ਦੂਜਿਆਂ ਸਿਆਸੀ ਪਾਰਟੀਆਂ ਅਤੇ ਸੋਚਾਂ ਨਾਲ ਜੁੜੇ ਲੀਡਰ ਆਪਣੀਆਂ ਰਵਾਇਤੀ ਸੋਚਾਂ ਅਤੇ ਵਿਚਾਰਧਾਰਾਵਾਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ ਉਸਤੋਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦਾ ਜਾਦੂ ਇੱਕ ਵਾਰ ਫਿਰ ਕੰਮ ਕਰਨ ਲੱਗ ਪਿਆ ਹੈ। ਆਉਣ ਵਾਲੇ ਸਮੇਂ ਵਿੱਚ ਰਵਾਇਤਾਂ ਨੂੰ ਤੋੜਦੇ ਰੰਗ ਨਜ਼ਰ ਆਉਣ ਦੀ ਸੰਭਾਵਨਾ ਹੈ।
ਆਮ ਆਦਮੀ ਪਾਰਟੀ (ਆਪ) ਪੰਜਾਬ ਨੂੰ ਅੱਜ ਸਮੇਂ ਵੱਡੀ ਬੜ੍ਹਤ ਮਿਲੀ ਜਦੋਂ ਮੋਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਆਪਣੇ ਸੈਂਕੜੇ ਸਾਥੀਆਂ ਨਾਲ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਭਗਵੰਤ ਮਾਨ ਅਤੇ ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕੁਲਵੰਤ ਸਿੰਘ ਦਾ ਰਸਮੀ ਤੌਰ ’ਤੇ ਪਾਰਟੀ ਵਿੱਚ ਸਵਾਗਤ ਕੀਤਾ।
ਸੋਮਵਾਰ ਨੂੰ ਪਾਰਟੀ ਦਫ਼ਤਰ ਵਿਖੇ ਸਾਬਕਾ ਮੇਅਰ ਕੁਲਵੰਤ ਸਿੰਘ ਦਾ ‘ਆਪ’ ਵਿੱਚ ਸਵਾਗਤ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੁਲਵੰਤ ਸਿੰਘ ਪੰਜਾਬ ਦੀ ਜਾਣੀ- ਪਛਾਣੀ ਸਖ਼ਸ਼ੀਅਤ ਹਨ ਅਤੇ ਇਨ੍ਹਾਂ ਦਾ ਰਾਜਨੀਤਿਕ ਖੇਤਰ ਦੇ ਨਾਲ- ਨਾਲ ਸਮਾਜ ਸੇਵਾ ਵਿੱਚ ਵੱਡਾ ਯੋਗਦਾਨ ਹੈ। ਇਸ ਲਈ ਕੁਲਵੰਤ ਸਿੰਘ ਵੱਲੋਂ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਜਿੱਥੇ ਮੋਹਾਲੀ ਜ਼ਿਲ੍ਹੇ ਵਿੱਚ ਬਲ ਮਿਲੇਗਾ, ਉਥੇ ਹੀ ਪੂਰੇ ਪੰਜਾਬ ਵਿੱਚ ਪਾਰਟੀ ਵਰਕਰਾਂ ਦੇ ਹੌਂਸਲੇ ਬੁਲੰਦ ਹੋਣਗੇ।
ਚੰਡੀਗੜ੍ਹ ਦੇ ਵੋਟਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਤੇ ਫ਼ਤਵੇ ਬਾਰੇ ਗੱਲ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘‘ਚੰਡੀਗੜ੍ਹ ਦੇ ਲੋਕਾਂ ਨੇ ਸਿੱਧ ਕਰ ਦਿੱਤਾ ਹੈ ਕਿ ਲੋਕਤੰਤਰ ਵਿੱਚ ਲੋਕਾਂ ਕੋਲ ਹੀ ਤਾਕਤ ਹੁੰਦੀ ਹੈ। ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਵੀ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ‘ਆਪ’ ਦੀ ਇਮਾਨਦਾਰ ਸਰਕਾਰ ਬਣਾਉਣ ਦਾ ਮਨ ਬਣਾ ਹੋਇਆ ਹੈ। ’’ ਉਨ੍ਹਾਂ ਚੰਡੀਗੜ੍ਹ ਦੇ ਵੋਟਰਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਸੇਵਾ ਲਈ ਚੁਣਨ ’ਤੇ ਧੰਨਵਾਦ ਕਰਦਿਆਂ ਕਿਹਾ ਕਿ ‘ਆਪ’ ਨੇ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾ ਲੜੀਆਂ ਸਨ ਅਤੇ ਇੱਥੋਂ ਦੇ ਵੋਟਰਾਂ ਨੇ ਕੇਜਰੀਵਾਲ ਦੇ ਇਮਾਨਦਾਰ ਮਾਡਲ ਨੂੰ ਚੁਣਿਆ ਹੈ।
ਭਗਵੰਤ ਮਾਨ ਨੇ ‘ਆਪ’ ਦੇ ਨਵੇਂ ਚੁਣੇ ਕੌਂਸਲਰਾਂ ਅਤੇ ਵਿਸ਼ੇਸ਼ਕਰ ਦਮਨਪ੍ਰੀਤ ਸਿੰਘ ਨੂੰ ਵਧਾਈਆਂ ਦਿੱਤੀਆਂ। ਜਿਕਰਯੋਗ ਹੈ ਕਿ ਦਮਨਪ੍ਰੀਤ ਸਿੰਘ ਨੇ ਭਾਜਪਾ ਦੇ ਮੌਜ਼ੂਦਾ ਮੇਅਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਨੂੰ ਮੁੜ ਤੋਂ ਸੁੰਦਰ ਸ਼ਹਿਰ ਬਣਾਏਗੀ।
ਇਸ ਮੌਕੇ ਰਾਘਵ ਚੱਢਾ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਇੰਚਾਰਜ ਤੇ ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ‘ਆਪ’ ਨੇ ਪਹਿਲੀ ਵਾਰ ’ਚ ਚੰਡੀਗੜ੍ਹ ਨਗਰ ਨਿਗਮ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ‘ਆਪ’ ਦੇ ਵਰਕਰਾਂ ਅਤੇ ਆਗੂਆਂ ਦਾ ਵੀ ਧੰਨਵਾਦ ਕੀਤਾ। ਚੱਢਾ ਨੇ ਕਿਹਾ, ‘‘ਚੰਡੀਗੜ੍ਹ ਦੀ ਜਿੱਤ ਤਾਂ ਟਰੇਲਰ ਹੈ। ਪੰਜਾਬ ਦੀਆਂ ਚੋਣਾ ਪੂਰੀ ਫਿਲਮ ਪੇਸ਼ ਕਰਨਗੀਆਂ, ਜਦੋਂ ਪੰਜਾਬ ਦੇ ਲੋਕ ਕੇਜਰੀਵਾਲ ਦੇ ਇਮਾਨਦਾਰ ਸਰਕਾਰ ਵਾਲੇ ਮਾਡਲ ਨੂੰ ਚੁਣਨਗੇ।
ਆਮ ਆਦਮ ਪਾਰਟੀ ਵਿੱਚ ਸ਼ਾਮਲ ਹੋਏ ਕੁਲਵੰਤ ਸਿੰਘ ਨੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਇਮਾਨਦਾਰ ਪਾਰਟੀ ਨਾਲ ਮਿਲ ਕੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਕੁਲਵੰਤ ਸਿੰਘ ਨੇ ਕਿਹਾ, ‘‘ਮੈਂ ਕੇਜਰੀਵਾਲ ਦੇ ਦਿੱਲੀ ਵਿਚਲੇ ਵਿਕਾਸ ਦੇ ਮਾਡਲ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ। ਜਿਥੇ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਵਿੱਚ ਬਹੁਤ ਚੰਗਾ ਕੰਮ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਲੋਕਾਂ ਨੂੰ ਚੰਗੀਆਂ ਸਹੂਲਤਾਂ ਦੇ ਰਹੀ ਹੈ।’’
ਭਾਜਪਾ ਨੂੰ ਦੂਹਰਾ ਝਟਕਾ-ਭਾਜਪਾ ਆਗੂ ਸ਼ੀਤਲ ਅੰਗੁਰਲ ‘ਆਪ’ ਵਿੱਚ ਹੋਏ ਸ਼ਾਮਲ
ਆਮ ਆਦਮੀ ਪਾਰਟੀ ਨੇ ਭਾਰਤੀ ਜਨਤਾ ਪਾਰਟੀ ਨੂੰ ਦੂਹਰਾ ਝਟਕਾ ਦਿੱਤਾ, ਜਦੋਂ ਭਾਜਪਾ ਦੇ ਤਿੰਨ ਸਾਬਕਾ ਮੇਅਰਾਂ ਨੂੰ ਨਗਰ ਨਿਗਮ ਦੀਆਂ ਚੋਣਾ ਵਿੱਚ ਹਰਾਇਆ, ਤਾਂ ਉਥੇ ਹੀ ਭਾਜਪਾ ਦੇ ਪ੍ਰਸਿੱਧ ਆਗੂ ਸ਼ੀਤਲ ਅੰਗੁਰਲ ਵਾਸੀ ਜਲੰਧਰ ਨੇ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ‘ਆਪ’ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਰਸਮੀ ਤੌਰ ’ਤੇ ਸ਼ੀਤਲ ਅੰਗੁਰਲ ਦਾ ਪਾਰਟੀ ਵਿੱਚ ਸਵਾਗਤ ਕੀਤਾ। ਜ਼ਿਕਰਯੋਗ ਹੈ ਕਿ ਸ਼ੀਤਲ ਅੰਗੁਰਲ ਭਾਜਪਾ ਦੇ ਐਸ.ਸੀ ਮੋਰਚੇ ਦੀ ਕੌਮੀ ਕਾਰਜਕਰਨੀ ਦੇ ਮੈਂਬਰ ਸਨ।
ਰਾਘਵ ਚੱਢਾ ਨੇ ਸ਼ੀਤਲ ਅੰਗੁਰਲ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਲੋਕ ਲਗਾਤਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸ਼ੀਤਲ ਅੰਗੁਰਲ ਵੱਲੋਂ ਆਪਣੇ ਸੈਂਕੜੇ ਸਾਥੀਆਂ ਨਾਲ ‘ਆਪ’ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਜਲੰਧਰ ਵਿੱਚ ਵੱਡਾ ਲਾਭ ਹੋਵੇਗਾ। ਇਸ ਮੌਕੇ ਮੁਕਤਸਰ ਤੋਂ ਵਰਿੰਦਰ ਕੁਮਾਰ ਢੋਸੀਵਾਲ, ਬਠਿੰਡਾ ਦੇ ਉਦਯੋਗਪਤੀ ਅਮਰਜੀਤ ਸਿੰਘ ਮਹਿਤਾ, ਮੁਕਤਸਰ ਤੋਂ ਐਡਵੋਕੇਟ ਇੰਦਰਜੀਤ ਸਿੰਘ ਬਰਾੜ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ।
No comments:
Post a Comment