Friday, December 24, 2021

ਬੰਬ ਧਮਾਕੇ ਲਈ ਜ਼ਿੰਮੇਵਾਰ ਲੋਕ ਛੇਤੀ ਹੀ ਸਲਾਖਾਂ ਦੇ ਪਿੱਛੇ ਹੋਣਗੇ--ਸੋਢੀ

24th December 2021 at 6:57 PM

ਮਹਿਲਾ ਕਾਂਗਰਸ ਪ੍ਰਧਾਨ ਸੋਢੀ ਨੇ ਕੀਤਾ ਲੁਧਿਆਣਾ ਵਿਖੇ ਧਮਾਕੇ ਵਾਲੀ ਥਾਂ ਦਾ ਦੌਰਾ

ਜ਼ਖ਼ਮੀਆਂ ਦਾ ਹਾਲ ਪੁੱਛ ਕੇ ਹਿੰਮਤ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ 


ਲੁਧਿਆਣਾ: 24 ਦਸੰਬਰ 2021: (ਪੰਜਾਬ ਸਕਰੀਨ ਬਿਊਰੋ):: 

ਬੰਬ ਧਮਾਕੇ ਨਾਲ ਆਮ ਲੋਕਾਂ ਨੂੰ ਦਹਿਸ਼ਤਜ਼ਦਾ ਕਰਨ ਦੇ ਨਾਲ ਨਾਲ ਅਦਾਲਤੀ ਸਿਸਟਮ ਨੂੰ ਵੀ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਡਰ ਦੇ ਇਸ ਮਾਹੌਲ ਨੂੰ ਭੈਅ ਮੁਕਤ ਕਰਨ ਲਈ ਕਾਂਗਰਸ ਪਾਰਟੀ ਨਾਲ ਸਬੰਧਤ ਇਸਤਰੀਆਂ ਵੀ ਖੁੱਲ੍ਹ ਕੇ ਮੈਦਾਨ ਵਿੱਚ ਨਿੱਤਰੀਆਂ ਹਨ। ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਨੇ ਅੱਜ ਲੁਧਿਆਣਾ ਵਿਖੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ।ਇਸ ਦੇ ਨਾਲ ਹੀ ਉਹ ਡੀਐਮਸੀ ਅਤੇ ਸਿਵਲ ਹਸਪਤਾਲ ਦੇ ਵਿੱਚ ਵੀ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ। ਉਹਨਾਂ ਕਿਹਾ ਕਿ ਇਸ ਬੰਬ ਧਮਾਕੇ ਲਈ ਜ਼ਿੰਮੇਦਾਰ ਅਨਸਰ ਛੇਤੀ ਹੀ ਸਲਾਖਾਂ ਪਿਛੇ ਹੋਣਗੇ। ਸਰਕਾਰ ਇਸ ਮਕਸਦ ਲਈ ਪੂਰੀ ਤਰ੍ਹਾਂ ਸਰਗਰਮ ਹੈ। 
ਇਸ ਦੌਰਾਨ ਬਲਵੀਰ ਰਾਣੀ ਸੋਢੀ ਨੇ ਇਸ ਘਟਨਾ ਵਿੱਚ ਜ਼ਖ਼ਮੀ ਹੋਏ ਲੁਧਿਆਣਾ ਦੇ ਵਕੀਲ ਜੋ ਕਿ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਵਿੱਚ ਦਾਖ਼ਲ ਸਨ ਨੂੰ ਮਿਲੇ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ ਅਤੇ ਕਿਹਾ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਸੀ। ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਨ ਕਿ ਉਹ ਜਲਦੀ ਤੰਦਰੁਸਤ ਹੋ ਕੇ ਆਪਣੇ ਘਰ ਪਰਤਣ। ਇਸ ਤਰ੍ਹਾਂ ਧਮਾਕੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਇਹ ਸੁਨੇਹਾ ਵੀ ਦਿੱਤਾ ਗਿਆ ਹੈ ਕਿ ਇਹਨਾਂ ਧਮਾਕਿਆਂ ਨਾਲ ਹੁਣ ਲੋਕਾਂ ਨੂੰ ਡਰਾਇਆ ਨਹੀਂ ਜਾ ਸਕਦਾ। 
ਇਸਦੇ ਨਾਲ ਹੀ ਬਲਵੀਰ ਰਾਣੀ ਸੋਢੀ  ਸਿਵਲ ਹਸਪਤਾਲ ਵਿਖੇ ਰਾਏਕੋਟ ਦੀ ਉਸ ਲੜਕੀ ਨੂੰ ਮਿਲਣ ਲਈ ਵੀ ਪਹੁੰਚੇ ਜੋ ਇਸ ਹਾਦਸੇ ਵਿੱਚ ਜ਼ਖ਼ਮੀ ਹੋਈ ਸੀ। ਇਸ ਮੌਕੇ ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੂਰੀ ਤੇਜ਼ੀ ਦੇ ਨਾਲ ਇਸ ਮਾਮਲੇ ਵਿਚ ਕੰਮ ਕੀਤਾ ਜਾ ਰਿਹਾ ਹੈ ਅਤੇ ਬਹੁਤ ਜਲਦ ਇਸ ਘਟਨਾ ਲਈ ਜ਼ਿੰਮੇਵਾਰ ਲੋਕ ਸਲਾਖਾਂ ਦੇ ਪਿੱਛੇ ਹੋਣਗੇ। ਮਹਿਲਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾਂ ਹੀ ਆਪਣੇ ਲੋਕਾਂ ਦੇ ਲਈ ਅਮਨ ਅਮਾਨ ਦੀ ਸਥਿਤੀ ਨੂੰ ਬਹਾਲ ਰੱਖਣਾ ਚਾਹੁੰਦੀ ਹੈ ਅਤੇ ਹਮੇਸ਼ਾ ਇਸ ਦੇ ਲਈ ਕੰਮ ਕਰਦੀ ਰਹਿੰਦੀ ਹੈ। ਪਰ ਬਾਵਜੂਦ ਇਸਦੇ ਜੋ ਘਟਨਾ ਵਾਪਰੀ ਹੈ , ਉਸ ਉੱਪਰ ਵਿਰੋਧੀ ਪਾਰਟੀਆਂ ਨੂੰ ਰਾਜਨੀਤਿਕ ਰੋਟੀਆਂ ਨਹੀ ਸੇਕਣੀਆਂ ਚਾਹੀਦੀਆਂ।

No comments: