Sunday, December 12, 2021

ਲੇਖਕਾਂ ਨੇ ਕੀਤਾ ਕਿਸਾਨਾਂ ਦੇ ਫਤਹਿ ਮਾਰਚ ਦਾ ਗਰਮਜੋਸ਼ੀ ਨਾਲ ਸਵਾਗਤ

 12th December 2021 at 04:57 PM

ਲੇਖਕਾਂ ਤੇ ਰੰਗਕਰਮੀਆਂ ਵੱਲੋਂ ਕਿਸਾਨ ਜਥੇਬੰਦੀਆਂ ਦਾ ਭਰਵਾਂ ਸਵਾਗਤ 


ਚੰਡੀਗੜ੍ਹ
: 12 ਦਸੰਬਰ 2021: (ਕਰਮ ਵਕੀਲ//ਕਾਰਤਿਕਾ ਸਿੰਘ//ਸਾਹਿਤ ਸਕਰੀਨ
//ਪੰਜਾਬ ਸਕਰੀਨ )::

ਕਿਸਾਨ ਅੰਦੋਲਨ ਦੀ ਜਿੱਤ ਸਮਾਜ ਦੇ ਸਭਨਾਂ ਵਰਗਾਂ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਇਹਨਾਂ ਖੁਸ਼ੀਆਂ ਨੂੰ ਮਨਾਉਣ ਇਹਨਾਂ ਜਜ਼ਬਾਤਾਂ ਨੂੰ  ਕਿਸਾਨਾਂ ਨਾਲ ਸਾਂਝੀਆਂ ਕਰਨ ਲਈ ਅੱਜ ਸ਼ੰਭੂ ਬਾਰਡਰ ਤੇ ਵੀ ਕਲਮਾਂ ਵਾਲਿਆਂ ਦਾ ਭਾਰੀ ਇਕੱਠ ਹੋਇਆ। ਇਹਨਾਂ ਵਿਹੁੱਚ ਅਗਾਂਹਵਧੂ ਲੇਖਕਾਂ ਦੇ ਨਾਲ ਇਪਟਾ ਨਾਲ ਸਬੰਧਤ ਕਲਾਕਾਰ ਅਤੇ ਰੰਗਕਰਮੀ ਵੀ ਸਨ।  ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸਿੰਘ ਇੰਗਲੈਂਡ ਵੱਲੋਂ ਛਪਵਾਇਆ ਗਿਆ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਇਸ ਖੂਬਸੂਰਤ ਕੈਲੰਡਰ ਵਿਚ ਇਸ ਅੰਦੋਲਨ ਦੀਆਂ ਬਹੁਤ ਸਾਰੀਆਂ ਯਾਦਾਂ ਹਨ। 

ਭਵਿੱਖ ਦਾ ਇਤਿਹਾਸ ਸਿਰਜਣ ਦੇ ਨਾਲ ਨਾਲ ਸਭਨਾਂ ਦਾ ਭਵਿੱਖ ਸੰਵਾਰਨ ਵਾਲੇ ਕਿਸਾਨਾਂ ਦਾ ਕਾਫ਼ਿਲਾ ਜਦੋਂ ਦਿੱਲੀ ਜਿੱਤ ਕੇ ਪੰਜਾਬ ਵੱਲ ਮੁੜਿਆ ਤਾਂ ਰਸਤੇ ਵਿੱਚ ਅਣਗਿਣਤ ਥਾਂਵਾਂ ਤੇ ਇਸ ਕਾਫ਼ਿਲੇ ਦਾ ਸੁਆਗਤ ਕੀਤਾ ਗਿਆ। ਸ਼ੰਭੂ ਬਾਰਡਰ ਤੇ ਵੀ ਜਾਹੋ ਜਲਾਲ ਦੇਖਣ ਵਾਲਾ ਸੀ। ਇਹ ਉਹੀ ਥਾਂ ਸੀ ਜਿੱਥੇ ਵੱਖਵਾਦੀਆਂ ਨੇ ਆਕਾਸ਼ਵਾਣੀ ਜਲੰਧਰ ਦੇ ਡਾਇਰੈਕਟਰ ਮੋਹਨਲਾਲ ਮਨਚੰਦਾ ਨੂੰ ਕਤਲ ਕਰਨ ਮਗਰੋਂ ਉਸਦੇ ਜਿਸਮ ਦੇ ਹਿੱਸੇ ਪੰਜਾਬ ਅਤੇ ਹਰਿਆਣਾ ਵਿੱਚ ਦੋਹੀਂ ਪਾਸੀਂ ਸੁੱਟੇ ਸਨ।  ਅੱਜ ਉਸੇ ਥਾਂ ਇਕਜੁੱਟਤਾ ਅਤੇ ਸਾਂਝੀਵਾਲਤਾ ਦੀ ਭਾਵਨਾ ਵਾਲੇ ਕਿਰਤੀਆਂ ਵੱਲੋਂ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਇਹਨਾਂ ਦੇ ਸੁਆਗਤ ਲਈ ਪੰਜਾਬੀ ਲੇਖਕ, ਕਲਾਕਾਰ ਅਤੇ ਰੰਗਕਰਮੀ ਵੀ ਪੁੱਜੇ ਹੋਏ ਸਨ। ਫਿਰਕੂ ਅਤੇ ਫਾਸ਼ੀ ਅਨਸਰਾਂ ਨੂੰ ਸਖਤ ਟੱਕਰ ਦੇ ਕੇ ਦਿੱਲੀ ਦੀ ਹਿੱਕ ਤੇ ਇਹ ਲੋਕ ਜ਼ਿੰਦਾਬਾਦ ਲਿਖ ਕੇ ਆਏ ਸਨ। ਇਹ ਸਾਰੇ ਦਿੱਲੀ ਜਿੱਤ ਕੇ ਪੰਜਾਬ ਆਏ ਸਨ।  

ਕਿਸਾਨ ਸੰਘਰਸ਼ ਵਿੱਚ ਇਤਿਹਾਸਕ ਜਿੱਤ ਦਰਜ ਕਰਨ ਤੋਂ ਬਾਅਦ ਘਰ ਵਾਪਸੀ ਲਈ ਮੁੜ ਰਹੀਆਂ ਕਿਸਾਨ ਜਥੇਬੰਦੀਆਂ ਦਾ ਪੰਜਾਬੀ ਲੇਖਕਾਂ, ਰੰਗਕਰਮੀਆਂ ਅਤੇ ਕਲਾਕਾਰਾਂ ਵੱਲੋਂ ਰਾਜਪੁਰਾ ਵਿਖੇ ਨਿੱਘਾ ਸੁਆਗਤ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੇ ਲੇਖਕਾਂ ਅਤੇ ਰੰਗਕਰਮੀਆਂ ਨੇ ਸੰਘਰਸ਼ਸ਼ੀਲ ਕਿਸਾਨਾਂ ਦਾ ਅਕਾਸ਼ ਗੂੰਜਾਊ ਨਾਹਰਿਆਂ ਤੇ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੀਨੀ. ਮੀਤ ਪ੍ਰਧਾਨ ਡਾ. ਜੋਗਾ ਸਿੰਘ, ਖੇਤੀ ਮਾਹਿਰ ਡਾ. ਸੁਖਪਾਲ ਸਿੰਘ, ਪ੍ਰਗਤੀਸ਼ੀਲ ਲੇਖਕ ਸੰਘ ਚੰਡੀਗੜ੍ਹ ਦੇ ਸਕੱਤਰ ਡਾ. ਗੁਰਮੇਲ ਸਿੰਘ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਦੀ ਅਗਵਾਈ ਵਾਲੀ ਟੀਮ ਵਿੱਚ ਲਗਭਗ 50 ਲੇਖਕ, ਰੰਗਕਰਮੀ ਅਤੇ ਕਲਾਕਾਰ ਸ਼ਾਮਲ ਸਨ। ਸੁਆਗਤ ਕਰਨ ਵਾਲੇ ਲੇਖਕਾਂ ਵਿੱਚ ਕਰਮ ਸਿੰਘ ਵਕੀਲ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੰਵਲਨੈਣ ਸਿੰਘ ਸੇਖੋਂ, ਕੁਲਦੀਪ ਸਿੰਘ ਦੀਪ, ਬਲਵਿੰਦਰ ਸੰਧੂ, ਜੈਨੇਂਦਰ ਚੌਹਾਨ, ਜਗਜੀਤ ਸਿੰਘ, ਕਿਰਪਾਲ ਸਿੰਘ ਹੀਰਾ, ਬਲਵਿੰਦਰ ਚਹਿਲ, ਪ੍ਰੋ. ਮਨਪ੍ਰੀਤ ਜੱਸ, ਡਾ. ਵੀਰਪਾਲ ਕੌਰ, ਡਾ. ਮਲਕੀਤ ਕੌਰ, ਬਲਦੇਵ ਸਪਤਰਿਸ਼ੀ, ਵਿੱਕੀ ਮਹੇਸ਼ਵਰੀ ਅਤੇ ਪ੍ਰੋ. ਸੰਦੀਪ ਕੌਰ ਸ਼ਾਮਲ ਸਨ। 

ਕਿਸਾਨਾਂ ਦਾ ਕਾਫ਼ਲਾ ਸ਼ਾਮੀਂ ਚਾਰ ਵਜੇ ਦੇ ਆਸ-ਪਾਸ ਜਦੋਂ ਸੰਭੂ ਬੈਰੀਅਰ 'ਤੇ ਪਹੁੰਚਿਆ ਤਾਂ ਲੋਕਾਂ ਦੇ ਵੱਡੇ ਇਕੱਠ ਨੇ ਕਿਸਾਨ ਨੇਤਾਵਾਂ ਅਤੇ ਸੰਘਰਸ਼ੀ ਕਿਸਾਨਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ। ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ ਅਤੇ ਹਵਾ ਵਿੱਚ ਤਣੇ ਹੋਏ ਮੁੱਕੇ ਇੱਕ ਅਜਬ ਨਜ਼ਾਰਾ ਪੇਸ਼ ਕਰ ਰਹੇ ਸਨ। ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਪ੍ਰਗਤੀਸ਼ੀਲ ਲੇਖਕ ਸੰਘ ਅਤੇ ਇਪਟਾ ਦੇ ਆਗੂਆਂ ਨੇ ਇੰਗਲੈਂਡ ਦੇ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਛਪਵਾਇਆ ਗਿਆ ਕਿਸਾਨ ਅੰਦੋਲਨ ਨੂੰ ਸਮਰਪਿਤ 2022 ਦਾ ਕੈਲੰਡਰ ਲੋਕ-ਅਰਪਣ ਕੀਤਾ। ਬਹੁਤ ਹੀ ਖ਼ੂਬਸੂਰਤੀ ਨਾਲ ਡਿਜ਼ਾਈਨ ਕੀਤਾ ਗਿਆ ਇਹ ਕੈਲੰਡਰ ਸੰਘਰਸ਼ੀ ਕਿਸਾਨਾਂ ਨੂੰ ਭੇਂਟ ਕੀਤਾ ਗਿਆ। ਥਾਂ ਥਾਂ ਉੱਪਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਚਾਹ ਅਤੇ ਸਮੋਸਿਆਂ ਦੇ ਲੰਗਰ ਲਗਾਏ ਗਏ ਸਨ। ਮੁਸਲਿਮ ਭਾਈਚਾਰੇ ਨੇ ਲੰਗਰ ਲਗਾ ਕੇ ਭਾਈਚਾਰਕ ਏਕਤਾ ਦਾ ਸਬੂਤ ਦਿੱਤਾ।

ਕਿਸਾਨ ਅੰਦੋਲਨ ਨੂੰ ਕਿਰਤੀਆਂ ਅਤੇ ਮਜ਼ਦੂਰਾਂ ਦੀ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅਜੇ ਸੰਘਰਸ਼ ਖ਼ਤਮ ਨਹੀਂ ਹੋਇਆ। ਇਹ ਕਾਰਪੋਰੇਟਸ ਖ਼ਿਲਾਫ਼ ਭਾਰਤੀ ਕਿਸਾਨ-ਮਜ਼ਦੂਰ ਸੰਘਰਸ਼ ਦਾ ਪਹਿਲਾ ਪੜਾਅ ਹੈ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਭਾਰਤੀ ਆਵਾਮ ਦੀ ਸਰਗਰਮ ਭਾਗੀਦਾਰੀ ਨਾਲ ਫਤਹਿ ਕੀਤਾ ਹੈ। ਡਾ. ਸਿਰਸਾ ਨੇ ਕਿਹਾ ਕਿ ਇਹ ਅੰਦੋਲਨ ਦੁਨੀਆਂ ਭਰ ਦੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਵੱਡੇ ਅਤੇ ਦੂਰਗਾਮੀ ਸਬਕ ਲੈ ਕੇ ਸਫਲਤਾ ਦੀ ਪੌੜੀ ਚੜ੍ਹਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਕੇਂਦਰੀ ਸਭਾ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿਸਾ ਪਾਉਂਦੀ ਰਹੇਗੀ। 

ਇਸੇ ਨਾਲ ਸਬੰਧਤ ਖਬਰ ਲਈ ਸਾਹਿਤ ਸਕਰੀਨ ਵੀ ਪੜ੍ਹੋ

No comments: