Tuesday, November 30, 2021

ਪੰਜਾਬ ਬਚਾਓ ਸੰਯੁਕਤ ਮੋਰਚੇ ਦੀ ਰੈਲੀ 'ਚ ਰਾਜੇਵਾਲ ਦੀ ਮੌਜੂਦਗੀ

ਇਸ ਮੌਜੂਦਗੀ ਨੇ ਚਰਚਾ ਛੇੜੀ, ਭਵਿਖੀ ਰਾਜਸੀ ਸਮੀਕਰਨ ਦਾ ਸੰਕੇਤ 


ਫ਼ਰੀਦਕੋਟ/ਸੁਰਿੰਦਰ ਮਚਾਕੀ/ਪੰਜਾਬ ਸਕਰੀਨ:

ਸੂਬੇ ਦੀਆਂ 40 ਤੋ ਵਧ ਪ੍ਰਮੁੱਖ ਮੁਲਾਜ਼ਮਾਂ, ਮਜ਼ਦੂਰਾਂ ਤੇ ਕਿਸਾਨਾਂ  ਦੀਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੰਚ  ਵੱਲੋ ਐਤਵਾਰ ਲੁਧਿਆਣੇ ' ਕਾਰਪੋਰੇਟ ਭਜਾਓ  ,ਦੇਸ਼ ਬਚਾਓ, ਪੰਜਾਬ ਬਚਾਓ ' ਬੈਨਰ ਹੇਠ ਕੀਤੀ ਰੈਲੀ ਨੇ ਸੂਬੇ ਦੇ ਟੁੱਟਦੇ ਬਣਦੇ ਰਾਜਨੀਤਕ ਸਮੀਕਰਨਾਂ ਵਿੱਚ ਨਿਵੇਕਲੀ ਚਰਚਾ ਛੇੜ ਦਿੱਤੀ ਹੈ । ਖੱਬੀ ਸਿਆਸਤ ਨਾਲ ਸਬੰਧਤ ਹਜ਼ਾਰਾਂ ਦੇ ਇਸ ਇਕੱਠ ਦੇ ਮੰਚ 'ਤੇ ਸੰਯੁਕਤ ਕਿਸਾਨ ਮੋਰਚਾ ਆਗੂ ਅਤੇ ਭਾਰਤੀ ਕਿਸਾਨ ਯੂਨੀਅਨ( ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਤਕਰੀਰ ਜਿਸ ਵਿੱਚ ਉਸਨੇ ਕਾਮਰੇਡਾਂ ਦੀ ਭਰਵੀ ਤਾਰੀਫ਼ ਕਰਦਿਆ ਆਪਣੇ ਆਪ ਨੂੰ ਅੱਧਾ ਕਾਮਰੇਡ ਦੱਸਿਆ ਤੇ ਕਿਸਾਨ ਅੰਦੋਲਨ ਦੀ ਪਹਿਲੀ ਜਿੱਤ ਲਈ ਕਾਮਰੇਡਾਂ ਦੀ ਸ਼ਮੂਲੀਅਤ ਤੇ ਭੂਮਿਕਾ ਨੂੰ ਵਡਿਆਇਆ। ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਜਦੋ ਤੇਜ਼ੀ ਨਾਲ ਸਿਖ਼ਰਾਂ ਨੂੰ ਵਧ ਰਹੀ ਹੈ ਉਦੋ ਕੀਤੇ ਇਸ ਵੱਡੇ ਇਕੱਠ ਤੇ ਇਸ ਨਾਲ ਜੁੜੀ ਰਾਜੇਵਾਲ ਦੀ ਸਾਂਝ ਨੂੰ ਰਾਜਨੀਤਕ ਵਿਸ਼ਲੇਸ਼ਕ  ਮੁੱਖ ਧਾਰਾ ਦੀਆਂ ਸਿਆਸੀ ਸਰਗਰਮੀਆਂ ਵਿੱਚ ਵੱਖਰੀ ਸਿਆਸੀ ਸਮੀਕਰਨ ਤੇ ਸਰਗਰਮੀ ਦੇ ਦਾਖ਼ਲੇ ਵਜੋ ਦੇਖ ਰਹੇ ਹਨ। ਜ਼ਿਕਰਯੋਗ ਹੈ ਹਾਕਮ ਕਾਂਗਰਸ ਪਾਰਟੀ , ਸ਼੍ਰੋਮਣੀ ਆਕਾਲੀ ਦਲ -ਬਸਪਾ ਗਠਜੋੜ ਤੇ ਆਮ ਆਦਮੀ ਪਾਰਟੀ ਦੇ ਚੋਣ ਰਣਨੀਤੀਕਾਰਾਂ ਦੀਆਂ ਨਜ਼ਰਾਂ ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਕਿਸਾਨ ਧਿਰਾਂ ਦੇ ਭਵਿੱਖੀ ਪੈਤੜੇ ਵੱਲ ਲੱਗੀਆਂ ਹੋਈਆਂ ਹਨ। ਕਿਸਾਨ ਸੰਘਰਸ਼ ਵਿੱਚ ਸ਼ਾਮਲ 32 ਧਿਰਾਂ ਦੀ ਰਾਇ ਵੀ ਇਸ ਮੁੱਦੇ 'ਤੇ ਵੰਡਵੀ ਹੈ। ਪਾਰਲੀਮੈਨੀ ਤੇ ਚੋਣ ਰਾਜਨੀਤੀ ਨੂੰ ਨਕਾਰਨ ਵਾਲੀਆਂ ਕਿਸਾਨ ਧਿਰਾਂ ਤੋ ਬਿਨਾਂ ਬਾਕੀ ਧਿਰਾਂ ਇਸ ਰਾਜਨੀਤੀ ਨਾਲ ਜੁੜੀਆਂ ਹੋਈਆਂ ਹਨ। ਇਸ ਮੁੱਦੇ 'ਤੇ ਗੰਭੀਰ ਚਿੰਤਨ ਮੰਥਨ ਕਰ ਰਹੀਆਂ ਹਨ । ਇਹ ਵੀ ਚਰਚਾ ਹੈ ਕਿ ਇਸ ਮੰਥਨ 'ਚ ਰਾਜੇਵਾਲ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਦੀ ਇਸ ਰੈਲੀ ਦੇ  ਮੰਚ ਦੀ ਮੌਜੂਦਗੀ ਕਿਸੇ ਸੰਭਾਵਤ ਪੈਤੜੇ ਦਾ ਇਸ਼ਾਰਾ ਵੀ ਸਮਝਿਆ ਜਾ ਸਕਦਾ/ਰਿਹਾ। ਰੈਲੀ ਦੇ ਜਥੇਬੰਦਕ ' ਪੰਜਾਬ ਬਚਾਓ ਸੰਯੁਕਤ ਮੋਰਚਾ ' ਵੱਲੋ ਕਿਸੇ ਭਵਿੱਖੀ ਸੰਘਰਸ਼ੀ ਪ੍ਰੋਗਰਾਮ ਦਾ    ਇਸ ਮੌਕੇ ਐਲਾਨ ਜਿਸ ਦੀ ਇੱਥੇ ਪਹੁੰਚੇ ਹਜ਼ਾਰਾਂ ਵਰਕਰਾਂ ਤੇ ਆਗੂਆਂ ਨੂੰ ਵੱਡੀ ਉਮੀਦ ਵੀ ਸੀ ,  ਐਲਾਨ ਨਾ  ਕਰਨਾ ਵੀ ਇਸੇ ਵੱਲ ਹੀ ਇਸ਼ਾਰਾ ਸਮਝਿਆ ਜਾ ਸਕਦਾ/ ਰਿਹਾ ਹੈ।  ਬੀ ਕੇ ਯੂ ਹਰਿਆਣਾ (ਚੰਡੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੰਡੂਨੀ ਤਾਂ ਪਹਿਲਾ ਹੀ ਆਪਣੇ ਐਲਾਨੇ ਪੰਜਾਬ ਮਿਸ਼ਨ ਤਹਿਤ ਰਾਜਸੀ ਪਾਰਟੀ ਬਣਾ ਕੇ ਪੰਜਾਬ ਦੀਆਂ 117 ਸੀਟਾਂ 'ਤੇ ਚੋਣ ਲੜਨ ਦੀ ਮੁਹਿੰਮ 'ਤੇ ਚੜ੍ਹੇ ਹੋਏ ਹਨ। ਸੰਕੇਤ ਤਾਂ ਇਹ ਵੀ ਹਨ ਕਿ ਖੇਤੀ ਕਾਨੂੰਨ ਵਾਪਸ ਲੈਣ ਬਾਰੇ ਸੰਸਦ ਵਲੋ ਬਿਲ ਪਾਸ ਹੋਣ ਅਤੇ ਐਮ ਐਸ ਪੀ ਬਾਰੇ ਐਸ ਕੇ ਐਮ ਦੀ ਤਸੱਲੀ ਮੁਤਾਬਕ ਕੋਈ ਕਮੇਟੀ ਬਣਦੀ ਹੈ ਤਾਂ 32 ਕਿਸਾਨ ਯੂਨੀਅਨਾਂ ਪੰਜਾਬ ਵੱਲ ਸੰਘਰਸ਼ੀ ਮੁਹਾਰ ਮੋੜਨਗੀਆਂ ,  ਕਿਸਾਨੀ ਵਾਅਦਿਆਂ ਦੇ ਮੁੱਦੇ 'ਤੇ ਪੰਜਾਬ ਸਰਕਾਰ ਨੂੰ ਘੇਰਨਗੀਆਂ । 

ਰਾਜੇਵਾਲ ਨੇ ਇਥੇ ਬੋਲਦਿਆ ਆਖਿਆ ਕਿ ਜਦੋਂ ਤੋਂ ਨਰਿੰਦਰ ਮੋਦੀ ਮੁਲਕ  ਦਾ ਪ੍ਰਧਾਨ ਮੰਤਰੀ ਬਣਿਆ ਹੈ, ਉਦੋਂ ਤੋਂ ਦੇਸ਼ ਵਿੱਚ ਪੂੰਜੀਵਾਦ ਭਾਰੂ ਹੋ ਗਿਆ। ਪ੍ਰਧਾਨ ਮੰਤਰੀ ਮੋਦੀ ਸਾਰਾ ਮੁਲਕ  ਪੂੰਜੀਪਤੀਆਂ ਨੂੰ ਦੇਣਾ ਚਾਹੁੰਦੇ ਹਨ। ਇਸ ਕਰ ਕੇ ਅੰਦੋਲਨ ਦੀ ਜਿੱਤ ਤੋਂ ਬਾਅਦ ਹੁਣ ਪਿੰਡ-ਪਿੰਡ, ਸ਼ਹਿਰ-ਸ਼ਹਿਰ ਘਰਾਂ ਵਿੱਚ, ਦੁਕਾਨਾਂ ’ਤੇ, ਫੈਕਟਰੀਆਂ ਵਿੱਚ ਪੂੰਜੀਪਤੀਆਂ ਦੇ ਬਾਈਕਾਟ ਦੀ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਕਿ ਪੂੰਜੀਪਤੀਆਂ ਨੂੰ ਵੀ ਪਤਾ ਲੱਗੇ ਕਿ ਉਨ੍ਹਾਂ ਦਾ ਪੇਚਾ ਕਿੱਥੇ ਪਿਆ ਹੈ। ਰਾਜੇਵਾਲ ਨੇ ਕਿਹਾ ਕਿ ਇਹ ਮਿੱਥ ਬਣ ਗਈ ਸੀ ਕਿ ਜਿੱਥੇ ਮੋਦੀ ਹੈ ਉੱਥੇ ਸਭ ਕੁਝ ਸੰਭਵ ਹੈ ਪਰ ਕਿਸਾਨਾਂ-ਮਜ਼ਦੂਰਾਂ ਦਾ ਏਕਾ ਮੋਦੀ ਨੂੰ ਹਰਾਉਣ ਵਿੱਚ ਸਫ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਵਿੱਚ ਸਾਰੇ ਜਾਗਰੂਕ ਦਿਮਾਗ ਬੈਠੇ ਹਨ, ਇਸ ਲਈ ਮਹਿੰਗਾਈ, ਗਰੀਬੀ ਅਤੇ ਬੇਰੁਜ਼ਗਾਰੀ ਦੂਰ ਕਰਨ ਲਈ ਸਿਸਟਮ ਨੂੰ ਬਦਲਣ ਦੀ ਲੋੜ ਹੈ। ਪ ਇਸ ਮੌਕੇ ਉਨ੍ਹਾਂ ਕਿਸਾਨ-ਮਜ਼ਦੂਰ ਸੰਘਰਸ਼ ਦੀ ਜਿੱਤ ਲਈ ਸਾਰੀਆਂ ਹਮਾਇਤੀ ਜਥੇਬੰਦੀਆਂ ਨੂੰ ਵਧਾਈ ਦਿੱਤੀ।

ਬੁਲਾਰਿਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਫੋਕੇ ਵਾਅਦਿਆਂ ਦੇ ਆਸਰੇ ਸੱਤਾ ਪ੍ਰਾਪਤੀ ਕਰਨ ਵਾਲਿਆਂ ਤੋਂ ਲੋਕ ਭਲਾਈ ਦੀ ਆਸ ਨਹੀਂ ਕੀਤੀ ਜਾ ਸਕਦੀ। ਘੱਟ ਗਿਣਤੀ ਲੋਕਾਂ ਨੂੰ ਨਿਸ਼ਾਨਾ ਬਣਾ ਕਿ ਮਨੂੰਵਾਦੀ ਸੋਚ ਨੂੰ ਫਿਰ ਤੋਂ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸੂਬੇ ਦੀ ਕਾਂਗਰਸ ’ਤੇ ਵੀ ਨਿਸ਼ਾਨਾ ਸੇਧਦਿਆਂ ਕਿਹਾ ਕਿ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਲਾਲਚ ਦੇ ਕੇ ਕਾਂਗਰਸ ਦੁਬਾਰਾ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਮਹਾਂਰੈਲੀ ਵਿੱਚ ਸਨਅਤੀ ਕਾਮਿਆਂ, ਖੇਤ ਮਜ਼ਦੂਰਾਂ, ਬੇਰੁਜ਼ਗਾਰਾਂ ਤੇ ਸਕੀਮ ਵਰਕਰਾਂ ਦੇ ਸੰਘਰਸ਼ਾਂ ਦੀ ਹਮਾਇਤ ਦੇ ਮਤੇ ਵੀ ਪਾਸ ਕੀਤੇ ਗਏ। ਇਸ ਮੌਕੇ ਬੀਐੱਸਐੱਫ ਨੂੰ ਵੱਧ ਅਧਿਕਾਰ ਦੇਣ ਵਾਲਾ ਨੋਟੀਫਿਕੇਸ਼ਨ ਰੱਦ ਕਰਨ ਦੀ ਵੀ ਮੰਗ ਵੀ ਕੀਤੀ।ਰੈਲੀ ਨੂੰ ਬੰਤ ਬਰਾੜ, ਭੁਪਿੰਦਰ ਸਾਂਬਰ, ਮੰਗਤ ਰਾਮ ਪਾਸਲਾ ਵਿਜੈ ਮਿਸ਼ਰਾ , ਰੁਲਦੂ ਸਿੰਘ ਮਾਨਸਾ  ਰਾਜਵਿੰਦਰ ਰਾਣਾ ਗੁਰਮੀਤ ਸਿੰਘ ਬਖਤਪੁਰ ,  ਕਿਰਨਜੀਤ ਸਿੰਘ ਸੇਖੋਂ, ਨਿਰਮਲ ਧਾਲੀਵਾਲ, ਕੁਲਵੰਤ ਸਿੰਘ ਸੰਧੂ, ਭਗਵੰਤ ਸਿੰਘ ਸਮਾਓਂ ਤੇ ਗੁਰਨਾਮ ਸਿੰਘ ਬੌਲਦ ਕਲਾਂ ਸਣੇ ਹੋਰ ਵੀ ਕਈ ਆਗੂਆਂ ਨੇ ਸੰਬੋਧਨ ਕੀਤਾ।

No comments: