Tuesday, November 02, 2021

ਕੀ ਕੈ. ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨਵੀਂ ਧਿਰ ਬਣ ਕੇ ਉਭਰ ਸਕੇਗੀ?

Tuesday 2nd  November 2021 at 6:53 pm Updated 07:00 PM

ਨਵੀਂ ਪਾਰਟੀ ਦਾ ਨਾਮ ਰੱਖਿਆ 'ਪੰਜਾਬ ਲੋਕ ਕਾਂਗਰਸ'

ਚੰਡੀਗੜ੍ਹ: 2 ਨਵੰਬਰ 2021: (ਗੁਰਜੀਤ ਬਿੱਲਾ ਦੇ ਨਾਲ ਪੰਜਾਬ ਸਕਰੀਨ ਡੈਸਕ)::
ਕਾਂਗਰਸ ਪਾਰਟੀ ਨਾਲੋਂ ਰਸਮੀ ਅਲਹਿਦਗੀ ਤੋਂ ਬਾਅਦ ਕਈ ਕਿਆਸਰਾਈਆਂ ਹਵਾ ਵਿਚ ਸਨ। ਉਹਨਾਂ ਦੇ ਬੀਜੇਪੀ ਵਿਚ ਸ਼ਾਮਲ ਹੋਣ ਸਮੇਤ ਕਈ ਸੰਭਾਵਨਾਵਾਂ ਤੇ ਚਰਚਾ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜੇ ਲੰਮੀ ਚਿਠੀ ਨੁਮਾ ਅਸਤੀਫੇ ਵਿਚ ਉਹਨਾਂ ਬਹੁਤ ਕੁਝ ਕਿਹਾ ਜਿਹੜਾ ਧਿਆਨ ਮੰਗਦਾ ਹੈ ਅਤੇ ਸਥਿਤੀ ਵੱਲ ਗੰਭੀਰ ਇਸ਼ਾਰੇ ਵੀ ਕਰਦਾ ਹੈ।ਪੰਜਾਬ ਲੋਕ ਕਾਂਗਰਸ ਆਉਣ ਵਾਲੇ ਸਮੇਂ ਵਿੱਚ ਕਈ ਅਹਿਮ ਪ੍ਰਗਟਾਵੇ ਵੀ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੜੇ ਔਖੇ ਵੇਲਿਆਂ ਵਿੱਚ ਕਾਂਗਰਸ ਪਾਰਟੀ ਦੇ ਤਾਰਣਹਾਰ ਬਣੇ ਰਹੇ ਹਨ। ਉਹਨਾਂ ਦੇ ਗਾਂਧੀ ਪਰਿਵਾਰ ਨਾਲ ਪਰਿਵਾਰਿਕ ਸਬੰਧ ਵੀ ਕਿਸੇ ਤੋਂ ਲੁੱਕੇ ਹੋਏ ਨਹੀਂ। ਬਲਿਊ ਸਟਾਰ ਓਪਰੇਸ਼ਨ ਤੋਂ ਪਹਿਲਾਂ, ਇਸ ਅਪ੍ਰੇਸ਼ਨ ਦੇ ਦੌਰਾਨ ਅਤੇ ਇਸ ਤੋਂ ਬਾਅਦ ਬਹੁਤ ਕੁਝ ਅਜਿਹਾ ਹੈ ਜਿਸ ਬਾਰੇ ਕੈਪਟਨ ਅਮਰਿੰਦਰ ਸਿੰਘ ਕੋਲ ਬਹੁਤ ਹੀ ਭੇਦਭਰੀਆਂ ਜਾਣਕਾਰੀਆਂ ਹਨ। ਚੋਣਾਂ ਦੌਰਾਨ ਇਹ ਜਾਣਕਾਰੀਆਂ ਸਿਧੇ ਜਾਂ ਅਸਿਧੇ ਤੌਰ ਤੇ ਲੀਕ ਕੀਤੀਆਂ ਜਾਂ ਕਰਵਾਈਆਂ ਜਾਂਦੀਆਂ ਹਨ  ਤਾਂ ਸਿਆਸੀ ਸੀਨ ਵਿੱਚ ਕਈ ਤਬਦੀਲੀਆਂ ਸੰਭਵ ਹਨ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਡਾਕਟਰ ਸੋਹਣ ਸਿੰਘ ਦੀ ਅਗਵਾਈ ਵਾਲੀ ਪੰਥਕ ਕਮੇਟੀ ਨੂੰ ਇੱਕ ਖੁੱਲ੍ਹੀ ਚਿੱਠੀ ਲਿਖੀ ਸੀ ਉਦੋਂ ਵੀ ਕੈਪਟਨ ਅਮਰਿੰਦਰ ਸਿੰਘ ਕਾਫੀ ਚਰਚਾ ਵਿੱਚ ਆਏ। ਇਸ ਚਿੱਠੀ ਦੇ ਜੁਆਬ ਵਿੱਚ ਪੰਥਕ ਕਮੇਟੀ ਵੱਲੋਂ ਲਿਖੀ ਲੰਮੀ ਚਿੱਠੀ ਵੀ ਘੱਟ ਮਹੱਤਵਪੂਰਨ ਨਹੀਂ ਸੀ। ਹੁਣ ਜੇ ਅਤੀਤ ਦੀ ਧੂੜ ਵਿੱਚ ਦੱਬਿਆ ਹੋਇਆ ਉਹ ਸਭ ਕੁਝ ਬਾਹਰ ਆਉਂਦਾ ਹੈ ਤਾਂ ਕਈਆਂ ਲਈ ਕਈ ਮੁਸੀਬਤਾਂ ਖੜੀਆਂ ਹੋ ਸਕਦੀਆਂ ਹਨ। ਜ਼ਾਹਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਆਪਣੇ ਫੌਜੀ ਤਜਰਬਿਆਂ ਕਾਰਨ ਹੁਣ ਇਸ ਨਵੀਂ ਜੰਗ ਲਈ ਵੀ ਕਾਫੀ ਕੁਝ ਹੈ। ਪੂਰੀਆਂ ਤਿਆਰੀਆਂ ਹਨ ਇਸ ਜੰਗ ਦੀਆਂ। 
 ਦੂਜੇ ਪਾਸੇ ਪੰਜਾਬ ਕਾਂਗਰਸ ਅਜੇ ਤੱਕ ਕਾਫੀ  ਮੁੱਦਿਆਂ ਤੇ ਉਲਝੀ ਹੋਈ ਹੈ। ਨਵਜੋਤ ਸਿੱਧੂ ਵੱਲੋਂ ਬਾਰ ਬਾਰ ਚੁੱਕਿਆ ਜਾ ਰਿਹਾ ਪੰਜਾਬ ਏਜੰਡਾ ਲਾਗੂ ਕਰਨ ਕਰਾਉਣ ਲਈ ਪੰਜਾਬ ਕਾਂਗਰਸ ਅਜੇ ਤਿਆਰ ਨਹੀਂ ਦਿੱਸਦੀ। 

ਅੱਜ ਇਕ ਲੰਬੇ ਇੰਤਜ਼ਾਰ ਨੂੰ ਖਤਮ ਕਰਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੀ ਨਵੀਂ ਪਾਰਟੀ 'ਪੰਜਾਬ ਲੋਕ ਕਾਂਗਰਸ' ਦੇ ਨਾਮ ਦਾ ਖੁਲਾਸਾ ਕੀਤਾ ਹੈ। ਇਹ ਪਾਰਟੀ ਆਮ ਲੋਕਾਂ ਦੇ ਕਿੰਨਾ ਕੁ ਨੇੜੇ ਹੋਵੇਗੀ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਸ ਨਾਮ ਨਾਲ ਉਹਨਾਂ ਇੱਕ ਗੱਲ ਤਾਂ ਆਖ ਹੀ ਦਿੱਤੀ ਹੈ ਕਿ ਪਹਿਲੀ ਰਵਾਇਤੀ ਕਾਂਗਰਸ ਪਾਰਟੀ ਲੋਕਾਂ ਦੀ ਕਾਂਗਰਸ ਨਹੀਂ ਸੀ ਰਹੀ। ਕੈਪਟਨ ਅਮਰਿੰਦਰ ਸਿੰਘ ਹੁਰਾਂ ਵੱਲੋਂ ਐਲਾਨੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਦੀ ਰਸਮੀ ਰਜਿਸਟ੍ਰੇਸ਼ਨ ਭਾਰਤ ਦੇ ਚੋਣ ਕਮਿਸ਼ਨ ਕੋਲ ਮਨਜ਼ੂਰੀ ਲਈ ਹਾਲੇ ਲੰਬਿਤ ਹੈ। ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਕਾਂਗਰਸ ਨਾਲ ਸਬੰਧਤ ਹਲਕਿਆਂ ਵਿੱਚ ਵੀ ਅਜਿਹੇ ਸਮਰਥਕ ਮੌਜੂਦ ਹਨ ਜਿਹੜੇ ਖੁੱਲ੍ਹ ਕੇ ਭਾਵੇਂ ਸਾਹਮਣੇ ਨਾ ਆਉਣ ਪਰ ਪੂਰੀ ਤਰ੍ਹਾਂ ਸਹਾਇਕ ਜ਼ਰੂਰ ਬਣੇ ਰਹਿਣਗੇ। 

ਅੱਜ ਆਪਣੀ ਪਾਰਟੀ ਦੇ ਰਸਮੀ ਨਾਮ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਹ ਆਪਣੀ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ, ਇਸ ਲਈ ਉਨ੍ਹਾਂ ਦੇ ਵਕੀਲਾਂ ਦੀ ਟੀਮ ਇਸ ਪ੍ਰਕਿਰਿਆ 'ਤੇ ਕੰਮ ਕਰ ਰਹੀ ਸੀ ਅਤੇ ਰਜਿਸਟ੍ਰੇਸ਼ਨ ਲਈ ਭਾਰਤੀ ਚੋਣ ਕਮਿਸ਼ਨ ਨੂੰ ਪਹਿਲਾਂ ਹੀ ਅਰਜ਼ੀ ਦਿੱਤੀ ਜਾ ਚੁੱਕੀ ਹੈ।

ਕੈਪਟਨ ਅਮਰਿੰਦਰ ਨੇ ਦੱਸਿਆ ਕਿ ਚੋਣ ਕਮਿਸ਼ਨ ਨੂੰ ਪ੍ਰਸਤਾਵਿਤ ਨਾਮ 'ਪੰਜਾਬ ਲੋਕ ਕਾਂਗਰਸ' 'ਤੇ ਕੋਈ ਵੀ ਇਤਰਾਜ਼ ਨਹੀਂ ਹੈ। ਜ਼ਾਹਿਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਇਹ ਪਾਰਟੀ ਕਾਂਗਰਸ ਸਮਰਥਕ ਵੋਟਰਾਂ ਨੂੰ ਭਰਮਾਉਣ ਵਿਚ ਕਾਫੀ ਹੱਦ ਤੱਕ ਕਾਮਯਾਬ ਰਹਿ ਸਕਦੀ ਹੈ। 

ਪਾਰਟੀ ਦੇ ਚੋਣ ਨਿਸ਼ਾਨ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਤਿੰਨ ਚੋਣ ਨਿਸ਼ਾਨ ਦਿੱਤੇ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਚੋਣ ਕੀਤੀ ਜਾਣੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਵਲੋਂ ਵੀ ਤਿੰਨ ਵੱਖ-ਵੱਖ ਚੋਣ ਨਿਸ਼ਾਨਾਂ ਦੇ ਸੁਝਾਅ ਸੌਂਪੇ ਗਏ ਸਨ ਅਤੇ ਅੰਤਿਮ ਚੋਣ ਚੋਣ ਕਮਿਸ਼ਨ ਵੱਲੋਂ ਸੁਝਾਏ ਗਏ ਤਿੰਨ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਸੁਝਾਏ ਤਿੰਨ ਯਾਨੀ ਕਿ ਕੁੱਲ ਛੇ ਚੋਣ ਨਿਸ਼ਾਨਾਂ ਵਿੱਚੋਂ ਕੋਈ ਇਕ ਚੁਣਿਆ ਜਾਵੇਗਾ। 

ਕੈਪਟਨ ਅਮਰਿੰਦਰ ਨੇ ਦੱਸਿਆ ਕਿ ਪਾਰਟੀ ਦੀ ਰਸਮੀ ਲਾਂਚਿੰਗ ਬਾਅਦ ਵਿੱਚ ਕੀਤੀ ਜਾਵੇਗੀ। ਪਾਰਟੀ ਦੀ ਲਾਂਚਿੰਗ ਸਮੇਂ ਹੀ ਪਾਰਟੀ ਦੀਆਂ ਨੀਤੀਆਂ, ਪ੍ਰੋਗਰਾਮਾਂ, ਏਜੰਡੇ ਅਤੇ ਦ੍ਰਿਸ਼ਟੀਕੋਣ ਨੂੰ ਸਪਸ਼ਟ ਕੀਤਾ ਜਾਵੇਗਾ।

ਇੱਕ ਗੱਲ ਸਾਫ ਹੈ ਕਿ ਪੰਜਾਬ ਲੋਕ ਕਾਂਗਰਸ ਖੁਦ ਭਾਵੇਂ ਸੱਤਾ ਵਿੱਚ ਨਾ ਹੀ ਆ ਸਕੇ ਪਰ ਸੋਨੀਆ ਗਾਂਧੀ ਹੁਰਾਂ ਦੀ ਅਗਵਾਈ ਵਾਲੀ ਕਾਂਗਰਸ ਨੂੰ ਨੁਕਸਾਨ ਪਹੁੰਚਾ  ਕੇ ਨਵਜੋਤ ਸਿੱਧੂ ਨਾਲ ਆਪਣਾ ਹਿਸਾਬ ਕਿਤਾਬ ਬਰਾਬਰ ਕਰਨ ਵਿੱਚ ਜ਼ਰੂਰ ਕਾਫੀ ਕੁਝ ਕਰ ਸਕੇਗੀ। ਕੈਪਟਨ ਸਾਹਿਬ ਕੋਲ ਅਤੀ ਦੀਆਂ ਬਹੁਤ ਸਾਰਿਆਂ ਗੱਲਾਂ ਸਬੂਤਾਂ ਸਮੇਤ ਮੌਜੂਦ ਹਨ।

No comments: