4th October 2021 at 4:58 PM
ਲਖੀਮਪੁਰ ਖੀਰੀ ਦੀ ਘਟਨਾ ਬਾਰੇ ਕੇਂਦਰੀ ਸਿੰਘ ਸਭਾ ਵੱਲੋਂ ਤਿੱਖਾ ਪ੍ਰਤੀਕਰਮ
ਚੰਡੀਗੜ੍ਹ: 4 ਅਕਤੂਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੇਂਦਰੀ ਰਾਜ ਗ੍ਰਹਿ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ ਅਸ਼ੀਸ਼ ਮਿਸ਼ਰਾਂ ਵੱਲੋਂ ਅੱਧੀ ਦਰਜ਼ਨ ਕਿਸਾਨਾਂ ਨੂੰ ਕਾਰਾਂ ਥੱਲੇ ਦਰੜ੍ਹਕੇ ਮਾਰਨਾਂ ਅਤੇ ਦਰਜਨ ਤੋਂ ਵੱਧ ਨੂੰ ਜ਼ਖਮੀ ਕਰ ਦੇਣਾ, ਸਰਕਾਰੀ ਦਹਿਸ਼ਤਗਰਦੀ ਦਾ ਘਿਣਾਉਣਾ ਦ੍ਰਿਸ਼ ਹੈ। ਜਿਸ ਦੀ ਮਿਸਾਲ ਦੁਨੀਆਂ ਦੇ ਕਿਸੇ ਲੋਕਤੰਤਰ ਵਿੱਚ ਨਹੀਂ ਮਿਲਦੀ।
ਸਿੰਘ ਸਭਾ ਨਾਲ ਜੁੜ੍ਹੇ ਬੁੱਧੀਜੀਵੀਆਂ ਨੇ ਕਿਹਾ ਇਸ ਦੁਖਦਾਈ ਘਟਨਾਂ ਨੇ ਸ਼ਪਸ਼ਟ ਕਰ ਦਿੱਤਾ ਹੈ ਕਿ ਮੋਦੀ ਦਾ ਭਾਜਪਾ ਨਿਜ਼ਾਮ ਹੁਣ ਤਾਨਾਸ਼ਾਹ ਫਾਸ਼ੀਵਾਦ ਦੇ ਰਾਹ ਪੈਕੇ, ਕਿਸਾਨ ਅੰਦੋਲਨ ਨੂੰ ਕੁਚਲਣ ਦੇ ਮਨਸੂਬੇ ਘੜ੍ਹ ਰਿਹਾ ਹੈ। ਕੇਂਦਰੀ ਡਿਪਟੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਨੇ ਪਹਿਲਾਂ ਇੱਕ ਜਨਤਕ ਇਕੱਠ ਵਿੱਚ ਕਿਸਾਨਾਂ ਨੂੰ ਜ਼ਾਹਰਾ ਧਮਕਾਇਆ ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਉੱਤੇ ਘੁੰਮ ਰਹੀ ਹੈ ਫਿਰ ਐਤਵਾਰ ਦੀ ਸ਼ਾਮ ਨੂੰ ਆਪਣੇ ਪੁੱਤਰ ਅਸ਼ੀਸ਼ ਮਿਸ਼ਰਾ ਤੋਂ ਸ਼ਾਤੀਮਈ ਮੁਜ਼ਾਹਰਾ ਕਰਕੇ ਵਾਪਸ ਆਉਂਦੇ ਕਿਸਾਨਾਂ ਉੱਤੇ ਕਾਰਾਂ ਦਾ ਕਾਫਲਾ ਚੜ੍ਹਵਾ ਦਿੱਤਾ। ਹਮਲਾਵਰਾਂ ਨੇ ਸਿੱਧੀਆਂ ਗੋਲੀਆਂ, ਚਲਾਕੇ ਵੀ ਇੱਕ ਕਿਸਾਨ ਦੀ ਹੱਤਿਆ ਕੀਤੀ। ਮਰਨਵਾਲੇ ਕਿਸਾਨ ਲਵਪ੍ਰੀਤ ਸਿੰਘ, (20) ਗੁਰਵਿੰਦਰ ਸਿੰਘ (19), ਦਲਜੀਤ ਸਿੰਘ (35) ਅਤੇ ਨਛੱਤਰ ਸਿੰਘ (60)। ਸਿੱਖ ਹੋਣ ਕਰਕੇ ਇਹ ਵੀ ਪਤਾ ਚਲਦਾ ਕਿ ਹਮਲਾ ਸਮਾਜ ਨੂੰ ਫਿਰਕਾਪ੍ਰਸਤ ਲੀਂਗ ਤੇ ਵੰਡਣ ਲਈ ਅਤੇ ਸਿੱਖ ਕਿਸਾਨਾਂ ਨੂੰ "ਅੱਤਵਾਦੀ, ਵੱਖਵਾਦੀ" ਪੇਸ਼ ਕਰਨ ਲਈ ਵੀ ਕੀਤਾ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ, ਮੋਦੀ ਸਰਕਾਰ ਦਿੱਲੀ ਸਰਹੱਦਾਂ ਉੱਤੇ ਰੋਸ਼-ਮੁਜ਼ਾਹਰੇ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ "ਖਾਲਿਸਤਾਨੀ ਅਤੇ ਦੇਸ਼ ਵਿਰੋਧੀ" ਗਰਦਾਨਣ ਦਾ ਅੱਡੀ ਚੋਟੀ ਦਾ ਜ਼ੋਰ ਲਾ ਰਹੀ ਹੈ।
ਕੇਂਦਰੀ ਮੰਤਰੀ ਦੇ ਪਦ ਚਿੰਨ੍ਹਾਂ ਉੱਤੇ ਚਲਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵੀ ਭਾਜਪਾ/ਆਰ.ਐਸ.ਐਸ ਦੇ ਵਰਕਰਾਂ ਦੀ ਮੀਟਿੰਗ ਵਿੱਚ ਉਹਨਾਂ ਨੂੰ ਕਿਸਾਨਾਂ ਉੱਤੇ ਸਿੱਧੇ ਹਮਲੇ ਕਰਨ ਲਈ ਉਕਸਾ ਰਿਹਾ ਹੈ। ਇਸ ਸਬੰਧ ਵਿੱਚ ਉਸ ਦੀ ਵੀਡੀਓ ਘੁੰਮ ਰਹੀ ਹੈ। ਖੱਟੜ ਬੜੀ ਬੇਸ਼ਰਮੀ ਨਾਲ ਉਹਨਾਂ ਨੂੰ ਕਹਿੰਦਾ "ਸਿੱਧੇ ਹਮਲੇ (ਕਿਸਾਨਾਂ ਉੱਤੇ) ਕਰਨ ਤੋਂ ਬਗੈਰ ਕੋਈ ਚਾਰਾ ਨਹੀਂ ਰਹਿ ਗਿਆ। ਜੇ ਉਹ ਫੜ੍ਹੇ ਗਏ (ਹਮਲੇ ਉਪੰਰਤ) 2-4 ਮਹੀਨਿਆਂ ਦੀ ਕੈਂਦ ਹੋ ਗਈ ਤਾਂ ਉਹਨਾਂ ਦੀ ਸਿਆਸੀ ਸਿਖਲਾਈ ਹੋ ਜਾਵੇਗੀ ਅਤੇ ਉਹਨਾਂ ਦਾ ਨਾਮ ਹਿਸਟਰੀ ਵਿੱਚ ਲਿਆ ਜਾਵੇਗਾ।
ਅਜਿਹੇ ਦੂਸ਼ਿਤ ਅਤੇ ਸਰਕਾਰੀ ਦਹਿਸ਼ਤ ਭਰੇ ਮਾਹੌਲ ਵਿੱਚ ਵਿਰੋਧੀ ਪਾਰਟੀਆਂ ਨੇ ਨੇਤਾਵਾਂ ਨੂੰ, ਦੇਸ਼ ਦੀ ਆਜ਼ਾਦੀ ਬਚਾਉਣ ਲਈ ਸਿੱਧਾਂ ਮੈਦਾਨ ਵਿੱਚ ਆਕੇ, ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ੍ਹਕੇ ਖੜ੍ਹਨਾ ਪਵੇਗਾ। ਉਹਨਾਂ ਵੱਲੋਂ ਖਾਲੀ/ਸਿਰਫ ਬਿਆਨਬਾਜ਼ੀ ਭਾਰਤ ਦੇ ਲੋਕਤੰਤਰ ਨੂੰ ਬਚਾ ਨਹੀਂ ਸਕੇਗੀ। ਦੋਸ਼ੀ ਮੰਤਰੀ ਦਾ ਅਸਤੀਫਾ ਮੰਗਣਾ ਅਤੇ ਉਸਦੇ ਲੜ੍ਹਕੇ ਉੱਤੇ ਕਤਲ ਦਾ ਕੇਸ ਦਰਜ਼ ਕਰਨ ਦੀ ਮੰਗ ਕਰਨ ਵਾਲੇ ਵਿਰੋਧੀ ਧਿਰ ਦੇ ਨੇਤਾ ਆਪਣੀ ਸਿਆਸੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ।
ਸਿੱਖ ਚਿੰਤਕਾਂ ਨੇ ਗੋਦੀ ਮੀਡੀਆ, ਜਿਸ ਵਿੱਚ ਪੀਟੀਸੀ ਵੀ ਸ਼ਾਮਿਲ ਹੋ ਗਿਆ, ਵੱਲੋਂ ਲਖੀਮਪੁਰ ਖੀਰੀ ਦੇ ਦੁਖਦਾਇਕ ਵਾਕਿਆਂ ਨੂੰ ਦਬਾਉਣਾ/ਛੋਟਾ ਕਰਕੇ ਪੇਸ਼ ਕਰਨਾ ਅਤੇ ਇਸ ਨੂੰ ਭਾਜਪਾ ਵਰਕਰਾਂ ਅਤੇ ਕਿਸਾਨਾਂ ਦਾ ਆਪਸੀ ਝਗੜਾ ਪੇਸ਼ ਕਰਨ ਦੇ ਮੰਜ਼ਰ ਨੂੰ ਘਟੀਆਂ ਦਰਜ਼ੇ ਦੀ ਪੱਤਰਕਾਰੀ ਦੱਸਿਆ। ਚਿੰਤਕਾਂ ਨੇ ਪੰਜਾਬੀਆਂ, ਖਾਸ ਕਰਕੇ ਸਿੱਖਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਾਂਤ ਰਹਿਣ ਅਤੇ ਸਰਕਾਰੀ ਸਾਜ਼ਿਸਾਂ ਵਿੱਚ ਨਾ ਆਉਣ। ਉਹ ਯਾਦ ਰੱਖਣ ਕਿਵੇਂ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਗੁਰੂ ਕੇ ਬਾਗ ਦਾ ਮੋਰਚਾ ਲੜ੍ਹਦਿਆ ਸਿੱਖਾਂ ਨੇ ਸਰਕਾਰੀ ਜ਼ਬਰ ਦਾ ਮੁਕਾਬਲਾ ਅਦੂਤੇ/ਅਨੂਠੇ ਸਬਰ ਰਾਹੀਂ ਕੀਤੀ ਸੀ। ਗੁਰੂਆਂ ਅਤੇ ਸਿੱਖ ਪਰੰਪਰਾਂ ਦਾ ਪੱਲਾ ਫੜ੍ਹਦਿਆ, ਚਿੰਤਕਾਂ ਨੇ ਕਿਹਾ ਅਸੀਂ ਵੱਡੇ-ਵੱਡੇ ਜਾਬਰਾਂ ਨੂੰ ਮਾਤ ਪਾ ਦੇਵਾਗੇ।
ਇਸ ਸਾਂਝੇ ਬਿਆਨ ਵਿੱਚ ਜਸਪਾਲ ਸਿੰਘ ਸਿੱਧੂ ਪੱਤਰਕਾਰ, ਪ੍ਰੋਫੈਸਰ ਬਾਵਾ ਸਿੰਘ ਕੌਮੀ ਘੱਟ ਗਿਣਤੀਆ ਕਮਿਸ਼ਨ, ਪ੍ਰਿੰਸੀਪਲ ਸੁੱਚਾ ਸਿੰਘ, ਸੁਖਦੇਵ ਸਿੰਘ ਪੱਤਰਕਾਰ, ਪ੍ਰੋਫੈਸਰ ਮਨਜੀਤ ਸਿੰਘ, ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ, ਡਾ. ਪਿਆਰੇ ਲਾਲ ਗਰਗ, ਇੰਜ. ਗੁਰਪਾਲ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਪ੍ਰਧਾਨ ਗਲੋਬਲ ਸਿੱਖ ਕੌਂਸਲ, ਰਾਜਵਿੰਦਰ ਸਿੰਘ ਰਾਹੀ ਅਤੇ ਸੁਰਿੰਦਰ ਸਿੰਘ ਕਿਸ਼ਨਪੁਰਾ।

No comments:
Post a Comment