Thursday, October 14, 2021

ਆਲ ਇੰਡੀਆ ਟੀਐਮਸੀ ਵੀ ਤਿਆਰ ਹੈ ਪੰਜਾਬ ਵਿੱਚ

ਪੋਲਿੰਗ ਬੂਥ ਕਮੇਟੀਆਂ ਤੇਜ਼ੀ ਨਾਲ ਬਣ ਰਹੀਆਂ ਹਨ

ਤ੍ਰਿਣਮੂਲ ਕਾਂਗਰਸ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਵੱਲੋਂ  ਕੁਲਵਿੰਦਰ ਸਿੰਘ ਗੋਲਡੀ
ਤਰਨਤਾਰਨ ਨੁੰ ਪਾਰਟੀ ਦੇ ਯੂਥ ਵਿੰਗ ਦਾ ਵਾਈਸ ਪ੍ਰਧਾਨ ਥਾਪਿਆ ਗਿਆ

ਮੋਹਾਲੀ: 13 ਅਕਤੂਬਰ 2021: (ਮੀਡੀਆ ਲਿੰਕ ਰਵਿੰਦਰ//ਪੰਜਾਬ ਸਕਰੀਨ)::

ਜਦੋਂ ਕੁਝ ਦਹਾਕੇ ਪਹਿਲਾਂ ਪੱਛਮੀ ਬੰਗਾਲ ਦੀ ਮਾਰਕਸੀ ਸਰਕਾਰ ਨਾਲ ਮਮਤਾ ਬਨਰਜੀ ਨੇ ਆਢਾ ਲਾਇਆ ਤਾਂ ਬਹੁਤ ਸਾਰੇ ਲੋਕਾਂ ਨੂੰ ਹਾਸਾ ਆਉਂਦਾ ਸੀ। ਲੋਕ ਆਖਦੇ ਇਹ ਕੱਲ੍ਹ ਦੀ ਬਾਲੜੀ ਜਿਹੀ ਪਹਾੜ ਨਾਲ ਮੱਥਾ ਮਾਰਨ ਲੱਗੀ ਹੈ। ਕਾਂਗਰਸ ਦੇ ਆਖੇ ਲੱਗ ਕੇ ਇਸ ਨੇ ਆਪਣੇ ਆਪ ਨੂੰ ਖ਼ੁਦਕੁਸ਼ੀ ਦੇ ਰਾਹ ਤੋਰ ਲਿਆ ਹੈ। ਇਸ ਸਭ ਕੁਝ ਤੋਂ ਬੇਖਬਰ ਇਹ ਬੰਗਾਲਣ ਆਪਣੀ ਮਸਤ ਚਾਲੇ ਤੁਰਦੀ ਰਹੀ। ਪੂਰੇ ਜੋਸ਼ੋ ਖਰੋਸ਼ ਨਾਲ ਤੁਰਦੀ ਰਹੀ। ਬੰਗਾਲ ਦਾ ਜਾਦੂ ਮੰਨਿਆ ਹੋਇਆ ਜਾਦੂ ਹੈ। ਬੰਗਾਲਣਾਂ ਨੂੰ ਲੋਕ ਕੁਝ ਇਸੇ ਡਰ ਅਤੇ ਉਤਸੁਕਤਾ ਨਾਲ ਵੀ ਦੇਖਦੇ ਹਨ। ਬੰਗਾਲ ਦੇ ਤੰਤਰ ਮੰਤਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਹਨ ਜਿਹੜੀਆਂ ਹੈਰਾਨ ਕਰ ਦੇਂਦੀਆਂ ਹਨ। ਮਮਤਾ ਬੈਨਰਜੀ ਵੀ ਇੱਕ ਖਾਸ ਚਾਲ ਚੱਲਦੀ ਰਹੀ। ਉਹ ਚਾਲ ਜਿਹੜੀ ਛੇਤੀ ਕੀਤਿਆਂ ਨਜ਼ਰ ਨਹੀਂ ਆਉਂਦੀ। ਇਸ ਅਣਦਿੱਸਦੀ ਚਾਲ ਦਾ ਪਤਾ ਸਭਨਾਂ ਨੂੰ ਪੰਜਾਬ ਵਿੱਚ ਵੀ ਨਹੀਂ ਲੱਗ ਰਿਹਾ। ਪੰਜਾਬ ਵਿਚ ਚੋਣਾਂ ਦਾ ਮੌਸਮ ਹੈ। ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦੀਆਂ ਸਰਗਰਮੀਆਂ ਵੀ ਦੇਖੀਆਂ ਜਾ ਸਕਦੀਆਂ ਹਨ। ਵੱਖ ਵੱਖ ਪਾਰਟੀਆਂ ਦੀ ਇਸ ਭੀੜ ਅਤੇ ਇਹਨਾਂ ਦੀ ਸਰਗਰਮੀ ਦੇ ਰੌਲੇ ਗੌਲੇ ਵਿੱਚ ਹੀ ਲਗਾਤਾਰ ਆਪਣਾ ਪਸਾਰ ਕਰ ਰਹੀ ਹੈ ਤਰਿਣਮੂਲ ਕਾਂਗਰਸ।  

ਛੱਬੀਆਂ ਸਾਲਾਂ ਤੀਕ ਕਾਂਗਰਸ ਦੀ ਮੈਂਬਰ ਰਹਿਣ ਵਾਲੀ ਮਮਤਾ ਬੈਨਰਜੀ ਨੇ ਜਦੋਂ ਤ੍ਰਿਣਮੂਲ ਕਾਂਗਰਸ ਦੀ ਸਥਾਪਨਾ ਕੀਤੀ ਸੀ ਤਾਂ ਕਿਸੇ ਨੂੰ ਚਿੱਤ ਚੇਤੇ ਵੀ ਨਹੀਂ ਸੀ ਕਿ ਇਹ ਪਾਰਟੀ ਅਤੇ ਮਮਤਾ ਬੈਨਰਜੀ ਕਿਸੇ ਦਿਨ ਕੌਮੀ ਸਿਆਸਤ ਤੇ ਛਾ ਜਾਣਗੇ। ਆਸਾਮ, ਤਮਿਲਨਾਡੂ, ਗੋਆ, ਮਨੀਪੁਰ, ਤ੍ਰਿਪੁਰਾ ਅਤੇ ਦਿੱਲੀ ਦੇ ਨਾਲ ਨਾਲ ਆਲ ਇੰਡੀਆ ਤਰਿਣਮੂਲ ਕਾਂਗਰਸ ਦੀ ਨਜ਼ਰ ਹੁਣ ਪੰਜਾਬ ਤੇ ਵੀ ਤ੍ਰਿਛੀ ਹੈ। ਪਿਛਲੀ ਵਾਰ ਸੰਨ 2017 ਦੀਆਂ ਚੋਣਾਂ ਤੋਂ ਪਹਿਲਾਂ ਵੀ ਟੀਐਮਸੀ ਨੇ ਪੰਜਾਬ ਤੇ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਗੱਲ ਨਹੀਂ ਸੀ ਬਣੀ।  ਉਦੋਂ ਸ਼ਾਇਦ ਇਸਦੀ ਪੰਜਾਬ ਵਾਲੀ ਅਗਵਾਈ ਜਗਤ ਸਿੰਘ ਦੇ ਹੱਥਾਂ ਵਿੱਚ ਸੀ। ਆਸ ਮੁਤਾਬਿਕ ਨਤੀਜੇ ਸਾਹਮਣੇ ਨਹੀਂ ਆਏ ਤਾਂ ਪੰਜਾਬ ਦੀਆਂ ਸਰਗਰਮੀਆਂ ਬਿਲਕੁਲ ਠੱਪ ਵਰਗੀਆਂ ਹੋ ਗਈਆਂ। ਅਸਲ ਵਿੱਚ ਉਸ ਵੇਲੇ ਦੀ ਲੀਡਰਸ਼ਿਪ ਆਮ ਲੋਕਾਂ ਤੱਕ ਨਹੀਂ ਸੀ ਪਹੁੰਚ ਸਕੀ। 

ਤ੍ਰਿਣਮੂਲ ਇੱਕ ਫੁੱਲਾਂ ਵਾਲਾ ਘਾਹ ਹੁੰਦਾ ਹੈ। ਘਾਹ ਤਾਂ ਕਿਓਂਕਿ ਘਾਹ ਹੁੰਦਾ ਹੈ ਲੋਕ ਇਸਨੂੰ ਪੈਰਾਂ ਹੇਠ ਲਤਾੜ ਕੇ ਲੰਘ ਜਾਂਦੇ ਹਨ। ਇਹ ਆਪਣੇ ਆਪ ਨੂੰ ਲਤਾੜ ਕੇ ਲੰਘਣ ਵöਏ ਰਹੀਆਂ ਨੂੰ ਵੀ ਕੁਝ ਨਹੀਂ ਆਖਦਾ। ਕੋਈ ਕੰਡਾ ਨਹੀਂ ਚੋਭਦਾ। ਹਾਥੀ ਨੂੰ ਇਹ ਘਾਹ ਬਹੁਤ ਪਸੰਦ ਹੁੰਦਾ ਹੈ। ਹਾਥੀ ਆਮ ਤੌਰ ਤੇ ਉਸ ਨੂੰ ਬਹੁਤ ਪਹਿਲ ਦੇਂਦਾ ਹੈ। ਇਸ ਨੂੰ ਖਾ ਖਾ ਕੇ ਹੀ ਹਾਥੀ ਮਹਾਂ ਸ਼ਕਤੀਸ਼ਾਲੀ ਬਣ ਜਾਂਦਾ ਹੈ। ਮਮਤਾ ਬੈਨਰਜੀ ਦੀ ਧਾਰਨਾ ਹੈ ਕਿ ਇਸ ਤ੍ਰਿਣਮੂਲ ਵਾਂਗ ਬਣ ਜਾਓ। ਜੇ ਕੋਈ ਲਤਾੜ ਕੇ ਲੰਘਦਾ ਹੈ ਤਾਂ ਲੰਘ ਜਾਣ ਦੀਓ ਪਰ ਆਪਣੀ ਨਿਮਰਤਾ ਦਾ ਪੱਲਾ ਨਾ ਛੱਡੋ। ਇਹ ਨਿਮਰਤਾ ਹੀ ਸ਼ਕਤੀ ਬਣੇਗੀ। ਨਿਮਰਤਾ ਅਤੇ ਸਹਿਣਸ਼ੀਲਤਾ ਤੋਂ ਪੈਦਾ ਹੋਈ ਇਸ ਸ਼ਕਤੀ ਨੇ ਹੀ ਬੰਗਾਲ ਵਿੱਚ ਕ੍ਰਿਸ਼ਮਾ ਦਿਖਾਇਆ। ਢਾਈ ਦਹਾਕੇ ਪੁਰਾਣੀ ਮਾਰਕਸੀ ਸਰਕਾਰ ਨੂੰ ਉਖਾੜ ਸੁੱਟਣਾ ਕੋਈ ਸੌਖਾ ਨਹੀਂ ਸੀ। ਸਿੰਗੂਰ ਅਤੇ ਨੰਦੀਗ੍ਰਾਮ ਦੀਆਂ ਘਟਨਾਵਾਂ ਇੱਕ ਅਜਿਹੇ ਤੂਫ਼ਾਨ ਵਾਂਗ ਸਨ ਜਿਹਨਾਂ ਵਿਛਕ ਮਮਤਾ ਬੈਨਰਜੀ ਅਤੇ ਇਸ ਦੀ ਟੀਮ ਦਾ ਮਲੀਆਮੇਟ ਵੀ ਹੋ ਸਕਦਾ ਸੀ ਪਰ ਮਮਤਾ ਨੇ ਇਸ ਤੂਫ਼ਾਨ ਨੂੰ ਹੀ ਆਪਣੀ ਸਵਾਰੀ ਬਣਾ ਲਿਆ। ਕਾਮਰੇਡਾਂ ਨਾਲ ਇਸ ਲੜਾਈ ਨੇ ਮਮਤਾ ਬੈਨਰਜੀ ਨੂੰ ਇੱਕ ਅਜਿਹੀ ਪਛਾਣ ਦਿੱਤੀ ਜਿਸਦੀ ਚਰਚਾ ਦੁਨੀਆ ਭਰ ਵਿੱਚ ਹੋਈ। ਐਤਕੀਂ ਦੀਆਂ ਚੋਣਾਂ ਵਿਛਕ ਮੋਦੀ ਟੀਮ ਨੂੰ ਵੀ ਮਮਤਾ ਬੈਨਰਜੀ ਦੀ ਟੀਮ ਨੇ ਇਸੇ ਜੋਸ਼ੋ ਖਰੋਸ਼ ਨਾਲ ਨਜਿੱਠਿਆ। ਹੁਣ ਸ਼ਾਇਦ ਵਾਰੀ ਪੰਜਾਬ ਦੀ ਹੈ। 

ਤਰਿਣਮੂਲ ਕਾਂਗਰਸ ਨੇ ਅੰਦਰਖਾਤੇ ਆਪਣੀਆਂ ਸਰਗਰਮੀਆਂ ਵਧਾਈਆਂ ਹੋਈਆਂ ਹਨ। ਅਜੇ ਪੱਤੇ ਤਾਂ ਭਾਵੇਂ ਨਹੀਂ ਖੋਹਲੇ ਪਰ ਲੱਗਦਾ ਹੈ ਕਿ ਤਿਆਰੀ ਪੂਰੀ ਹੈ। ਆਲ ਇੰਡੀਆ ਟੀਐਮਸੀ  ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਵੱਲੋਂ ਕੁਲਵਿੰਦਰ ਸਿੰਘ ਗੋਲਡੀ ਨੂੰ ਪਾਰਟੀ ਦੇ ਯੂਥ ਵਿੰਗ ਦਾ ਦਾ ਵਾਈਸ ਪ੍ਰਧਾਨ ਥਾਪਿਆ ਗਿਆ ਹੈ। ਕੁਲਵਿੰਦਰ ਸਿੰਘ ਤਰਨਤਾਰਨ ਨਾਲ ਸਬੰਧਤ ਹੈ ਅਤੇ ਕਾਫੀ  ਜੋਸ਼ੀਲਾ ਵੀ ਹੈ। ਉਸਨੂੰ ਲੱਗਦਾ ਹੈ ਕਿ ਮੌਜੂਦਾ ਸਮੇਂ ਵਿੱਚ ਮਮਤਾ ਬੈਨਰਜੀ ਹੀ ਪੰਜਾਬ ਦਾ ਕੁਝ ਸਵਾਰ ਸਕਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਅਤੇ ਬੰਗਾਲ ਨੇ ਜਿਹੜੇ ਦਰਦ ਅਤੀਤ ਵਿਛਕ ਸਾਹੇ ਹਨ ਉਹ ਇਹਨਾਂ ਨੂੰ ਇੱਕ ਦੂਜੇ ਦੇ ਨੇੜੇ ਵੀ ਲਿਆਉਂਦੇ ਹਨ। 

ਪੰਜਾਬ ਦੀ ਟੀਮ ਲਗਾਤਾਰ ਮਮਤਾ ਦੀਦੀ ਦੇ ਸੰਪਰਕ ਵਿੱਚ ਹੈ। ਪਿਛਲੇ ਦਿਨੀਂ ਆਲ ਇੰਡੀਆ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਕਨਵੀਨਰ  ਮਨਜੀਤ ਸਿੰਘ ਮੋਹਾਲੀ ਜੋ ਕਿ ਪੰਜਾਬ ਤੋਂ ਇਕ ਵਿਸ਼ੇਸ਼ ਡੇਪੁਟੇਸ਼ਨ ਲੈ ਕੇ ਪਾਰਟੀ ਸੁਪਰੀਮੋ ਦੀਦੀ ਮਮਤਾ ਬੈਨਰਜੀ ਦੇ ਸਮਰਥਨ ਲਈ ਪੱਛਮੀ ਬੰਗਾਲ ਗਏ ਸਨ। ਉਹਨਾਂ ਨੇ ਉੱਥੇ ਸਿੰਚਾਈ ਮੰਤਰੀ ਸ਼੍ਰੀਮਤੀ ਸਬੀਨਾ ਯੈਸਮਿਨ ਨਾਲ ਇਕ ਵਿਸ਼ੇਸ਼ ਮੁਲਾਕਾਤ ਵੀ ਕੀਤੀ ਅਤੇ ਪੰਜਾਬ ਦੀ ਇਕਾਈ ਦੇ ਸੰਗਠਨ ਬਾਰੇ ਖੁੱਲ੍ਹ ਕੇ ਵਿਚਾਰਾਂ ਵੀ ਕੀਤੀਆਂ। ਮਨਜੀਤ ਸਿੰਘ ਨੇ ਸਬੀਨਾ ਯੈਸਮੀਨ ਨੂੰ ਦੱਸਿਆ ਕਿ ਪੰਜਾਬ ਵਿੱਚ ਪਾਰਟੀ ਦਾ ਸੰਗਠਨ ਪੂਰੀ ਤਰਾਂ ਤਿਆਰ ਹੈ ਸਾਰੇ ਜਿਲ੍ਹਿਆਂ ਦੇ ਅਤੇ ਬਹੁਤੇ ਸਾਰੇ ਹਲਕਿਆਂ ਦੇ ਇੰਚਾਰਜ ਵੀ ਲਗਾ ਦਿੱਤੇ ਗਏ ਹਨ। ਹੁਣ ਪਾਰਟੀ ਦੇ ਦੀਆਂ ਪੋਲਿੰਗ ਬੂਥ ਕਮੇਟੀਆਂ ਬਣ ਰਹੀਆਂ ਹਨ।

ਮਨਜੀਤ ਸਿੰਘ ਨੇ ਕਿਹਾ ਕਿ  ਪੰਜਾਬ ਵਿੱਚ ਕਾਂਗਰਸ ਦੇ ਕਾਟੋ-ਕਲੇਸ਼ ਕਰਕੇ ਰਾਜਨੀਤਕ ਹਾਲਾਤ ਬਹੁਤ ਬਦਲ ਗਏ ਹਨ। ਕਾਂਗਰਸ ਦੇ ਦੋਫਾੜ ਹੋਣ ਕਰਕੇ ਅਕਾਲੀਆਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ਾਂ ਅਤੇ  ਆਮ ਆਦਮੀ ਪਾਰਟੀ ਦੇ ਵਲੰਟੀਅਰ ਅਤੇ ਦਿੱਲੀ ਤੋਂ ਸਥਾਪਿਤ ਹੋਈ ਲੀਡਰਸ਼ੀਪ ਵਿਚਾਲੇ ਚੱਲ ਰਹੇ ਵਾਦ ਵਿਵਾਦ ਕਾਰਨ ਆਮ ਆਦਮੀ ਪਾਰਟੀ ਦੀ ਹਾਲਤ ਵੀ ਬਹੁਤ ਪਤਲੀ ਹੈ। ਇਸ ਦੇ ਉਲਟ ਟੀ ਐਮ ਸੀ ਪੰਜਾਬ ਵਿੱਚ ਬਹੁਤ ਚਰਚਾ ਵਿਚ ਹੈ ਕਿਉਂਕਿ ਦੀਦੀ ਮਮਤਾ ਬੈਨਰਜੀ ਬੰਗਾਲ ਵਿਚ ਮੋਦੀ ਨੂੰ ਹਰਾਉਣ ਤੋਂ ਬਾਅਦ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਹਰਦਿਲ  ਅਜ਼ੀਜ਼ ਹੋ ਚੁੱਕੇ ਹਨ। 

ਕਿਸਾਨ ਜਥੇਬੰਦੀਆਂ ਦੇ ਬਹੁਤ ਸਾਰੇ ਧੜੇ ਟੀਐਮਸੀ ਦੇ ਨਾਲ ਰਲਕੇ ਚੋਣਾਂ ਲੜਨ  ਦੇ ਚਾਹਵਾਨ ਹਨ ਜਿਸ ਦੇ ਨਤੀਜੇ ਵਜੋਂ ਤ੍ਰਿਣਮੂਲ ਕਾਂਗਰਸ ਪੰਜਾਬ ਵਿੱਚ ਇਕ ਵਧੀਆ ਸ਼ੁਰੂਆਤ ਕਰ ਸਕਦੀ ਹੈ ਅਤੇ ਪੰਜਾਬ ਸਰਕਾਰ ਦਾ ਹਿੱਸਾ ਬਣ ਸਕਦੀ ਹੈ। ਮਨਜੀਤ ਸਿੰਘ ਨੇ ਅੱਗੇ ਕਿਹਾ ਕਿ ਜਿਸ ਦਿਨ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਪੰਜਾਬ ਆਉਣਗੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿਚ ਆਪਣੇ ਪ੍ਰਤੀ ਪਿਆਰ ਵੇਖ ਕੇ ਦੀਦੀ ਪੰਜਾਬ ਚੋਣ ਲੜਕੇ ਜਿੱਤਣ  ਦਾ ਭਰੋਸਾ ਲੈਕੇ ਹੀ ਵਾਪਿਸ ਆਉਣਗੇ। ਪੰਜਾਬ ਦੇ ਸਾਰੇ ਵਰਗ ਕਿਸਾਨ ਮਜਦੂਰ,ਵਪਾਰੀ, ਉਦਯੋਗਪਤੀ ਅਤੇ ਛੋਟੇ ਦੁਕਾਨਦਾਰ ਰੇਹੜੀ ਰਿਕਸ਼ਾ ਵਾਲੇ ਸਭ ਲੋਕ ਤ੍ਰਿਣਮੂਲ ਕਾਂਗਰਸ  ਨੂੰ ਇਕ ਭਾਰੀ ਬਹੁਮਤ ਦੇਣਗੇ ਜਿਸ ਨਾਲ ਬੰਗਾਲ ਦੀ ਤਰਾਂ ਪੰਜਾਬ ਵਿਚ ਵੀ  ਇਕ ਕ੍ਰਿਸ਼ਮਈ ਚੋਣ ਨਤੀਜਾ ਵੇਖਣ ਨੂੰ ਮਿਲੇਗਾ। ਹੁਣ ਦੇਖਣਾ ਹੈ ਆਉਣ ਵਾਲਾ ਸਮਾਂ ਟੀਐਮਸੀ ਲਈ ਕਿ ਲੈ ਕੇ ਆਉਂਦਾ ਹੈ?

No comments: