Wednesday, October 13, 2021

12 ਅਕਤੂਬਰ 1920 ਨੂੰ ਯਾਦ ਕਰਦਿਆਂ ਮਨਾਇਆ ਗਿਆ ਸ਼ੁਕਰਾਨਾ ਦਿਵਸ

12th October 2021 at 4:58 PM

ਦਲਿਤ ਸਿੱਖਾਂ ਨੂੰ ਮਿਲਿਆ ਸੀ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਦਾ ਮੌਕਾ 


ਚੰਡੀਗੜ੍ਹ: 13 ਅਕਤੂਬਰ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::

ਮਨੁੱਖੀ ਬਰਾਬਰਤਾ ਦੇ ਸਿੱਖੀ ਸਿਧਾਂਤ ਦੀਆਂ ਅਲੰਬਰਦਾਰ ਸੰਸਥਾਵਾਂ ਵੱਲੋਂ ਦਲਿਤ ਮੁੜ-ਪ੍ਰਵੇਸ਼ ਦੀ ਖੁਸ਼ੀ ਵਿੱਚ ਗੁਰੂ ਸਾਹਿਬਾਨ ਦਾ ਸ਼ੁਕਰਾਨਾ ਕਰਨੀ ਲਈ 101 ਵਾਂ ਸ਼ਤਾਬਦੀ ਸਮਾਗਮ ਵੱਜੋਂ ਮਨਾਇਆ ਗਿਆ। ਜ਼ਿਕਰਯੋਗ ਹੈ ਕਿ 12 ਅਕਤੂਬਰ 2021 ਨੂੰ ਦਰਬਾਰ ਸਾਹਿਬ ਅੰਦਰ ਪ੍ਰੋਫੈਸਰ ਸ਼ਾਮ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਬਾਬਾ ਹਰਬੰਸ ਸਿੰਘ, ਬਾਬ ਲਖਵਿੰਦਰ ਸਿੰਘ ਅਤੇ ਅਜੀਤ ਸਿੰਘ ਦੇਗ ਲੈ ਕੇ ਗਏ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਨੱਤਮਸਤਕ ਹੋ ਕੇ ਦਲਿਤਾਂ ਨੂੰ ਖੁਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਹੋਣ ਵੱਜੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਅਦਾ ਕੀਤਾ। 

ਇਸ ਦਿਨ 12 ਅਕਤੂਬਰ 1920 ਨੂੰ ਅਛੂਤ ਸਿੱਖਾਂ ਦਾ ਬੜੀ ਜੱਦੋ-ਜਹਿਦ ਉਪਰੰਤ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਮੁੜ ਪ੍ਰਵੇਸ਼ ਹੋਇਆ ਸੀ। ਅਛੂਤ ਸਿੱਖਾਂ ਤੇ ਬੰਦਸ਼ਾਂ ਅੰਗਰੇਜ਼ ਰਾਜ ਸਮੇਂ ਸ਼ੁਰੂ ਹੋਇਆ ਲਗਦੀਆਂ ਹਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਬਾਅਦ ਦਲਿਤ ਸਿੱਖਾਂ ਤੇ ਦਰਬਾਰ ਸਾਹਿਬ ਵਿਖੇ ਧਾਰਮਿਕ ਪੱਧਰ ਤੇ ਬੰਦਸ਼ਾਂ ਲਗਣੀਆਂ ਸ਼ੁਰੂ ਹੋਈਆ ਸਨ। ਸਿੱਖ ਰਾਜ ਦੇ ਖ਼ਤਮ ਹੁੰਦਿਆਂ ਹੀ ਬ੍ਰਾਹਮਣੀ ਸੋਚ ਦੇ ਧਾਰਨੀ ਪੁਜਾਰੀ, ਮਹੰਤਾਂ ਨੂੰ ਮਨਮਾਨੀਆਂ ਕਰਨ ਦਾ ਬਲ ਮਿਲਿਆ। ਸਿੱਖ ਗੁਰੂ ਸਾਹਿਬਾਨ ਨੇ ਸਿੱਖ ਧਰਮ ਦੀ ਸਥਾਪਨਾ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਅਤੇ ਉਦੇਸ਼ ਲਈ ਕੀਤੀ ਸੀ ਪਰ ਬ੍ਰਾਹਮਣਵਾਦੀ ਤਾਕਤਾਂ ਅਤੇ ਉਹਨਾਂ ਦੀ ਵਿਚਾਰਧਾਰਾ ਲਗਾਤਾਰ ਗੁਰੂ ਸਾਹਿਬ ਦੇ ਹੁਕਮ ਉਲਟ ਚਲ ਕੇ ਸਿੱਖ ਧਰਮ ਵਿਚ ਜਾਤ-ਪਾਤ ਨੂੰ ਵਧਾਉਣ ਦਾ ਯਤਨ ਕਰ ਰਹੀ ਹੈ ਅਤੇ ਸਿੱਖ ਸਿਧਾਂਤ ਨੂੰ ਖ਼ਤਮ ਕਰਨ ਵਿਚ ਲੱਗੀ ਹੋਈ ਹੈ।

ਇਸ ਸਾਰੇ ਵਰਤਾਰੇ ਨੂੰ ਨੱਥ ਪਾਉਣ ਲਈ 10-11 ਅਤੇ 12 ਅਕਤੂਬਰ 1920 ਨੂੰ ਅਛੂਤ ਸਿੱਖ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਿੱਖ,  ਜਿਹਨਾਂ ਵਿੱਚ ਵੱਡੀ ਗਿਣਤੀ ਮਾਝੇ ਦੇ ਮਜ਼੍ਹਬੀ ਸਿੱਖ (ਰਵਿਦਾਸੀਆ ਸਿੱਖ, ਕਬੀਰ ਪੰਥੀ ਅਤੇ ਹੋਰ ਅਛੂਤ ਜਾਤੀਆਂ ਦੇ ਸਿੱਖ, ਜੱਲਿਆਂ ਵਾਲੇ ਬਾਗ 'ਚ ਇੱਕਤਰ ਹੁੰਦੇ ਸਨ ਅਤੇ ਲਗਾਤਾਰ ਦੋ ਦਿਨ ਦੀਵਾਨ ਸਜਾਏ ਗਏ ਸਨ। ਜਿਸਨੂੰ ਸ. ਸੁੰਦਰ ਸਿੰਘ ਮਜੀਠੀਏ ਵਰਗੇ ਰਾਜਨੀਤੀ 'ਚ ਗੁੜ੍ਹੇ ਨਾਮੀ ਤੇ ਸਮਰੱਥਾਵਾਨ ਵਿਅਕਤੀਆਂ ਨੇ ਥਾਪੜਾ ਵੀ ਦਿੱਤਾ ਸੀ। ਉਹ 11 ਅਕਤੂਬਰ 1920 ਦੇ ਦਿਨ ਦੀਵਾਨ ਚ, ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਪ੍ਰੋਫੈਸਰ ਵਿਦਿਆਰਥੀਆਂ ਦੇ ਨਾਲ ਸ਼ਾਮਿਲ ਵੀ ਹੋਏ।  12 ਅਕਤੂਬਰ 1920 ਨੂੰ ਵੱਡੇ ਇੱਕਠ ਦੇ ਰੂਪ 'ਚ ਦਲਿਤ ਸਿੱਖ ਸ. ਮਤਾਬ ਸਿੰਘ ਬੀਰ ਮੁੱਖੀ "ਖਾਲਸਾ ਬਰਾਦਰੀ" ਜੋ ਅਛੂਤ ਸਿੱਖਾਂ ਦੀ ਜੱਥੇਬੰਦੀ ਦੇ ਮੁਖੀ ਸਨ ਅਤੇ ਸ. ਢੇਰਾ ਸਿੰਘ ਮਜ਼੍ਹਬੀ ਸਿੱਖ ਆਗੂ ਜਿਸ ਮਾਰਚ ਦੀ ਅਗਵਾਈ ਕਰ ਰਹੇ ਸਨ ਦਰਬਾਰ ਸਾਹਿਬ ਪਹੁੰਚੇ। ਇਹਨਾਂ ਦਾ ਸਾਥ ਗੁਰੂਆਂ ਦੀ ਸਿੱਖਿਆ ਤੇ ਚੱਲਣ ਵਾਲੇ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰੋਫ਼ੈਸਰ ਸ. ਤੇਜ਼ਾ ਸਿੰਘ  ਬਾਵਾ ਹਰਕਿਸ਼ਨ ਸਿੰਘ ਤੇ ਵਿਦਿਆਰਥੀਆਂ ਤੋਂ ਇਲਾਵਾ 'ਅਕਾਲੀ ਦਲ ਖਰਾ ਸੌਦਾ ਬਾਰ’ ਦੇ ਅਹੁਦੇਦਾਰਾਂ ਸ. ਕਰਤਾਰ ਸਿੰਘ ਝੱਬਰ ਤੇ ਤੇਜਾ ਸਿੰਘ ਭੁੱਚਰ ਆਦਿ ਨੇ ਦਿੱਤਾ। ਦਰਬਾਰ ਸਾਹਿਬ ਦੇ ਅੰਦਰ ਅਛੂਤ ਸਿੱਖਾਂ ਦੀ ਅਰਦਾਸ ਕਰਨ ਤੇ ਕੜਾਹ ਪ੍ਰਸਾਦਿ ਨੂੰ ਪ੍ਰਵਾਨ ਕਰਨ ਨੂੰ ਲੈ ਕੇ ਉਕਤ ਮੌਜੂਦ ਸਿੱਖ ਆਗੂਆਂ ਅਤੇ ਪੁਜਾਰੀ-ਮਹੰਤਾਂ ਵਿਚਾਰੇ ਕਾਫ਼ੀ ਬਹਿਸ ਹੋਈ ਅੰਤ ਫੈਸਲਾ ਗੁਰੂ ਗ੍ਰੰਥ ਸਾਹਿਬ ਤੇ ਛੱਡ ਦਿੱਤਾ ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲਿਆ ਗਿਆ। ਇਹ ਵਾਕ ਗੁਰੂ ਅਮਰਦਾਸ ਜੀ ਦੀ ਬਾਣੀ ਅੰਗ 638 ਚੋਂ ਆਇਆ। ਨਿਗੁਣਿਆ ਨੇ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਇ ॥

ਇਸ ਤਰ੍ਹਾਂ ਇਹ ਹੁਕਮ ਅਤੇ ਮੌਕਾ ਅਛੂਤ ਸਿੱਖਾਂ ਦੇ ਹੱਕ ਵਿਚ ਰਿਹਾ। ਫਿਰ ਅਰਦਾਸ ਹੋਈ,ਕੜਾਹ ਪ੍ਰਸ਼ਾਦ ਵਰਤਾਇਆ ਗਿਆ। ਸੰਗਤ ਉਸੇ ਤਰਾਂ ਹੀ ਅਕਾਲ ਤਖਤ ਸਾਹਿਬ ਪਹੁੰਚੀ। ਦਰਬਾਰ ਸਾਹਿਬ ਵਿੱਚ ਕੜਾਹ ਪ੍ਰਸ਼ਾਦ ਵਾਲੀ ਘਟਨਾ ਨੂੰ ਸੁਣ ਕੇ  ਪੁਜਾਰੀ ਉਥੋਂ ਭੱਜ ਗਏ ਸਨ, ਜੋ ਬੁਲਾਉਣ ਤੇ ਵੀ ਵਾਪਿਸ ਨਾ ਪਹੁੰਚੇ। ਇਸ ਉਪਰੰਤ ਸ. ਕਰਤਾਰ ਸਿੰਘ ਝੱਬਰ ਅਤੇ ਹੋਰ ਆਗੂ ਸਿੱਖਾਂ ਨੇ ਉਥੋਂ ਦੀ ਸੇਵਾ ਸੰਭਾਲਣ ਲਈ 17 ਮੈਂਬਰੀ ਕਮੇਟੀ  ਦਾ ਗਠਨ ਕਰਕੇ  ਸ. ਤੇਜਾ ਸਿੰਘ ਭੁੱਚਰ ਨੂੰ ਇਸ ਕਮੇਟੀ ਦਾ ਜਥੇਦਾਰ’ ਬਣਾਇਆ। ਸ਼੍ਰੀ ਅਕਾਲ ਤਖਤ ਸਾਹਿਬ ਤੇ ਕਬਜ਼ਾ ਕਰਨ ਵੇਲੇ ੳਥੇ ਮੌਜੂਦ ਸਿੱਖ ਆਗੂਆ ਨੇ ਡਾ. ਸੈਫੂਦੀਨ ਕਿਚਲੂ ਦੀ ਵੀ ਸਲਾਹ ਲਈ, ਜਿਸ ਨੇ ਇਸ ਕਦਮ ਨੂੰ ਠੀਕ ਦੱਸਿਆ।ਬਾਹਰ ਇਸ ਗੱਲ ਦਾ ਰੌਲਾ ਸੀ ਕਿ ਅਕਾਲ ਤਖਤ ਤੇ ਮਜ਼੍ਹਬੀਆਂ ਨੇ ਕਬਜ਼ਾ ਕਰ ਲਿਆ ਹੈ। ਇਸ ਦਿਨ ਤੋਂ ਅਕਾਲ ਤਖਤ ਦੇ 'ਜਥੇਦਾਰ' ਦਾ ਅਹੁਦਾ ਪਹਿਲੀ ਵਾਰ ਹੋਂਦ ਚ ਆਇਆ। ਇਹ ਘਟਨਾ ' ਗੁਰਦੁਆਰਾ ਸੁਧਾਰ ਲਹਿਰ', 'ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ' ਅਤੇ 'ਸ਼੍ਰੋਮਣੀ ਅਕਾਲੀ ਦਲ' ਦੇ ਗਠਨ ਦਾ  ਫਲਸਰੂਪ ਸੀ।

ਇਸ ਸ਼ਤਾਬਦੀ ਨੂੰ ਮਨਾਉਣ ਦਾ ਉਦੇਸ਼ ਇਹ ਹੈ ਕਿ ਸਿੱਖ ਧਰਮ ਵਿਚ ਬਰਾਬਰੀ ਦਾ ਸਿਧਾਂਤ ਹੈ, ਉਸ ਤੇ ਮੁੜ ਵਿਚਾਰ ਕੀਤਾ ਜਾਵੇ ਕਿ ਇਸ ਸਿਧਾਂਤ ਨੂੰ ਕਿੱਥੇ, ਕਿਵੇਂ ਤੇ ਕਿਉਂ ਢਾਹ ਲੱਗ ਰਹੀ ਹੈ। ਮੌਜੂਦਾ ਸਮੇਂ ਵੀ ਇਹ ਵੇਖਣ ਵਿਚ ਆਇਆ ਹੈ ਕਿ 101 ਸਾਲ ਬੀਤ ਜਾਣ ਤੋਂ ਬਾਅਦ ਅੱਜ ਵੀ ਜਾਤ-ਹੰਕਾਰੀ ਲੋਕ ਪਿੰਡਾਂ 'ਚ ਦਲਿਤਾਂ ਨਾਲ ਜ਼ਿਆਦਤੀਆਂ ਕਰਦੇ ਹਨ ਅਤੇ ਗੁਰਦੁਆਰਿਆ ਚੋਂ ਉਹਨਾਂ ਦਾ ਸਮਾਜਿਕ ਬਾਈਕਾਟ ਕਰਨ ਦੇ ਫੁਰਮਾਨ ਜਾਰੀ ਕਰਦੇ ਹਨ, ਗੁਰਦਵਾਰਿਆਂ ਅਤੇ ਪੰਚਾਇਤਾਂ ਦਾ ਇਸਤੇਮਾਲ ਦਲਿਤਾਂ ਖਿਲਾਫ ਦੁਰ-ਮਤੇ ਪਾਉਣ ਲਈ ਕਰਦੇ ਹਨ। ਦਲਿਤਾਂ ਨੂੰ ਗੁਰਦੁਆਰਾ ਸਾਹਿਬ ਤਿਆਰ ਕੀਤੇ ਜਾਂਦੇ ਲੰਗਰ ਨੂੰ ਵਰਤਾਉਣ ਤੇ ਬਣਾਉਣ ਤੇ ਪਾਬੰਦੀ ਆਦਿ ਵਰਤਾਰਾ ਵੇਖਣ 'ਚ ਆਇਆ ਹੈ। ਗੁਰਦੁਆਰੇ ਜੱਟਾਂ ਦੇ ਵੱਖਰੇ ਅਤੇ ਬਾਕੀ ਹੋਰ ਜਾਤਾਂ ਦੇ ਵੱਖਰੇ, ਜਾਤ ਅਧਾਰਿਤ ਹਨ। ਇੱਥੋਂ ਤੱਕ ਕਿ ਸ਼ਮਸ਼ਾਨਘਾਟ ਵੀ ਦਲਿਤਾਂ ਦੇ ਵੱਖਰੇ ਹਨ। ਅੱਜ ਸਿੱਖਾਂ ਚ ਉੱਚ ਜਾਤ ਅਭਿਮਾਨੀ, ਬ੍ਰਾਹਮਣਵਾਦੀ ਸਿੱਖਾਂ ਵੱਲੋਂ ਬਹੁਤ ਹੀ ਅਹਿਮ ਅੰਗ ਦਲਿਤ ਸਿੱਖਾਂ ਨੂੰ ਅਣਗੋਲਿਆ ਜਾ ਰਿਹਾ ਹੈ। ਉੱਚ ਜਾਤੀ ਵਾਲਿਆਂ ਨੂੰ ਅਖੌਤੀ ਉੱਚ ਜਾਤ ਦਾ ਅਭਿਮਾਨ ਛੱਡ ਕੇ, ਜਿਵੇਂ ਗੁਰੂ ਸਾਹਿਬਾਨ ਨੇ, ਅਛੂਤ, ਦੱਬਿਆਂ-ਕੁਚਲਿਆਂ ਨੂੰ ਛਾਤੀ ਨਾਲ ਲਾਇਆ ਸੀ, ਉਸੇ ਤਰਾਂ ਆਪਣੇ ਗਲ ਨਾਲ ਲਾਉਣਾ ਚਾਹੀਦਾ ਹੈ। ਇਹਨਾਂ ਦਾ ਜੀਵਨ ਪੱਧਰ ਨੂੰ ਸੁਧਾਰਨ ਲਈ ਪੂਰੇ ਤਨ ਮਨ ਨਾਲ, ਗੁਰੂ ਸਾਹਿਬਾਨ ਦੇ ਸੰਕਲਪ ਤੇ ਦ੍ਰਿੜ੍ਹ ਰਹਿ ਕੇ 'ਮਾਣਸ ਕੀ ਜਾਤ ਸਬੈ ਏਕ ਪਹਿਚਾਣ ਬੋ', ਤੇ ਚੱਲ ਕੇ, ਸਿੱਖ ਧਰਮ ਨੂੰ ਸੰਸਾਰ ਪੱਧਰ ਤੇ ਸਾਂਝੀਵਾਲਤਾਂ ਦਾ 'ਸੰਸਾਰ ਧਰਮ ਬਣਾਉਣਾ ਚਾਹੀਦਾ ਹੈ।

ਇਸਦੇ ਆਯੋਜਨ ਵਿਚ ਸਰਗਰਮ ਰਹੀਆਂ ਜੱਥੇਬੰਦੀਆਂ ਸਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਇੰਸਟੀਚਿਊਟ ਆਫ ਸਿੱਖ ਸਟੱਡੀਜ਼, ਪੰਥਕ ਤਾਲਮੇਲ ਸਗੰਠਨ, ਭਾਈ ਭੀਰ ਸਿੰਘ ਧੀਰ ਸਿੰਘ ਫਾਊਂਡੇਸ਼ਨ, ਦਲਿਤ ਐਂਡ ਮਨਾਰਟੀ ਆਰਗਨਾਈਜੇਸਨ, ਗਿਆਨੀ ਦਿੱਤ ਸਿੰਘ ਫਾਊਂਡੇਸ਼ਨ, ਆਲ ਇੰਡੀਆ ਮਜ਼ਬੀ ਸਿੱਖ ਵੈਲਫੇਅਰ ਐਸੋਸੀਏਸ਼ਨ, ਭਾਈ ਗੁਰਦਾਸ ਸਭਾ, ਗਲੋਬਲ ਸਿੱਖ ਕੌਂਸਲ ਅਤੇ ਸਮਾਜਿਕ ਜਸਟਿਸ ਐਂਡ ਵੈਲਫੇਅਰ ਸੁਸਾਇਟੀ।

No comments: