9th September 2021 at 3:44 PM
ਪਨਬਸ ਅਤੇ PRTC: ਕੱਚੇ ਮੁਲਾਜ਼ਮਾਂ ਦੀ ਹੜਤਾਲ ਜਾਰੀ
ਹਰ ਵੇਲੇ ਗਹਮਾਗਹਮੀ ਵਾਲਾ ਲੁਧਿਆਣਾ ਦਾ ਬੱਸ ਅੱਡਾ ਅੱਜ ਵੀਰਾਂ ਜਿਹਾ ਲੱਗਦਾ ਸੀ। ਕਰਫਿਊ ਦੇ ਦਿਨ ਯਾਦ ਆਉਂਦੇ ਸਨ। ਅਸਲ ਵਿਚ ਇਥੇ ਹੜਤਾਲ ਸੀ। ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਚੌਥੇ ਦਿਨ ਵੀ ਆਪਣੀ ਹੜਤਾਲ ਜਾਰੀ ਰੱਖੀ। ਇਹ ਹੜਤਾਲ ਅਣਮਿੱਥੇ ਸਮੇਂ ਲਈ ਹੈ। ਉਦੋਂ ਤੱਕ ਜਦੋਂ ਤੱਕ ਸਰਕਾਰ ਮੰਗਾਂ ਨਹੀਂ ਮੰਨਦੀ। ਸਰਕਾਰ ਗੱਲਬਾਤ ਲਈ ਬੁਲਾਉਂਦੀ ਵੀ ਰਹੀ ਹੈ ਪਰ ਗੱਲ ਕਿਸੇ ਸਿਰੇ ਨਹੀਂ ਲੱਗਦੀ। ਲਾਰੇ ਲੱਪਿਆਂ ਅਤੇ ਡੰਗ ਟਪਾਊ ਨੀਤੀਆਂ ਕਾਰਨ ਇਹ ਕੱਚੇ ਮੁਲਾਜ਼ਮ ਜ਼ਿਆਦਾ ਰੋਹ ਵਿਚ ਹਨ।
ਪੰਜਾਬ ਦਾ ਇਹ ਅੰਦੋਲਨ ਹੁਣ ਹਰਿਆਣੇ ਤਕ ਫੈਲਣ ਲੱਗਿਆ ਹੈ। ਹਰਿਆਣਾ ਵਾਲੇ ਮੁਲਾਜ਼ਮ ਵੀ ਇਹਨਾਂ ਦੇ ਨਾਲ ਆ ਗਏ ਹਨ। ਮੀਟਿੰਗਾਂ ਦਾ ਸਿਲਸਿਲਾ ਹਰਿਆਣਾ ਵਿੱਚ ਵੀ ਸ਼ੁਰੂ ਹੈ। ਲੁਧਿਆਣਾ ਦੇ ਬਸ ਅੱਡੇ ਨੂੰ ਅੱਜ ਪੂਰੀ ਤਰ੍ਹਾਂ ਸੁੰਨਸਾਨ ਰੱਖਿਆ ਗਿਆ। ਸਿਰਫ ਮੁਜ਼ਾਹਰਾਕਾਰੀ ਕਾਫ਼ਿਲੇ ਸਨ ਜਾਂ ਫਿਰ ਨਾਅਰੇਬਾਜ਼ੀ ਦੀ ਆਵਾਜ਼ ਸੀ। ਪ੍ਰਾਈਵੇਟ ਬੱਸਾਂ ਵਾਲਿਆਂ ਨੂੰ ਅੱਜ ਅੱਡੇ ਵਿਚ ਨਹੀਂ ਵੜਨ ਦਿੱਤਾ ਗਿਆ। ਸਵਾਰੀਆਂ ਨੰ ਵੀ ਬਾਹਰੋਂ ਬਾਹਰ ਮੋੜ ਦਿੱਤਾ ਗਿਆ। ਇਸ ਨਾਲ ਜਿੱਥੇ ਸਵਾਰੀਆਂ ਦੀ ਖੱਜਲ ਖੁਆਰੀ ਹੋਈ ਉੱਥੇ ਬਸ ਅੱਡੇ ਦੇ ਅੰਦਰ ਸਮਾਂ ਵੇਚਣ ਵਾਲਿਆਂ ਨੂੰ ਵੀ ਕਾਫੀ ਘਾਟਾ ਪਿਆ।
No comments:
Post a Comment