Saturday, September 18, 2021

PCJU ਵੱਲੋਂ ‘ਮੌਜੂਦਾ ਦੌਰ ’ਚ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ’ਤੇ ਸੈਮੀਨਾਰ

 18th September 2021 at  10:22 PM

ਸਿਆਸਤਦਾਨ ਪਰਿਵਾਰਕ, ਵਪਾਰੀ ਅਤੇ ਦਰਬਾਰੀ ਹੋਏ-ਡਾ. ਗਰਗ 


ਲੁਧਿਆਣਾ: 18 ਸਤੰਬਰ  2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ):: 
ਮੁਦਤਾਂ ਮਗਰੋਂ ਲੁਧਿਆਣਾ ਵਿਚ ਕੋਈ ਅਜਿਹਾ ਮੀਡੀਆ ਪ੍ਰੋਗਰਾਮ ਹੋਇਆ ਹੈ ਜਿਸ ਵਿਚ ਨਾ ਕੋਈ ਸਰਕਾਰੀ ਸਰਪ੍ਰਸਤੀ ਸੀ ਤੇ ਹੀ ਕੋਈ ਸਰਕਾਰੀ ਮੰਤਰੀ ਜਾਂ ਅਧਿਕਾਰੀ ਖਾਸ ਮਹਿਮਾਨ ਸੀ। ਨਾ ਹੀ ਸੱਤਾ ਸਾਹਮਣੇ ਕੋਈ ਕਿਸੇ ਥਾਂ ਜਾਂ ਕਿਸੇ ਹੋਰ ਫਾਇਦੇ ਦੀ ਕੋਈ ਮੰਗ ਰੱਖੀ ਗਈ ਸੀ ਤੇ ਨਾਂ ਹੀ ਕਿਸੇ ਕਾਰਪੋਰੇਟੀ ਲੀਡਰ ਸਾਹਮਣੇ ਹੱਥ ਫੈਲਾਏ ਗਏ ਸਨ। ਸਿਰ ਉੱਚਾ ਚੁੱਕ ਕੇ, ਸਮਾਜ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਸ਼ੁੱਧ ਜਨਹਿੱਤ  ਦੇ ਮੁੱਦਿਆਂ ਦੀਆਂ ਗੱਲਾਂ ਕੀਤੀਆਂ ਗਈਆਂ ਸਨ ਅਤੇ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਦਾ ਡਟਵਾਂ ਸਾਹਮਣੇ ਕਰਨ ਬਾਰੇ ਚਰਚਾ ਹੋਈ ਸੀ।ਡਾਕਟਰ ਪਿਆਰੇ ਲਾਲ ਗਰਗ, ਪ੍ਰੋਫੈਸਰ ਜਗਮੋਹਨ ਸਿੰਘ ਅਤੇ ਬਲਵਿੰਦਰ ਜੰਮੂ ਵਰਗੀਆਂ ਸ਼ਖਸੀਅਤਾਂ ਨੇ ਮੀਡੀਆ ਵਿੱਚ ਆ ਰਹੇ ਨਿਘਾਰ ਵੱਲ ਧਿਆਨ ਦੁਆਇਆ ਅਤੇ ਇਖਲਾਕੀ ਬੁਲੰਦੀ ਵੱਲ ਧਿਆਨ ਦੇਣ ਦੀ ਗੱਲ ਤੇ ਵੀ ਜ਼ੋਰ ਦਿੱਤਾ। ਇਸਦੇ ਨਾਲ ਹੀ ਮੀਡੀਆ ਵਾਲਿਆਂ ਨੂੰ ਗੁਰ ਸਮਝਾਇਆ ਗਿਆ ਕਿ ਹਰ ਹੀਲੇ ਆਪਣੀ ਮੁਹਾਰਤ ਸੁਧਾਰਨੀ ਜ਼ਰੂਰੀ ਹੈ. ਕੰਮ ਤਾਂ ਇਸੇ ਨੇ ਹੀ ਦੇਣਾ ਹੈ। ਇਸਦੇ ਨਾਲ ਹੀ ਨਿਭਾਇਆ ਜਾ ਸਕੇਗਾ ਕਲਮ ਵਾਲਾ ਫਰਜ਼। ਸੈਮੀਨਾਰ ਵਿਚ ਮੀਡੀਆ ਅਤੇ ਸਮਾਜ ਤੇ ਵੱਧ ਰਹੀ ਕਾਰਪੋਰੇਟੀ ਜਕੜ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਗਈ।  

ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਵੱਲੋਂ ਲੁਧਿਆਣਾ ਵਿੱਚ ‘ਮੌਜੂਦਾ ਦੌਰ ’ਚ ਮੀਡੀਆ ਨੂੰ ਚੁਣੌਤੀਆਂ’ ਵਿਸ਼ੇ ’ਤੇ ਇੱਕ ਸੈਮੀਨਾਰ ਗੁਰੂ ਨਾਨਕ ਭਵਨ ਵਿਖੇ ‘ਸੰਵਾਦ’ ਦੇ ਰੂਪ ਵਿੱਚ ਕਰਵਾਇਆ ਗਿਆ। ਇਸ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰੇ ਲਾਲ ਗਰਗ ਅਤੇ ਉੱਘੇ ਚਿੰਤਕ ਪ੍ਰੋ. ਜਗਮੋਹਨ ਸਿੰਘ ਮੁੱਖ ਬੁਲਾਰਿਆਂ ਵਜੋਂ ਪਹੁੰਚੇ ਜਦਕਿ ਵਿਸ਼ੇਸ਼ ਮਹਿਮਾਨਾਂ ’ਚ ਇੰਡੀਅਨ ਜਰਨਲਿਸਟ ਯੂਨੀਅਨ ਦੇ ਸੈਕਟਰੀ ਜਨਰਲ ਬਲਵਿੰਦਰ ਜੰਮੂ, ਪੀਸੀਜੇਯੂ ਦੇ ਸੈਕਟਰੀ ਜੈ ਸਿੰਘ ਛਿੱਬੜ, ਮੈਡਮ ਬਿੰਦੂ ਸ਼ਾਮਿਲ ਹੋਏ। ਲੁਧਿਆਣਾ ਦੀ ਟੀਮ ਵੱਲੋਂ ਕੋਆਰਡੀਨੇਟਰ ਗਗਨਦੀਪ ਅਰੋੜਾ, ਸੰਤੋਖ ਗਿੱਲ ਅਤੇ ਅਮਰਪਾਲ ਨੇ ਸਾਰਿਆਂ ਨੂੰ ਬੜੇ ਹੀ ਮੋਹ ਨਾਲ ਨਿੱਘਾ ਜੀ ਆਇਆਂ ਆਖਿਆ। 

ਮੁੱਖ ਬੁਲਾਰੇ ਡਾ. ਪਿਆਰੇ ਲਾਲ ਗਰਗ ਨੇ ਕਿਹਾ ਕਿ ਅੱਜ ਦੇ ਪੱਤਰਕਾਰਾਂ ਨੂੰ ਅਨੇਕਾਂ ਹੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰਕਾਰ ਭਾਵੇਂ ਕਿਸੇ ਵੀ ਅਦਾਰੇ ਨਾਲ ਜੁੜਿਆ ਹੋਵੇ, ਉਸ ਨੂੰ ਲੋਕ ਹਿੱਤ ਵਾਲੇ ਮੁੱਦਿਆਂ ਨੂੰ ਉਭਾਰਨਾ ਚਾਹੀਦਾ ਹੈ। ਉਨ੍ਹਾਂ ਨੇ ਖਬਰ ਵਿੱਚ ਸਹੀ ਅਤੇ ਸਪੱਸ਼ਟ ਤੱਥ ਦੇਣ ਦੀ ਗੱਲ ਵੀ ਦੁਹਰਾਈ। ਉਹਨਾਂ ਕਿਹਾ ਕਿ ਬਿਨਾਂ ਕਿਸੇ ਧਰਮ, ਜਾਤ-ਪਾਤ ਦੇ ਪੱਤਰਕਾਰ ਨੂੰ ਆਪਣਾ ਕਲਮ ਦਾ ਧਰਮ ਨਿਭਾਉਣਾ ਚਾਹੀਦਾ ਹੈ। ਸਾਂਝਾ ਕਿਰਦਾਰ ਨਿਭਾਉਣ ’ਤੇ ਵੀ ਜ਼ੋਰ ਦਿੱਤਾ ਗਿਆ। ਮੌਜੂਦਾ ਸਮੇਂ ਇੱਕ ਪੱਤਰਕਾਰ ਨੂੰ ਖੁਦ ਆਪਣੇ ਇਸ ਪਾਕ ਪਵਿੱਤਰ ਕਿੱਤੇ ਦੀ ਮੁਹਾਰਤ ਹਾਸਿਲ ਕਰਨੀ ਪਵੇਗੀ ਤਾਂ ਹੀ ਉਹ ਆਪਣੀਆਂ ਲਿਖਤਾਂ ਰਾਹੀਂ ਵਧੀਆ ਮੁੱਦੇ ਉਭਾਰ ਕੇ ਲੋਕਾਂ ਨੂੰ ਜਾਗਰੂਕ ਕਰ ਸਕਦਾ ਹੈ। ਇਸ ਮੁਹਾਰਤ ਨੂੰ ਹਰ ਹੀਲੀ ਵਧਾਇਆ ਜਾਣਾ ਚਾਹੀਦਾ ਹੈ। 

ਡਾ. ਗਰਗ ਨੇ ਪੱਤਰਕਾਰਾਂ ਨੂੰ ਆਪਣੇ ਖੁਦ ਦੇ ਮੁੱਦੇ ਉਭਰਨ ਲਈ ਵੀ ਜੱਥੇਬੰਦ ਹੋਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਅੱਜ ਦੇ ਸਾਡੇ ਸਿਆਸਤਦਾਨ ਤਾਂ ਪਰਿਵਾਰਵਾਦ, ਵਪਾਰਕ ਅਤੇ ਦਰਬਾਰੀ ਹੋ ਗਏ ਹਨ। ਇਸ ਲਈ ਪੱਤਰਕਾਰਾਂ ’ਤੇ ਲੋਕ ਹਿੱਤ ਵਾਲਿਆਂ ਨੈਤਿਕ ਜ਼ਿੰਮੇਦਾਰੀਆਂ ਦਾ ਭਾਰ ਹੋਰ ਵਧ ਜਾਂਦਾ ਹੈ। ਸ੍ਰੀ ਜੰਮੂ ਨੇ ਕਿਹਾ ਕਿ ਮੌਜੂਦਾ ਸਮੇਂ ਮੀਡੀਆ ਦੋ ਵੱਡੇ ਕਾਰਪੋਰੇਟਾਂ ਦੇ ਹੱਥ ਵਿੱਚ ਸਿਮਟਦਾ ਜਾ ਰਿਹਾ ਹੈ। ਕਿਸਾਨੀ ਦਾ ਮੁੱਦਾ ਸਾਜਿਸ਼ ਦੇ ਤਹਿਤ ਦਿੱਲੀ ਦੇ ਵੱਡੇ ਮੀਡੀਏ ਵੱਲੋਂ ਦਬਾਇਆ ਜਾ ਰਿਹਾ ਹੈ। ਇਹ ਚਿੰਤਾਜਨਕ ਸਥਿਤੀ ਹੈ ਅਤੇ ਇਸ ਵੱਲ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। 

ਮੌਜੂਦਾ ਦੌਰ ਵਿੱਚ ਪੱਤਰਕਾਰੀ ਦੇ ਕਿੱਤੇ ਨੂੰ ਬੁਰੀ ਤਰ੍ਹਾਂ ਢਾਹ ਲੱਗੀ ਹੈ ਜਿਸ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਨੇ ਪੱਤਰਕਾਰਾਂ ਨੂੰ ਮੌਜੂਦਾ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਆਪਣੀਆਂ ਖਬਰਾਂ ਰਾਹੀਂ ਝੂਠ-ਸੱਚ ਦਾ ਨਿਤਾਰਾ ਕਰਦੇ ਰਹਿਣ ਲਈ ਵੀ ਪ੍ਰੇਰਿਤ ਕੀਤਾ। ਸ੍ਰੀ ਜੰਮੂ ਨੇ ਪਬਲਿਕ ਸੈਕਟਰ ਦੇ ਹੋ ਰਹੇ ਉਜਾੜੇ ਤੇ ਵੀ ਡੂੰਘੀ ਚਿੰਤਾ ਪ੍ਰਗਟਾਈ। 

ਪ੍ਰੋ. ਜਗਮੋਹਨ ਸਿੰਘ ਨੇ ਪੱਤਰਕਾਰਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੁੜ ਕੇ  ਠੀਕ-ਗਲਤ ਦੀ ਪਛਾਣ ਕਰਨ ਦਾ ਵੀ ਹੋਕਾ ਦਿੱਤਾ। ਜ਼ਿਕਰਯੋਗ ਹੈ ਕਿ ਪ੍ਰੋਫੈਸਰ ਜਗਮੋਹਨ ਸਿੰਘ ਜਿੱਥੇ ਅੱਜ ਦਾ ਦੌਰ ਦੀ ਤਕੰਨੀਕ ਨੂੰ ਚੰਗੀ ਤਰ੍ਹਾਂ ਜਾਣਦੇ ਸਮਝਦੇ ਹਨ ਉੱਥੇ ਹਰ ਮੀਡੀਆ ਅਦਾਰੇ ਅਤੇ ਪੱਤਰਕਾਰ ਦੀ ਅਸਲੀ ਅੰਦਰੂਨੀ ਹਕੀਕਤ ਤੋਂ ਵੀ ਚੰਗੀ ਤਰ੍ਹਾਂ ਜਾਣੂੰ ਹਨ। ਮੀਡੀਆ ਵਿੱਚ ਰੰਗ ਬਦਲਣ ਵਾਲਿਆਂ ਨੂੰ ਉਹ ਚੰਗੀ ਤਰ੍ਹਾਂ ਸਿਆਣਦੇ ਹਨ। ਉਨਾਂ ਨੇ ਦੇਸ਼ ਵਿੱਚ ਵਧੀ ਮਹਿੰਗਾਈ ਵਿੱਚ ਕਾਰਪੋਰੇਟ ਘਰਾਨਿਆਂ ਦਾ ਹੱਥ ਦੱਸਿਆ। ਇਸ ਮੌਕੇ ਸ੍ਰੀ ਛਿੱਬਰ ਅਤੇ ਮੈਡਮ ਬਿੰਦੂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। 

ਇਸ ਮੌਕੇ ਲੁਧਿਆਣਾ ਟੀਮ ਵੱਲੋਂ ਕੋਆਰਡੀਨੇਟਰ ਗਗਨਦੀਪ ਅਰੋੜਾ, ਅਮਰੀਕ ਸਿੰਘ ਬੱਤਰਾ, ਗੁਰਿੰਦਰ ਸਿੰਘ, ਵਰਿੰਦਰ ਰਾਣਾ, ਹਰਸ਼ਰਾਜ ਸਿੰਘ, ਨਿਖਿਲ ਭਾਰਦਵਾਜ, ਅਮਰਪਾਲ, ਹਰਸਿਮਰਨ ਸਿੰਘ, ਮੁਨੀਸ਼ ਸ਼ਰਮਾ, ਰਵਿੰਦਰ ਅਰੋੜਾ, ਸਤਵਿੰਦਰ ਸ਼ਰਮਾ, ਵਿਕਾਸ ਮਲਹੋਤਰਾ, ਦਿਲਬਾਗ ਦਿਨੇਸ਼, ਦਿਨੇਸ਼ ਕੁਮਾਰ, ਅਮਿਤ ਕੁਮਾਰ, ਅਰੁਨ ਕੁਮਾਰ, ਅਰੁਨ ਸਰੀਨ, ਹਿਮਾਂਸ਼ੂ ਮਹਾਜਨ, ਅਸ਼ਵਨੀ ਧੀਮਾਨ, ਰਾਜਬੀਰ ਬਖਸ਼ੀ, ਰਾਜੇਸ਼ ਭੱਟ, ਜੋਗਿੰਦਰ ਸਿੰਘ ਓਬਰਾਏ, ਦਵਿੰਦਰ ਸਿੰਘ ਜੱਗੀ, ਡੀਪੀਐਸ ਬੱਤਰਾ, ਅਮਨਪ੍ਰੀਤ ਚੌਹਾਨ ਆਦਿ ਵੀ ਸਮੇਤ ਹੋਰ ਕਈ ਅਖਬਾਰਾਂ ਦੇ ਇੰਚਾਰਜਾਂ ਅਤੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ। ਸੈਮੀਨਾਰ ਦੀ ਚਰਚਾ ਵੇਲੇ ਲੁਧਿਆਣਾ ਫੋਟੋ ਜਰਨਲਿਸਟ ਐਸੋਸੀਏਸ਼ਨ ਦੀ ਪੂਰੀ ਟੀਮ ਵੀ ਮੌਜੂਦ ਰਹੀ।

No comments: