Sunday 26th September 2021 at 7:06 PM
ਪੰਜਾਬ ਦੇ ਰਾਜਪਾਲ ਨੇ 15 ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸੰਹੁ ਚੁੱਕੇ ਜਾਨ ਤੋਂ ਬਾਅਦ ਸ਼ਿੱਦਤ ਨਾਲ ਉਡੀਕੀ ਜਾ ਰਹੀ ਨਵੀਂ ਕੈਬਨਿਟ ਨੇ ਸੰਹੁ ਚੁੱਕ ਲਈ ਹੈ। ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤ ਨੇ ਅੱਜ ਸੱਤ ਨਵੇਂ ਚੁਣੇ ਗਏ ਮੰਤਰੀਆਂ ਸਮੇਤ ਕੁੱਲ 15 ਕੈਬਨਿਟ ਮੰਤਰੀਆਂ ਨੂੰ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
ਪੰਜਾਬ ਰਾਜ ਭਵਨ ਵਿਖੇ ਹੋਏ ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ, ਉਪ ਮੁੱਖ ਮੰਤਰੀ ਸ੍ਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਸ੍ਰੀ ਓ.ਪੀ. ਸੋਨੀ ਵੀ ਮੌਜੂਦ ਰਹੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਭਵਨ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਸਕੱਤਰ ਸ੍ਰੀ ਅਨਿਰੁੱਧ ਤਿਵਾੜੀ ਨੇ ਸਹੁੰ ਚੁੱਕ ਸਮਾਗਮ ਦੀ ਕਾਰਵਾਈ ਦਾ ਸੰਚਾਲਨ ਕੀਤਾ।
ਪੰਜਾਬ ਦੇ ਲੋਕਾਂ ਨੇ ਇਸਨੂੰ ਫੇਸਬੁੱਕ ਤੇ ਵੀ ਨਾਲੋ ਨਾਲ ਦੇਖਿਆ। ਆਪੋ ਆਪਣੇ ਮੰਤਰੀਆਂ ਨੂੰ ਦੇਖ ਕੇ ਵੱਖ ਇਲਾਕਿਆਂ ਵਿੱਚ ਖੁਸ਼ੀ ਦੀ ਲਹਿਰ ਸੀ।
ਇਸ ਸਮਾਗਮ ਵਿੱਚ ਸੂਬੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਸਹੁੰ ਚੁੱਕਣ ਵਾਲੇ ਨਵੇਂ ਕੈਬਨਿਟ ਮੰਤਰੀਆਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਦੋਸਤ-ਮਿੱਤਰ ਸ਼ਾਮਲ ਹੋਏ। ਹੁਣ ਪੰਜਾਬ ਦੇ ਲੋਕਾਂ ਨੂੰ ਉਡੀਕ ਹੈ ਇਸ ਨਵੀਂ ਸਰਕਾਰ ਵੱਲੋਂ ਚੁੱਕੇ ਜਾਣ ਵਾਲੇ ਕਦਮਾਂ ਦੀ। ਆਪੋਜੀਸ਼ਨ ਦੇ ਨਾਲ ਨਾਲ ਸੂਬੇ ਦੀ ਸੱਤਾ ਧਿਰ ਵਾਲੀ ਪਾਰਟੀ ਦੇ ਬਹੁਤ ਸਾਰੇ ਮੈਂਬਰ ਵੀ ਇਸ ਗੱਲ ਤੇ ਨਜ਼ਰ ਲਗਾ ਕੇ ਬੈਠੇ ਹੋਏ ਹਨ ਹੁਣ ਇਸ ਸਰਕਾਰ ਵੱਲੋਂ ਕਿਹੜੇ ਕ੍ਰਿਸ਼ਮਾਈ ਕਦਮ ਚੁੱਕੇ ਜਾਣੇ ਹਨ ਜਿਹਨਾਂ ਨੇ ਪੰਜਾਬ ਦੀ ਨੁਹਾਰ ਬਦਲ ਦੇਣੀ ਹੈ ਅਤੇ ਨਾਲ ਚੋਣਾਂ ਦੇ ਨਤੀਜਿਆਂ ਦੀ ਸੰਭਾਵਨਾ ਵੀ।
ਇਸ ਸੰਹੁ ਚੁੱਕ ਸਮਾਗਮ ਦੇ ਨਾਲ ਹੀ ਉਹਨਾਂ ਆਗੂਆਂ ਦੀਆਂ ਨਾਰਾਜ਼ ਸੁਰਾਂ ਵੀ ਉੱਠਣ ਲੱਗ ਪਈਆਂ ਹਨ ਜਿਹਨਾਂ ਨੂੰ ਇਸ ਮੰਤਰੀ ਮੰਡਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹਰੀਸ਼ ਰਾਵਤ ਹੁਰਾਂ ਦਾ ਕਹਿਣਾ ਹੈ ਕਿ ਜਿਹਨਾਂ ਨੂੰ ਨਹੀਂ ਸ਼ਾਮਲ ਕੀਤਾ ਗਿਆ ਉਹਨਾਂ ਨੂੰ ਜਲਦੀ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ਵਿਹੁੱਚ ਸਨਮਾਨਿਤ ਅਹੁਦਿਆਂ ਤੇ ਅਡਜਸਟ ਕੀਤਾ ਜਾਵੇਗਾ। ਮੌਜੂਦਾ ਹਾਲਾਤ ਵਿੱਚ ਜਿਹੜਾ ਮੰਤਰੀਮੰਡਲ ਗਠਿਤ ਕੀਤਾ ਗਿਆ ਹੈ ਉਹ ਰਣਨੀਤੀ ਮੁਤਾਬਿਕ ਜ਼ਰੂਰੀ ਵੀ ਸੀ। ਨਵੇਂ ਚਿਹਰੇ ਵੀ ਅੱਗੇ ਲਿਆਉਣੇ ਸਨ ਅਤੇ ਖੇਤਰੀ ਸੰਤੁਲਨ ਵੀ ਕਾਇਮ ਰੱਖਣਾ ਸੀ। ਇਸ ਭਰੋਸੇ ਦੇ ਬਾਵਜੂਦ ਨਾਰਾਜ਼ਗੀ ਛੇਤੀ ਕੀਤੀਆਂ ਦੂਰ ਹੁੰਦੀ ਨਜ਼ਰ ਨਹੀਂ ਆ ਰਹੀ। ਹੁਣ ਦੇਖਣਾ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਨਾਲ ਕਿਵੇਂ ਨਜਿੱਠਦੇ ਹਨ। ਅਜੇ ਪੰਜਾਬ ਏਜੰਡੇ ਵਾਲੇ ਨੁਕਤਿਆਂ ਤੇ ਅਮਲ ਦੀ ਗੱਲ ਵੀ ਉੱਠਣੀ ਹੈ।


No comments:
Post a Comment