Sunday 26th Sep 2021 at 5:31 pm
ਤਿੰਨ ਸੋਸਾਇਟੀਆਂ ਵਿਚ ਲੱਗੇ ਜਿੰਮਾਂ ਦਾ ਵੀ ਕੀਤਾ ਉਦਘਾਟਨ
ਮੋਹਾਲੀ: 26 ਸੰਤਬਰ 2021: (ਗੁਰਜੀਤ ਬਿੱਲਾ//ਪੰਜਾਬ ਸਕਰੀਨ)::
ਚੰਨੀ ਸਰਕਾਰ ਦੀ ਵਜ਼ਾਰਤ ਵਿੱਚ ਸ਼ਾਮਲ ਨਾ ਕੀਤੇ ਜਾਣ ਤੇ ਭਰੇ ਦਿਲ ਨਾਲ ਰੋਸ ਦਾ ਪ੍ਰਗਟਾਵਾ ਕਰਨ ਮਗਰੋਂ ਮੋਹਾਲੀ ਦੇ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਇੱਕ ਵਾਰ ਫੇਰ ਲੋਕਾਂ ਵਿੱਚ ਸਰਗਰਮ ਹੋ ਗਏ ਹਨ।ਉਹਨਾਂ ਨੇ ਅਹੁਦਾ ਛੱਡਣ ਤੋਂ ਬਾਅਦ ਵੀ ਵਿਕਾਸ ਦਾ ਦਾਮਨ ਨਹੀਂ ਛੱਡਿਆ। ਲੋਕਾਂ ਨਾਲ ਆਪਣਾ ਰਾਬਤਾ ਲਗਾਤਾਰ ਮਜ਼ਬੂਤ ਕਰਨ ਵਿੱਚ ਰੁਝੇ ਹੋਏ ਹਨ ਬਲਬੀਰ ਸਿੰਘ ਸਿੱਧੂ।
ਅੱਜ ਸਾਰਾ ਦਿਨ ਮੋਹਾਲੀ ਵਿੱਚ ਬਲਬੀਰ ਸਿੰਘ ਸਿੱਧੂ ਨੇ ਵੱਖ ਵੱਖ ਇਲਾਕਿਆਂ ਦੇ ਲੋਕਾਂ ਨਾਲ ਅਤੇ ਲੋਕਾਂ ਦੇ ਵਿਚਕਾਰ ਹੀ ਬਿਤਾਇਆ ਅਤੇ ਜਿੱਥੇ ਕਈ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ ਉਥੇ ਵੱਖ ਵੱਖ ਇਲਾਕਿਆਂ ਵਿੱਚ ਲਗਪਗ 18 ਲੱਖ ਤੇ ਗਰਾਂਟਾਂ ਦੇ ਚੈੱਕ ਵੀ ਵੰਡੇ। ਇਸ ਮੌਕੇ ਤੇ ਮੰਤਰੀ ਨੇ ਸਪੱਸ਼ਟ ਕਿਹਾ ਕਿ ਲੋਕਾਂ ਦਾ ਪਿਆਰ ਅਤੇ ਵਿਸ਼ਵਾਸ ਹੀ ਉਨ੍ਹਾਂ ਦੀ ਅਸਲੀ ਤਾਕਤ ਅਤੇ ਸ਼ਕਤੀ ਹੈ ਇਸ ਲਈ ਉਹ ਇਲਾਕੇ ਦੇ ਵਿਧਾਇਕ ਵਜੋਂ ਸਰਕਾਰ ਨਾਲ ਤਾਲਮੇਲ ਕਰਕੇ ਲਗਾਤਾਰ ਵਿਕਾਸ ਕਾਰਜ ਕਰਵਾਉਂਦੇ ਰਹਿਣਗੇ।
ਮੋਹਾਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਵਿਧਾਇਕ ਸਿੱਧੂ ਦੀ ਰਹਿਨੁਮਾਈ ਹੇਠ ਨਗਰ ਨਿਗਮ ਵਲੋਂ ਮੋਹਾਲੀ ਦੀਆਂ ਸੁਸਾਇਟੀਆਂ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਦੇ ਤਹਿਤ ਤਿੰਨ ਸੁਸਾਇਟੀਆਂ ਵਿੱਚ ਓਪਨ ਏਅਰ ਜਿਮ ਵੀ ਲਗਾਏ ਗਏ ਹਨ ਜਿਨ੍ਹਾਂ ਦਾ ਉਦਘਾਟਨ ਸਾਬਕਾ ਸਿਹਤ ਮੰਤਰੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਹ ਤਿੰਨ ਓਪਨ ਏਅਰ ਜਿਮ ਫੇਜ਼ 2 ਦੀ ਜੋਗਿੰਦਰ ਵਿਹਾਰ ਸੁਸਾਇਟੀ, ਫੇਜ਼ 10 ਦੀ ਹਾਊਸਫੈੱਡ ਸੁਸਾਇਟੀ ਅਤੇ ਸੈਕਟਰ 67 ਦੀ ਸੁਸਾਇਟੀ ਵਿੱਚ ਲਗਾਏ ਗਏ ਹਨ। ਇਸ ਤੋਂ ਇਲਾਵਾ ਸੜਕਾਂ ਤੇ ਪ੍ਰੀਮਿਕਸ ਅਤੇ ਪੇਵਰ ਬਲਾਕਾਂ ਦੇ ਕੰਮ ਦਾ ਉਦਘਾਟਨ ਵੀ ਸਿਹਤ ਮੰਤਰੀ ਨੇ ਵੱਖ ਵੱਖ ਇਲਾਕਿਆਂ ਵਿਚ ਕੀਤਾ।
ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਾਵੇਂ ਉਹ ਅੱਜ ਮੰਤਰੀ ਨਹੀਂ ਹਨ ਪਰ ਮੋਹਾਲੀ ਦੇ ਲੋਕ ਉਨ੍ਹਾਂ ਦੀ ਤਾਕਤ ਹਨ ਕਿਉਂਕਿ ਇਲਾਕੇ ਦੇ ਲੋਕਾਂ ਨੇ ਹੀ ਲਗਾਤਾਰ ਤਿੰਨ ਵਾਰ ਉਨ੍ਹਾਂ ਨੂੰ ਵਿਧਾਇਕ ਬਣਾ ਕੇ ਮਾਣ ਬਖਸ਼ਿਆ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਦੀ ਨਗਰ ਨਿਗਮ ਦਿਨ ਰਾਤ ਇੱਕ ਕਰਕੇ ਮੁਹਾਲੀ ਦੇ ਵਿੱਚ ਲਗਾਤਾਰ ਵਿਕਾਸ ਕਾਰਜ ਕਰਵਾਉਂਦੀ ਰਹੇਗੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਹਾਲਤ ਵਿਚ ਮੋਹਾਲੀ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦੇਣਗੇ। ਇਸ ਮੌਕੇ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਵੱਖ ਵੱਖ ਇਲਾਕਿਆਂ ਦੇ ਕੌਂਸਲਰ, ਕਾਂਗਰਸੀ ਆਗੂ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ।

No comments:
Post a Comment