Wednesday: 7th July 2021 at 10:50 AM
ਸੁਖੀ ਜੀਵਨ ਮਾਣਨ ਲਈ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਸਮਝਣ ਦੀ ਲੋੜ
ਅਮਰੀਕਾ ਤੋਂ ਵੀਡੀਓ ਸੁਨੇਹਾ: 7 ਜੁਲਾਈ 2021: (ਅਰਾਧਨਾ ਟਾਈਮਜ਼//ਪੰਜਾਬ ਸਕਰੀਨ)::
ਹਾਲ ਹੀ ਵਿੱਚ ਜਿੱਥੇ ਕੋਰੋਨਾ ਦੀ ਮਾਰ ਵਾਲੀਆਂ ਖਬਰਾਂ ਨੇ ਡਰਾਇਆ ਹੋਇਆ ਸੀ ਉੱਥੇ ਹੋਰ ਖਬਰਾਂ ਵੀ ਘੱਟ ਖਤਰਨਾਕ ਨਹੀਂ ਸਨ। ਕਿਧਰੇ ਪਤਨੀ ਨੇ ਪਤੀ ਦਾ ਕਤਲ ਕਰ ਜਾਂ ਕਰਵਾ ਦਿੱਤਾ ਤੇ ਕਿਧਰੇ ਪਤੀ ਨੇ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਭਾਰਤੀ ਸੰਸਕ੍ਰਿਤੀ ਵਿੱਚ ਪਤੀ ਪਤਨੀ ਦਾ ਰਿਸ਼ਤਾ ਸੱਤਾਂ ਜਨਮਾਂ ਦਾ ਸੰਬੰਧ ਗਿਣਿਆ ਜਾਂਦਾ ਹੈ। ਪਤਨੀ ਨੂੰ ਕਿਸੇ ਦੂਜੇ ਘਰੋਂ ਆਈ ਕੋਈ ਬੇਗਾਨੀ ਔਰਤ ਨਹੀਂ ਬਲਕਿ ਅਰਧਾਂਗਨੀ ਗਿਣਿਆ ਜਾਂਦਾ ਹੈ। ਬਹੂ ਅਰਥਾਤ ਨੂੰਹ ਨੂੰ ਘਰ ਦੀ ਲਕਸ਼ਮੀ ਆਖਿਆ ਜਾਂਦਾ ਹੈ। ਇਸਦੇ ਬਾਵਜੂਦ ਮਾੜੀਆਂ ਖਬਰਾਂ ਨਹੀਂ ਰੁਕੀਆਂ।
ਪਿਛਲੇ ਕੁਝ ਅਰਸੇ ਤੋਂ ਵਾਪਰੀਆਂ ਇਹਨਾਂ ਮੰਦਭਾਗੀਆਂ ਅਤੇ ਹਿਰਦੇਵੇਧਕ ਘਟਨਾਵਾਂ ਨੇ ਭਾਰਤੀ ਸੰਸਕ੍ਰਿਤੀ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਇਸਦੇ ਬਾਵਜੂਦ ਅਜੇ ਵੀ ਵਿਆਹ ਨਾਮ ਦੀ ਇਹ ਸੰਸਥਾ ਚੱਲ ਰਹੀ ਹੈ ਤਾਂ ਇਹ ਇਸਦਾ ਕੋਈ ਨ ਕੋਈ ਠੋਸ ਅਧਾਰ ਜ਼ਰੂਰ ਹੈ।
ਭਾਰਤੀ ਸੰਸਕ੍ਰਿਤੀ ਦੇ ਇਹਨਾਂ ਠੋਸ ਆਧਾਰਾਂ ਨੂੰ ਸਾਹਮਣੇ ਰੱਖ ਕੇ ਹੀ ਨਾਮਧਾਰੀ ਮੁਖੀ ਠਾਕੁਰ ਦਲੀਪ ਸਿੰਘ ਹੁਰਾਂ ਨੇ ਵਿਆਹਾਂ ਮਗਰੋਂ ਆ ਰਹੇ ਵਿਗਾੜਾਂ ਨੂੰ ਰੋਕਣ ਦੀਆਂ ਜੁਗਤਾਂ ਦੱਸੀਆਂ ਹਨ। ਇਸ ਜ਼ਿੰਦਗੀ ਨੂੰ ਸਫਲ ਅਤੇ ਅਨੰਦਮਈ ਬਣਾਉਣ ਦੇ ਗੁਰ ਸਮਝਾਏ ਹਨ। ਇਸ ਸਬੰਧੀ ਪਾਏ ਜਾਂਦੇ ਬਹੁਤ ਸਾਰੇ ਵਹਿਮਾਂ ਭਰਮਾਂ ਨੂੰ ਦੂਰ ਕੀਤਾ ਹੈ ਅਤੇ ਪ੍ਰੇਮ ਵਿਆਹਾਂ ਨੂੰ ਸਮਰਥਨ ਵੀ ਦਿੱਤਾ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ ਜਿਸਦਾ ਦੁਨੀਆ ਭਰ ਵਿਚ ਸੁਆਗਤ ਹੋਣ ਲੱਗ ਪਿਆ ਹੈ।
ਨਾਮਧਾਰੀ ਸੰਪਰਦਾਇ ਦੇ ਮੁਖੀ ਠਾਕੁਰ ਦਲੀਪ ਸਿੰਘ ਜੀ ਨੇ ਵਿਆਹ ਦੇ ਪਵਿੱਤਰ ਰਿਸ਼ਤੇ ਨੂੰ ਨਿਭਾਉਂਦਿਆਂ ਸੁਖੀ ਜੀਵਨ ਮਾਣਨ ਦੀ ਸਿੱਖਿਆ ਦਿੱਤੀ ਹੈ। ਆਪਣੇ ਵੀਡੀਓ ਸੁਨੇਹੇ ਵਿਚ ਉਨ੍ਹਾਂ ਕਿਹਾ ਹੈ ਕਿ ਵਿਆਹ ਤਾਂ ਹੀ ਕਰਵਾਉਣਾ ਚਾਹੀਦਾ ਹੈ ਜੇਕਰ ਵਿਆਹ ਨਿਭਾਉਣ ਦੀ ਜਾਚ ਹੋਵੇ। ਪਤੀ-ਪਤਨੀ ਨੂੰ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਇਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਿਵੇਂ ਕਰਨੀ ਹੈ, ਇਕ ਦੂਜੇ ਨੂੰ ਖੁਸ਼ ਕਿਵੇਂ ਰੱਖਣਾ ਹੈ?
ਉਹੀ ਏ ਪ੍ਰੀਤ ਜਿਹੜੀ ਨਿਭਦੀ ਅਖੀਰ ਤੱਕ |
ਠਾਕੁਰ ਦਲੀਪ ਸਿੰਘ ਜੀ ਨੇ ਪ੍ਰੇਮ ਵਿਆਹ ਸਬੰਧੀ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਪ੍ਰੇਮ ਵਿਆਹ ਗਲਤ ਨਹੀਂ। ਸਾਡੇ ਇਤਿਹਾਸ ਵਿਚ ਅਜਿਹੀਆਂ ਅਨੇਕਾਂ ਮਿਸਾਲਾਂ ਮੌਜੂਦ ਹਨ ਜਿੱਥੇ ਸਾਡੀਆਂ ਮਾਣਯੋਗ ਹਸਤੀਆਂ ਨੇ ਸਮਾਜਿਕ ਬੰਧਨ ਤੋਂ ਬਿਨਾ ਆਪਣੇ ਜੀਵਨ ਸਾਥੀ ਦੀ ਚੋਣ ਕਰ ਕੇ ਸਫਲ ਜੀਵਨ ਬਤੀਤ ਕੀਤਾ ਹੈ। ਉਨ੍ਹਾਂ ਇਸ ਸਬੰਧ ਵਿਚ ਭਗਵਾਨ ਕ੍ਰਿਸ਼ਨ ਅਤੇ ਰਾਜਾ ਭਰਤ ਦੇ ਮਾਤਾ ਪਿਤਾ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਉਨ੍ਹਾਂ ਵੀ ਪ੍ਰੇਮ ਵਿਆਹ ਕੀਤੇ ਸਨ।
ਉਨ੍ਹਾਂ ਕਿਹਾ ਕਿ ਅਸਲ ਵਿਚ ਪ੍ਰੇਮ ਵਿਆਹ ਕੋਈ ਮਾੜੀ ਗੱਲ ਨਹੀਂ ਪਰ ਅਸੀਂ ਉਸ ਨੂੰ ਗਲਤ ਬਣਾ ਲਿਆ ਹੈ। ਪ੍ਰੇਮ ਵਿਆਹ ਨੂੰ ਗਲਤ ਦਰਸਾਉਣ ਲਈ ਸਮਾਜ ਨੇ ਬੜਾ ਵੱਡਾ ਰੋਲ ਅਦਾ ਕੀਤਾ ਹੈ ਅਤੇ ਸਮਾਜ ਨੇ ਪ੍ਰੇਮ ਵਿਆਹ ਸਬੰਧੀ ਭੰਡੀ ਪ੍ਰਚਾਰ ਕਰ ਕੇ ਸਾਡੇ ਮਨਾਂ ਵਿਚ ਗਲਤ ਧਾਰਨਾ ਬਣਾ ਦਿੱਤੀ ਹੈ।
ਪੁਰਾਣੀ ਪੀੜ੍ਹੀ ਦੇ ਨਾਲ ਨਾਲ ਨਵੀਂ ਪੀੜ੍ਹੀ ਵਿੱਚ ਵੀ ਠਾਕੁਰ ਜੀ ਦੇ ਇਸ ਬਿਆਨ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਇਸ ਨਾਲ ਜਿੱਥੇ ਸਾਦਗੀ ਭਰੇ ਵਿਆਹਾਂ ਦੀ ਰਵਾਇਤ ਨੂੰ ਹੋਰ ਹੁਲਾਰਾ ਮਿਲੇਗਾ ਉੱਥੇ ਵਿਆਹ ਨਾਮ ਦੀ ਸੰਸਥਾ ਹੋਰ ਮਜ਼ਬੂਤ ਹੋ ਕੇ ਭਰੇਗੀ। ਉਹ ਜਿਹੜੀ ਭਾਵਨਾ ਹੈ ਨ--ਪੋਥੀ ਪੜ੍ਹ ਪੜ੍ਹ ਜਗ ਮੂਆ,
ਪੰਡਿਤ ਭਇਆ ਨ ਕੋਇ !
ਢਾਈ ਆਖਰ ਪ੍ਰੇਮ ਕੇ ਪੜ੍ਹੇ ਸੁ ਪੰਡਿਤ ਹੋਏ!
ਉਹ ਭਾਵਨਾ ਠਾਕੁਰ ਜੀ ਦੇ ਇਸ ਨਵੇਂ ਬਿਆਨ ਨਾਲ ਹੋਰ ਮਜ਼ਬੂਤ ਹੋਣ ਵਾਲਾ ਜ਼ੋਰ ਫੜ੍ਹਨ ਲੱਗ ਪਈ ਹੈ। ਪ੍ਰੇਮ ਸਿਖਾਉਣ ਦੀ ਗੱਲ ਕਰਕੇ ਠਾਕੁਰ ਜੀ ਨੇ ਸਾਰੇ ਧਰਮਾਂ ਦੇ ਨਿਚੋੜ ਦਾ ਸਾਰ ਤੱਤ ਸਾਡੇ ਸਾਹਮਣੇ ਲਿਆ ਰੱਖਿਆ ਹੈ। ਔਰਤਾਂ ਨੂੰ ਅੰਮ੍ਰਿਤ ਛਕਾਉਣ, ਸਭਨਾਂ ਨਾਮਧਾਰੀਂ ਨੂੰ ਸਤਿ ਸ੍ਰੀ ਅਕਾਲ ਅਤੇ ਗੁਰ ਫਤਹਿ ਵਾਲਾ ਜੈਕਾਰਾ ਬੁਲਵਾਉਣ, ਵੱਡੀ ਸ੍ਰੀ ਸਾਹਿਬ ਹੱਥਾਂ ਵਿੱਚ ਫੜ੍ਹਨ ਅਤੇ ਹੁਣ ਪ੍ਰੇਮ ਦੀ ਗੱਲ ਕਰਕੇ ਠਾਕੁਰ ਜੀ ਨੇ ਨਵਾਂ ਕ੍ਰਾਂਤੀਕਾਰੀ ਕਦਮ ਚੁੱਕਿਆ ਹੈ। ਦੁਨੀਆ ਭਰ ਦੇ ਲੋਕਾਂ ਵਿੱਚ ਇਸ ਬਿਆਨ ਦੀ ਚਰਚਾ ਸ਼ੁਰੂ ਹੋ ਚੁੱਕੀ ਹੈ। ਜਦੋਂ ਕੁਝ ਲੋਕ ਸਿਰਫ ਨਫਰਤਾਂ ਫੈਲਾਉਣ ਲੱਗੇ ਹੋਏ ਹਨ ਉਦੋਂ ਪ੍ਰੇਮ ਦਾ ਇਹ ਸੁਨੇਹਾ ਇੱਕ ਬਹੁਤ ਵੱਡੀ ਗੱਲ ਹੈ। ਵਿਆਹ ਆਖ਼ਿਰੀ ਸਾਹਾਂ ਤੀਕ ਖੁਸ਼ੀਆਂ ਭਰੇ ਰਹਿਣ ਇਸਦੀ ਜ਼ਰੂਰਤ ਹੁਣ ਪਹਿਲਾਂ ਅਲੋਂ ਕੀਤੇ ਜ਼ਿਆਦਾ ਵੱਧ ਹੈ। ਪੂਰੀ ਦੁਨੀਆ ਵਿਚ ਇਸਦੀ ਲੋੜ ਹੈ। ਇਸਤਰੀ ਨੂੰ ਵਸਤੂ ਨਹੀਂ ਅਰਧਾਂਗਨੀ ਸਮਝਣਾ ਫਿਰ ਜ਼ਰੂਰੀ ਹੋ ਗਿਆ ਹੈ। ਇਹ ਬੜੀ ਵੱਡੀ ਗੱਲ ਹੈ ਕਿ ਵਿਦੇਸ਼ੀ ਲੋਕ ਤਾਂ ਭਾਰਤੀ ਸੰਸਕ੍ਰਿਤੀ ਨੂੰ ਸਲਾਮ ਕਰਦੇ ਹੋਏ ਆਖ਼ਿਰੀ ਸਾਹਾਂ ਤੀਕ ਨਿਭਾਉਣ ਵਾਲੇ ਪਾਸੇ ਤੁਰ ਰਹੇ ਹਨ ਅਤੇ ਖੁਦ ਅਸੀਂ ਭਾਰਤੀਆਂ ਨੇ ਇਸ ਪਾਵਨ ਪਵਿੱਤਰ ਰਿਸ਼ਤੇ ਨੂੰ ਮਜ਼ਾਕ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਵਿਆਹ ਮਗਰੋਂ ਪ੍ਰੀਤ ਸਿਰਫ ਜੁਆਨੀ ਵਾਲੇ ਚਾਰ ਦਿਨਾਂ ਦੀ ਕਹਾਣੀ ਨਹੀਂ ਹੁੰਦੀ ਬਲਕਿ ਬੁਢਾਪੇ ਦੇ ਦੁੱਖਾਂ ਨੂੰ ਵੀ ਸਾਂਝਿਆਂ ਕਰਨ ਦਾ ਉਪਦੇਸ਼ ਦੇਂਦੀ ਹੈ। ਇਹੀ ਹੁੰਦਾ ਹੈ ਸੱਤਾਂ ਜਨਮਾਂ ਵਾਲਾ ਰਿਸ਼ਤਾ। ਇਹੀ ਸੁਨੇਹਾ ਲੈ ਕੇ ਜਾਣਾ ਹੈ ਆਪਾਂ ਭਾਰਤੀਆਂ ਨੇ ਸਾਰੀ ਦੁਨੀਆ ਵਿੱਚ। ਠਾਕੁਰ ਜੀ ਪਰਿਵਾਰਿਕ ਦੁੱਖਾਂ ਕਲੇਸ਼ਾਂ ਨੂੰ ਦੂਰ ਕਰਨ ਵਾਲੇ ਗੁਰ ਵੀ ਸਮਝਾਏ ਹਨ। ਇਸ ਲਈ ਦੇਖ ਸਕਦੇ ਹੋ ਹੇਠਾਂ ਦਿੱਤੀ ਵੀਡੀਓ।
No comments:
Post a Comment