Wednesday: 14th July 2021 at 5:58 PM
ਸ੍ਰ:ਢੀਂਡਸਾ ਨੇ ਕੇਜਰੀਵਾਲ ਨੂੰ ਲਿਖਿਆ ਇਸ ਮਕਸਦ ਲਈ ਵਿਸ਼ੇਸ਼ ਪੱਤਰ
ਨਵੀਂ ਦਿੱਲੀ: 14 ਜੁਲਾਈ 2021 (ਮਨਪ੍ਰੀਤ ਸਿੰਘ ਖਾਲਸਾ//ਪੰਜਾਬ ਸਕਰੀਨ)::
ਧਾਰਮਿਕ ਪ੍ਰਬੰਧਾਂ ਨੂੰ ਆਪਣੇ ਹੱਥਾਂ ਵਿੱਚ ਲੈਣ ਲਈ ਧਾਰਮਿਕ ਵਿਅਕਤੀਆਂ ਸਿਆਸੀ ਲੋਕ ਹਮੇਸ਼ਾਂ ਹੀ ਜ਼ਿਆਦਾ ਉਤਸੁਕ ਵੀ ਰਹਿੰਦੇ ਹਨ ਅਤੇ ਕਾਹਲੇ ਵੀ। ਗੱਲ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇ ਤੇ ਭਾਵੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਮਾਮਲੇ ਵਿਹੁੱਚ ਸਿਆਸਤ ਹਮੇਸ਼ਾਂ ਹੀ ਗਰਮ ਰਹੀ ਹੈ। ਹੁਣ ਇਸ ਮੁੱਦੇ ਨੂੰ ਚੁੱਕਿਆ ਹੈ ਸੀਨੀਅਰ ਅਕਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਨੇ ਜਿਹਨਾਂ ਨੇ ਅਕਾਲੀ ਸਿਆਸਤ ਵਿੱਚ ਪਿਛਲੇ ਕੁਝ ਅਰਸੇ ਤੋਂ ਖੜਕੇ ਦੜਕੇ ਵਾਲੀ ਸੁਰ ਬੁਲੰਦ ਕੀਤੀ ਹੋਈ ਹੈ। ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਖਾਸ ਪੱਤਰ ਲਿਖਿਆ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਉਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਜਲਦੀ ਕਰਵਾਉਣ। ਸਰਦਾਰ ਢੀਂਡਸਾ ਦੇ ਪੱਤਰ ਦਾ ਅਸਰ ਕੀ ਕੀ ਇਸ ਬਾਰੇ ਕੁਝ ਦੱਸਣ ਦੀ ਕੋਈ ਲੋੜ ਨਹੀਂ। ਸਮਝਦਾਤਾਂ ਨੂੰ ਇਸ਼ਾਰਾ ਕਾਫੀ ਹੁੰਦਾ ਹੈ।
ਕੋਰੋਨਾ ਮਾਹਾਂਮਾਰੀ ਦੀ ਵਜ੍ਹਾ ਨਾਲ ਦੋ ਵਾਰ ਮੁਲਤਵੀ ਹੋ ਚੁਕੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਦੀਆਂ ਚੋਣਾਂ ਜਲਦ ਕਰਵਾਉਣ ਦੀ ਮੰਗ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦਰ ਕੇਜਰੀਵਾਲ ਨੂੰ ਪੱਤਰ ਲਿਖਿਆ ਹੈ।
ਸ: ਢੀਂਡਸਾ ਨੇ ਪੱਤਰ ਵਿੱਚ ਕਿਹਾ ਹੈ ਕਿ ਡੀਐੱਸਜੀਐੱਮਸੀ ਦੀਆਂ ਚੋਣਾਂ 25 ਅਪ੍ਰੈਲ ਨੂੰ ਹੋਣੀਆਂ ਸਨ ਪਰ ਕੋਰੋਨਾ ਮਹਾਂਮਾਰੀ ਦੇ ਚੱਲਦੇ ਇਨ੍ਹਾਂ ਚੋਣਾਂ ਨੂੰ ਮੁਲਤਵੀ ਕਰਕੇ ਅਗਲੀ ਚੋਣਾਂ ਲਈ 18 ਜੁਲਾਈ 2021 ਦਾ ਦਿਨ ਤੈਅ ਕੀਤਾ ਗਿਆ ਸੀ। ਇਸ ਉਪਰੰਤ ਸਰਕਾਰ ਵੱਲੋਂ ਜਾਰੀ ਲਾਕਡਾਉਨ ਦੇ ਆਦੇਸ਼ਾਂ ਅਤੇ ਕੋਰੋਨਾ ਦੇ ਮਾਮਲਿਆਂ ਦੀ ਵੱਧਦੀ ਗਿਣਤੀ ਨੂੰ ਵੇਖਦੇ ਹੋਏ ਇਹ ਚੋਣਾਂ ਮੁੜ ਮੁਲਤਵੀ ਕਰ ਦਿੱਤੀਆਂ ਗਈਆਂ ਸਨ।
ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਹੁਣ ਜਦੋਂ ਦਿੱਲੀ ਸਣੇ ਸਮੁੱਚੇ ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ ਅਤੇ ਹਾਲਾਤ ਕਾਫ਼ੀ ਹੱਦ ਤੱਕ ਸੁਧਰ ਚੁੱਕੇ ਹਨ ਅਜਿਹੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਦਾ ਇਹ ਢੁਕਵਾਂ ਸਮਾਂ ਹੈ। ਸ: ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਬਾਦਲ ਧਿਰ ਨੂੰ ਛੱਡ ਕੇ ਇਸ ਸਬੰਧ ਵਿੱਚ ਹਰੇਕ ਨਾਲ ਗੱਲਬਾਤ ਹੋ ਚੁੱਕੀ ਹੈ ਅਤੇ ਸਾਰੀਆਂ ਧਿਰਾਂ ਚੋਣਾਂ ਕਰਵਾਉਣ ਦੇ ਹੱਕ ਵਿੱਚ ਹਨ। ਸ: ਢੀਂਡਸਾ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਦੀ ਗੁਲਕ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਕਰਕੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਪਹਿਲ ਦੇ ਅਧਾਰ `ਤੇ ਇਸ ਸਬੰਧੀ ਜਰੂਰੀ ਪ੍ਰਕਿਰੀਆ ਪੂਰੀ ਕਰਕੇ ਚੋਣਾਂ ਛੇਤੀ ਕਰਵਾਉਣ ਲਈ ਸਬੰਧਤ ਅਥਾਰਟੀ ਨੂੰ ਨਿਰਦੇਸ਼ ਜਾਰੀ ਕਰਨ।
ਹੁਣ ਦੇਖਣਾ ਹੈ ਕਿ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਸਬੰਧੀ ਕਦੋਂ ਕੋਈ ਫੈਸਲਾ ਲੈਂਦੇ ਹਨ ਅਤੇ ਕਦੋਂ ਕੋਈ ਠੋਸ ਕਦਮ ਚੁੱਕਦੇ ਹਨ। ਨਿਸਚੇ ਹੀ ਇਸਦਾ ਅਸਰ ਪੰਜਾਬ ਦੀ ਸਿਆਸਤ ਤੇ ਵੀ ਪੈਣ ਦੀ ਸੰਭਾਵਨਾ ਹੈ।
No comments:
Post a Comment