Tuesday 13th July 2021 at 4:56 PM
ਲੁਧਿਆਣਾ ਦੇ ਚਰਚਿਤ ਦਵਾ ਵਿਗਿਆਨੀ ਹਨ ਡਾਕਟਰ ਬੀ ਐਸ ਔਲਖ
ਸਟਰਗਲ, ਸਟਰਗਲ ਅਤੇ ਲਗਾਤਾਰ ਸਟਰਗਲ ਮਗਰੋਂ ਜਿਹੜੀਆਂ ਉਚਾਈਆਂ ਡਾਕਟਰ ਬੀ ਐਸ ਔਲਖ ਨੇ ਛੂਹੀਆਂ ਹਨ ਉਹਨਾਂ ਸਾਰੀਆਂ ਪ੍ਰਾਪਤੀਆਂ ਦੀਆਂ ਵੱਖਰੀਆਂ ਵੱਖਰੀਆਂ ਅਤੇ ਸੱਚੀਆਂ ਕਹਾਣੀਆਂ ਹਨ ਜਿਹਨਾਂ ਦੀ ਚਰਚਾ ਅਸੀਂ ਨੇੜ ਭਵਿੱਖ ਵਿੱਚ ਕਿਸੇ ਅਲਗ ਪੋਸਟ ਵਿੱਚ ਕਰਾਂਗੇ ਫਿਲਹਾਲ ਗੱਲ ਉਸ ਦਾਅਵੇ ਦੀ ਜਿਹੜਾ ਡਾਕਟਰ ਔਲਖ ਨੇ ਅੱਜ ਮੀਡੀਆ ਸਾਹਮਣੇ ਕੀਤਾ।
ਇਹ ਪ੍ਰੈਸ ਕਾਨਫਰੰਸ ਸਲੇਮ ਟਾਬਰੀ ਵਿੱਚ ਸਥਿਤ ਪ੍ਰਸਿੱਧ ਡਾਕਟਰ ਇੰਦਰਜੀਤ ਢੀਂਗੜਾ ਦੀ ਅਗਵਾਈ ਹੇਠਾਂ ਚੱਲਦੇ ਸੂਈਆਂ ਵਾਲੇ ਹਸਪਤਾਲ ਵਿਚ ਕੀਤੀ ਗਈ। ਇਸਨੂੰ ਸੂਈਆਂ ਵਾਲਾ ਹਸਪਤਾਲ ਇਸ ਲਈ ਆਖਿਆ ਜਾਂਦਾ ਹੈ ਕਿਓਂਕਿ ਇਹ ਆਕੂਪੰਕਚਰ ਸਿਸਟਮ ਵਾਲਾ ਹਸਪਤਾਲ ਹੈ। ਇਥੇ ਬਲੱਡ ਡੋਨੇਸ਼ਨ ਕੈਂਪ ਅਤੇ ਨਸ਼ਾ ਛੁਡਾਊ ਮੁਹਿੰਮਾਂ ਦਾ ਵੀ ਬਹੁਤ ਜ਼ਬਰਦਸਤ ਰਿਕਾਰਡ ਰਿਹਾ ਹੈ। ਵਿਗਿਆਨ ਏਟ ਅਧਿਆਤਮਵਾਦ ਦੇ ਸੁਮੇਲ ਦੀ ਝਲਕ ਵੀ ਦੇਂਦਾ ਹੈ ਇਹ ਹਸਪਤਾਲ। ਕੋਰੋਨਾ ਦੀ ਦਵਾਈ ਲੱਭੇ ਜਾਣ ਵਾਲਾ ਇਤਿਹਾਸਿਕ ਐਲਾਨ ਵੀ ਅੱਜ ਇਥੇ ਹੀ ਕੀਤਾ ਗਿਆ।
ਡਰੱਗ ਲਾਇਸੈਂਸਿੰਗ ਅਥਾਰਿਟੀ ਪੰਜਾਬ, ਡਾਇਰੈਕਟੋਰੇਟ ਆਫ ਆਯੁਰਵੇਦਾ ਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸਲਾਹ ਅਤੇ ਨਿਰਦੇਸ਼ਾਂ ਅਨੁਸਾਰ ਗ੍ਰੇਗਰ ਮੈਂਡਲ ਇੰਸਟੀਚਿਊਟ ਫਾਰ ਰਿਸਰਚ ਇਨ ਜੇਨੇਟਿਕਸ ਨੇ ਡਰੱਗ ਆਫ ਚੁਆਇਸ ਫਾਰ ਕੋਰੋਨਾ ਨਾਮਕ ਦਵਾਈ ਦੀ ਖੋਜ ਸੰਬੰਧੀ ਵਿਸਤਾਰ ਪ੍ਰੋਜੈਕਟ ਰਿਪੋਰਟ ਭਾਰਤ ਸਰਕਾਰ ਦੇ ਆਯੂਸ਼ ਮੰਤਰਾਲਿਆ ਨੂੰ ਭੇਜੀ ਗਈ ਹੈ।
ਇਸ ਸੰਬੰਧੀ ਆਯੋਜਿਤ ਪ੍ਰੈਸ ਕਾਨਫ੍ਰੈਂਸ ਦੌਰਾਨ ਕ੍ਰਿਸ਼ਚੀਅਨ ਮੈਡੀਕਲ ਕਾਲਜ ਵਿੱਚ ਲੈਕਚਰਾਰ ਰਹਿ ਚੁੱਕੇ ਇੰਸਟੀਚਿਊਟ ਦੇ ਡਾਇਰੈਕਟਰ ਅਤੇ ਅੰਤਤਰਾਸ਼ਟਰੀ ਪੇਟੇਂਟ ਹੋਲਡਰ ਦਵਾ ਵਿਗਿਆਨੀ ਬੀ.ਐਸ.ਔਲਖ ਨੇ ਦੱਸਿਆ ਕਿ ਵੱਖ-ਵੱਖ ਬੀਮਾਰੀਆਂ ਲਈ ਦਵਾਈਆਂ ਦੀ ਖੋਜ ਕਰਨਾ ਉਹਨਾਂ ਦਾ ਸ਼ੌਕ ਹੈ। ਉਹਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਖੋਜ ਸਦਕਾ ਹੀ ਅਮਰੀਕਾ, ਆਸਟ੍ਰੇਲੀਆ, ਕਨੇਡਾ, ਦੱਖਣੀ ਅਫਰੀਕਾ ਤੇ ਨਿਊਜੀਲੈਂਡ ਦੀਆਂ ਸਰਕਾਰਾਂ ਮੈਮੇਲੀਅਨ ਸੈਕਸ ਫਿਕਸਰ ਨਾਮਕ ਦਵਾਈ ਦੀ ਖੋਜ ਕਰਨ ਤੇ ਉਹਨਾਂ ਨੂੰ ਮੈਡੀਸਨ ਰਿਸਰਚ ਪੇਟੇਂਟ ਵਜੋਂ ਸਨਮਾਨਿਤ ਕਰ ਚੁੱਕੀਆਂ ਹਨ। ਕੋਰੋਨਾ ਲਈ ਲੱਭੀ ਗਈ ਦਵਾਈ ਉਹਨਾਂ ਦੀ ਦੂਸਰੀ ਖੋਜ ਹੈ।
ਇਹ ਇੱਕ ਬਰੌਡ ਸਪੈਕਟ੍ਰਮ ਐਂਟੀਵਾਇਰਲ ਦਵਾਈ ਹੈ, ਜੋ ਵਾਇਰਸ ਦੇ ਕਈ ਰੂਪਾਂ ਤੇ ਅਸਰਕਾਰਕ ਹੈ। ਇਹ ਦਵਾਈ ਕੋਰੋਨਾ ਮਰੀਜਾਂ ਦੇ ਇਲਾਜ ਲਈ ਹੈ, ਨਾ ਕਿ ਇਹ ਕੋਈ ਇਮਿਊਨਟੀ ਬੂਸਟਰ ਜਾਂ ਵੈਕਸੀਨ ਹੈ। ਸਿਰਫ 500 ਮਿਲੀਗ੍ਰਾਮ ਵਾਲੇ ਕੈਪਸਲ ਦੇ ਤੌਰ ਤੇ ਤਿਆਰ ਇਹ ਦਵਾਈ ਸਾਲ 2000 ਵਿੱਚ ਹੀ ਲੱਭ ਲਈ ਗਈ ਸੀ। ਔਲਖ ਨੇ ਦੱਸਿਆ ਕਿ ਕੋਰੋਨਾ ਦੇ ਇਲਾਜ ਨੂੰ ਲੈ ਕੇ ਏਸ਼ੀਅਨ ਜਰਨਲ ਆਫ ਸਾਇੰਸ ਐਂਡ ਟੈਕਨੋਲੋਜੀ ਵਿੱਚ ਅਗਸਤ 2020 ਅਤੇ ਇੰਟਰਨੈਸ਼ਨਲ ਜਰਨਲ ਆਫ ਕਰੰਟ ਰਿਸਰਚ ਵਿੱਚ ਉਹਨਾਂ ਦੇ ਖੋਜ ਪੱਤਰ ਪ੍ਰਕਾਸ਼ਿਤ ਹੋ ਚੁੱਕੇ ਹਨ।
ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਹੋਈ ਇਹ ਦਵਾਈ ਸੋਲਾਨਮ ਜੈਂਥੋਕਾਰਪਮ ਪੌਦੇ ਦੇ ਹਰਬਲ ਸ੍ਰੋਤ ਤੋਂ ਤਿਆਰ ਕੀਤੀ ਗਈ ਹੈ। ਹਾਲਾਂਕਿ ਇਹ ਦਵਾਈ ਜਾਨਵਰਾਂ ਵਿੱਚ ਹੋਣ ਵਾਲੀ ਪਿਕੋਰਨਾ ਵਾਇਰਸ ਇਨਫੈਕਸ਼ਨ ਨੂੰ ਰੋਕਣ ਲਈ ਤਿਆਰ ਕੀਤੀ ਗਈ ਸੀ। ਪਰੰਤੁ ਇਹ ਇਨਫਲੂੰਜਾ ਵਾਇਰਸ ਤੇ ਵੀ ਕਾਫੀ ਅਸਰਕਾਰਕ ਹੈ। ਦਵਾਈਆਂ ਦੇ ਇਤਿਹਾਸ ਵਿੱਚ ਇਸ ਦਵਾਈ ਦੇ ਐਚਆਈਵੀ ਤੇ ਵੀ ਅਸਰ ਕਰਨ ਦਾ ਡਾਟਾ ਵੀ ਮੌਜੂਦ ਹੈ।
ਇਸ ਦਵਾਈ ਦੇ ਇਸਤੇਮਾਲ ਦਾ ਖਿਆਲ ਉਸ ਵੇਲੇ ਆਇਆ ਜਦੋਂ, ਜੀਕਾ ਵਾਇਰਸ ਦੀ ਦਵਾਈ ਰੇਮਡੇਸੀਵਰ ਤੇ ਇਨਫਲੂੰਜਾ ਦੀ ਦਵਾਈ ਫੈਵੀਪੀਰਵੀਰ ਦਵਾਈ ਦਾ ਇਸਤੇਮਾਲ ਕੋਰੋਨਾ ਮਰੀਜਾਂ ਤੇ ਸ਼ੁਰੂ ਕੀਤਾ ਗਿਆ। ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ) ਅਤੇ ਇੰਡੀਅਨ ਕੌਂਸਿਲ ਆਫ ਮੈਡੀਕਲ ਰਿਸਰਚ (ਆਈਸੀਐਮਆਰ) ਨੇ ਵੀ ਇਹਨਾਂ ਦਵਾਈਆਂ ਦੇ ਇਸਤੇਮਾਲ ਦੀ ਸਿਫਾਰਿਸ਼ ਕੀਤੀ ਹੈ। ਭਾਰਤ ਦੇ ਡਰੱਗ ਕੰਟ੍ਰੋਲਰ ਨੇ ਵੀ ਬਿਨਾ ਕਿਸੇ ਠੋਸ ਸਟੱਡੀ ਤੇ ਜ਼ਰੂਰੀ ਡਾਕੂਮੈਂਟ ਦੇ ਇਹਨਾਂ ਦਵਾਈਆਂ ਨੂੰ ਕੋਰੋਨਾ ਮਰੀਜਾਂ ਤੇ ਇਸਤੇਮਾਲ ਕਰਨ ਦੀ ਮੰਜੂਰੀ ਦੇ ਦਿੱਤੀ ਸੀ।
ਡਾ. ਔਲਖ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਰਿਸਰਚ ਨਾਲ ਤਿਆਰ ਕੀਤੀ ਗਈ ਦਵਾਈ ਦਾ ਇਸਤੇਮਾਲ ਜਾਂ ਪਰੀਖਣ ਕੋਰੋਨਾ ਮਰੀਜਾਂ ਤੇ ਕਰਨ ਲਈ ਡੇਢ ਸਾਲ ਪਹਿਲਾਂ ਹੀ ਸਰਕਾਰ ਨੂੰ ਲਿਖ ਦਿੱਤਾ ਸੀ। ਇਸ ਸੰਬੰਧੀ ਉਹ ਪ੍ਰਧਾਨਮੰਤਰੀ, ਸਿਹਤ ਮੰਤਰੀ ਅਤੇ ਸਿਹਤ ਵਿਭਾਗ ਨਾਲ ਜੁੜੇ ਵੱਖ-ਵੱਖ ਅਧਿਕਾਰੀਆਂ ਨੂੰ ਪੱਤਰ ਲਿਖ ਚੁੱਕੇ ਹਨ।
ਉਹਨਾਂ ਨੇ ਆਈਸੀਐਮਆਰ ਅਤੇ ਕੇਂਦਰੀ ਸਿਹਤ ਮੰਤਰਾਲਿਆ ਨੂੰ ਵੀ ਆਪਣੀ ਖੋਜ ਪ੍ਰੋਜੈਕਟ ਰਿਪੋਰਟ ਭੇਜੀ ਹੈ ਪਰੰਤੁ ਇਸਦਾ ਕੋਈ ਵਧੀਆ ਰਿਸਪਾਂਸ ਨਹੀਂ ਮਿਲ ਸਕਿਆ। ਉਹਨਾਂ ਨੇ ਭਾਰਤ ਦੇ ਡਰੱਗ ਕੰਟ੍ਰੋਲਰ ਨਾਲ ਮੀਟਿੰਗ ਕਰਾਉਣ ਦੀ ਮੰਗ ਕੀਤੀ ਤਾਂ ਇਸਦੇ ਲਈ ਉਹਨਾਂ ਨੂੰ 5 ਲੱਖ ਰੁਪਏ ਜਮਾ ਕਰਾਉਣ ਦੀ ਸ਼ਰਤ ਰੱਖ ਦਿੱਤੀ ਗਈ।
ਡਾ. ਔਲਖ ਨੇ ਕਿਹਾ ਕਿ ਦੀ ਨਿਊ ਡਰੱਗਸ ਐਂਡ ਕਲੀਨਿਕਲ ਟਰਾਇਲ ਰੂਲਸ-2019 ਦਾ ਹਵਾਲਾ ਦੇ ਕੇ ਉਹਨਾਂ ਨੂੰ ਦਵਾਈਆਂ ਦੀ ਖੋਜ ਕਰਨ ਤੋਂ ਰੋਕਿਆ ਜਾ ਰਿਹਾ ਹੈ। ਸਰਕਾਰ ਕਹਿ ਰਹੀ ਹੈ ਕਿ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਹੀ ਦਵਾਈ ਦੀ ਖੋਜ ਕਰਨ ਦਾ ਹੱਕ ਹੈ। ਜਦਕਿ ਕੁਦਰਤ ਨੇ ਸਾਨੂੰ ਸਾਰੇ ਇਨਸਾਨਾਂ ਨੂੰ ਸੋਚਣ ਤੇ ਖੋਜ ਕਰਨ ਲਈ ਦਿਮਾਗ ਰੂਪੀ ਦਾਤ ਬਖਸ਼ੀ ਹੈ। ਚਰਕ ਸੰਹਿਤਾ, ਭੈਸਜਿਆ, ਰਤਨਾਵਲੀ ਤੇ ਅਸਟਾਂਗ ਹਿਰਦੇਅਮ ਆਦਿ ਮਹਾਨ ਆਯੁਰਵੈਦਿਕ ਗ੍ਰੰਥਾਂ ਵਿੱਚ ਹੀ ਇਸ ਦਵਾਈ ਬਾਰੇ ਜਾਣਕਾਰੀ ਮੌਜੂਦ ਹੈ। ਗੁਜਰਾਤ ਆਯੁਰਵੈਦਿਕ ਯੂਨੀਵਰਸਿਟੀ ਜਾਮਨਗਰ, ਇਲਾਹਾਬਾਦ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ ਤੇ ਮੁਰਾਦਾਬਾਦ ਯੂਨੀਵਰਸਿਟੀ ਵਰਗੇ ਸੰਸਥਾਨ ਇਸ ਦਵਾਈ ਤੇ ਕਾਫੀ ਖੋਜ ਕਰ ਚੁੱਕੇ ਹਨ।
ਇਹ ਦਵਾਈ ਫੇਜ-3 ਦੇ ਟ੍ਰਾਇਲ ਤੋਂ ਕਾਫੀ ਅੱਗੇ ਨਿਕਲ ਜਾਂਦੀ ਹੈ। ਇਸ ਕਾਰਣ ਇਸਨੂੰ ਕੋਰੋਨਾ ਮਰੀਜਾਂ ਤੇ ਐਮਰਜੈਂਸੀ ਇਸਤੇਮਾਲ ਕਰਨ ਦੇ ਤੌਰ ਤੇ ਮਾਨਤਾ ਮਿਲਣੀ ਚਾਹੀਦੀ ਹੈ ਕਿਓੱਕਿ ਅਸੀੰ ਲੋਕ ਲਗਭਗ ਚਾਰ ਹਜ਼ਾਰ ਸਾਲਾਂ ਤੋ ਆਯੁਰਵੇਦ ਦੇ ਗਿਆਨ ਤੇ ਖੋਜਾਂ ਦਾ ਸਨਮਾਨ ਕਰਦੇ ਆ ਰਹੇ ਹਾਂ।
No comments:
Post a Comment