Wednesday: 14th July 2021 at 6:01 PM
ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਇਸੇ ਮਹੀਨੇ ਕਰਵਾਏ ਜਾਣ ਦੀ ਕੀਤੀ ਮੰਗ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਦਿੱਲੀ ਸਰਕਾਰ ਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਨੁੰ ਹਦਾਇਤ ਦੇਣ ਦੀ ਮੰਗ ਕੀਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਇਸੇ ਮਹੀਨੇ ਹੀ ਕਰਵਾਈਆਂ ਜਾਣ ਅਤੇ ਪਾਰਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੁੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵਿਚ ਧਿਰ ਨਾ ਬਣਨ ਤੇ ਚੋਣਾਂ ਇਸੇ ਮਹੀਨੇ ਕਰਵਾਉਣ ਲਈ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ।
ਇਥੇ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਤੇ ਕਮੇਟੀ ਦੇ ਜਨਰਲ ਸਕੱਤਰ ਤੇ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਅਕਾਲੀ ਦਲ ਨੇ ਅੱਜ ਦਿੱਲੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ ਜਿਸ ਵਿਚ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਇਸੇ ਮਹੀਨੇ ਕਰਵਾਉਣ ਲਈ ਦਿੱਲੀ ਸਰਕਾਰ ਤੇ ਦਿੱਲੀ ਗੁਰਦੁਆਰਾ ਚੋਣਾਂ ਡਾਇਰੈਕਟੋਰੇਟ ਨੂੰ ਹਦਾਇਤ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਚੋਣਾਂ ਦੀ ਹੋਰ ਸਾਰੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਤੇ ਸਿਰਫ ਸੰਗਤਾਂ ਵੱਲੋਂ ਵੋਟਾਂ ਪਾਉਣੀਆਂ ਹੀ ਬਾਕੀ ਹਨ। ਉਹਨਾਂ ਕਿਹਾ ਕਿ ਸਿੱਖਾਂ ਨੁੰ ਆਪਣੇ ਪ੍ਰਤੀਨਿਧ ਚੁਣਨ ਦਾ ਪੂਰਾ ਹੱਕ ਹੈ ਤੇ ਕਿਸੇ ਵੀ ਸਰਕਾਰ ਨੂੰ ਇਸਦੇ ਰਾਹ ਵਿਚ ਅੜਿਕਾ ਨਹੀਂ ਬਣਨਾ ਚਾਹੀਦਾ।
ਦੋਹਾਂ ਆਗੂਆਂ ਨੇ ਪਰਮਜੀਤ ਸਿੰਘ ਸਰਨਾ ਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਵੱਲੋਂ ਹਾਰ ਦੇ ਡਰੋਂ ਚੋਣਾਂ ਅੱਗੇ ਪਾਉਣ ਲਈ ਰਚੀ ਸਾਜ਼ਿਸ਼ ਬੇਨਕਾਬ ਕੀਤੀ ਤੇ ਦੱਸਿਆ ਕਿ ਗੁਰਦੁਆਰਾ ਸੀਸਗੰਜ ਸਾਹਿਬ ਦੇ ਮਾਮਲੇ ਦੇ ਨਾਂ 'ਤੇ ਇਹ ਦੋਵੇਂ ਆਗੂ 5 ਜੁਲਾਈ ਨੂੰ ਇਕੱਠਿਆਂ ਹੀ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ ਮਿਲੇ ਅਤੇ 18 ਜੁਲਾਈ ਨੂੰ ਚੋਣਾਂ ਕਰਵਾਉਣ ਤੇ ਚੋਣਾਂ ਅੱਗੇ ਪਾਉਣ ਦੀ ਬੇਨਤੀ ਕੀਤੀ।
ਉਹਨਾਂ ਦੱਸਿਆ ਕਿ 18 ਜੁਲਾਈ ਨੂੰ ਵੋਟਾਂ ਪੈਣ ਦਾ ਤਾਰੀਕ ਗੁਰਦੁਅਰਾ ਡਾਇਰੈਕਟੋਰੇਟ ਨੇ ਤੈਅ ਕਰ ਦਿੱਤੀ ਸੀ ਤੇ ਸਬੰਧਤ ਮੰਤਰੀ ਨੇ ਫਾਈਲ ਮੁੱਖ ਮੰਤਰੀ ਦਫਤਰ ਨੂੰ ਵੀ ਭੇਜ ਦਿੱਤੀ ਸੀ। ਮੰਤਰੀ ਨਾਲ ਦੋਹਾਂ ਆਗੂਆਂ ਦੀ ਮੀਟਿੰਗ ਮਗਰੋਂ ਮੁੱਖ ਮੰਤਰੀ ਦਫਤਰ ਨੇ ਫਾਈਲ ਬਿਨਾਂ ਕੋਈ ਟਿੱਪਣੀ ਕੀਤਿਆਂ ਵਾਪਸ ਭੇਜ ਦਿੱਤੀ ਤੇ ਚੋਣਾਂ ਅੱਗੇ ਪਾ ਦਿੱਤੀਆਂ ਗਈਆਂ। ਸਰਦਾਰ ਸਿਰਸਾ ਤੇ ਸਰਦਾਰ ਕਾਲਕਾ ਨੇ ਇਸ ਮਾਮਲੇ ਵਿਚ ਸਬੂਤ ਵੀ ਮੀਡੀਆ ਸਾਹਮਣੇ ਪੇਸ਼ ਕੀਤੇ।
ਉਹਨਾਂ ਦੱਸਿਆ ਕਿ ਇਸ 5 ਜੁਲਾਈ ਦੀ ਮੀਟਿੰਗ ਵਿਚ ਹੀ ਦੋਹਾਂ ਆਗੂਆਂ ਨੇ ਆਪ ਸਰਕਾਰ ਨੁੰ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਬਾਲਾ ਸਾਹਿਬ ਹਸਪਤਾਲ ਵਿਚ 125 ਬੈਡਾਂ ਦਾ ਕੋਰੋਨਾ ਹਸਪਤਾਲ ਬਣਾਏ ਦਾ ਕੰਮ ਰੋਕੇ ਜਾਣ ਤੇ ਕੋਰੋਨਾ ਪੀੜਤ ਸਿੱਖ ਪਰਿਵਾਰਾਂ ਲਈ ਐਲਾਨਿਆ ਆਰਥਿਕ ਪੈਕੇਜ ਜਿਸ ਤਹਿਤ ਰਾਗੀ, ਢਾਡੀ, ਕੀਰਤਨੀਏ ਤੇ ਗ੍ਰੰਥੀ ਸਿੰਘਾਂ ਨੁੰ ਆਰਥਿਕ ਮਦਦ ਦੇਣ ਦੇ ਨਾਲ ਨਾਲ ਪਰਿਵਾਰ ਦਾ ਕਮਾਉਣ ਵਾਲਾ ਮੁਖੀ ਗੁਆਉਣ ਵਾਲੇ ਸਿੱਖ ਪਰਿਵਾਰ ਨੁੰ 2500 ਰੁਪਏ ਮਹੀਨਾ ਪੈਨਸ਼ਨ ਤੇ ਵਿਆਹੁਣਯੋਗ ਸਿੱਖ ਬੱਚੀਆਂ ਨੁੰ 21000 ਰੁਪਏ ਸ਼ਗਨ ਤੇ ਆਨੰਦ ਕਾਰਜ ਦਾ ਪ੍ਰਬੰਧ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਕੀਤਾ ਜਾਣਾ ਸੀ, ਰੋਕਣ ਦੀ ਮੰਗ ਕੀਤੀ। ਇਹਨਾਂ ਦੀ 5 ਜੁਲਾਈ ਦੀ ਮੀਟਿੰਗ ਮਗਰੋਂ 6 ਅਤੇ 7 ਜੁਲਾਈ ਨੂੰ ਦਿੱਲੀ ਗੁਰਦੁਆਰਾ ਡਾਇਰੈਕਟੋਰੇਟ ਨੇ ਦਿੱਲੀ ਗੁਰਨਾਂ ਦੁਆਰਾ ਕਮੇਟੀ ਨੂੰ ਨੋਟਿਸ ਭੇਜ ਕੇ ਇਹ ਕੰਮ ਰੋਕਣ ਲਈ ਆਖਿਆ।
ਉਹਨਾਂ ਕਿਹਾ ਕਿ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੇ ਸਿਰਫ ਚੋਣਾਂ ਜਿੱਤਣ ਦੇ ਮਨਸੂਬੇ ਨਾਲ ਸਿੱਖ ਸੰਗਤਾਂ ਤੇ ਮਨੁੱਖਤਾ ਦੀ ਸੇਵਾ ਦੇ ਇਹ ਕਾਰਜ ਰੋਕਣ ਦੀ ਘਟੀਆ ਰਾਜਨੀਤੀ ਕੀਤੀ ਹੈ ਜਿਸਨੁੰ ਸਮੁੱਚੀਆਂ ਸਿੱਖ ਸੰਗਤਾਂ ਵੇਖ ਰਹੀਆਂ ਹਨ ਤੇ ਚੋਣਾਂ ਵਿਚ ਇਸਦਾ ਢੁਕਵਾਂ ਜਵਾਬ ਵੀ ਇਹਨਾਂ ਦੋਹਾਂ ਆਗੂਆਂ ਨੂੰ ਸੰਗਤਾਂ ਦੇਣਗੀਆਂ।
ਉਹਨਾਂ ਐਲਾਨ ਕੀਤਾ ਕਿ ਮਨੁੱਖਤਾ ਦੇ ਭਲੇ ਲਈ ਅਜਿਹਾ ਕੋਈ ਵੀ ਪ੍ਰਾਜੈਕਟ ਬੰਦ ਨਹੀਂ ਕੀਤਾ ਜਾਵੇਗਾ ਭਾਵੇਂ ਇਸਦੀ ਜੋ ਵੀ ਕੀਮਤ ਤਾਰਨੀ ਪਵੇ। ਉਹਨਾਂ ਕਿਹਾ ਕਿ ਪਹਿਲਾਂ ਕਮੇਟੀ ਵੱਲੋਂ ਲੰਗਰ ਸੇਵਾ, ਮੁਫਤ ਦਵਾਈਆਂ, ਮੁਫਤ ਐਂਬੂਲੈਂਸ, ਮੁਫਤ ਆਕਸੀਜ਼ਨ ਲੰਗਰ, ਮੁਫਤ 100 ਬੈਡਾਂ ਦੇ ਡਾਇਲਸਿਸ ਹਸਪਤਾਲ, 400 ਬੈਡਾਂ ਦੇ ਗੁਰੂ ਤੇਗ ਬਹਾਦਰ ਕੋਰੋਨਾ ਕੇਅਰ ਸੈਂਟਰ ਤੇ ਕੋਰੋਨਾ ਕਾਲ ਦੇ ਸ਼ੁਰੂ ਵਿਚ ਮੁਸ਼ਕਿਲਾਂ ਠੱਲ ਰਹੇ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੇ ਠਹਿਰਾਅ ਦਾ ਪ੍ਰਬੰਧ ਕੀਤਾ ਗਿਆ ਤੇ ਮਨੁੱਖਤਾ ਦੀ ਇਹ ਸੇਵਾ ਇਸੇ ਤਰੀਕੇ ਜਾਰੀ ਰਹੇਗੀ।
ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਕਰਵਾਉਣ ਲਈ ਲੋੜੀਂਦੇ ਹੁਕਮ ਜਾਰੀ ਕਰਨ ਅਤੇ ਇਸ ਮਾਮਲੇ ਵਿਚ ਧਿਰ ਨਾ ਬਣਨ। ਉਹਨਾਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਅਜਿਹਾ ਨਾ ਕੀਤਾ ਤਾਂ ਫਿਰ ਸਿੱਖ ਸੰਗਤਾਂ ਉਸਦਾ ਘਿਰਾਓ ਕਰਨਗੀਆਂ ਤੇ ਵੋਟਾਂ ਪੁਆਏ ਜਾਣ ਦੀ ਮੰਗ ਕਰਦਿਆਂ ਰੋਸ ਧਰਨੇ ਵੀ ਦੇਣਗੀਆਂ।
ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿੱਚ ਸਰਦਾਰ ਸਿਰਸਾ ਨੇ ਕਿਹਾ ਕਿ ਜੇਕਰ ਸਰਨਾ ਤੇ ਜੀ ਕੇ ਆਪ ਨਾਲ ਨਹੀਂ ਰਲੇ ਤਾਂ ਫਿਰ ਚੋਣਾਂ ਅੱਗੇ ਪਾਉਣ 'ਤੇ ਆਪ ਦਾ ਵਿਰੋਧ ਕਿਉਂ ਨਹੀਂ ਕਰਦੇ ਅਤੇ ਜੇਕਰ ਐਲ ਜੀ ਨੇ ਫਾਈਲ ਰੋਕੀ ਹੈ ਤਾਂ ਫਿਰ ਭਾਜਪਾ ਦਾ ਵਿਰੋਧ ਕਿਉਂ ਨਹੀਂ ਕਰਦੇ ਤੇ ਇਹਨਾਂ ਦੇ ਆਗੂਆਂ ਖਿਲਾਫ ਰੋਸ ਧਰਨੇ ਕਿਉਂ ਨਹੀਂ ਲਾਉਂਦੇ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਇਹ ਲੋਕ ਵੋਟਾਂ ਦੀ ਖਾਤਰ ਆਪ ਤੇ ਭਾਜਪਾ ਨਾਲ ਰਲੇ ਹੋਏ ਹਨ ਤੇ ਕਮੇਟੀ ਨੂੰ ਬਦਨਾਮ ਕਰਨ ਵਾਸਤੇ ਪੱਬਾਂ ਭਾਰ ਹਨ।
ਗੁਪਤ ਸਮਝੌਤੇ ਤਹਿਤ ਇਕ ਸੀਟ 'ਤੇ ਇਕ ਹੀ ਉਮੀਦਵਾਰ ਨੂੰ ਪ੍ਰੋਮੋਟ ਕਰਨ ਦਾ ਕੀਤਾ ਫੈਸਲਾ
ਸਰਦਾਰ ਸਿਰਸਾ ਨੇ ਦੱਸਿਆ ਕਿ ਚੋਣਾਂ ਨੁੰ ਲੈ ਕੇ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਵਿਚ ਇਹ ਗੁਪਤ ਸਮਝੌਤਾ ਹੋਇਆ ਹੈ ਕਿ ਇਕ ਸੀਟ ਤੇ ਦੋਹਾਂ ਪਾਰਟੀਆਂ ਵਿਚੋਂ ਕਿਸੇ ਇਕ ਉਮੀਦਵਾਰ ਨੂੰ ਹੀ ਪ੍ਰੋਮੋਟ ਕੀਤਾ ਜਾਵੇਗਾ ਤੇ ਦੂਜੇ ਦੇ ਨਾ ਤਾਂ ਪੋਸਟਰ ਛਾਪੇ ਜਾਣਗੇ ਤੇ ਨਾ ਹੀ ਉਸਦਾ ਪ੍ਰਚਾਰ ਕੀਤਾ ਜਾਵੇਗਾ ਬਲਕਿ ਦੋਵੇਂ ਪਾਰਟੀਆਂ ਇਕ ਹੀ ਉਮੀਦਵਾਰਵਾਸਤੇ ਜ਼ੋਰ ਲਾਉਣਗੀਆਂ।
ਸਰਨਾ ਭਰਾਵਾਂ ਤੇ ਜੀ ਕੇ ਵੱਲੋਂ ਕੇਜਰੀਵਾਲ ਸਰਕਾਰ ਨੂੰ ਮਿਲਣ ਦਾ ਸੱਚ ਸਾਹਮਣੇ ਆਇਆ
ਸਰਦਾਰ ਸਿਰਸਾ ਨੇ ਕਿਹਾ ਕਿ ਸਰਨਾ ਭਰਾਵਾਂ ਤੇ ਜੀ ਕੇ ਵੱਲੋਂ ਗੁਰਦੁਆਰਾ ਸੀਸਗੰਜ ਸਾਹਿਬ ਦੇ ਨਾਂ 'ਤੇ ਕੇਜਰੀਵਾਲ ਸਰਕਾਰ ਨਾਲ ਕੀਤੀ ਮੁਲਾਕਾਤ ਦਾ ਸੱਚ ਹੁਣ ਜਨਤਕ ਹੋ ਚੁੱਕਾ ਹੈ ਤੇ ਸੰਗਤ ਨੇ ਇਹਨਾਂ ਦੀਆਂ ਘਟੀਆਂ ਕਰਤੂਤਾਂ ਤੇ ਕੋਝੀਆਂ ਹਰਕਤਾਂ ਵੇਖ ਲਈਆਂ ਹਨ ਜਿਸਦਾ ਜਵਾਬ ਸੰਗਤ ਚੋਣਾਂ ਵਿਚ ਦੇਵੇਗੀ।
No comments:
Post a Comment