Wednesday, June 09, 2021

ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਵਿਚ ਵਿਸ਼ੇਸ਼ ਆਯੋਜਨ

 Wednesday 9th June 2021 at 6:13 PM

 ਅਖੰਡਪਾਠ ਮਗਰੋਂ ਗੁਰਬਾਣੀ ਕੀਰਤਨ ਦੇ ਰੂਹਾਨੀ ਆਨੰਦ ਦੀ ਝਲਕ ਮਿਲੀ 


ਜਲੰਧਰ
: 9 ਜੂਨ 2021: (ਰਾਜਪਾਲ ਕੌਰ//ਪੰਜਾਬ ਸਕਰੀਨ)::

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਵਰੋਸਾਏ ਬਹੁਤ ਹੀ ਮਹਾਨ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਵਿਚ ਗੜ੍ਹਦੀਵਾਲ, ਜਿਲਾ ਹੋਸ਼ਿਆਰਪੂਰ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਸੰਤ ਬਹੁਤ ਹੀ ਤਪੱਸਵੀ ਅਤੇ ਕਰਨੀ ਵਾਲੇ ਸਨ ਅਤੇ ਇਨ੍ਹਾਂ ਦਾ ਬਚਨ ਕਦੇ ਖਾਲੀ ਨਹੀਂ ਸੀ ਜਾਂਦਾ ਅਤੇ ਹੁਣ ਵੀ ਇੱਥੇ ਆ ਕੇ ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ।  ਇਸ ਮੌਕੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਕੀਰਤਨ ਨਾਲ ਸੰਤਾਂ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਜਥੇਦਾਰ ਗੁਰਦੀਪ ਸਿੰਘ ਜੀ ਨੇ ਸੰਤਾਂ ਦੇ ਜੀਵਨ ਤੇ ਵਿਸਤਾਰ ਨਾਲ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਕਿਵੇਂ ਉਹਨਾਂ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਕੇ ਇੰਨੀ ਉੱਚੀ ਅਵਸਥਾ ਪ੍ਰਾਪਤ ਕੀਤੀ ਅਤੇ ਬ੍ਰਹਮਗਿਆਨੀ ਸੰਤ ਬਣੇ ਜਿਨ੍ਹਾਂ ਦੀ ਮਹਿਮਾ ਦਾ ਵਰਨਣ  ਗੁਰਬਾਣੀ ਵਿਚ ਵੀ ਦਰਸ਼ਾਇਆ ਗਿਆ ਹੈ। ਬੀਬੀ ਸਿਮਰਨਪ੍ਰੀਤ ਨੇ ਸੰਤਾਂ ਨੂੰ ਯਾਦ ਕਰਦਿਆਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਅਲੌਕਿਕ ਰੂਪ ਬਾਰੇ ਦੱਸਦੇ ਹੋਏ ਕਥਾ-ਕੀਰਤਨ ਰਾਹੀਂ ਨਿਹਾਲ ਕੀਤਾ।

ਇਸ ਮੌਕੇ ਸੰਗਤ ਦੇ ਬੇਨਤੀ ਕਰਨ ਤੇ ਨਾਮਧਾਰੀ ਸੰਗਤ ਦੇ ਪੂਜਨੀਕ ਸ੍ਰੀ ਠਾਕੁਰ ਦਲੀਪ ਸਿੰਘ ਜੀ ਨੇ ਟੈਲੀਫੋਨ ਦੇ ਜਰੀਏ ਆਪਣੇ ਪ੍ਰਵਚਨਾਂ ਰਾਹੀਂ ਸੰਗਤ ਦਾ ਮਾਰਗਦਰਸ਼ਨ ਕੀਤਾ ਅਤੇ ਸੰਤਾਂ ਦੀ ਮਹਾਨਤਾ ਬਾਰੇ ਦੱਸਦੇ ਹੋਏ ਇਹ ਵੀ ਪ੍ਰੇਰਣਾ ਦਿੱਤੀ ਕਿ ਆਪਣੇ ਅੰਦਰ ਗੁਰਬਾਣੀ ਅਨੁਸਾਰ ਨਿਮਰਤਾ, ਖਿਮਾ ਕਰਨੀ ਅਤੇ ਮਿੱਠਾ ਬੋਲਣਾ ਜਿਹੇ ਗੁਣਾਂ ਦਾ ਪਹਿਰਾਵਾ ਧਾਰਨ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਕਿਸੇ ਲੋੜਵੰਦ ਦੀ ਪ੍ਰਤੀਦਿਨ ਮਦਦ ਕਰੋ, ਉਹਨਾਂ ਵਿਚ ਸਤਿਗੁਰੂ ਜੀ ਦਾ ਰੂਪ ਵੇਖਦੇ ਹੋਏ ਭਾਵੇਂ ਰੋਜ ਜਲ ਦਾ ਗਿਲਾਸ ਹੀ ਛਕਾ ਦਿਓ। ਇਸ ਤੋਂ ਇਲਾਵਾ ਵਰਤਮਾਨ ਸਮੇਂ ਕੋਵਿਡ ਦੀਆਂ ਪਾਬੰਦੀਆਂ ਨੂੰ ਧਿਆਨ ਵਿਚ ਰੱਖਕੇ ਮਾਸਕ ਦੀ ਵਰਤੋਂ ਅਤੇ ਦੂਰੀ ਆਦਿ ਬਣਾਏ ਰੱਖਣ ਦੀ ਪ੍ਰੇਰਣਾ ਦਿੰਦੇ ਹੋਏ, ਵੈਕਸੀਨ ਲਗਵਾਉਣ ਦੀ ਵੀ ਆਗਿਆ ਦਿੱਤੀ। ਆਪ ਜੀ ਦੇ ਹੋਰ ਵੀ  ਅਨਮੋਲ ਪ੍ਰਵਚਨਾਂ ਨੇ ਸੰਗਤ ਨੂੰ ਇੰਨੀ ਗਰਮੀ ਅਤੇ ਤਪਸ਼ ਵਿਚ ਠੰਡਕ ਪਹੁੰਚਾਉਣ ਦਾ ਕੰਮ ਕੀਤਾ। 

ਇਸ ਮੌਕੇ ਬਹੁਤ ਹੀ ਗਰੀਬ ਪਰਿਵਾਰਾਂ ਨੂੰ ਬੜੇ ਸਤਿਕਾਰ ਨਾਲ ਲੰਗਰ ਛਕਾ ਕੇ ਉਹਨਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਡੁਗਰੀ, ਮੁੱਖ ਪ੍ਰਬੰਧਕ ਜਾਗੀਰ ਸਿੰਘ , ਹਰਦੀਪ ਸਿੰਘ , ਮਾਤਾ ਚੰਦ ਕੌਰ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ, ਜਥੇਦਾਰ ਦਲਬੀਰ ਸਿੰਘ, ਸੂਬਾ ਇੰਦਰ ਸਿੰਘ, ਦਿਲਬਾਗ ਸਿੰਘ, ਮਹਿੰਦਰ ਸਿੰਘ, ਪਲਵਿੰਦਰ ਸਿੰਘ ਕੂਕੀ, ਬੀਬੀ ਨਰਿੰਦਰ ਕੌਰ, ਗੁਰਵੰਤ ਕੌਰ, ਰਾਜਪਾਲ ਕੌਰ ਅਤੇ ਹੋਰ ਸੰਗਤ ਹਾਜਿਰ ਹੋਈ।  ਪ੍ਰਸ਼ਾਸਨ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਰਾ ਸਮਾਗਮ ਸੰਪੰਨ ਹੋਇਆ ਅਤੇ ਗੁਰੂ ਦਾ ਅਤੁੱਟ ਲੰਗਰ ਵਰਤਿਆ।  

No comments: