ਛੇਵੀਂ ਪਾਤਸ਼ਾਹੀ ਨੇ ਦਿੱਤਾ ਸਿੱਖ ਪੰਥ ਨੂੰ ਅਹਿਮ ਗੁਰ ਅਤੇ ਮਾਰਗਦਰਸ਼ਨ
ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਆਗਮਨ ਧਰਮ ਦੇ ਮਾਰਗ ਤੇ ਇੱਕ ਅਹਿਮ ਮੋੜਾ ਲੈ ਕੇ ਆਇਆ। ਪੰਜਵੇ ਪਾਤਸ਼ਾਹ ਦੀ ਸ਼ਹਾਦਤ ਮਗਰੋਂ ਇਸ ਮਾਰਗ ਦੀ ਚੋਣ ਆਸਾਨ ਨਹੀਂ ਸੀ ਪਰ ਗੁਰੂ ਸਾਹਿਬ ਨੇ ਇਹੀ ਮਾਰਗ ਚੁਣਿਆ ਅਤੇ ਸਿੱਖ ਪੰਥ ਨੂੰ ਆਪਣੀ ਦਿਵ ਦ੍ਰਿਸ਼ਟੀ ਨਾਲ ਭਵਿੱਖ ਦਾ ਮਾਰਗ ਵੀ ਦੱਸਿਆ। ਪੰਜਵੇ ਪਾਤਸ਼ਾਹ ਦੀ ਸ਼ਹਾਦਤ ਮੌਕੇ ਪੈਦਾ ਕੀਤੇ ਗਏ ਡਰ, ਭੈਅ ਅਤੇ ਦਹਿਸ਼ਤ ਵਾਲੇ ਮਾਹੌਲ ਨੂੰ ਚੀਰ ਕੇ ਇੱਕ ਨਵਾਂ ਜੋਸ਼ ਅਤੇ ਨਵਾਂ ਜਜ਼ਬਾ ਬਖਸ਼ਿਸ਼ ਕੀਤਾ। ਉਹਨਾਂ ਵੇਲਿਆਂ ਦੀ ਗੱਲ ਕਰਦੀ ਹੈ ਹਰਕੀਰਤ ਕੌਰ ਦੀ ਇਹ ਲਿਖਤ। --ਸੰਪਾਦਕ
ਗੁਰੂ ਸਾਹਿਬ ਨੇ ਚੁਣਵੇਂ 42 ਸੂਰਮੇ ਆਪਣੇ ਪਾਸੇ ਰੱਖੇ
ਦਸਤਗੀਰ ਹੁਇ ਪੰਜ ਪੀਰ ਹਰਿ ਗੁਰੁ ਹਰਿ ਗੋਬਿੰਦ ਅਤੋਲਾ॥
ਦੀਨ ਦੁਨੀ ਦਾ ਪਾਤਿਸਾਹੁ ਪਾਤਿਸਾਹਾਂ ਪਾਤਿਸਾਹੁ ਅਡੋਲਾ ।।
ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਛੇ ਕੁ ਮੀਲ ਦੀ ਵਿੱਥ ਤੇ ਵਡਾਲੀ ਨਾਮ ਦਾ ਛੋਟਾ ਜਿਹਾ ਪਿੰਡ ਇੱਥੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੋਇਆ। ਗੁਰੂ ਹਰਗੋਬਿੰਦ ਸਾਹਿਬ ਦਾ ਜਨਮ 21 ਹਾੜ ਸੰਮਤ 1652, ਮੁਤਾਬਕ 19 ਜੂਨ 1595 ਨੂੰ ਅੰਮ੍ਰਿਤਸਰ ਤੋਂ ਲਹਿੰਦੇ ਵੱਲ ਵੱਸੇ ਨਗਰ ਗੁਰੂ ਕੀ ਵਡਾਲੀ ਵਿਖੇ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤਸਰ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਉੱਚੀ ਕਰਨੀ ਵਾਲੇ ਤੇ ਉੱਘੇ ਦੋ ਸਿੱਖ ਸਨ। ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ। ਗੁਰੂ ਅਰਜਨ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਵਿੱਦਿਆ ਆਦਿਕ ਦਾ ਕੰਮ ਬਾਬਾ ਬੁੱਢਾ ਜੀ ਨੂੰ ਸੌਪਿਆ। ਬਾਬਾ ਬੁੱਢਾ ਜੀ ਨੇ ਗੁਰੂ ਸਾਹਿਬ ਵਿੱਚ ਸ਼ਸਤਰ ਵਿੱਦਿਆ ਵੱਲ ਖ਼ਾਸ ਰੁਚੀ ਵੇਖੀ। ਸਸ਼ਤਰ ਵਿੱਦਿਆ ਵਿੱਚ ਗੁਰੂ ਸਾਹਿਬ ਦਾ ਸ਼ੌਂਕ ਤੇ ਨਿਪੁੰਨਤਾ ਦੇਖ ਕੇ ਬਾਬਾ ਬੁੱਢਾ ਜੀ ਕਹਿ ਦਿਆ ਕਰਦੇ ਸਨ ਕਿ ਇਹ ਜੋਧਾ ਮੁਗਲਾਂ ਦੇ ਸਿਰ ਇਉ ਭੰਨੇਗਾ, ਜਿਵੇਂ ਗੰਢਾ ਮੁੱਕੀ ਮਾਰ ਕੇ ਭੰਨੀ ਦਾ ਹੈ। ਅਕਤੂਬਰ 1605 ਈਸਵੀ ਵਿਚ ਜਹਾਂਗੀਰ ਦੀ ਤਖ਼ਤਪੋਸ਼ੀ ਨਾਲ ਅਕਬਰ ਵੱਲੋ ਵੱਖ-ਵੱਖ ਧਰਮਾਂ ਪ੍ਰਤੀ ਅਪਣਾਈ ਗਈ ਸਤਿਕਾਰ ਵਾਲੀ ਨੀਤੀ ਦਮ ਤੋੜ ਗਈ। ਮੁਗ਼ਲ ਦਰਬਾਰ ਤੰਗਦਿਲ ਤੇ ਫ਼ਿਰਕਾਪ੍ਰਸਤਾਂ ਦੇ ਹੱਥ ਦੀ ਕੱਠਪੁਤਲੀ ਬਣ ਗਿਆ। ਗ਼ੈਰ-ਮੁਸਲਮਾਨਾਂ ਨਾਲ ਨਫ਼ਰਤ ਕੀਤੀ ਜਾਣ ਲੱਗੀ। ਇਸ ਦੀ ਢੁੱਕਵੀਂ ਤਿਆਰੀ ਵਜੋਂ ਬਾਬਾ ਬੁੱਢਾ ਜੀ ਨੇ ਜਿੱਥੇ ਬਾਲਕ ਹਰਗੋਬਿੰਦ ਜੀ ਨੂੰ ਹਰਫ਼ਾਂ ਦਾ ਇਲਮ ਦਿੱਤਾ, ਉੱਥੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜੀ, ਨੇਜ਼ੇਬਾਜ਼ੀ ਤੇ ਹੋਰ ਜੰਗੀ ਕਰਤਬਾਂ ਦੀ ਸਿਖਲਾਈ ਵੀ ਦਿੱਤੀ ਕਿਉਂਕਿ ਬਾਬਾ ਬੁੱਢਾ ਜੀ ਨੇ ਦੂਰ-ਅੰਦੇਸ਼ੀ ਨਾਲ ਭਾਂਪ ਲਿਆ ਸੀ ਕਿ ਮੁਗ਼ਲ ਹਕੂਮਤ ਨਾਲ ਇਕ ਦਿਨ ਸਿੱਖਾਂ ਨੂੰ ਦੋ-ਦੋ ਹੱਥ ਕਰਨੇ ਹੀ ਪੇਣੈ ਹਨ। ਅੰਮ੍ਰਿਤਸਰ ਦੇ ਦੁਆਲੇ ਖੁਲੀਆਂ ਜੂਹਾ ਤੇ ਜੰਗਲ ਸਨ। ਸ਼ਹਿਰੋਂ ਪਹਾੜ ਪਾਸੇ ਚਾਰ ਕੁ ਮੀਲ ਦੀ ਵਿੱਥ ਉਤੇ ਸਿਆਲਕੋਟ ਨੂੰ ਜਾਂਦੀ ਸੜਕ ਦੇ ਲਾਗੇ ਇਕ ਕਸਬਾ ਗੁਮਟਾਲਾ ਹੈ। ਲਾਹੌਰ ਤੋਂ ਸ਼ਿਕਾਰ ਖੇਡਣ ਲਈ ਮੁਗਲ ਹਾਕਮ ਗੁਮਟਾਲੇ ਤੱਕ ਆ ਅੱਪੜਿਆ ਕਰਦੇ ਸਨ। ਗੁਰੂ ਸਾਹਿਬ ਨੇ ਚੁਣਵੇਂ 42 ਸੂਰਮੇ ਆਪਣੇ ਪਾਸੇ ਰੱਖੇ। ਜੋ ਸਿੱਖਾਂ ਨੂੰ ਸ਼ਸਤਰ ਵਿੱਦਿਆ ਸਿੱਖਾ ਸਕਣ। ਮਾਲਵੇ - ਦੁਆਬੇ ਪੰਜ ਸੌ ਦੇ ਕਰੀਬ ਸਿੱਖ ਗੁਰੂ ਸਾਹਿਬ ਦੇ ਕੋਲ ਆ ਗਏ। ਦਸਵੰਧ ਵਜੋਂ ਆਏ ਘੋੜੇ ਸ਼ਸਤਰ ਓਹਨਾ ਨੂੰ ਦਿੱਤੇ ਗਏ। ਸਿੱਖ ਦੂਰੋ ਦੂਰ ਆ ਕੇ ਮਹੀਨਿਆ ਬਧੀ ਅੰਮ੍ਰਿਤਸਰ ਟਿਕ ਕੇ ਇਥੋਂ ਘੋੜ ਸਵਾਰੀ ਅਤੇ ਸ਼ਸਤਰ ਵਿੱਦਿਆ ਸਿੱਖ ਲੈਂਦੇ ਸਨ।
"ਪੰਜ ਪਿਆਲੇ, ਪੰਜ ਪੀਰ ਛਟਮੁ ਪੀਰ ਬੈਠਾ ਗੁਰੁ ਭਾਰੀ।
ਅਰਜਨ ਕਾਇਆ ਪਲਟਿ ਕੈ, ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆਂ ਰੂਪ ਦਿਖਾਵਣਿ ਵਾਰੋ ਵਾਰੀ।
ਦਲਭੰਜਨ ਗੁਰੁ ਸੂਰਮਾ ਵਡ ਯੋਧਾ ਬਹੁ ਪਰਉਪਕਾਰੀ।
ਦਰਬਾਰੀ ਢਾਡੀ ਅਬਦੁੱਲਾ ਦੱਸਦਾ ਹੈ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ। ਮੀਰੀ ਪੀਰੀ ਦਾ ਸਿਧਾਂਤ ਧਰਮ ਦੀ ਸ਼ਕਤੀ ਨੂੰ ਚੜ੍ਹਦੀ ਕਲਾ ਅਤੇ ਸਰਬੱਤ ਦੇ ਭਲੇ ਦੇ ਰਾਹ ਤੇ ਤੋਰਨਾ ਸੀ। ਸਤਿਗੁਰੂ ਸਾਹਿਬ ਨੇ ਆਪ ਵੀ ਦੋ ਤਲਵਾਰਾਂ ‘ਮੀਰੀ ਅਤੇ ਪੀਰੀ’ ਦੀਆਂ ਧਾਰਨ ਕਰ ਲਈਆਂ। ਇਸ ਤਰ੍ਹਾਂ ਸਿੱਖ ਹਾਕਮਾਂ ਦਾ ਸਾਹਮਣਾ ਕਰਨ ਲਈ ਸ਼ਸਤਰਧਾਰੀ ਬਣਨ ਲੱਗੇ, ਤਾ ਅਨੇਕਾਂ ਮੁਸਲਮਾਨ ਭੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿੱਚ ਭਰਤੀ ਹੋਣ ਲੱਗ ਪਏ। ਸ਼੍ਰੀ ਹਰਮਿੰਦਰ ਸਾਹਿਬ ਵਿੱਚ ਹਰ ਸਮੇਂ ਸਤਸੰਗ ਦਾ ਪ੍ਰਬੰਧ ਸੀ। ਦੂਰੋ ਦੂਰੋ ਸਿੱਖ ਦਰਸ਼ਨ ਕਰਨ ਆਉਂਦੇ ਬੀਰ ਰਸ ਪੈਦਾ ਕਰਨ ਲਈ ਗੁਰੂ ਸਾਹਿਬ ਨੇ ਹਰਮੰਦਿਰ ਸਾਹਿਬ ਦੇ ਸਾਹਮਣੇ ਇਕ ਨਵਾਂ ਗੁਰਦੁਆਰਾ ਸਥਾਪਿਤ ਕੀਤਾ। ਜਿਸ ਦੇ ਦਰਸ਼ਨ ਮਾਤਰ ਨਾਲ ਹੀ ਸਿੱਖ ਦੇ ਹਿਰਦੇ ਵਿੱਚ ਰਾਜਸੀ ਠਾਠ ਦਾ ਪ੍ਰਭਾਵ ਪੈਦਾ ਹੋ ਜਾਏ। ਉਸ ਦਾ ਨਾਮ ਅਕਾਲ ਤਖ਼ਤ ਰੱਖਿਆ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਇਕ ਬੜਾ ਖੁੱਲਾ ਦਲਾਨ ਹੈ, ਜਿੱਥੇ ਹਜ਼ਾਰਾ ਦੀ ਗਿਣਤੀ ਵਿੱਚ ਸਰੋਤੇ ਬੈਠ ਸਕਦੇ ਹਨ। ਗੁਰਬਾਣੀ ਦੇ ਕੀਰਤਨ ਦੇ ਦੀਵਾਨ ਤਾਂ ਦੋਵੇਂ ਵੇਲੇ ਹਰਮੰਦਿਰ ਸਾਹਿਬ ਹੀ ਲੱਗਦੇ ਸਨ। ਸ਼੍ਰੀ ਅਕਾਲ ਤਖ਼ਤ ਦੇ ਸਾਹਮਣੇ ਲੋਢੇ ਪਹਿਰ ਇੱਕਠ ਸ਼ੁਰੂ ਹੋ ਗਏ। ਜਿੱਥੇ ਢਾਡੀ ਜੋਧਿਆ ਦੀਆ ਵਾਰਾ ਗਾਉਂਦੇ ਸਨ। 1627 ਈਸਵੀ ਵਿਚ ਜਹਾਂਗੀਰ ਫ਼ੌਤ ਹੋ ਗਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਸ਼ਾਹਜਹਾਨ ਗੱਦੀ ਦਾ ਵਾਰਸ ਬਣ ਗਿਆ। ਕੱਟੜਪੰਥੀ ਮੁਸਲਮਾਨਾਂ ਨੂੰ ਖ਼ੁਸ਼ ਕਰਨ ਲਈ ਉਸ ਨੇ ਵੀ ਗ਼ੈਰ-ਮੁਸਲਿਮ ਭਾਈਚਾਰਿਆਂ 'ਤੇ ਜ਼ਿਆਦਤੀਆਂ ਆਰੰਭ ਦਿੱਤੀਆਂ। ਇਸ ਨੂੰ ਠੱਲ੍ਹ ਪਾਉਣ ਲਈ ਗੁਰੂ ਸਾਹਿਬ ਨੂੰ ਸਮੇਂ-ਸਮੇਂ ਕਈ ਜੰਗਾਂ ਕਰਨੀਆ ਪਈਆ। ਇਸ ਲੜੀ ਵਜੋਂ ਪਹਿਲੀ ਜੰਗ ਉਨ੍ਹਾਂ ਨੂੰ ਰੁਹਲੇ (ਸ੍ਰੀ ਹਰਗੋਬਿੰਦਪੁਰ ਸਾਹਿਬ) ਵਿਖੇ ਲੜਨੀ ਪਈ। ਗੁਰੂ ਸਾਹਿਬ ਦੀ ਦੂਸਰੀ ਜੰਗ ਲੋਹਗੜ ਤੋਂ ਲੈ ਕੇ ਅਜੋਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਤਕ ਹੋਈ। ਇਸ ਜੰਗ ਵਿਚ ਗੁਰੂ ਕੀ ਫ਼ੌਜ ਨੇ ਵੈਰੀਆਂ ਨੂੰ ਕਰਾਰੀ ਹਾਰ ਦਿੱਤੀ। ਇਹ ਸਮਾਂ ਅੱਧ ਅਪ੍ਰੈਲ 1634 ਈਸਵੀ ਦਾ ਹੈ। ਤੀਜੀ ਜੰਗ ਮਰਾਜ ਦੇ ਨਜਦੀਕ ਇਕ ਢਾਬ 'ਤੇ ਮੋਰਚੇ ਕਾਇਮ ਕਰ ਕੇ ਲੜੀ ਗਈ, ਜਿਸ ਦਾ ਕਾਰਨ ਭਾਈ ਬਿਧੀ ਚੰਦ ਜੀ ਵੱਲੋਂ ਉਨ੍ਹਾਂ ਦੋ ਘੋੜਿਆਂ ਨੂੰ ਲਾਹੌਰ ਦੇ ਕਿਲ੍ਹੇ 'ਚੋਂ ਕੱਢ ਕੇ ਗੁਰੂ ਦਰਬਾਰ ਤਕ ਪਹੁੰਚਦਾ ਕਰਨਾ ਸੀ, ਜਿਨ੍ਹਾਂ ਨੂੰ ਕਾਬਲ ਤੋਂ ਆ ਰਹੇ ਸਿੱਖਾਂ ਪਾਸੋਂ ਲਾਹੌਰ ਦੇ ਹਾਕਮ ਨੇ ਖੋਹ ਲਿਆ ਸੀ। ਇਸ ਜੰਗ ਦਾ ਸਮਾਂ ਦਸੰਬਰ 1634 ਈਸਵੀ ਹੈ। ਗੁਰੂ ਸਾਹਿਬ ਦੀ ਚੌਥੀ ਜੰਗ ਕਰਤਾਰਪੁਰ ਸਾਹਿਬ ਦੀ ਹੈ। ਇਸ ਜੰਗ ਦਾ ਸਬੱਬ ਸਿੱਖ ਫ਼ੌਜ ਦੇ ਇਕ ਸਾਬਕਾ ਜਰਨੈਲ ਪੈਂਦੇ ਖ਼ਾਨ ਬਣਿਆ। ਗੁਰੂ ਘਰ ਨਾਲ ਗ਼ੱਦਾਰੀ ਕਰ ਕੇ ਉਹ ਮੁਗ਼ਲਾਂ ਨਾਲ ਜਾ ਮਿਲਿਆ ਸੀ ਤੇ ਗੁਰੂ ਸਾਹਿਬ 'ਤੇ ਹਮਲਾ ਕਰ ਦਿੱਤਾ। ਇਹ ਜੰਗ ਸੰਨ 1635 ਨੂੰ ਅਪ੍ਰੈਲ ਮਹੀਨੇ ਦੇ ਆਖ਼ਰੀ ਹਫ਼ਤੇ ਲਗਾਤਾਰ ਤਿੰਨ ਦਿਨ ਤਕ ਚੱਲੀ। ਗੁਰੂ ਸਾਹਿਬ ਦੀ ਪੰਜਵੀ ਜੰਗ ਪਲਾਹੀ ਸਾਹਿਬ, ਫਗਵਾੜਾ ਵਿਖੇ ਹੋਈ 26 ਅਪ੍ਰੈਲ 1635 ਨੂੰ ਹੋਈ। ਸ਼ਾਹੀ ਫ਼ੌਜ ਨੇ ਅਚਾਨਕ ਗੁਰੂ ਕੀਆਂ ਫ਼ੌਜਾਂ ਉੱਪਰ ਹਮਲਾ ਕਰ ਦਿੱਤਾ ਸੀ।।ਸਿੱਖਾਂ ਨੇ ਇਸ ਜੰਗ ਦਾ ਵੀ ਮੂੰਹ ਤੋੜਵਾਂ ਜਵਾਬ ਦਿੱਤਾ।ਤੇ ਸ਼ਾਹੀ ਫ਼ੌਜ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪੂਰੀ ਹਯਾਤੀ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਵਿਚ ਲਗਾਈ। ਇਸ ਮਨੋਰਥ ਦੀ ਸਿੱਧੀ ਲਈ ਰੁਕਾਵਟ ਪੈਦਾ ਕਰਨ ਵਾਲੀ ਹਰ ਧਿਰ ਨੂੰ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਗਿਆ।।ਉਨ੍ਹਾਂ ਆਪਣੇ ਸਿੱਖਾਂ ਨੂੰ ਸੇਵਾ ਤੇ ਸਿਮਰਨ ਨਾਲ ਵੀ ਜੋੜੀ ਰੱਖਿਆ। ਆਪਣੀ ਸੰਸਾਰਕ ਯਾਤਰਾ ਦੀ ਸੰਪੂਰਤਾ ਨੂੰ ਨੇੜੇ ਜਾਣ ਕੇ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰਿ ਰਾਏ ਸਾਹਿਬ ਨੂੰ ਸੌਪ ਦਿੱਤੀ ਅਤੇ ਮਾਰਚ ਮਹੀਨੇ ਦੇ ਪਹਿਲੇ ਹਫ਼ਤੇ 1644 ਈਸਵੀ ਨੂੰ ਜੋਤੀ ਜੋਤ ਸਮਾ ਗਏ। --ਹਰਕੀਰਤ ਕੌਰ ( ਐਮ.ਏ. ਧਰਮ ਅਧਿਐਨ)
No comments:
Post a Comment