ਇੱਕ ਜ਼ਰੂਰੀ ਅਪੀਲ//ਸਵਰਨਜੀਤ ਕੌਰ ਗਰੇਵਾਲ
ਇਹ ਫੋਟੋ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ
ਸਾਰੇ ਭੈਣ/ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ!
ਮੇਰੇ ਜਿਹੜੇ ਭੈਣ ਭਰਾ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਤੇ ਹੋਰ ਸੋਸ਼ਲ ਸਾਈਟਸ ਦੀ ਵਰਤੋ ਕਰਦੇ ਹਨ, ਓਹਨਾਂ ਦੇ ਚਰਨਾਂ ਵਿਚ ਇਕ ਅਰਜੋਈ ਹੈ ਕਿ ਓਹ ਆਪਣੇ ਇਹਨਾਂ ਐਪਸ ਵਿਚ ਇਕ ਜ਼ਰੂਰੀ ਸੁਨੇਹਾ ਸ਼ੇਅਰ ਵੀ ਕਰਨ ਅਤੇ ਆਪ ਵੀ ਇਸ ਉੱਤੇ ਅਮਲ ਕਰਨ !
ਸਵਰਨਜੀਤ ਕੌਰ ਗਰੇਵਾਲ |
ਸਾਡੀਆਂ ਸਰਕਾਰਾਂ ਏਸ ਪਾਸਿਓਂ ਬੇ-ਖ਼ਬਰ ਤਰ੍ਹਾਂ ਤਰ੍ਹਾਂ ਦੇ ਲੋਕ-ਮਾਰੂ ਕੰਮਾਂ ਵਿਚ ਰੁੱਝੀਆਂ ਹੋਈਆਂ ਹਨ। ਸੜਕਾਂ ਚੌੜੀਆਂ ਕਰਨ ਦੇ ਨਾਂ ਹੇਠ ਲੱਖਾਂ-ਕਰੋੜਾਂ ਰੁੱਖਾਂ ਦਾ ਘਾਣ ਕਰ ਦਿੱਤਾ ਗਿਆ ਤੇ ਮੁੜ ਕੋਈ ਰੁੱਖ ਲਾਉਣ ਦਾ ਜਤਨ ਹੀ ਨਹੀਂ ਕੀਤਾ।
ਇਸ ਲਈ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅਸੀਂ ਆਪਣਾ ਜੀਵਨ ਆਪ ਹੀ ਬਚਾਉਣ ਦੀ ਪੁਰ-ਜ਼ੋਰ ਕੋਸ਼ਿਸ਼ ਕਰੀਏ।
ਹੁਣ ਸਮਾਂ ਹੈ ਕਿ ਹਰੇਕ ਬੰਦਾ ਆਪਣੇ ਘਰ, ਮੁਹੱਲੇ, ਗਲ਼ੀ, ਪਿੰਡ, ਸ਼ਹਿਰ, ਸਕੂਲਾਂ, ਸੜਕਾਂ ਦੇ ਨੇੜਲੇ ਆਪਣੇ ਖੇਤਾਂ ਦੇ ਆਲ਼ੇ-ਦੁਆਲ਼ੇ ਨਵੇਂ ਰੁੱਖ ਲਗਾਈਏ ਤੇ ਓਹਨਾਂ ਨੂੰ ਪੂਰੀ ਜ਼ੁੰਮੇਵਾਰੀ ਨਾਲ ਪਾਲ਼ੀਏ ਵੀ ! ਜੀ ਟੀ ਰੋਡ 'ਤੇ ਅਸੀਂ ਰੁੱਖ ਲਗਾ ਨਹੀਂ ਸਕਦੇ ਕਿਉਂਕਿ ਓਹ ਸਬੰਧਿਤ ਕੰਪਨੀਆਂ ਦੇ ਅਧੀਨ ਹਨ ਤੇ ਓਹਨਾਂ ਨੂੰ ਸਰਕਾਰ ਵੱਲੋਂ ਹੀ ਤਾੜਨਾ ਕੀਤੀ ਜਾ ਸਕਦੀ ਹੈ ਕਿ ਕੀਤੇ ਹੋਏ ਇਕਰਾਰਨਾਮਿਆਂ ਮੂਜਬ ਓਹਨਾਂ ਸੜਕਾਂ ਦੇ ਆਲ਼ੇ-ਦੁਆਲ਼ੇ ਨਿਸਚਿਤ ਗਿਣਤੀ ਵਿਚ ਰੁੱਖ ਲਾਏ ਜਾਣ ! ਪਰ ਸਰਕਾਰਾਂ ਦਾ ਏਸ ਪਾਸੇ ਬਿਲਕੁਲ ਹੀ ਧਿਆਨ ਨਹੀਂ ਹੈ। ਸਰਕਾਰ ਨੂੰ ਜਗਾਉਣ ਲਈ ਅਸੀਂ ਸਭ ਇਹ ਕਰ ਸਕਦੇ ਹਾਂ ਕਿ ਹਰੇਕ ਜ਼ਿਲ੍ਹੇ ਦੇ ਡੀ ਸੀ ਨੂੰ ਲੋਕਾਂ ਵੱਲੋਂ ਹਰ ਹਫ਼ਤੇ ਇਕ ਮੰਗ-ਪੱਤਰ ਦੇ ਕੇ ਇਹ ਮੰਗ ਕੀਤੀ ਜਾਵੇ ਕਿ ਜੀ ਟੀ ਰੋਡਜ਼ ਦੇ ਆਲ਼ੇ-ਦੁਆਲ਼ੇ ਅਤੇ ਡਿਵਾਈਡਰਜ਼ ਉੱਤੇ ਵੱਡੇ ਰੁੱਖ ਲਗਾਏ ਜਾਣ ਨਾ ਕਿ ਸਜਾਵਟੀ ਫੁੱਲਾਂ ਵਾਲੀਆਂ ਝਾੜੀਆਂ ! ਹੋ ਸਕਦੈ, ਸਰਕਾਰ ਦੇ ਬੋਲ਼ੇ ਕੰਨਾਂ 'ਤੇ ਜੂੰਅ ਸਰਕ ਜਾਵੇ ਪਰ ਤਾਂ ਵੀ ਗਰੰਚੀ ਨਹੀਂ ਕਿ ਰੁੱਖ ਲਾ ਕੇ ਸੰਜਾਦਗੀ ਨਾਲ ਪਾਲ਼ੇ ਵੀ ਜਾਣਗੇ ? ਦੂਜੇ ਪਾਸੇ ਹਰ ਸਾਲ ਅਸੀਂ ਸੁਚੇਤ ਰੂਪ ਵਿਚ ਜਿੰਨੇ ਵੱਧ ਤੋਂ ਵੱਧ ਰੁੱਖ ਲਾਵਾਂਗੇ ਤੇ ਗੰਭੀਰਤਾ ਨਾਲ ਓਹਨਾਂ ਨੂੰ ਪਾਲ਼ਾਂਗੇ ਵੀ ਤਾਂ ਮੇਰਾ ਦ੍ਰਿੜ੍ਹ ਨਿਸਚਾ ਹੈ ਕਿ ਅਸੀਂ ਜਿੱਥੇ ਆਪਣੇ ਪੰਜਾਬ ਨੂੰ ਮੁੜ ਹਰਿਆਵਲ ਨਾਲ ਭਰ ਲਵਾਂਗੇ ਓਥੇ ਸਾਡੇ ਪਿਆਰੇ ਪੰਛੀ ਵੀ ਏਹਨਾਂ ਰੁੱਖਾਂ ਉੱਤੇ ਆਪਣੇ ਕੁਦਰਤੀ ਆਲ੍ਹਣੇ ਪਾ ਕੇ ਸਾਡੇ ਵਿਚ ਫਿਰ ਤੋਂ ਸ਼ਾਮਲ ਹੋ ਜਾਣਗੇ ਤੇ ਲੱਗੇ ਹੋਏ ਜੰਗਲਾਂ ਵਿਚ ਜੰਗਲੀ ਜੀਵਾਂ ਦਾ ਜੀਵਨ ਵੀ ਮੌਲ ਉੱਠੇਗਾ। ਫਲ਼ਦਾਰ ਰੁੱਖ ਸਾਨੂੰ ਪੇਟ ਭਰਨ ਲਈ ਫਲ਼ ਵੀ ਦੇਣਗੇ ਤੇ ਸੰਘਣੀ ਛਾਂ ਦੇ ਨਾਲ਼ ਨਾਲ਼ ਜੀਵਨ-ਦਾਤੀ ਆਕਸੀਜਨ ਵੀ ਸਾਨੂੰ ਭਰਪੂਰ ਮਾਤਰਾ ਵਿਚ ਮਿਲ ਸਕੇਗੀ! 🙏🙏🙏
No comments:
Post a Comment