8th May 2021 at 2:31 PM
ਜਨ ਸੰਗਠਨਾਂ ਨੇ ਕਿਹਾ ਕਿ ਕੋਰੋਨਾ ਬਹਾਨੇ ਮੜ੍ਹਿਆ ਗਿਆ ਹੈ ਕਰਫਿਊ
ਲੁਧਿਆਣਾ: 8 ਮਈ 2021: (ਪੰਜਾਬ ਸਕਰੀਨ ਬਿਊਰੋ)::
ਲਾਕਡਾਊਨ ਨੂੰ ਲੈ ਕੇ ਦੁਕਾਨਦਾਰ, ਕਾਰੋਬਾਰੀ ਅਤੇ ਵਪਾਰੀ ਪਹਿਲਾਂ ਹੀਉ ਬੇਹੱਦ ਗੁੱਸੇ ਵਿੱਚ ਹਨ। ਹੁਣ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮਗਰੋਂ ਬਹੁਤ ਸਾਰੇ ਜਨਸੰਗਠਨ ਵੀ ਪੂਰੀ ਤਰਾਂ ਸਰਕਾਰ ਦੇ ਖਿਲਾਫ ਆ ਖੜੋਤੇ ਹਨ। ਇਹਨਾਂ ਦਾ ਕਹਿਣਾ ਹੈ ਕਿ ਲਾਕਡਾਊਨ ਅਤੇ ਕਰਫਿਊ ਵਰਗੀਆਂ ਪਾਬੰਦੀਆਂ ਅਸਲ ਵਿੱਚ ਕੋਰੋਨਾ ਨੂੰ ਬਹਾਨਾ ਬਣਾ ਕੇ ਲਾਈਆਂ ਗਈਆਂ ਹਨ। ਅਜਿਹੀ ਹਾਲਤ ਵਿੱਚ ਕਿਸਾਨ ਮੋਰਚੇ ਦਾ ਅੰਦੋਲਨ ਨਵਾਂ ਰੰਗਰੂਪ ਵੀ ਅਖਤਿਆਰ ਕਰ ਸਕਦਾ ਹੈ।
ਇੱਕ ਪ੍ਰੈਸ ਨੋਟ ਵਿੱਚ ਇਹਨਾਂ ਲੋਕ ਸੰਗਠਨਾਂ ਨੇ ਕਿਹਾ ਕਿ ਲੁਧਿਆਣੇ ਵਿੱਚ ਕਰੋਨਾ ਬਹਾਨੇ ਮੜ੍ਹੀਆਂ ਕਰਫਿਊ ਤੇ ਹੋਰ ਪਾਬੰਦੀਆਂ ਖਿਲਾਫ਼ ਅਵਾਜ਼ ਬੁਲੰਦ ਕਰਦੇ ਹੋਏ ਅੱਜ ਜਮਾਲਪੁਰ ਇਲਾਕੇ ਦੇ ਦੁਕਾਨਦਾਰਾਂ ਤੇ ਰੇਹੜੀ-ਫੜੀ ਕਿਰਤੀਆਂ ਵੱਲੋਂ ਚੰਡੀਗੜ੍ਹ ਰੋਡ, ਜਮਾਲਪੁਰ, ਲੁਧਿਆਣਾ ’ਤੇ ਰੋਹ ਭਰਪੂਰ ਮੁਜ਼ਾਹਰਾ ਕਰਕੇ ਕਰਫਿਊ ਅਤੇ ਹੋਰ ਪਾਬੰਦੀਆਂ ਖ਼ਤਮ ਕਰਨ ਦੀ ਮੰਗ ਕੀਤੀ ਗਈ। ਇਸ ਰੋਸ ਮੁਜ਼ਾਹਰੇ ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਅਤੇ ਲੋਕ ਏਕਤਾ ਸੰਗਠਨ ਵੱਲੋਂ ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਦੀਆਂ ਜ਼ਾਬਰ ਪਾਬੰਦੀਆਂ ਅਤੇ ਫੈਲਾਈ ਦਹਿਸ਼ਤ ਕਾਰਨ ਪਹਿਲਾਂ ਤੋਂ ਲੋਕਾਂ ਨੂੰ ਮਿਲ ਰਹੀਆਂ ਮਾੜੀਆਂ-ਮੋਟੀਆਂ ਦਵਾ-ਇਲਾਜ ਦੀਆਂ ਸਹੂਲਤਾਂ ਦੇ ਪ੍ਰਬੰਧ ਦਾ ਵੀ ਭੱਠਾ ਬੈਠ ਗਿਆ ਹੈ, ਆਰਥਿਕ, ਮਾਨਸਿਕ ਹਾਲਤ ਨਿੱਘਰ ਗਈ ਹੈ। ਇਸ ਕਰਕੇ ਕਰੋਨਾ ਅਤੇ ਹੋਰ ਬਿਮਾਰੀਆਂ ਕਾਰਨ ਲੋਕਾਂ ਦਾ ਵਧੇਰੇ ਨੁਕਸਾਨ ਹੋ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਕਰਫਿਊ, ਲੌਕਡਾਊਨ ਤੇ ਹੋਰ ਪਾਬੰਦੀਆਂ ਤੁਰੰਤ ਹਟਾਈਆਂ ਜਾਣ, ਮਹਾਂਮਾਰੀ ਦਾ ਪੂਰੀ ਤਰ੍ਹਾਂ ਨਾਜਾਇਜ ਡਰ ਫੈਲਾਉਣਾ ਬੰਦ ਕੀਤਾ ਜਾਵੇ, ਕਰੋਨਾ ਸਮੇਤ ਸਭਨਾਂ ਬਿਮਾਰੀਆਂ ਦੇ ਇਲਾਜ ਲਈ ਢੁੱਕਵੇਂ ਪ੍ਰਬੰਧ ਸਰਕਾਰੀ ਪੱਧਰ ਉੱਤੇ ਕੀਤੇ ਜਾਣ, ਦੁਕਾਨਦਾਰਾਂ, ਰੇਹੜੀ-ਫੜੀ ਵਾਲ਼ਿਆਂ, ਹੋਰ ਕੰਮ ਧੰਦੇ ਵਾਲ਼ਿਆਂ, ਮਜ਼ਦੂਰਾਂ ਆਦਿ ਕਿਰਤੀ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ। ਬੁਲਾਰਿਆਂ ਨੇ ਇਹ ਵੀ ਕਿਹਾ ਕਿ ਕਰੋਨਾ ਬਹਾਨੇ ਮੜ੍ਹੀਆਂ ਜਾ ਰਹੀਆਂ ਪਾਬੰਦੀਆਂ ਦਾ ਮੁੱਖ ਮਕਸਦ ਖੇਤੀ ਕਨੂੰਨਾਂ ਖਿਲਾਫ਼ ਸੰਘਰਸ਼ ਨੂੰ ਕੁਚਲਣਾ ਹੈ। ਇਸ ਮੌਕੇ ਤੇਜਵੀਰ ਸਿੰਘ, ਗੁਰਚਰਨ ਸਿੰਘ, ਰਾਕੇਸ਼ ਕੁਮਾਰ ਤੇ ਹੋਰ ਦੁਕਾਨਦਾਰਾਂ, ਰੇਹੜੀ-ਫੜੀ ਕਿਰਤੀਆਂ ਤੋਂ ਇਲਾਵਾ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ, ਕਾਰਖਾਨਾ ਮਜ਼ਦੂਰ ਯੂਨੀਅਨ ਵੱਲੋਂ ਲਖਵਿੰਦਰ ਤੇ ਜਸਮੀਤ, ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਵੱਲੋਂ ਜਗਦੀਸ਼, ਲੋਕ ਏਕਤਾ ਸੰਗਠਨ ਵੱਲੋਂ ਗੱਲਰ ਚੌਹਾਨ ਆਦਿ ਨੇ ਸੰਬੋਧਿਤ ਕੀਤਾ।
No comments:
Post a Comment