Sunday, May 09, 2021

ਸੀ. ਟੀ. ਯੂ. ਦੇ ਨਿੱਜੀਕਰਨ ਖਿਲਾਫ਼ ਚੱਕਾ ਜਾਮ ਦਾ ਸਮਰਥਨ

11 ਮਈ 2021 ਨੂੰ ਦੁਪਹਿਰੇ 12 ਤੋਂ 2 ਵਜੇ ਤਕ ਬੱਸਾਂ ਦਾ ਚੱਕਾ ਜਾਮ 


ਚੰਡੀਗੜ੍ਹ: 9 ਮਈ 2021: (ਪੰਜਾਬ ਸਕਰੀਨ ਬਿਊਰੋ)::

ਕੋਰੋਨਾ ਵਾਲੀ ਮੁਸੀਬਤ ਆਈ ਤਾਂ ਲੋਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਨਿੱਕੀਆਂ ਨਿੱਕੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਹੋ ਗਏ। ਪਰਿਵਾਰ ਚਲਾਉਣ ਦੀ ਮੁਸ਼ਕਿਲ ਹਰ ਰੋਜ਼ਵਧੇਰੇ ਭਿਆਨਕ ਬਣ ਕੇ ਸਾਹਮਣੇ ਆਉਣ ਲੱਗੀ। ਇਸ ਨਾਜ਼ੁਕ ਹਾਲਤ ਵਿੱਚ ਜਿਹੜੀਆਂ ਲੋਕ ਪੱਖੀ ਸ਼ਕਤੀਆਂ ਲੋਕਾਂ ਦੀ ਮਦਦ ਲਈ ਸਾਹਮਣੇ ਆਈਆਂ ਉਹਨਾਂ ਵਿੱਚ ਕਾਮਰੇਡ ਵੀ ਮੂਹਰਲੀ ਕਤਾਰ ਵਿੱਚ ਸਨ।  ਕਾਮਰੇਡਾਂ ਅਤੇ ਹੋਰ ਟ੍ਰੇਡਯੂਨੀਅਨਾਂ ਦਾ ਧਿਆਨ ਰਾਸ਼ਨ ਵੰਡ ਵਰਗੇ ਪਾਸੇ ਹੁੰਦਿਆਂ ਸਾਰ ਹੀ ਸਰਕਾਰਾਂ ਨੇ ਆਪਣੀ ਚਾਲ ਚੱਲਣੀ ਸ਼ੁਰੂ ਕਰ ਦਿੱਤੀ। ਲੋਕਾਂ ਅਤੇ ਮਜ਼ਦੂਰਾਂ ਦੇ ਖਿਲਾਫ ਅਜਿਹੇ ਕਾਨੂੰਨ ਸਾਹਮਣੇ ਆਉਣ ਲੱਗੇ ਜਿਹੜੇ ਨੰਗੇ ਚਿੱਟੇ ਤੌਰ ਤੇ ਅੰਬਾਨੀਆਂ ਅਡਾਨੀਆਂ ਵਰਗੇ ਪੂੰਜੀਪਤੀਆਂ ਦੇ ਹਿੱਤ ਪੂਰਦੇ ਸਨ। ਇਸ ਮੁਹਿੰਮ ਅਧੀਨ ਹੀ ਨਿਜੀਕਰਨ ਨੂੰ ਮਜ਼ਬੂਤ ਕਰਨ ਅਤੇ ਪਬਲਿਕ ਸੈਕਟਰ ਨੂੰ ਕਮਜ਼ੋਰ ਕਰਨ ਦਾ ਨਿਸ਼ਾਨਾ ਬੜੀ ਹੀ ਬੇਸ਼ਰਮੀ ਨਾਲ ਮਿੱਥ ਲਿਆ ਗਿਆ। ਇਸੇ ਸਿਲਸਿਲੇ ਅਧੀਨ ਵਾਰੀ ਆਈ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀ। ਹਰਮਨ ਪਿਆਰੇ ਟਰਾਂਸਪੋਰਟ ਅਦਾਰੇ ਸੀਟੀਯੂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਵਾਲਿਆਂ ਸਾਜ਼ਿਸ਼ਾਂ ਸਿਰੇ ਚਾੜ੍ਹੀਆਂ ਜਾਣ ਲੱਗ ਪਈਆਂ। ਸੀਟੀਯੂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਲਈ ਅੱਗੇ ਆਈ ਹੈ ਖੱਬੇ ਪੱਖੀ ਟਰੇਡ ਯੂਨੀਅਨ ਜੱਥੇਬੰਦੀ ਏਟਕ ਅਰਥਾਤ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ। ਏਟਕ ਨੇ ਨਿਜੀਕਰਨ ਦੇ ਇਸ ਮੁੱਦੇ ਨੂੰ ਉਠਾਉਂਦਿਆਂ ਮੁਲਾਜ਼ਮਾਂ ਦੀ ਪੁਰਜ਼ੋਰ ਹਮਾਇਤ ਕੀਤੀ ਹੈ। 
ਏਟਕ ਚੰਡੀਗੜ੍ਹ ਦੇ ਪ੍ਰਧਾਨ ਸਾਥੀ ਰਾਜ ਕੁਮਾਰ ਅਤੇ ਜਨਰਲ ਸਕੱਤਰ ਸਤਿਆਵੀਰ ਨੇ ਇੱਕ ਸਾਝੇ ਬਿਆਨ ਵਿਚ ਦਸਿਆ ਕਿ ਸੀ. ਟੀ. ਯੂ. ਵਰਕਰਜ਼ ਯੂਨੀਅਨ ਵੱਲੋਂ ਅਦਾਰੇ ਦੇ ਨਿੱਜੀਕਰਨ ਖਿਲਾਫ਼ 11 ਮਈ 2021 ਨੂੰ ਦੁਪਹਿਰੇ 12 ਤੋਂ 2 ਵਜੇ ਤਕ ਬੱਸਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਏਟਕ ਇਸ ਚੱਕਾ ਜਾਮ ਦਾ ਸਮਰਥਨ ਕਰਦੀ ਹੈ ਅਤੇ ਏਟਕ ਦੇ ਸਾਥੀ ਇਸ ਸੰਘਰਸ਼ ਵਿਚ ਹਮੇਸ਼ਾਂ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਅਦਾਰੇ ਦੇ ਨਿੱਜੀਕਰਨ ਦੇ ਨਾਲ ਨਾਲ ਪ੍ਰਸਾਸ਼ਨ ਇਲੇਕਟਰੌਨਿਕ ਬੱਸਾਂ ਵੀ ਸ਼ਹਿਰ ਵਿਚ ਨਿੱਜੀ ਕੰਪਨੀਆਂ ਦੀ ਮਦਦ ਨਾਲ ਚਲਾਉਣਾ ਚਾਹੁੰਦੀ ਹੈ ਜੋ ਕੀਮਤ ਅਤੇ ਪ੍ਰਤੀ ਕਿਲੋਮੀਟਰ ਲਾਗਤ ਵਿਚ ਮਹਿੰਗੀਆਂ ਹਨ ਅਤੇ ਪੁਰਾਣੀਆਂ ਬੱਸਾਂ ਨਾਲੋਂ ਅੱਧੀਆਂ ਸਵਾਰੀਆਂ ਹੀ ਢੋਣਗੀਆਂ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਦੇ ਆਉਣ ਨਾਲ ਡਰਾਇਵਰਾਂ ਉਤੇ ਛਾਂਟੀ ਦੀ ਤਲਵਾਰ ਲਟਕ ਰਹੀ ਹੈ। ਉਨ੍ਹਾਂ ਚੰਡੀਗੜ੍ਹ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸੀ. ਟੀ. ਯੂ. ਵਰਕਰਜ਼ ਯੂਨੀਅਨ ਦੀਆਂ ਮੰਗਾਂ ਫੌਰੀ ਤੌਰ ਤੇ ਮੰਨੀਆਂ ਜਾਣ ਵਰਨਾ ਏਟਕ ਇਸ ਸੰਘਰਸ਼ ਨੂੰ ਹੋਰ ਤਿਖਾ ਕਰੇਗੀ।

C T U ਵਿੱਚ 11 ਮਈ ਦੀ ਹੜਤਾਲ ਕਿਉ ਅਤੇ ਜਿੰਮੇਵਾਰ ਕੌਣ?

1. CTU ਮੈਨੇਜਮੈਂਟ ਵੱਲੋਂ ਪਿਛਲੇ ਚਾਰ ਪੰਜ ਸਾਲਾਂ ਤੋਂ ਅਦਾਰੇ ਨੂੰ ਖੋਰਾ ਲਾਉਣ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।

2. ਪਹਿਲਾਂ ਚਾਰ ਨੰਬਰ ਡੀਪੂ ਨੂੰ ਜਵਾਹਰ ਲਾਲ ਨਹਿਰੂ ਨੈਸ਼ਨਲ ਰੂਰਲ ਮਿਸ਼ਨ ਵਾਲੀ ਸਕੀਮ ਦੇ ਹੇਠ ਪ੍ਰਾਈਵੇਟ ਹੱਥਾਂ ਵਿਚ ਦਿੱਤਾ ਗਿਆ।

3. ਪਿਛਲੇ ਸਾਲ 2 ਨੰਬਰ ਵਰਕਸ਼ਾਪ ਦਾ ਰਿਪੇਅਰ ਦਾ ਕੰਮ  ਠੇਕੇਦਾਰ ਨੂੰ ਦੇ ਕੇ ਕਮਿਸ਼ਨ ਖਾਣ ਦਾ ਹੀਲਾ ਕਰ ਲਿਆ ਗਿਆ ਅਤੇ ਯੂਨੀਅਨ ਵੱਲੋਂ ਅਪੀਲ ਕਰਨ ਦੇ ਬਾਵਜੂਦ ਇਸ ਘਪਲੇ ਦੀ ਜਾਂਚ ਨਹੀ ਕਾਰਵਾਈ ਗਈ।

4.  ਹੁਣ  417 ਬੱਸਾਂ ਦੇ ਮਨਜ਼ੂਰ ਹੋਏ ਫਲੀਟ ਨੂੰ ਖੋਰਾ ਲਾਇਆ ਜਾ ਰਿਹਾ ਹੈ।

5. ਇਲੈਕਟ੍ਰਿਕ ਬੱਸਾਂ ਪ੍ਰਾਈਵੇਟ ਠੇਕੇਦਾਰ ਦੇ ਅਧੀਨ ਕਿਲੋਮੀਟਰ ਵਾਲੇ ਆਧਾਰ ਤੇ ਪਾਈਆਂ ਜਾ ਰਹੀਆਂ ਹਨ। ਇਹ ਸਭ ਕੁਛ CTU ਮੈਨੇਜਮੈਂਟ ਅਤੇ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਅਫ਼ਸਰਾਂ ਦੀ ਮਿਲੀ ਭੁਗਤ ਨਾਲ ਮੋਟਾ ਕਮਿਸ਼ਨ ਖਾ ਕੇ ਅਦਾਰੇ ਨੂੰ ਖਤਮ ਕਰਨ ਦੀ ਕੋਝੀ ਚਾਲ ਹੈ। 

6. ਮਨਜ਼ੂਰਸ਼ੁਦਾ 200 ਬੱਸਾਂ ਵਿਚੋਂ ਬਚਦੀਆਂ ਬੱਸਾਂ ਨਹੀਂ ਮੰਗਾਈਆ ਜਾ ਰਹੀਆਂ।

7. ਸੰਨ 1991 ਤੋਂ ਬਾਅਦ ਆਦਾਰੇ ਵਿਚ ਵਰਕਸ਼ਾਪ ਸਟਾਫ ਦੀ ਭਰਤੀ ਨਹੀਂ ਕੀਤੀ ਗਈ।

8. ਲੰਮੇ ਸਮੇਂ ਤੋਂ ਡਰਾਈਵਰ ਤੇ ਕੰਡਕਟਰ ਦੀ ਭਰਤੀ ਨਹੀਂ ਕੀਤੀ ਜਾ ਰਹੀ ਜਦ ਕੇ ਇਸ ਦੇ ਉਲਟ ਪ੍ਰਾਈਵੇਟ ਠੇਕੇਦਾਰ ਅਧੀਨ ਪਿਛਲੇ ਦਰਵਾਜ਼ੇ ਰਾਹੀਂ ਤਕਰੀਬਨ 1200 ਕੱਚੇ ਕਾਮੇ ਭਰਤੀ ਕਰਕੇ ਠੇਕੇਦਾਰ ਤੋਂ ਮੋਟਾ ਕਮਿਸ਼ਨ ਖਾਧਾ ਜਾ ਰਿਹਾ ਹੈ ਅਤੇ ਕੱਚੇ ਕਾਮਿਆਂ ਨੂੰ ਓਹਨੇ ਦੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। 

9. ਡਾਇਰੈਕਟਰ ਟਰਾਂਸਪੋਰਟ ਵਲੋਂ ਕੋਰਟ ਵਿੱਚ ਗ਼ਲਤ ਐਫੀਡੇਵਿਟ ਫਾਈਲ ਕਰਕੇ ਵੀਕਲੀ ਰੈਸਟ ਦੇ ਨਾਮ ਤੇ ਯੂਨੀਅਨ ਅਤੇ ਵਰਕਰਾਂ ਨੂੰ ਜਨਰਲ ਮੈਨੇਜਰ ਨਾਲ ਮਿਲ ਕੇ ਬਲੈਕਮੇਲ ਕੀਤਾ ਜਾ ਰਿਹਾ ਹੈ। 

10. ਸ਼ਾਮ ਸਵੇਰ ਦਾ ਕੈਸ਼ ਇਕੱਠਾ ਨਾ ਜਮਾ ਕਰਕੇ ਕੰਡਕਟਰ ਅਤੇ ਸਟਾਫ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।

11.  ਪਿਛਲੇ ਤਿੰਨ ਸਾਲਾਂ ਵਿਚ ਡਾਇਰੈਕਟਰ ਟਰਾਂਸਪੋਰਟ ਕਦੇ ਵੀ ਵਰਕਰਾਂ ਦੀਆਂ ਮੁਸ਼ਕਿਲਾਂ ਸੁਣਨ ਲਈ CTU ਦਫ਼ਤਰ ਨਹੀਂ ਬੈਠਿਆ।

12.  ਡਰਾਈਵਰ ਸਟਾਫ ਨੂੰ ਐਕਸੀਡੈਂਟ ਕੇਸ ਵਿੱਚ ਨਜਾਇਜ ਰਿਕਵਰੀਆਂ ਪਈਆਂ ਜਾ ਰਹੀਆਂ ਹਨ।

13. ਕੋਰਟ ਵਿੱਚੋਂ ਬਰੀ ਹੋ ਚੁੱਕੇ ਡਰਾਈਵਰਾਂ ਨੂੰ ਵੀ ਵਿਭਾਗੀ ਜਾਂਚ ਵਿਚ ਦੋਸ਼ੀ ਠਹਿਰਾ ਕੇ ਗ਼ਲਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ।

14.  ਸ਼ਰਤਾਂ ਪੂਰੀਆਂ ਕਰਦੇ ਕੰਡਕਟਰ ਸਟਾਫ ਨੂੰ ਸਬ ਇੰਸਪੈਕਟਰ ਨਹੀਂ ਬਣਾਇਆ ਜਾ ਰਿਹਾ ਅਤੇ ਚਾਰ ਮਹੀਨਿਆਂ ਤੋਂ ਲਾਰੇ ਲਾਏ ਜਾ ਰਹੇ ਹਨ।

15.  ਟਰਾਂਸਪੋਰਟ ਸੇਕ੍ਰੇਟਰੀ ਨਾਲ 12 ਮਾਰਚ 2021 ਨੂੰ ਕੀਤੀ ਗਈ ਮੀਟਿੰਗ ਵਿੱਚ ਹੋਏ ਸਮਝੌਤੇ ਲਾਗੂ ਨਹੀਂ ਕੀਤੇ ਗਏ।

16. ਟਰਾਂਸਪੋਰਟ ਸੇਕ੍ਰੇਟਰੀ ਦੇ ਆਦੇਸ਼ਾਂ ਦੇ ਬਾਵਜੂਦ ਪਿਛਲੇ ਦੋ ਮਹੀਨਿਆਂ ਤੋਂ ਯੂਨੀਅਨ ਨਾਲ ਜਨਰਲ ਮੈਨੇਜਰ ਨੇ ਕੋਈ ਮੀਟਿੰਗ ਨਹੀਂ ਕੀਤੀ।

17. ਲੌਂਗ ਰੂਟ ਦਾ ਕਿਰਾਇਆ ਯੂਨੀਅਨ ਵੱਲੋਂ ਲਿਖ ਕੇ ਦੇਣ ਦੇ ਬਾਵਜੂਦ ਰਾਊਂਡ  ਫਿਗਰ ਨਹੀਂ ਕੀਤਾ ਗਿਆ।

18. ਲੋਕਲ ਰੂਟਾਂ ਦਾ ਸਮਾਂ ਬਿਨਾ ਵਜ੍ਹਾ ਘਟ ਕਰ ਦਿੱਤਾ ਗਿਆ ਹੈ।

19. ਆਦਾਰੇ ਵਿਚ ਕੰਮ ਕਰਦੇ ਕਰਮਚਾਰੀਆਂ ਦੇ ਵੈਕਸਿਨ ਲਗਾਉਣ ਦਾ ਕੋਈ ਪ੍ਰਬੰਧ ਵਿਭਾਗ ਵਲੋਂ ਨਹੀਂ ਕੀਤਾ ਗਿਆ ਜਦ ਕਿ ਸਾਡੇ ਮੁਲਾਜ਼ਮ ਰਿਸਕ ਲੇ ਕੇ ਡਿਊਟੀ ਕਰ ਰਹੇ ਹਨ।

20. ਰਾਜਨੀਤਿਕ ਸਿਫਾਰਿਸ਼ਾਂ ਮੰਨ ਕੇ ਡਾਇਰੈਕਟਰ ਟਰਾਂਸਪੋਰਟ ਵਲੋਂ ਅਦਾਰੇ ਵਿਚ ਬਹੁਤ ਸਾਰੇ ਜੂਨੀਅਰ ਕਰਮਚਾਰੀਆਂ ਨੂੰ ਅਹਿਮ ਅਹੁਦਿਆਂ ਉਪਰ ਤੈਨਾਤ ਕੀਤਾ ਹੋਇਆ ਹੈ ਅਤੇ ਯੂਨੀਅਨ ਦੇ ਬਾਰ ਬਾਰ ਅਪੀਲ ਕਰਨ ਤੇ ਵੀ ਓਹਨਾ ਨੂੰ ਰੂਟਾਂ ਤੇ ਨਹੀਂ ਭੇਜਿਆ ਜਾ ਰਿਹਾ।

21. ਮੈਨੇਜਮੈਂਟ ਵਲੋਂ ਆਪਣੇ ਕੁਛ ਚਹੇਤਿਆਂ ਦੀਆਂ ਗ਼ਲਤ ਸਲਾਹਾਂ ਤੇ ਰੋਜ਼ ਹੀ ਵਰਕਰ ਮਾਰੂ ਫੈਸਲੇ ਕੀਤੇ ਜਾ ਰਹੇ ਹਨ।

ਇਹਨਾਂ ਸਾਰੇ ਗ਼ਲਤ ਫੈਸਲਿਆਂ ਦੇ ਖਿਲਾਫ ਯੂਨੀਅਨ ਵਲੋਂ 11 ਮਈ 2021 ਨੂੰ 17 ਬਸ ਸਟੈਂਡ ਉਪਰ ਦੁਪਹਿਰ 12 ਤੋਂ 2 ਵਜੇ ਤਕ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ CTU ਨੂੰ ਪਿਆਰ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕੇ ਆਦਾਰੇ ਨੂੰ ਬਚਾਉਣ ਲਈ ਸਹਿਯੋਗ ਦਿਓ ਤਾਂ ਜੋ ਅਫ਼ਸਰਸ਼ਾਹੀ ਨੂੰ ਗ਼ਲਤ ਫੈਸਲੇ ਕਰਨ ਤੋਂ ਰੋਕਿਆ ਜਾ ਸਕੇ

ਇਸ ਅਪੀਲ ਨੂੰ ਜਾਰੀ ਕਰਨ ਵਾਲਿਆਂ ਵਿੱਚ ਸ਼ਾਮਲ ਹਨ-ਪ੍ਰਧਾਨ-ਧਰਮਿੰਦਰ ਸਿੰਘ ਰਾਹੀ, ਵਾਈਸ ਪ੍ਰਧਾਨ-ਚਰਨਜੀਤ ਸਿੰਘ ਢੀਂਡਸਾ, ਜਨਰਲ ਸਕੱਤਰ-ਸਤਿੰਦਰ ਸਿੰਘ ਅਤੇ ਕੈਸ਼ੀਅਰ-ਤੇਜਬੀਰ ਸਿੰਘ। 

No comments: