Friday, May 07, 2021

ਲੋੜਵੰਦ ਲੋਕਾਂ ਦੀ ਸਾਰ ਲੈਣ ਲਈ ਡਾਇਰੈਕਟ ਕੈਪਟਨ ਐਕਸ਼ਨ

7th May 2021 at 8:37 PM

ਜੁਰਾਬਾਂ ਵੇਚਣ ਵਾਲੇ ਲੜਕੇ ਦੀ ਮਦਦ ਲਈ ਮੁੱਖ ਮੰਤਰੀ ਵੱਲੋਂ ਵਿਸ਼ੇਸ਼ ਹੁਕਮ 


ਲੁਧਿਆਣਾ
: 7 ਮਈ 2021: (ਕਾਰਤਿਕਾ ਸਿੰਘ//ਪੰਜਾਬ ਸਕਰੀਨ)::
ਗਰੀਬੀ ਸਦੀਆਂ ਤੋਂ ਬਹੁਤ ਸਾਰੀਆਂ ਪ੍ਰਤਿਭਾਵਾਂ ਨੂੰ ਖਾਂਦੀ ਆ ਰਹੀ ਹੈ। ਕੁਦਰਤੀ ਸੁਹੱਪਣ ਮਿਲਿਆ ਹੁੰਦਾ ਹੁੰਦਾ ਹੈ ਪਰ ਗਰੀਬੀ ਖਾ ਜਾਂਦੀ ਹੈ। ਕੁਦਰਤੀ ਪ੍ਰਤਿਭਾ ਮਿਲੀ ਹੁੰਦੀ ਹੈ ਪਰ ਗਰੀਬੀ ਖਾ ਜਾਂਦੀ ਹੈ। ਪੂੰਜੀ ਉੱਤੇ ਸੱਪ ਵਾਂਗ ਕੰਦਲ ਮਾਰ ਕੇ ਬੈਠੇ ਹੋਏ ਕੁਝ ਕੁ ਪਰਿਵਾਰਾਂ ਨੇ ਦੁਨੀਆ ਦੇ ਵੱਡੇ ਹਿੱਸੇ ਦਾ ਬਹੁਤ ਕੁਝ ਹੜੱਪਿਆ ਹੋਇਆ ਹੈ। ਨਤੀਜੇ ਵੱਜੋਂ ਬਹੁਤ ਸਾਰੇ ਪਰਿਵਾਰ ਜਾਂ ਤਾਂ ਖੁਦਕੁਸ਼ੀਆਂ ਕਰ ਰਹੇ ਹਨ ਤੇ ਜਾਂ ਰੁਲ ਰੁਲ ਕੇ ਜੀ ਰਹੇ ਹਨ। ਮੁਸੀਬਤਾਂ ਅਤੇ ਥੁੜਾਂ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਗੁਜ਼ਰ ਜਾਂਦੀ ਹੈ। ਜਦੋਂ ਪੜ੍ਹਲਿਖ ਕੇ ਵੀ ਨੌਕਰੀ ਨਹੀਂ ਮਿਲਦੀ ਤੇ ਮਿਹਨਤ ਕਰਕੇ ਵੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਉਦੋਂ ਮੁਸੀਬਤਾਂ ਮਾਰੀ ਜੁਆਨੀ ਗੁੰਮਰਾਹ ਹੋ ਕੇ ਨਸ਼ਿਆਂ ਅਤੇ ਜੁਰਮਾਂ ਦੇ ਰਾਹ ਪੈ ਜਾਂਦੀ ਹੈ। ਇਹਨਾਂ ਰਸਤਿਆਂ ਨੂੰ ਮੁੱਢ ਤੋਂ ਹੀ ਬੰਦ ਕਰਨ ਦਾ ਉਸਾਰੂ ਉਪਰਾਲਾ ਅਜਿਹੇ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆ ਕੇ ਹੀ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਤ ਕੀਤਾ ਹੈ ਕਿ ਉਹ ਇਸ ਪਾਸੇ ਗੰਭੀਰ ਹਨ। ਵੰਸ਼ ਨਾਮ ਦਾ ਇਹ ਦਸਾਂ ਸਾਲਾਂ ਦੀ ਉਮਰ ਦਾ ਬੱਚਾ ਕਿਧਰੇ ਡੋਲ ਨਾ ਜਾਵੇ ਇਸ ਲਈ ਮੁੱਖ ਮੰਤਰੀ ਨੇ ਤੁਰੰਤ ਕਦਮ ਚੁੱਕੇ ਹਨ। 
          ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਸਾਲਾਂ ਦੇ ਵੰਸ਼ ਸਿੰਘ ਦੀ ਹਾਲਤ ਨੂੰ ਦੇਖਦਿਆਂ ਅੱਜ ਸੂਬਾ ਸਰਕਾਰ ਵੱਲੋਂ ਉਸ ਦੀ ਸਿੱਖਿਆ ਲਈ ਪੂਰਾ ਵਿੱਤੀ ਸਹਿਯੋਗ ਕਰਨ ਤੋਂ ਇਲਾਵਾ ਪਰਿਵਾਰ ਨੂੰ 2 ਲੱਖ ਰੁਪਏ ਦੀ ਫੌਰੀ ਇਮਦਾਦ ਦੇਣ ਦਾ ਐਲਾਨ ਕੀਤਾ ਹੈ। ਵੰਸ਼ ਸਿੰਘ ਦੀ ਆਪਣੇ ਪਰਿਵਾਰ ਦੀ ਸਹਾਇਤਾ ਲਈ ਲੁਧਿਆਣਾ ਦੀਆਂ ਸੜਕਾਂ ਉਤੇ ਜੁਰਾਬਾਂ ਵੇਚਣ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਦੀ ਹਾਲਤ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਇਹ ਐਲਾਨ ਕੀਤੇ ਹਨ।
          ਮੁੱਖ ਮੰਤਰੀ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਵੰਸ਼, ਜੋ ਸਕੂਲ ਛੱਡ ਚੁੱਕਾ ਹੈ, ਨੂੰ ਮੁੜ ਸਕੂਲ ਭੇਜਿਆ ਜਾਵੇ ਅਤੇ ਉਸ ਦੀ ਪੜ੍ਹਾਈ ਦਾ ਸਾਰਾ ਖਰਚਾ ਸੂਬਾ ਸਰਕਾਰ ਚੁੱਕੇਗੀ।
         ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਵੰਸ਼ ਦੀ ਇਕ ਕਾਰ ਚਾਲਕ ਵੱਲੋਂ ਜੁਰਾਬਾਂ ਦੀ ਕੀਮਤ ਤੋਂ ਵੱਧ 50 ਰੁਪਏ ਦੇਣ ਦੀ ਪੇਸ਼ਕਸ਼ ਨੂੰ ਇਨਕਾਰ ਕਰਦੇ ਹੋਏ ਦੀ ਵੀਡੀਓ ਦੇਖਣ ਤੋਂ ਬਾਅਦ ਇਸ ਲੜਕੇ ਅਤੇ ਉਸ ਦੇ ਪਰਿਵਾਰ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਵੰਸ਼ ਦੇ ਸਵੈ-ਮਾਣ ਨੇ ਪ੍ਰਭਾਵਿਤ ਕੀਤਾ ਹੈ। ਇਸ ਲੜਕੇ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਉਤੇ ਲੱਖਾਂ ਲੋਕਾਂ ਨੇ ਦੇਖਿਆ ਅਤੇ ਲੋਕ ਇਸ ਦੀ ਇਮਾਨਦਾਰੀ ਅਤੇ ਸਵੈ-ਮਾਣ ਦੀ ਸ਼ਲਾਘਾ ਕਰ ਰਹੇ ਹਨ।

          ਵੰਸ਼ ਦਾ ਪਿਤਾ ਪਰਮਜੀਤ ਵੀ ਜੁਰਾਬਾਂ ਵੇਚਦਾ ਹੈ ਜਦਕਿ ਉਸ ਦੀ ਮਾਤਾ ਰਾਣੀ ਘਰੇਲੂ ਸੁਆਣੀ ਹੈ। ਵੰਸ਼ ਦੀਆਂ ਤਿੰਨ ਭੈਣਾਂ ਅਤੇ ਇਕ ਵੱਡਾ ਭਰਾ ਹੈ ਅਤੇ ਪਰਿਵਾਰ ਹੈਬੋਵਾਲ ਇਲਾਕੇ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ। ਚੰਗਾ ਹੋਵੇ ਜੇ ਇਸ ਪਰਿਵਾਰ ਦੇ ਖਰਚੇ ਲਈ ਕਿਸੇ ਰੈਗੂਲਰ ਆਮਦਨ ਦਾ ਜ਼ਰੀਆ ਵੀ ਬਣ ਜਾਵੇ। ਇਸਦੇ ਨਾਲ ਹੀ ਅਜਿਹੇ ਹੋਰਨਾਂ ਪਰਿਵਾਰਾਂ ਦਾ ਵੀ ਪਤਾ ਲਾਇਆ   ਜਾਣਾ ਚਾਹੀਦਾ ਹੈ। 

No comments: